ਚਿੜੀ ਵਿਚਾਰੀ ਕੀ ਕਰੇ.?
ਬੁੱਧ ਸਿੰਘ ਨੀਲੋਂ
(ਸਮਾਜ ਵੀਕਲੀ) ਅਸਲ ਅਖਾਣ ਇਉਂ ਹੈ, “ਚਿੜੀ ਵਿਚਾਰੀ ਕੀ ਕਰੇ, ਠੰਡਾ ਪਾਣੀ ਪੀ ਮਰੇ !” ਭਲਾ ਇਹ ਚਿੜੀ ਹੀ ਕਿਉਂ ਮਰੇ ? ਉਹ ਬਾਜ਼ ਕਿਉਂ ਨਾ ਮਰਨ ਜਿਹੜੇ ਇਸ ਨੂੰ ਨੋਚ ਨੋਚ ਕੇ ਖਾ ਜਾਂਦੇ ਹਨ? ਪਰ ਅਸੀਂ ਚਾਹੁੰਦੇ ਹੋਏ ਵੀ ਇਸ ਧੱਕੇਸ਼ਾਹੀ ਖ਼ਿਲਾਫ਼ ਬੋਲਦੇ ਨਹੀਂ ਕਿਉਂਕਿ ਸਾਨੂੰ ‘ਦੜ ਵੱਟ ਜ਼ਮਾਨਾ ਕੱਟ, ਦੀ ਗੁੜ੍ਹਤੀ ਪਿਆ ਕੇ ਚੁੱਪਚਾਪ ਮਰਨ ਤੇ ਹੱਸਕੇ ਜਰਨ ਦੀ ਆਦਤ ਪਾ ਦਿੱਤੀ ਗਈ ਹੈ।ਇੱਕ ਵਾਰ ਪੱਕ ਗਈ ਆਦਤ ਕਦੇ ਵੀ ਛੁੱਟਦੀ ਨਹੀਂ ਹੁੰਦੀ। ਜੇ ਇੰਞ ਹੋ ਗਿਆ ਤਾਂ ਵਾਰਸ ਸ਼ਾਹ ਝੂਠਾ ਨਾ ਪੈ ਜੂ।
“ਵਾਰਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ,
ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ !”
ਸਾਡੀ ਇਹ ਹਾਲਤ ਅਚਾਨਕ ਨਹੀਂ ਬਣੀ। ਇਸ ਵਿੱਚ ਹੋਰਨਾਂ ਨਾਲ਼ੋਂ ਬਹੁਤਾ ਕਸੂਰ ਸਾਡਾ ਆਪਣਾ ਹੀ ਹੈ ਕਿਉਂਕਿ ਅਸਾਂ ਕਿਸੇ ਸਮੱਸਿਆ ਨੂੰ ਸਾਹਮਣਿਓਂ ਟੱਕਰਨ ਲਈ ਗੁਰੂ ਨਾਨਕ ਪਾਤਸ਼ਾਹ ਜੀ ਦੇ ‘ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ’ । ਵਾਲ਼ੇ ਫਾਰਮੂਲੇ ਤੇ ਅਮਲ ਕਰਨ ਦੀ ਬਜਾਏ “ਇਕ ਚੁੱਪ ਸੌ ਸੁਖ” ਵਾਲ਼ੀ ਸੋਚ ਉਤੇ ਨਿੱਠ ਕੇ ਪਹਿਰਾ ਦਿੱਤਾ ਹੈ। ਪਰ ਇਹ ਚੁੱਪ ਦਾ ਪਹਿਰਾ ਦੇਣਾ ਹੀ ਸਾਡੇ ਲਈ ਕਹਿਰ ਬਣ ਗਿਆ। ਕਹਿਰ ਦਾ ਜ਼ਹਿਰ ਸਾਡੇ ਰਿਸ਼ਤਿਆਂ ਤੱਕ ਪੁਜ ਗਿਆ ।
ਦੇਸ਼ ਅਤੇ ਸਮਾਜ ਅੰਦਰ ਜਿਸ ਤਰ੍ਹਾਂ ਦੇ ਹਾਲਾਤ ਅੱਜ ਬਣਾਏ ਜਾ ਰਹੇ ਹਨ, ਉਹਨਾਂ ਕਾਰਨ ਹਰੇਕ ਬੰਦੇ ਦਾ ਦਮ ਘੁਟ ਰਿਹਾ ਹੈ। ਜਿਸ ਕੋਲ਼ ਤਾਕਤ ਅਤੇ ਵਸੀਲੇ ਹਨ, ਉਹ ਤਾਂ ਜੋੜ ਤੋੜ ਨਾਲ਼ ਵਿਦੇਸ਼ ਵੱਲ ਉਡਾਰੀ ਮਾਰ ਰਹੇ ਹਨ । ਜਿਹਨਾਂ ਕੋਲ ਸਾਧਨ ਨਹੀਂ ਹਨ, ਉਹ ਕਚੀਚੀਆਂ ਵੱਟ ਰਹੇ ਹਨ । ਅਸੀਂ ਅਕਸਰ ਇਹ ਕਹਿ ਕੇ ਚੁੱਪ ਕਰ ਜਾਂਦੇ ਹਾਂ, “ਜਿੱਥੇ ਦਾਣਾ ਉੱਥੇ ਜਾਣਾ” ਜਾਂ ਇਹ ਗਾਉਣ ਲੱਗਦੇ ਹਾਂ, “ਦਾਣਾ ਪਾਣੀ ਖਿੱਚ ਕੇ ਲਿਆਉਂਦਾ ਕੌਣ ਕਿਸੇ ਦਾ ਖਾਂਦਾ ਹੋ।”
ਕੀ ਇਹ ਗੱਲਾਂ ਸੱਚ ਹਨ ? ਕੀ ਵਲਾਇਤ ਪਰਵਾਸ ਕਰਨਾ ਜਰੂਰੀ ਹੈ ਜਾਂ ਸਾਡੀ ਮਜਬੂਰੀ ? ਜਾਂ ਇਸਦੇ ਪਿੱਛੇ ਕੋਈ ਸਾਜਿਸ਼ ਹੈ ? ਪੰਜਾਬੀਆਂ ਨੂੰ ਡਰਾ ਕੇ ਪੰਜਾਬ ਦੇ ਵਿੱਚੋਂ ਭਜਾਉਣ ਦੀ ? ਪੰਜਾਬ ਤੋਂ ਕਿਉਂ ਡਰਦਾ ਹੈ, ਕੇਂਦਰ ਦਾ ਹਾਕਮ ? ਪੰਜਾਬੀ ਕਿਉਂ ਭੁੱਲ ਗਏ ਹਨ ਆਪਣਾ ਖਾੜਕੂ ਸੁਭਾਅ ? ਪੰਜਾਬੀਆਂ ਦੀ ਕਿਉਂ ਹੋ ਰਹੀ ਨਸਲਕੁਸ਼ੀ ? ਪੰਜਾਬੀਓ ਸੋਚੋ ਤੇ ਵਿਚਾਰੋ ? ਫੋਕੇ ਨਾ ਲਲਕਾਰੇ ਮਾਰੋ ! ਡੋਲੇ ਫਰਕਾਇਆ ਤੇ ਮੁੱਛਾਂ ਨੂੰ ਤਾਅ ਦੇ ਕੇ ਕੀ ਸੋਚਦੇ ਹੋ ?
ਜਿਹਨਾਂ ਕੋਲ਼ ਪੂੰਜੀ ਜੋੜਨ ਦੀ ਤਾਕਤ ਜਾਂ ਲਿਆਕਤ ਨਹੀਂ, ਉਹ ਇਸ ਦਮ-ਘੋਟੂ ਮਾਹੌਲ ਵਿਚ ਛਟਪਟਾ ਰਹੇ ਹਨ ਤੇ ਕਈ ਤਿਲ-ਤਿਲ ਕਰਕੇ ਮਰ ਵੀ ਰਹੇ ਹਨ… ਸਲੋਅ ਡੈੱਥ. ਜਿਹੜਾ ਕੋਈ ਇਸ ਦਮ-ਘੋਟੂ ਮਾਹੌਲ ਵਿੱਚੋਂ ਬਾਹਰ ਝਾਕਣ ਦੀ ਕੋਸ਼ਿਸ਼ ਕਰਦਾ ਹੈ, ਉਸ ਦਾ ਸਿਰ ਫੇਹ ਦਿੱਤਾ ਜਾਂਦਾ ਹੈ। ਆਮ ਲੋਕ ਤਾਂ ਡਰਦੇ ਬੋਲਦੇ ਹੀ ਨਹੀਂ, ਉਹਨਾਂ ਨੂੰ ਪੁਜਾਰੀਵਾਦ ਨੇ ਨਰਕ ਸਵਰਗ ਦਾ ਡਰ ਪਾਇਆ ਹੋਇਆ ਹੈ… ਪੁਜਾਰੀ ਆਖਦੇ ਹਨ… “ਮਰਨਾ ਸੱਚ ਤੇ ਜਿਉਣਾ ਝੂਠ” ਹੈ ਪਰ ਹਕੀਕੀ ਤੌਰ ਤੇ ਇਹ ਦੋਵੇਂ ਸੱਚ ਹਨ… ਜਿਉਣਾ ਵੀ ਤੇ ਮਰਨਾ ਵੀ… ਕੋਈ ਵੀ ਸੱਚ ਪੂਰਾ ਨੀ ਹੁੰਦਾ… ਸ਼ੁਧ ਸੋਨੇ ਦਾ ਗਹਿਣਾ ਨਹੀਂ ਬਣਾਇਆ ਜਾ ਸਕਦਾ… ਪਰ ਇਨਸਾਨਾਂ ਦੀ ਇਸ ਧਰਤੀ ਨਾਲ਼ੋਂ ਵੱਡਾ ਸਵਰਗ ਹੋਰ ਕਿਤੇ ਨਹੀਂ ਹੈ, ਪਰ ਮਨੁੱਖ ਦੀ ਪਦਾਰਥਵਾਦੀ ਹਵਸ ਨੇ ਇਸਨੂੰ ਨਰਕ ਵਿੱਚ ਤਬਦੀਲ ਕਰ ਦਿੱਤਾ ਹੈ… ਦੁਨੀਆਂ ਭਰ ਦਾ ਪੁਜਾਰੀ ਲਾਣਾ ਹਰ ਰੋਜ਼ ਸਵਰਗ ਜਾਣ ਦੇ ਰਸਤੇ ਤਾਂ ਦੱਸ ਰਿਹਾ ਹੈ ਪਰ ਮਨੁੱਖੀ ਜੀਵਨ ਨੂੰ ਨਰਕ ਕਿਹੜੀਆਂ ਤਾਕਤਾਂ ਨੇ ਬਣਾਇਆ ਹੈ, ਉਸ ਬਾਰੇ ਚੁੱਪ ਹੈ। ਕਰਮਕਾਂਡੀ ਧਰਮ ਬੇਈਮਾਨ ਸੱਤਾ ਦੀ ਤਾਕਤ ਦੇ ਬਣਾਏ ਉਹ ਜ਼ਹਿਰ ਹਨ… ਜੋ ਮਨੁੱਖੀ ਨਸਲ ਨੂੰ ਬਚਪਨ ਤੋਂ ਹੀ ਤੁਪਕਾ ਤੁਪਕਾ ਕਰਕੇ ਪਿਲਾਏ ਜਾਂਦੇ ਹਨ…
ਜਿਹੜੇ ਦਲਾਲਨੁਮਾ ਲੋਕ ਕੁਝ ਬੋਲਦੇ ਵੀ ਹਨ, ਉਹ ‘ਏਕੋ ਸਤਿਨਾਮੁ’ ਵਰਗੀ ‘ਪਰਮ ਸੱਤਾ’ ਦੀ ਬਜਾਏ ‘ਦੁਨਿਆਵੀ ਸੱਤਾ’ ਦੇ ਸੋਹਿਲੇ ਗਾ ਰਹੇ ਹਨ। ਜਸ਼ਨ ਮਨਾ ਰਹੇ ਹਨ। ਢੋਲੇ ਦੀਆਂ ਲਾ ਰਹੇ ਹਨ। ਕਿਹੋ ਜਿਹੇ ਮਾੜੇ ਸਮੇਂ ਆ ਗਏ ਹਨ !
ਸਮਾਜ ਦੇ ਹਰ ਤਬਕੇ ਵਿੱਚ ‘ਗੜਵਈਆਂ’ ਤੇ ‘ਝੋਲ਼ੀ-ਚੁੱਕ’ ਚਾਕਰਾਂ ਦੀ ਫ਼ੌਜ ਵਿੱਚ ਵਾਧਾ ਹੋ ਰਿਹਾ ਹੈ। ਸਿਹਰੇ ਪੜ੍ਹਨ ਤੇ ਲਿਖਣ ਵਾਲ਼ਿਆਂ ਵੱਲ ਲੋਕਾਈ ਇਉਂ ਝਾਕਦੀ ਹੈ ਜਿਵੇਂ ਬੋਕ ਤੁੱਕਿਆਂ ਵੱਲ ਝਾਕਦਾ ਹੁੰਦਾ ਹੈ। ਲੋਕਾਂ ਨੂੰ ਲੁੱਟਣ ਤੇ ਕੁੱਟਣ ਦੀਆਂ ਨਿੱਤ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ। ਲੋਕਾਂ ਨੂੰ ਅਗਲੇ ਜਨਮ ਦੇ ਰਸਤੇ ਦਿਖਾਉਣ ਤੇ ਸਮਝਾਉਣ ਲਈ ‘ਆਸਥਾ’ ਦਾ ਉੱਚਾ ਢੋਲ ਵਜਾਇਆ ਜਾ ਰਿਹਾ ਹੈ। ਸਵਰਗ-ਨਰਕ ਦੀਆਂ ਗੱਪ ਕਥਾਵਾਂ ਰਾਹੀਂ ਡਰੇ ਹੋਇਆਂ ਨੂੰ ਹੋਰ ਡਰਾਇਆ ਜਾ ਰਿਹਾ ਹੈ।
ਮਨੁੱਖ ਨੇ ਇਸ ਧਰਤੀ ਤੇ ਸੁੱਖੀਂ ਸਾਂਦੀਂ ਕਿਵੇਂ ਜਿਉਣਾ ਹੈ, ਇਸ ਬਾਰੇ ਨਹੀਂ ਸਗੋਂ ਮਨਘੜਤ ‘ਸਵਰਗ’ ਵਿੱਚ ਆਪ ਕਿਵੇਂ ਜਾਣਾ ਹੈ ਜਾਂ ਪਹਿਲਾਂ ਮੋਏ ਸਕੇ ਸੰਬੰਧੀਆਂ ਨੂੰ ਕਿਵੇਂ ਭੇਜਣਾ ਹੈ, ਇਸ ਦੇ ‘ਗੁਰ’ ਸਿਖਾਏ ਜਾ ਰਹੇ ਹਨ। ਘਰਾਂ ਦੇ ਅੰਦਰ ਤੇ ਬਾਹਰ ‘ਸਵਰਗ’ ਦੇ ਦਲਾਲਾਂ ਨੇ ਆਪਣੀਆਂ ‘ਮੰਜੀਆਂ’ ਟਿਕਾਈਆਂ ਹੋਈਆਂ ਨੇ, ਜਿਹੜੇ ਚੌਵੀ ਘੰਟੇ ਸਵਰਗ ‘ਚ ਜਾਣ ਦੇ ਰਸਤਿਆਂ ਦਾ ਵਿਖਿਆਨ ਕਰਦੇ ਹਨ। ‘ਮੌਤ’ ਦਾ ਡਰ ਲੋਕਾਂ ਦੇ ਮਨਾਂ ਵਿੱਚ ਭਰਿਆ ਜਾ ਰਿਹਾ ਹੈ। ਪਰ ‘ਮੌਤ’ ਤੋਂ ਕਿਵੇਂ ਬਚਣਾ ਹੈ ਜਾਂ ਅਣਖ ਦੀ ਮੌਤੇ ਕਿਵੇਂ ਮਰਨਾ ਹੈ, ਇਸ ਦੀ ਕਿਸੇ ਵੀ ਗਪੌੜ ਸੰਖ ‘ਗੁਰੂ’ ਕੋਲ਼ ‘ਗਿੱਦੜ-ਸਿੰਗੀ’ ਨਹੀਂ।
ਇਸ ਲਈ ਹੀ ਅਸੀਂ ਜ਼ਿੰਦਗੀ ਭਰ ਨਰਕ ਹੰਢਾਉਂਦੇ ਹਾਂ। ਨਿੱਤ ਮੌਤ ਦੇ ਖੂਹ ਵਿੱਚ ਅੰਨ੍ਹੇਵਾਹ ਦੌੜ ਲਗਾਉਂਦੇ ਹਾਂ। ਸਾਡੀ ਇਹ ਆਦਤ ਵੀ ਹੁਣ ਪੱਕ ਚੁੱਕੀ ਹੈ ਜੋ ਨਿੱਤ ਦਿਨ ਮੌਤ ਨਾਲ਼ ਸਾਡਾ ਸਾਹਮਣਾ ਕਰਵਾਉਂਦੀ ਹੈ ਪਰ ਅਣਿਆਈ ਮੌਤ ਤੋਂ ਬਚਣ ਦਾ ਕੋਈ ਰਾਹ ਨਹੀਂ ਦੱਸਦੀ। ਸੱਤਾ ਦੇ ਭਾਈਵਾਲ਼ ਪੁਜਾਰੀਵਾਦ ਨੇ ਲੋਕਾਂ ਦੇ ਜ਼ਿੰਦਗੀ ਜਿਊਣ ਦੇ ਅਰਥ ਹੀ ਬਦਲ ਦਿੱਤੇ ਹਨ। ਇਸੇ ਕਰਕੇ ਸਾਡੀ ਜ਼ਿੰਦਗੀ ਨੂੰ ਨਰਕ ਬਣਾਉਣ ਵਾਲ਼ੇ ਅਜੋਕੇ ਰਾਖਸ਼ਸਾਂ ਦੇ ਬੂਹਿਆਂ ‘ਤੇ ਧਰਨੇ ਦੇਣ ਦੀ ਬਜਾਏ, ਅਸੀਂ ਤੀਰਥਾਂ ਦਾ ਭਰਮਣ ਕਰਨ ਲਈ ਵਹੀਰਾਂ ਘੱਤੀ ਜਾ ਰਹੇ ਹਾਂ। ਸਾਡਾ ਹਾਲ ਅੱਜ ਵੀ ਪੰਜ ਸਦੀਆਂ ਪਹਿਲਾਂ ਵਰਗਾ ਹੀ ਹੈ:
ਚੱਲਦਾ 2
ਬੁੱਧ ਸਿੰਘ ਨੀਲੋਂ
946437023
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly