ਬੁੱਧ ਚਿੰਤਨ

ਮਸਲਾ-ਏ-ਕਲਮ

ਕਲਮਾਂ ਦੀ ਸੁੱਕੀ ਸਿਆਹੀ, ਅੱਖ ਪੁਰਸਕਾਰ ਉਤੇ!

 (ਸਮਾਜ ਵੀਕਲੀ)  ਸੁਣਿਆ ਤੇ ਪੜ੍ਹਿਆ ਕਰਦੇ ਸੀ, ਕਲਮ ਦੀ ਧਾਰ, ਤਲਵਾਰ ਨਾਲੋਂ ਤਿੱਖੀ ਹੁੰਦੀ ਹੈ। ਹੁਣ ਇਹ ਸ਼ਬਦ ਕੋਸ਼ਾਂ ਵਿੱਚ ਪੜ੍ਹਨ ਨੂੰ ਤਾਂ ਮਿਲਦਾ ਹੈ ਪ੍ਰੰਤੂ ਜ਼ਿੰਦਗੀ ਵਿੱਚੋਂ ਇਹ ਸਭ ਕੁਝ ਅਲੋਪ ਹੋ ਗਿਆ ਹੈ। ਹੁਣ ਉਹ ਨਾ ਕਲਮਾਂ ਰਹੀਆਂ ਹਨ ਤੇ ਨਾ ਹੀ ਤਲਵਾਰਾਂ। ਹੁਣ ਤਾਂ ਸਭ ਕੁਝ ਸ਼ੋਹਰਤ, ਪੈਸਾ ਤੇ ਹਵਸ ਰਹਿ ਗਿਆ ਹੈ। ਇਹ ਸਭ ਕੁਝ ਹਾਸਲ ਕਰਨ ਲਈ ਵਸਤਰ ਉਤਾਰਨੇ ਪੈਣ, ਭਾਵੇਂ ਜ਼ਮੀਰ ਮਾਰਨੀ ਪਵੇ, ਪੈਸੇ ਲਈ ਸਭ ਕੁਝ ਕੀਤਾ ਜਾਂਦਾ ਹੈ। ਜ਼ਮੀਰ ਨੂੰ ਹੁਣ ਕੌਣ ਪੁੱਛਦਾ ਹੈ? “ਅਖੇਂ ਜਿਸ ਦੀ ਕੋਠੀ ਦਾਣੇ, ਉਸਦੇ ਕਮਲੇ ਵੀ ਸਿਆਣੇ”। ਸਿਆਣੀ ਗੱਲਾਂ ਉਸਦੀਆਂ ਹੀ ਸੁਣੀਆਂ ਜਾਂਦੀਆਂ ਹਨ, ਜਿਸ ਦੇ ਕੋਲ ਪੈਸਾ ਹੋਵੇ। ਜੇਬ ਭਰਨ ਲਈ ਹੁਣ ਦੌੜ ਲੱਗੀ ਹੈ। ਇਸ ਦੌੜ ਵਿੱਚ ਹਰ ਕੋਈ ਸ਼ਾਮਿਲ ਹੈ। ਕਦੇ ਸਰਬੰਸ ਦਾਨੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਤੇ ਉਨਾਂ ਦੇ ਪਰਿਵਾਰ ਉਤੇ ਹੋਏ ਜ਼ੁਲਮਾਂ ਵਿਰੁੱਧ ਉਸ ਸਮੇਂ ਦੇ ਬਾਦਸ਼ਾਹ ਨੂੰ “ਇੱਕ ਪਾਤਸ਼ਾਹ” ਵੱਲੋਂ ਚਿੱਠੀ ਲਿਖੀ ਗਈ ਸੀ, ਜਿਸਨੂੰ ਜ਼ਫਰਨਾਮਾ ਆਖਿਆ ਜਾਂਦਾ ਹੈ। ਇਤਿਹਾਸ ਦੱਸਦਾ ਹੈ ਕਿ ਉਹ ਜ਼ਫਰਨਾਮਾ ਪੜ੍ਹ ਕੇ ਬਾਦਸ਼ਾਹ ਔਰੰਗਜ਼ੇਬ ਪਾਗਲ ਹੋ ਗਿਆ ਸੀ। ਉਸਦੇ ਅੰਦਰਲਾ ਮਨੁੱਖ ਉਸਨੂੰ ਫਿੱਟ ਲਾਹਨਤਾਂ ਪਾਉਣ ਲੱਗ ਪਿਆ ਸੀ। ਉਸ ਜ਼ਫਰਨਾਮੇ ਵਿੱਚ ਅਜਿਹੀ ਕੀ ਸ਼ਕਤੀ ਸੀ ? ਜਿਸਨੇ ਉਸ ਸਮੇਂ ਦੇ ਬਾਦਸ਼ਾਹ ਨੂੰ ਧੁਰ ਤੀਕ ਹਿਲਾ ਕੇ ਰੱਖ ਦਿੱਤਾ ਸੀ। ਇਹ ਸਭ ਪੜ੍ਹਦਿਆਂ ਮਨ ਉਸ ਸਮੇਂ ਦੇ ਮਾਹੌਲ ਵਿੱਚ ਚਲੇ ਜਾਂਦਾ ਹੈ। ਇਹ ਸਭ ਗੱਲਾਂ ਵੀ ਸਾਡੇ ਇਤਿਹਾਸ ਦੇ ਪੰਨਿਆਂ ਵਿੱਚ ਰਹਿ ਗਈਆਂ ਹਨ। ਕਿਉਂਕਿ ਹੁਣ ਹੱਕ ਤੇ ਸੱਚ ਦੀ ਕੋਈ ਆਵਾਜ਼ ਹੀ ਨਹੀਂ, ਜਿਹੜੀ ਸਮੇਂ ਦੀ ਹਕੂਮਤ ਨੂੰ ਆਖ ਸਕੇ। ਹੁਣ ਤਾਂ ਹਾਲਤ ਇਹ ਬਣ ਗਈ ਹੈ:-‘ਕੌਣ ਰਾਣੀ ਨੂੰ ਆਖੇ ਕਿ ਅੱਗਾ ਢੱਕ’ ? ਕਿਉਂਕਿ ਹੁਣ ਸਾਹਿਬ ਦੇ ਮੂੰਹ ਉਤੇ ਗੱਲ ਕਰਨ ਵਾਲਾ ਨਹੀਂ ਰਿਹਾ, ਹੁਣ ਤਾਂ ਜ਼ੁਲਮ ਕਰਨ ਵਾਲਿਆਂ ਦੇ ਨਾਲ ਕਲਮਾਂ ਵੀ ਚੁੱਪ ਚਾਪ ਰਲ ਗਈਆਂ ਹਨ। ਹੁਣ ਸੂਬਾ ਸਰਹੰਦ ਦੀ ਕਚਹਿਰੀ ਵਿੱਚ ਹੋ ਰਹੇ ਜ਼ੁਲਮ ਦੇ ਖਿਲਾਫ ਹਾਅ ਦਾ ਨਾਅਰਾ ਮਾਰਨ ਵਾਲਾ ਵੀ ਕੋਈ ਨਹੀਂ ਰਿਹਾ। ਕਿਉਂਕਿ ਹੁਣ ਤਾਂ ਚਾਰੇ ਪਾਸੇ ਚੋਰ,ਕੁੱਤੀ, ਚੌਕੀਦਾਰ ਤੇ ਮਾਲਕ ਸਭ ਰਲੇ ਹੋਏ ਹਨ। ਹੁਣ ਖੇਤ ਤੇ ਘਰ ਬਚਾ ਨਹੀਂ ਸਕਦੇ ਕਿਉਂਕਿ ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਫਿਰ ਤੁਸੀਂ ਫਸਲ ਦੀ ਆਸ ਕਿੱਥੋਂ ਕਰ ਸਕਦੇ ਹੋ ? ਕਲਮਾਂ ਦਾ ਇੱਕ ਲੰਮਾ ਇਤਿਹਾਸ ਹੈ, ਕਿਉਂਕਿ ਕਲਮ ਨੂੰ ਪਹਿਲਾਂ ਆਪਣਾ ਸੀਸ ਕਟਾਉਣਾ ਪੈਂਦਾ ਹੈ, ਫਿਰ ਉਹ ਕਾਗਜ਼ ਦੀ ਹਿੱਕ ਉਤੇ ਸ਼ਬਦਾਂ ਨਾਲ ਆਪਣੀ ਜੰਗ ਲੜਦੀ ਹੈ। ਪਰ ਹੁਣ ਕਲਮ ਸੀਸ ਨਹੀਂ ਕਟਾਉਂਦੀ ਸਗੋਂ “ਸੀਸ ਭੇਟਾ” ਵਿੱਚ ਲੈਂਦੀ ਤੇ ਦੇਂਦੀ ਹੈ। ਉਸਨੂੰ ਇਹ ਵੀ ਅਹਿਸਾਸ ਹੇ ਜੇ ਉਸਨੇ ਆਪਣੀ ਧੌਣ ਚੱਕ ਕੇ ਰੱਖੀ ਤਾਂ ਇੱਕ ਦਿਨ ਕੋਈ ਹੋਰ ਹੀ ਕੱਟ ਕੇ ਲੈ ਜਾਵੇਗਾ। ਇਸ ਲਈ ਕਲਮ ਹੁਣ ਆਪਣੀ ਧੌਣ ਆਪਣੇ ਸਦਾ ਬੋਝੇ ਵਿੱਚ ਪਾ ਕੇ ਰੱਖਦੀ ਹੈ।ਜਦੋਂ ਚੋਣਾਂ ਦਾ ਦੌਰ ਹੁੰਦਾ ਹੈ ਤਾਂ ਰਾਜਸੀ ਪਾਰਟੀਆਂ ਨੂੰ ਕਲਮਾਂ ਤੇ ਮੀਡੀਏ ਦੀ ਲੋੜ ਹੁੰਦੀ ਹੈ, ਜਿਹੜੀਆਂ ਉਨ੍ਹਾਂ ਦੇ ਸੋਹਿਲੇ ਗਾਉਣ। ਉਨ੍ਹਾਂ ਦੀਆਂ ਕਾਲੀਆਂ ਕਰਤੂਤਾਂ ਨੂੰ ਢੱਕ ਕੇ ਰੱਖਣ ਤੇ ਉਨਾਂ ਦੇ ਗੁਣਗਾਨ ਕਰਨ। ਇਸੇ ਲਈ ਰਾਜਸੀ ਪਾਰਟੀਆਂ ਨੇ ਇਨਾਂ ਕਲਮਾਂ ਦਾ ਸ਼ਰੇਆਮ ਮੁੱਲ ਪਾਉਣਾ ਸ਼ੁਰੂ ਦਿੱਤਾ ਹੈ। ਜਿੰਨੀ ਵੱਡੀ ਕਲਮ ਉਨੀ ਵੱਡੀ ਕੀਮਤ। ਇਸ ਸਮੇਂ ਵੱਡੀਆਂ ਕਲਮਾਂ ਉਹ ਭਾਵੇਂ ਆਪਣੇ ਆਪ ਨੂੰ ਨਿਰਪੱਖ ਤੇ ਸੁਤੰਤਰ ਸੋਚ ਦੀ ਮੁੱਦਈ ਹੋਣ ਦਾ ਸਬੂਤ ਦੇਣ ਲਈ ਆਪਣੇ ਮੱਥੇ ਉਪਰ ਨੈਤਿਕ ਕਦਰਾਂ ਕੀਮਤਾਂ ਦਾ ਮਖੌਟਾ ਲਾਈ ਫਿਰਨ। ਪਰ ਰਾਜਸੀ ਆਗੂਆਂ ਨੂੰ ਉਨ੍ਹਾਂ ਦੇ ਮੁੱਲ ਦਾ ਪਤਾ ਹੈ। ਚੋਣਾਂ ਵੇਲੇ ਵਿਕ ਕੇ ਅਖਬਾਰਾਂ ਛਪਦੀਆਂ ਹਨ ਤੇ ਟੀਵੀ ਉਤੇ ਮੁੱਲ ਦੀਆਂ ਖਬਰਾਂ ਚੱਲਦੀਆਂ ਹਨ। ਅਖ਼ਬਾਰੀ ਕਲਮਾਂ ਲਈ ਹਰ ਤਰ੍ਹਾਂ ਦੀਆਂ ਚੋਣਾਂ ਸਰਾਧ ਵਰਗੀਆਂ ਹੁੰਦੀਆਂ ਹਨ। ਇਨ੍ਹਾਂ ਦਿਨਾਂ ਦੌਰਾਨ ਅਖਬਾਰ, ਪੱਤਰਕਾਰ ਤੇ ਲੇਖਕ ਆਪਣੀਆਂ ਤਜ਼ੌਰੀਆਂ ਭਰਦੇ ਹਨ। ਆਪਣੀ ਕੀਮਤ ਵਸੂਲ ਕਰਦੇ ਹਨ। ਇਨ੍ਹਾਂ ਦਿਨਾਂ ਦੌਰਾਨ ਨਾ ਤਾਂ ਕਲਮਾਂ ਨੂੰ ਤੇ ਨਾ ਹੀ ਰਾਜਸੀ ਪਾਰਟੀਆਂ ਦੇ ਆਗੂਆਂ ਨੂੰ ਇਹ ਫਿਕਰ ਹੁੰਦਾ ਹੈ, ਕਿ ਉਹ ਲੋਕਾਂ ਦੇ ਦੁੱਖਾਂ ਦੀ ਗੱਲ ਕਰਨ। ਲੋਕਾਂ ਨੂੰ ਗਰੀਬੀ ਦੀ ਦਲਦਲ ਵਿੱਚੋਂ ਕਿਵੇਂ ਕੱਢਿਆ ਜਾਵੇ ? ਇਨ੍ਹਾਂ ਦਿਨਾਂ ਦੌਰਾਨ ਤਾਂ ਉਨ੍ਹਾਂ ਦੀ ਇੱਛਾ ਵੱਧ ਤੋਂ ਵੱਧ ਮਾਲ ਇਕੱਠਾ ਕਰਨ ਦੀ ਹੁੰਦੀ ਹੈ। ਚੋਣਾਂ ਤਾਂ ਕਲਮਾਂ ਤੇ ਵੋਟਰਾਂ ਲਈ ਮੇਲਾ ਹੀ ਹੁੰਦੀਆਂ ਹਨ। ਇਸੇ ਲਈ ਕਲਮਾਂ ਤੇ ਵੋਟਰ ਆਪਣਾ ਮੁੱਲ ਪਾਉਂਦੀਆਂ। ਚੋਣਾਂ ਦੌਰਾਨ ਵੱਡੀਆਂ ਤੇ ਛੋਟੀਆਂ ਕਲਮਾਂ ਦੀ ਜਦੋਂ ਚੋਣ ਲੜ ਰਹੀਆਂ ਪਾਰਟੀਆਂ ਦੇ ਆਗੂਆਂ ਦੇ ਦਫਤਰਾਂ ਵਿੱਚ ਬੋਲੀ ਹੋਣ ਲੱਗਦੀ ਤਾਂ ਹਰ ਵੱਡੀ ਕਲਮ ਤੇ ਅਖਬਾਰ ਦਾ ਵੱਡਾ ਮੁੱਲ ਪੈਂਦਾ ਹੈ। ਭਾਵੇਂ ਚੋਣਾਂ ਦੌਰਾਨ ਚੋਣ ਲੜ ਰਹੇ ਉਮੀਦਵਾਰ ਨੂੰ ਵੋਟ-ਵੋਟ ਦੀ ਲੋੜ ਹੁੰਦੀ ਹੈ। ਇਹ ਵੋਟਾਂ ਕਿਵੇਂ ਪ੍ਰਾਪਤ ਕਰਨੀਆਂ ਹਨ ? ਇਨ੍ਹਾਂ ਲਈ ਕੀ ਯੋਜਨਾ ਉਲੀਕਣੀ ਹੈ, ਕਿਹੜੇ ਕਿਹੜੇ ਸਬਜ਼ਬਾਗ ਵਿਖਾਉਣੇ ਹਨ, ਇਹ ਸਭ ਕਲਮਾਂ ਦੀ ਮਿਹਰਬਾਨੀ ਹੁੰਦੀ ਹੈ। ਇਸੇ ਲਈ ਹੁਣ ਕਲਮਾਂ ਸਿਰਫ ਤੇ ਸਿਰਫ ਉਨਾਂ ਰਾਜਸੀ ਆਗੂਆਂ ਦੇ ਗੀਤ ਗਾਉਂਦੀਆਂ ਹਨ। ਕਲਮਾਂ ਦੀ ਅੱਖ ਤਾਂ ਪੁਰਸਕਾਰ , ਕਿਸੇ ਸਰਕਾਰੀ ਜਾਂ ਗੈਰ ਸਰਕਾਰੀ ਰੁਤਬੇ ਲੱਗਣ ਦੀ ਹੋੜ ਹੁੰਦੀ ਹੈ ਤੇ ਜਾਂ ਫਿਰ ਨਕਦ ਨਰੈਣ ‘ਤੇ ਟਿਕੀ ਹੁੰਦੀ ਹੈ। ਇਨਾਂ ਕਲਮਾਂ ਦੀ ਜ਼ਮੀਰ ਕਦੋਂ ਜਾਗੇਗੀ? ਭਾਵੇਂ ਕਲਮਾਂ ਦੀ ਸ਼ਹਾਦਤਾਂ ਦੇਣ ਦਾ ਇੱਕ ਲੰਮਾ ਇਤਿਹਾਸ ਹੈ। ਹੁਣ ਇਸ ਇਤਿਹਾਸ ਨੂੰ ਕਲਮਾਂ ਕਿਵੇਂ ਕਲੰਕਿਤ ਕਰ ਰਹੀਆਂ ਹਨ। ਇਸ ਦੀ ਤਸਵੀਰ ਇਨਾਂ ਚੋਣਾਂ ਦੌਰਾਨ ਸਭ ਦੇ ਸਾਹਮਣੇ ਆ ਰਹੀ ਹੈ। ਜਦੋਂ ਵੀ ਕਿਸੇ ਵੱਡੇ ਇਨਾਮ ਜਾਂ ਅਹੁੱਦੇ ਲਈ ਸੱਤਾ ਕਿਸੇ ਕਲਮਕਾਰ ਦੀ ਭਾਲ ਕਰਦੀ ਹੈ ਤਾਂ ਉਹ ਉਸਦੀ ਸਾਹਿਤ ਵਿਚ ਕੀ ਦੇਣ ਹੈ? ਇਹ ਨਹੀਂ ਵੇਖਦੀ ਸਗੋਂ ਇਹ ਵੇਖਦੀ ਹੈ ਕਿ ਇਸ ਦੇ ਨਾਂ ‘ਤੇ ਭੀੜ ਕਿਵੇਂ ਕੱਠੀ ਹੋ ਸਕਦੀ ਹੈ। ਹੁਣ ਇਸੇ ਹੀ ਤਰ੍ਹਾਂ ਇੱਕ ਸਰਕਾਰੀ ਅਦਾਰੇ ਵਲੋਂ ਰਲ ਮਿਲ ਕੇ ਰਿਊੜੀਆਂ ਖਾਧੀਆਂ ਜਾ ਰਹੀਆਂ ਹਨ । ਇਹ ਸਭ ਆਮ ਪਾਠਕ ਦੇ ਨੱਕ ਦੇ ਥੱਲੇ ਹੋ ਰਿਹਾ ਹੈ ਪਰ ਕੋਈ ਇਹ ਪੁੱਛ ਕੇ ਰਾਜੀ ਨਹੀਂ ਕਿ ਇਹ ਕੀ ਹੋ ਰਿਹਾ ਹੈ। ਸਾਰੇ ਦੇ ਸਾਰੇ ਗਾਂਧੀ ਦੇ ਤਿੰਨ ਬਾਂਦਰ ਬਣੇ ਬੈਠੇ ਹਨ। ਹੁਣ ਚੌਥਾ ਬਾਂਦਰ ਮੋਬਾਈਲ ਨੇ ਬਣਾ ਦਿੱਤਾ ਹੈ। ਸਰਕਾ੍ਰੀ ਤੇ ਗੈਰ ਸਰਕਾਰੀ ਸਾਹਿਤਕ ਸੰਸਥਾ ਕੀ ਕਰ ਰਹੀਆਂ ? ਕਿਤਾਬਾਂ ਦੇ ਰਲੀਜ਼ ਸਮਾਗਮ ਕਰ ਕੇ ਆਖਦੀਆਂ ਨੇ ਕਲਮ ਦੇ ਨਾਲ ਇਨਕਲਾਬ ਲਿਆਂਵਾਗੇ! ਇਹਨਾਂ ਦੇ ਚੌਧਰੀਆਂ ਦਾ ਆਪਣੀਆਂ ਚਹੇਤੀਆਂ ਤੇ ਚਹੇਤਿਆਂ ਨੂੰ ਥਾਪੜਾ ਦੇ ਰਹੇ ਹਨ! ਵੋਟਾਂ ਬਣਾ ਰਹੇ ਨੇ ਪਰ ਇਹ ਨੀ ਦੱਸਦੇ ਕੀ, ਕਿਉ, ਕਿਸ ਲਈ, ਕਿਵੇਂ ਲਿਖਣਾ ਤੇ ਕਿਹੋ ਜਿਹਾ ਲਿਖਣਾ ਹੈ ? ਇਸੇ ਕਰਕੇ ਘਰਾਂ ਵਿੱਚੋਂ ਊੜਾ ਤੇ ਜੂੜਾ ਗਾਇਬ ਹੋ ਗਿਆ ਤੇ ਕੂੜਾ ਵੱਧ ਗਿਆ ਹੈ! ਪੰਜਾਬ ਸਿਆਂ ਤੇਰਾ ਬੌਧਿਕ ਤੇ ਸਰਮਾਇਆ ਵਿਦੇਸ਼ਾਂ ਵੱਲ ਭਜਾਇਆ ਜਾ ਰਿਹਾ ਹੈ! ਇਹ ਵੀ ਸੱਚ ਜਿਸ ਤੇਜੀ ਨਾਲ ਜੁਆਨੀ ਵਿਦੇਸ਼ਾਂ ਨੂੰ ਜਾ ਰਹੀ ਵਾਪਸ ਏਵੇ ਆਵੇਗੀ ! ਸੱਚ ਕੌਣ ਲਿਖੇ ? ਕਲਮਾਂ ਚੁੱਪ ਹਨ ! ਕੀ ਤੁਸੀਂ ਵੀ ਚੁੱਪ ? ਤਿੰਨ ਕੁ ਦਰਜਨ, ਇਹ ਜੁਗਾੜੀਏ ਹਨ ? ਜਿਹੜੇ ਹਰ ਸਭਾ ਦੇ ਸਮਾਗਮ ਵਿੱਚ ਪ੍ਰਧਾਨਗੀ, ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੁੰਦੇ ਹਨ। ਉਹਨਾਂ ਵੱਲੋਂ ਪੁਰਸਕਾਰ ਹਥਿਆਉਣ ਲਈ ਜੋੜ ਤੋੜ ਕੀਤਾ ਜਾਂਦਾ ਹੈ। ਜਿਵੇਂ ਚੋਣਾਂ ਵਿੱਚ ਖੱਬੇ ਤੇ ਸੱਜੇ, ਚੁਫੇਰ ਗੜ੍ਹੀਏ ਕਰਦੇ ਸਨ। ਕੀ ਤੁਸੀਂ ਉਹਨਾਂ ਨੂੰ ਜਾਣਦੇ ਹੋ?

ਬੁੱਧ ਸਿੰਘ ਨੀਲੋਂ
94643-70823

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿਵਲ ਸਰਜਨ ਡਾ. ਪਵਨ ਕੁਮਾਰ ਸ਼ਗੋਤਰਾ ਨੇ ਕੀਤਾ ਆਮ ਆਦਮੀ ਕਲੀਨਿਕ ਜੰਡੋਲੀ ਅਤੇ ਆਮ ਆਦਮੀ ਕਲੀਨਿਕ ਖੜਕਾਂ ਦਾ ਅਚਨਚੇਤ ਦੌਰਾ
Next articleਬੰਗਾ ਵਿਧਾਨ ਸਭਾ ਦੀ ਮੀਟਿੰਗ ਗੜ੍ਹੀ ਅਜੀਤ ਸਿੰਘ ਵਿਖੇ ਕੀਤੀ ਗਈ ਬਸਪਾ ਪੰਜਾਬ ਦੇ ਪ੍ਰਧਾਨ ਦਾ ਅੱਜ ਜਨਮ ਦਿਨ ਸੀ