ਬੁੱਧ ਚਿੰਤਨ / ਪਹਿਲ਼ਾ ਭਾਗ

ਬੁੱਧ ਸਿੰਘ ਨੀਲੋਂ
*ਵੇ ਮਿੱਤਰਾ ਖਤਰੇ ਦਾ ਘੁੱਗੂ ਬੋਲ ਪਿਆ!*
ਬੁੱਧ ਸਿੰਘ ਨੀਲੋਂ
(ਸਮਾਜ ਵੀਕਲੀ) ਜਿਉਂ ਜਿਉਂ ਜ਼ਿੰਦਗੀ ਜੁਆਨੀ ਤੋਂ ਬੁਢਾਪੇ ਵੱਲ ਵਧਦੀ ਹੈ, ਤਾਂ ਯਾਦਾਂ ਦੀ ਪੰਡ ਭਾਰੀ ਹੁੰਦੀ ਜਾਂਦੀ ਹੈ। ਇਹ ਪੰਡ ਚੰਗੀਆਂ-ਮਾੜੀਆਂ ਯਾਦਾਂ ਦੀਆਂ ਕਈ ਛੋਟੀਆਂ ਵੱਡੀਆਂ ਪਟਾਰੀਆਂ ਦਾ ਸੁਮੇਲ ਹੁੰਦੀ ਹੈ। ਗਾਹੇ ਬਗਾਹੇ ਇਹਨਾਂ ਵਿਚੋਂ ਕੋਈ ਪਟਾਰੀ ਸਹਿਜ ਸੁਭਾਅ ਖੁੱਲ੍ਹ ਜਾਂਦੀ ਹੈ ਤੇ ਫਿਰ ਯਾਦਾਂ ਦੀਆਂ ਕੜੀਆਂ ਜੁੜਨ ਲੱਗਦੀਆਂ ਹਨ । ਇਹ ਯਾਦਾਂ ਦੀ ਪਟਾਰੀ ਵਿੱਚੋਂ ਕੋਈ ਫ਼ਿਲਮ ਸੁਰਤ ਵਿੱਚ ਚੱਲਣ ਲਗਦੀ ਹੈ ਪਰ ਮਨੁੱਖ ਕੋਲ਼ ਇਨ੍ਹਾਂ ਯਾਦਾਂ ਦੇ ਨੇੜੇ ਢੁੱਕ ਕੇ ਬੈਠਣ ਦੀ ਵਿਹਲ ਨਹੀਂ ਹੁੰਦੀ।  ਉਹ ਇਹਨਾਂ ਤੋਂ ਦੂਰ ਦੌੜਦਾ ਹੈ ਪਰ ਦੌੜਦਾ ਦੌੜਦਾ ਇੱਕ ਦਿਨ ਅਜਿਹੀ ਦੌੜ ਵਿੱਚ ਸ਼ਾਮਿਲ ਹੋ ਜਾਂਦਾ ਹੈ ਜੋ ਰਾਮ ਨਾਮ ਸਤ੍ਯ ਵਾਲ਼ੇ ਵਿਦਾਈ ਗੀਤ ਤੇ ਜਾ ਕੇ ਖ਼ਤਮ ਹੁੰਦੀ ਹੈ। ਇਹ ਬੋਲ ਉਸ ਲਈ ਨਹੀਂ ਸਗੋਂ ਉਸ ਦੇ ਮਗਰ ਤੁਰੇ ਆਉਂਦਿਆਂ ਨੂੰ ਸੁਣਾਉਣ ਲਈ ਉਚਾਰੇ ਜਾਂਦੇ ਹਨ। ਇਹ ਬੋਲ ਮੜ੍ਹੀਆਂ ਦੀ ਹੱਦ ਤੱਕ ਹੀ ਬੋਲੇ ਤੇ ਸੁਣੇ ਜਾਂਦੇ ਹਨ, ਫ਼ਿਰ ਉਹੀ ਕਾਰ ਵਿਹਾਰ, ਝੰਜਟਾਂ, ਝਮੇਲਿਆਂ, ਦੁਸ਼ਵਾਰੀਆਂ, ਦੁੱਖ ਦਰਦ ਤੇ ਆਪਣੇ ਕਾਰੋਬਾਰ ਦੀਆਂ ਕਥਾ ਕਹਾਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਨ੍ਹਾਂ ਕਥਾ ਕਹਾਣੀਆਂ ਵਿੱਚ ਕੋਈ ਰਸ ਨਹੀਂ ਹੁੰਦਾ,ਨਾ ਕਿਸੇ ਨੂੰ ਸੁਣਨ ਵਿੱਚ ਦਿਲਚਸਪੀ ਹੁੰਦੀ ਹੈ। ਹੁੰਗਾਰਾ ਭਰਨ ਵਾਲ਼ੇ ਦੀ ਬਸ ਹਾਂ-ਹੂੰ ਦੀ ਅਵਾਜ਼ ਹੀ ਕੰਨੀਂ ਪੈਂਦੀ ਹੈ। ਅੱਜ ਕੱਲ੍ਹ ਜ਼ਿੰਦਗੀ ਹੱਦ ਬੰਨ੍ਹਿਆਂ ਵਿੱਚ ਬੱਝੀ ਹੋਈ ਨਹੀਂ ਰਹੀ । ਆਧੁਨਿਕ ਸੰਚਾਰ ਸਾਧਨਾਂ ਨੇ ਧਰਤੀ ਦੇ ਸਾਰੇ ਲੋਕਾਂ ਨੂੰ ਇੱਕ ਨਿੱਕੇ ਜਿਹੇ ਯੰਤਰ ਰਾਹੀਂ ਇਕ ਦੂਜੇ ਦੇ ਰੂਬਰੂ ਲਿਆ ਬਿਠਾਇਆ ਹੈ। ਜਿੱਥੇ ਇਸ ਯੰਤਰ ਦਾ ਬੇਅੰਤ ਲਾਭ ਹੋਇਆ ਹੈ ਉੱਥੇ ਇਸ ਨੇ ਮਨੁੱਖ ਨੂੰ ਚਿੱਟੇ ਦਿਨ ਝੂਠ ਦਾ ਵਪਾਰੀ ਵੀ ਬਣਾ ਦਿੱਤਾ ਹੈ। ਉਹ ਇਸ ਝੂਠ ਦੇ ਵਪਾਰ ਵਿੱਚ ਕਾਹਲੇ ਬਲਦ  ਵਾਂਙੂ ਸਿਰ ਸੁੱਟ ਕੇ ਤੇ ਅੱਖਾਂ ਮੀਟ ਕੇ ਤੁਰਿਆ ਜਾ ਰਿਹਾ ਹੈ। ਉਸ ਅੰਦਰ ਭੌਤਿਕ ਪਦਾਰਥਾਂ ਦੀ ਲਾਲਸਾ ਤੇ ਲਲਕ ਏਨੀ ਵਧ੍ਹ ਗਈ ਹੈ ਕਿ ਉਹ ਆਪਣਾ ਸਾਊਪੁਣਾ, ਸੱਭਿਆਚਾਰ, ਮਰਿਆਦਾ, ਸਭ ਕੁਝ ਭੁੱਲਦਾ ਜਾ ਰਿਹਾ ਹੈ। ਉਹ ਹੋਰ ਕੀ ਕੀ ਭੁੱਲਦਾ ਜਾ ਰਿਹਾ ਹੈ, ਇਸ ਤੋਂ ਉਹ ਅਣਜਾਣ ਹੈ। ਇਸ ਲਾਲਸਾ ਨੇ ਮਨੁੱਖ ਦੇ ਅੰਦਰੋਂ ਕਈ ਪੀੜ੍ਹੀਆਂ ਦੇ ਗਿਆਨ ਦੀ ਕਮਾਈ ਲੁੱਟ ਲਈ ਹੈ। ਉਸ ਦੀ ਥਾਂ ਉਸਨੂੰ ਦੁਨੀਆਂ ਤੇ ਰਾਜ ਕਰਨ ਦਾ ਇੱਕ ਨਿਸ਼ਾਨਾ ਦੇ ਦਿੱਤਾ ਹੈ। ਇਹ ਨਿਸ਼ਾਨਾ ਪੂਰਾ ਕਰਨ ਲਈ ਉਹ ਤਾ-ਉਮਰ ਦੌੜਦਾ ਰਹਿੰਦਾ ਹੈ। ਪਰ ਕੁੱਝ ਦਹਾਕਿਆਂ ਦੀ ਹਯਾਤੀ ਵਿੱਚ ਉਸਦਾ ਇਹ ਟੀਚਾ ਪੂਰਾ ਨਹੀਂ ਹੁੰਦਾ। ਇਹ ਨਿਸ਼ਾਨਾ ਓਦਾਂ ਦਾ ਨਹੀਂ ਹੈ ਜਿਸਨੂੰ ਨਿਸ਼ਾਨੇਬਾਜ਼ ਨਿਸ਼ਾਨਾ ਲਗਾਉਂਣ ਲਈ ਵਰਤਦੇ ਹਨ। ਸਗੋਂ ਇਹ ਤਾਂ ਉਹ ਨਿਸ਼ਾਨਾ ਹੈ, ਜਿਸਨੇ ਉਸ ਅੰਦਰੋਂ ਸਾਵੀ ਪੱਧਰੀ ਜ਼ਿੰਦਗੀ ਜਿਉਣ ਦਾ ਹੁਨਰ ਖ਼ਤਮ ਕਰਕੇ ਮਨ ਦੀ ਸ਼ਾਂਤੀ ਭੰਗ ਕਰ ਦਿੱਤੀ ਹੈ। ਉੇਸਦੇ ਅੰਦਰ ਤੇ ਬਾਹਰ ਇੱਕ ਸ਼ੋਰ ਹੈ। ਉਹ ਸ਼ੋਰ ਜਿਹੜਾ ਦੂਸਰਿਆਂ ਨੂੰ ਸੁਣਾਈ ਨਹੀਂ ਦੇਂਦਾ। ਇਹ ਸ਼ੋਰ ਸਗੋਂ ਅਜਿਹੀਆਂ ਅਲਾਮਤਾਂ ਦੇਂਦਾ ਹੈ ਕਿ ਮਨੁੱਖ ਡੇਰਿਆਂ, ਸਾਧਾਂ ਸੰਤਾਂ ਵੱਲ ਦੌੜਦਾ ਹੈ। ਰਮਣੀਕ ਵਾਦੀਆਂ, ਸਿਨਮਾ ਘਰਾਂ, ਕੈਫਿਆਂ, ਮੁਜਰਿਆਂ ਵੱਲ ਜਾਂਦਾ ਹੈ। ਪਰ ਉਸਨੂੰ ਕਿੱਧਰੇ ਵੀ ਪਲ ਭਰ ਦਾ ਸਕੂਨ ਨਹੀਂ ਮਿਲ਼ਦਾ। ਉਹ ਉੱਥੋਂ ਨਿਕਲ਼ ਕੇ ਬਜ਼ਾਰ ਵੱਲ ਦੌੜਦਾ ਹੈ। ਬਜ਼ਾਰ ਲਈ ਉਹ ਖਰੀਦਣ ਵੇਚਣ ਦਾ ਮਾਲ ਹੈ। ਬਾਜ਼ਾਰ ਵਿਚ ਵੜੇ ਨੂੰ ਸਮਝ ਨਹੀਂ ਲਗਦੀ ਕਿ ਉਸਨੇ ਕੁੱਝ ਖਰੀਦਿਆ ਹੈ ਜਾਂ ਵੇਚਿਆ ਹੈ। ਇਸਦਾ ਪਤਾ ਉਸਨੂੰ ਉਦੋਂ ਲਗਦਾ ਹੈ ਜਦੋਂ ਉਹ ਘਰ ਆ ਕੇ ਵੇਖਦਾ ਹੈ ਕਿ ਉਸਦੇ ਹੱਥ, ਕੰਨ, ਜੀਭ ਗ਼ਾਇਬ ਹਨ। ਉਹ ਛੇਤੀ ਛੇਤੀ ਪੈਰਾਂ ਵੱਲ ਝਾਤੀ ਮਾਰਦਾ ਹੈ ਤੇ ਖੁਸ਼ ਹੁੰਦਾ ਹੈ ਕਿ ਉਸਦੇ ਪੈਰ ਬਚ ਗਏ ਹਨ। ਇਹ ਪੈਰ ਉਸਨੂੰ ਤੁਰਨ ਜੋਗਾ ਬਣਾਈ ਰੱਖਦੇ ਹਨ। ਉਸਦੀਆਂ ਅੱਖਾਂ, ਦਿਮਾਗ, ਸੋਚ, ਸਮਝ, ਹੱਥ, ਕੰਨ, ਤੇ ਜੀਭ ਤਾਂ ਗਹਿਣੇ ਪਈ ਹੁੰਦੀ ਹੈ। ਗਹਿਣੇ ਪਈ ਕੋਈ ਚੀਜ਼ ਤਾਂ ਫਿਰ ਵੀ ਕਦੀ ਕਦਾਈਂ ਵਾਪਸ ਪਰਤ ਆਉਂਦੀ ਹੈ ਪਰ ਗਹਿਣੇ ਪਈ ਜ਼ਿੰਦਗੀ ਦਾ ਪਰਤਣਾ ਨਾਮੁਮਕਿਨ ਹੁੰਦਾ ਹੈ । ਇਸੇ ਕਰਕੇ ਬਜ਼ਾਰ ਖਰੀਦਣ ਨਾਲ਼ੋਂ ਗਹਿਣੇ ਰੱਖਣ ਨੂੰ ਤਰਜੀਹ ਦੇਂਦਾ ਹੈ। ਉਹ ਗਹਿਣਿਆਂ (ਗਿਰਵੀ) ਬਦਲੇ ਸਾਨੂੰ ਥੋੜ੍ਹੀ ਜਿਹੀ ਜ਼ਿੰਦਗੀ ਦੇਂਦਾ ਹੈ। ਥੋੜ੍ਹਾ ਜਿਹਾ ਹਾਸਾ ਦੇਂਦਾ ਹੈ। ਥੋੜ੍ਹਾ ਜਿਹਾ ਸਕੂਨ ਖੁਸ਼ੀ ਦੇਂਦਾ ਹੈ। ਹੁਣ ਸਾਨੂੰ ਬਜ਼ਾਰ ਹੀ ਦੱਸਦਾ ਹੈ, ਅਸੀਂ ਕਦੋਂ, ਕਿੱਥੇ, ਕਿੰਨਾਂ ਤੇ ਕਿਵੇਂ ਹੱਸਣਾ ਤੇ ਰੋਣਾ ਹੈ। ਹੁਣ ਅਸੀਂ ਖੁੱਲ੍ਹ ਕੇ ਨਾ ਹੱਸ ਸਕਦੇ ਹਾਂ ਤੇ ਨਾ ਹੀ ਰੋ ਸਕਦੇ ਹਾਂ। ਉਂਝ ਅਸੀਂ ਢੌਂਗ ਜ਼ਰੂਰ ਕਰਦੇ ਹਾਂ। ਜਿੰਦਗੀ ਨੇ ਸਾਨੂੰ ਬਾਣੀਏ ਬਣਾ ਦਿੱਤਾ ਹੈ। ਇਸੇ ਲਈ ਅਸੀਂ ਹਰ ਪਲ ਹਰ ਥਾਂ ਉੱਤੇ ਵਣਜ ਕਰਦੇ ਹਾਂ। ਇਸ ਵਣਜ ਵਿੱਚ ਅਸੀਂ ਸਭ ਕੁੱਝ ਹੀ ਦਾਅ ਉੱਤੇ ਲਾਉਂਦੇ ਹਾਂ ਜਾਂ ਫਿਰ ਇਹ ਕਹਿ ਲਓ ਕਿ ਸਾਨੂੰ ਸਭ ਕੁੱਝ ਹੀ ਦਾਅ ਉੱਤੇ ਲਾਉਣ ਲਈ ਪ੍ਰੇਰਿਆ ਜਾਂਦਾ ਹੈ, ਉਕਸਾਇਆ ਜਾਂਦਾ ਹੈ, ਜਾਂ ਫ਼ਿਰ ਡਰਾਇਆ ਜਾਂਦਾ ਹੈ। ਇਹ ਡਰ ਸਾਡੇ ਅੰਦਰ ਕੁੱਟ ਕੁੱਟ ਕੇ ਭਰ ਦਿੱਤਾ ਹੈ। ਅਸੀਂ ਡਰ ਦੇ ਮਾਰੇ ਵਾਹੋ ਦਾਹੀ ਦੌੜ ਰਹੇ ਹਾਂ। ਹੁਣ ਬਜ਼ਾਰ ਹੀ ਸਾਨੂੰ ਦੱਸਦਾ ਹੈ ਕਿ ਅਸੀਂ ਕੀ ਪਾਉਣਾ, ਕਿਹੋ ਜਿਹਾ ਪਾਉਣਾ ਹੈ,  ਕਿੱਥੇ ਕੀ ਨਹੀਂ ਪਾਉਣਾ। ਇਸੇ ਲਈ ਅਸੀਂ ਅਕਸਰ ਹੀ ਚੰਗੇ ਹੋਣ ਦਾ ਢੌਂਗ ਕਰਦੇ ਹਾਂ। ਅਸੀਂ ਚੰਗਾ ਕਰਨ ਲਈ ਕੁਝ ਨਹੀਂ ਕਰਦੇ ਸਗੋਂ ਬਜ਼ਾਰ ਲਈ ਉਹ ਸਭ ਕੁਝ ਕਰਦੇ ਹਾਂ ਜਿਸ ਪਾਸਿਓਂ ਸਾਡੀ ਬਚੀ ਖੁਚੀ ਜ਼ਮੀਰ ਕਦੇ ਕਦਾਈਂ ਹੀ ਸਾਨੂੰ ਰੋਕਦੀ ਤੇ ਟੋਕਦੀ ਹੈ। ਅਸੀਂ ਬੋਲੇ਼ ਬੰਦੇ ਵਾਂਙੂ ਚੁੱਪ ਵੱਟ ਲੈਂਦੇ ਹਾਂ। ਸਾਡੀ ਇਹੀ ਚੁੱਪ ਸਾਡੇ ਅੰਦਰਲੇ ਸ਼ੋਰ ਨੂੰ ਸ਼ਾਂਤ ਕਰਦੀ ਹੈ। ਅਸੀਂ ਇਸ ਲਈ ਚੁੱਪ ਰਹਿੰਦੇ ਹਾਂ ਕਿ ਅਸਾਂ ਇਸ ਵਿੱਚੋਂ ਕੀ ਲੈਣਾ ਹੈ। ਅਸੀਂ ਤਾਂ ਮਸਤ ਹਾਥੀ ਵਾਂਙੂ ਤੁਰੇ ਜਾ ਰਹੇ ਹਾਂ। ਸਾਡੀਆਂ ਅੱਖਾਂ ‘ਤੇ ਰੰਗ ਬਿਰੰਗੇ ਖੋਪੇ ਚਾੜ੍ਹ ਦਿੱਤੇ ਗਏ ਹਨ, ਇਸੇ ਕਰਕੇ ਸਾਨੂੰ ਬਾਜ਼ਾਰ ਦੀਆਂ ਰੰਗੀਨੀਆਂ ਤੋਂ ਬਿਨਾਂ ਕੁੱਝ ਦਿਖਾਈ ਨਹੀਂ ਦਿੰਦਾ। ਅਸੀਂ ਉਹ ਕੁਝ ਦੇਖਣਾ ਪਸੰਦ ਕਰਦੇ ਹਾਂ, ਜਿਸ ਵਿੱਚੋਂ ਮੁਨਾਫ਼ਾ ਮਿਲੇ। ਉਂਞ ਅਸੀਂ ਮੁਨਾਫ਼ਾਖੋਰ ਅਖਵਾਉਣੋਂ ਬਚਣ ਲਈ ਚਿਹਰੇ ‘ਤੇ ਮਖੌਟੇ ਚਾੜ੍ਹ ਲੈਂਦੇ ਹਾਂ। ਲੋਕ ਹਰ ਥਾਂ ਆਪਣੀ ਮਰਜ਼ੀ ਦਾ ਨਹੀਂ ਸਗੋਂ ਅਗਲੇ ਦੀ ਮਰਜ਼ੀ ਦਾ ਮੁਖੌਟਾ ਲਾਉਂਦੇ ਹਨ।
ਚੱਲਦਾ 1
ਬੁੱਧ ਸਿੰਘ ਨੀਲੋਂ, 9464370823
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸੁਰੱਖਿਆ ਬਲਾਂ ਨੇ ਜੰਮੂ-ਕਸ਼ਮੀਰ ‘ਚ ਵੱਡੀ ਸਾਜ਼ਿਸ਼ ਨੂੰ ਕੀਤਾ ਨਾਕਾਮ, ਫੌਜ ਨੇ ਮਾਰਿਆ ਅੱਤਵਾਦੀ; ਜੰਗੀ ਹਥਿਆਰ ਬਰਾਮਦ ਹੋਏ
Next articleਪੰਜਾਬ ਭਵਨ ਸਰੀ ਵਿੱਚ ਸੁੱਖੀ ਬਾਠ ਦੀ ਅਗਵਾਈ ਹੇਠ ਲੋਕ ਗਾਇਕ ਕੁਲਦੀਪ ਚੁੰਬਰ ਅਤੇ ਐਸ ਰਿਸ਼ੀ ਦਾ ਹੋਇਆ ਸਨਮਾਨ