ਹੁਣ ਅਵਾਮ ਨੂੰ ਇੱਕਮੁੱਠ ਹੋਣ ਦੀ ਲੋੜ ਹੈ!
ਬੁੱਧ ਸਿੰਘ ਨੀਲੋਂ
(ਸਮਾਜ ਵੀਕਲੀ) ਸਦੀਆਂ ਤੋਂ ਅਵਾਮ ਸੱਤਾਧਾਰੀਆਂ ਨੇ ਦਬਾਅ ਕੇ ਰੱਖਿਆ ਹੋਇਆ ਹੈ। ਇਸ ਸਮੇਂ ਪੰਜਾਬ ਦਾ ਕਿਸਾਨ ਮੰਡੀਆਂ ਵਿੱਚ ਰੁਲਦਾ ਹੈ। ਕਿਸਾਨਾਂ ਤੇ ਮਜ਼ਦੂਰਾਂ ਨੂੰ ਇਹ ਸੰਤਾਪ ਦਿੱਲੀ ਵਿੱਚ ਲੱਗੇ ਕਿਸਾਨ ਮਜ਼ਦੂਰ ਅੰਦੋਲਨ ਦਾ ਭੋਗਣਾ ਪੈ ਰਿਹਾ ਹੈ। ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਰਲ਼ ਕੇ ਪੰਜਾਬ ਨੂੰ ਲਿਤਾੜ ਰਹੀਆਂ ਹਨ। ਪੰਜਾਬ ਦੇ ਲੋਕਾਂ ਨੂੰ ਹੁਣ ਇੱਕਮੁੱਠ ਹੋਣਾ ਪਵੇਗਾ। ਜਿਸ ਤਰ੍ਹਾਂ ਚਿੰਤਕ ਮਾਲਵਿੰਦਰ ਸਿੰਘ ਮਾਲੀ ਦੇ ਗ੍ਰਿਫਤਾਰੀ ਨੂੰ ਲੈ ਕੇ ਹੋਏ ਸਨ। ਪੰਜਾਬ ਦੀਆਂ ਸਮੁੱਚੀਆਂ ਜਮਹੂਰੀ ਅਧਿਕਾਰ ਜਥੇਬੰਦੀਆਂ, ਕਿਸਾਨ ਮਜ਼ਦੂਰ ਜਥੇਬੰਦੀਆਂ, ਮੁਲਾਜ਼ਮ ਜਥੇਬੰਦੀਆਂ ਤੇ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਇੱਕ ਮੰਚ ਤੇ ਇਕੱਠਾ ਕਰਨ ਦੀ ਲੋੜ ਹੈ। ਨਹੀਂ ਜਿਸ ਤਰ੍ਹਾਂ ਪੰਜਾਬ ਦਾ ਕਿਸਾਨ ਮਜ਼ਦੂਰ, ਆੜਤੀਏ ਤੇ ਸ਼ੈਲਰ ਇੰਡਸਟਰੀ ਰੁਲ਼ ਰਹੀ ਹੈ, ਸਭ ਰੁਲਣਗੇ। ਹੁਣ ਤੱਕ ਇਹੋ ਹੀ ਸੁਣਦੇ ਆਇਆ ਕਿ ‘ ਇਕ ਚੁੱਪ ਸੌ ਸੁੱਖ ‘ ਇਹ ਲੋਕ ਤੱਥ ਹੈ । ਲੋਕ ਤੱਥ ਘਸ ਘਸ ਕੇ ਸਫਰ ਕਰਦੇ ਹਨ। ਸਮਾਂ ਬਦਲਣ ਨਾਲ ਕਈ ਲੋਕ ਤੱਥਾਂ ਦੇ ਅਰਥ ਹੀ ਬਦਲ ਜਾਂਦੇ ਹਨ। ਜਿਵੇਂ ਇਸ ਤੱਥ ਦੇ ਹੁਣ ਅਰਥ ਹੀ ਨਹੀਂ ਬਦਲੇ ਸਗੋਂ ਇਸਦੇ ਨਤੀਜੇ ਵੀ ਬਦਲ ਗਏ ਹਨ। ਜਦੋਂ ਤੁਸੀਂ ਗ਼ਲਤ ਨੀਤੀਆਂ ਨੂੰ ਚੁੱਪ ਕਰਕੇ ਮੰਨੀ ਜਾਵੋਗੇ ਤਾਂ ਇਕ ਦਿਨ ਉਹ ਨੀਤੀਵਾਨ ਤੁਹਾਡੇ ਸਿਰ ਚੜ੍ਹ ਕੇ ਬੈਠੇਗਾ ਤੇ ਮਨ ਆਈਆਂ ਕਰੇਗਾ। ਸਾਡੇ ਸੁਭਾਅ ਦੇ ਵਿੱਚ ਇਹ ਠਰੰਮਾਂ ਕਦ ਆਇਆ ? ਅਸੀਂ ਘਰ ਵੜ ਕੇ ਕਦੋਂ ਬਹਿ ਗਏ? ਇਸ ਬਾਰੇ ਸਾਡੇ ਇਤਿਹਾਸਕਾਰਾਂ ਨੇ ਹੁਣ ਤੱਕ ਨਹੀਂ ਦੱਸਿਆ। ਅਸੀਂ ਗਾਂਧੀ ਦੇ ਤਿੰਨ ਬਾਂਦਰ ਕਦੋਂ ਬਣੇ ਜਾਂ ਬਣਾਏ ਗਏ ? ਇਹ ਦੋਸ਼ ਸਾਡੀ ਸਿੱਖਿਆ ਦੇ ਉਹਨਾਂ ਨੀਤੀਘਾੜਿਆ ਦਾ ਹੈ, ਜਿਹਨਾਂ ਨੇ ਸਮਾਂ ਤੇ ਰੁੱਤ ਬਦਲਿਆ ਸਿੱਖਿਆ ਦੀਆਂ ਨੀਤੀਆਂ ਨੂੰ ਨਹੀਂ ਬਦਲਿਆ । ਉਹ ਹੀ ਜਿਉਂਦੇ ਹਨ,! ” ਜ਼ੁਲਮ ਕਰਨ ਨਾਲੋਂ ਜ਼ੁਲਮ ਸਹਿਣਾ ਬਰਾਬਰ ਦਾ ਗੁਨਾਹ ਹੈ ” ਦੇ ਜਜ਼ਬੇ ਨੂੰ ਅਸੀਂ ਸਮਝਿਆ ਹੀ ਨਹੀਂ । ਸੱਤਾਧਾਰੀਆਂ ਨੇ ਆਪਣੇ ਗੁਲਾਮਾਂ ਦੇ ਰਾਹੀਂ ਆਪਣੀ ਸੱਤਾ ਕਾਇਮ ਰੱਖਣ ਦੀਆਂ ਯੋਜਨਾਵਾਂ ਬਣਾਈਆਂ ਤੇ ਲਾਗੂ ਕੀਤੀਆਂ, ਆਪਣੇ ਗੁਲਾਮਾਂ ਦੇ ਲਗਾ ਕੇ ਫੀਤੀਆਂ। ਰਾਜਾਸ਼ਾਹੀ ਦੌਰ ਹੁਣ ਜਦੋਂ ਆ ਗਿਆ ਹੈ ਤਾਂ ਲੋਕਤੰਤਰ ਦੇ ਅਰਥ ਠੋਕਤੰਤਰ ਵਿੱਚ ਬਦਲ ਦਿੱਤੇ ਗਏ ਹਨ । ਦੇਸ਼ ਦੀ ਵੰਡ ਤੋਂ ਪਹਿਲਾਂ ਤੇ ਹੁਣ ਬਹੁਗਿਣਤੀ ” ਹੱਥ ਚੱਕ ਲਫਟੈਣ ” ਦੀ ਸੰਤਾਨ ਸੱਤਾ ਉਤੇ ਕਾਬਜ਼ ਹੋ ਗਈ। ਗੋਰੇ ਫਰੰਗੀਆਂ ਨੂੰ ਸਮੁੰਦਰੋਂ ਪਾਰ ਤੋਰਨ ਵਾਲਿਆਂ ਦੀ ਸੰਤਾਨ ਦੁੱਖ ਦਰਦ ਤੇ ਸੰਤਾਪ ਭੋਗਣ ਜੋਗੀ ਰਹਿ ਗਈ। ਹੁਣ ਤੱਕ ਬਹੁਗਿਣਤੀ ਨਕਲੀ ਦੇਸ਼ ਭਗਤ ਬਣੇ ਤੇ ਮੌਕਪ੍ਰਸਤਾਂ ਨੇ ਸਰਕਾਰੀ ਸਹੂਲਤਾਂ ਭੋਗੀਆਂ। ਜਿਹੜੇ ਅਸਲੀ ਦੇਸ਼ ਭਗਤ ਸਨ, ਉਹ ਗੁੰਮ ਹੋ ਗਏ ਜਾਂ ਕਰ ਦਿੱਤੇ ਗਏ। ਕੌਮ ਤੇ ਦੇਸ਼ ਦੇ ਗਦਾਰ ਹੁਣ ਸੱਤਾ ਦਾ ਵਪਾਰ ਕਰਦੇ ਹਨ। ਸਿੱਖਿਆ ਦੀਆਂ ਗ਼ਲਤ ਨੀਤੀਆਂ ਨੇ ਸਾਨੂੰ ਝੂਠ ਦਾ ਇਤਿਹਾਸ ਪੜ੍ਹਨ ਲਈ ਮਜਬੂਰ ਕੀਤਾ । ਹੁਣ ਜਦੋਂ ਸਾਡੇ ਇਤਿਹਾਸ ਦੀਆਂ ਹੋਰਨਾਂ ਬਾਹਰੀ ਇਤਿਹਾਸਕਾਰਾਂ ਨੇ ਅੰਦਰਲੀਆਂ ਪਰਤਾਂ ਖੋਲ੍ਹੀਆਂ ਤਾਂ ਹੈਰਾਨ ਤੇ ਪ੍ਰੇਸ਼ਾਨ ਹੋਣ ਤੋਂ ਵੱਧ ਕੁੱਝ ਕਰ ਹੀ ਨਹੀਂ ਸਕੇ। ਜੋ ਸਿੱਖਿਆ ਰਾਹੀ ਪੜ੍ਹਾਇਆ ਜਾਂਦਾ ਰਿਹਾ, ਉਸਦਾ ਕਦੇ ਕਿਸੇ ਮੁਲੰਕਣ ਨਹੀਂ ਕੀਤਾ । ਉਪਰੋਂ ਆਇਆ ਹੁਕਮ ਥੱਲੇ ਆ ਕੇ ਲਾਗੂ ਹੁੰਦਾ ਹੈ। ਇਹਨਾਂ ਹੁਕਮਾਂ ਨੇ ਹੀ ਅੱਜ ਸਾਨੂੰ ਯੋਧਿਆਂ ਤੇ ਸੂਰਮਿਆਂ ਤੋਂ ਪਿਜਲ ਕਰ ਦਿੱਤਾ। ਅਸੀਂ ਸਰੀਰਕ ਨ ਮਾਨਸਿਕ ਅਪਾਹਜ ਬਣਾ ਦਿੱਤੇ ਗਏ ਜਾਂ ਬਣ ਗਏ ? ਅਰਥ ਇਕੋ ਹੀ ਹੈ। ਨਰਕ ਸਵਰਗ ਦੇ ਡਰਾਵਿਆਂ ਨੇ ਸਾਨੂੰ ਸ਼ੇਰ ਤੋਂ ਗਡੋਏ ਬਣਾਇਆ ਹੈ । ਅਸੀਂ ਗਡੋਇਆਂ ਦੀ ਜੂਨ ਭੋਗਣ ਦੇ ਆਦੀ ਬਣ ਗਏ। ਧਰਮ ਦੇ ਠੇਕੇਦਾਰ ਨੇ ਨਰਕ ਸਵਰਗ ਦਾ ਵਧੀਆ ਵਪਾਰ ਚਲਾਇਆ ਤੇ ਸਾਨੂੰ ਬਹੁਤ ਡਰਾਇਆ । ਸਵਰਗ ਵਿੱਚ ਜਾਣ ਦੇ ਰਸਤਿਆਂ ਨੂੰ ਪ੍ਰਚਾਰਿਆ.ਤੇ ਨਤੀਜਾ ਕੀ ਹੋਇਆ ? ਸਾਨੂੰ ਸਵਰਗ ਦੀ ਭਾਲ ਵਿੱਚ ਤੁਰਿਆਂ ਸਦੀਆਂ ਤੇ ਯੁੱਗ ਬੀਤ ਗਏ। ਸਵਰਗ ਤਾਂ ਲੱਭਿਆ ਨਹੀਂ ਪਰ ਨਰਕ ਭੋਗਣ ਦੇ ਵਾਸੀ ਬਣ ਗਏ। ਵੋਟਤੰਤਰ ਰਾਹੀ ਲੁਟੇਰੇ ਚੁਣਦੇ ਰਹੇ ਤੇ ਲੋਕਤੰਤਰ ਦਾ ਜਾਪ ਤੇ ਕੀਰਤਨ ਕਰਦੇ ਤੇ ਕਰਵਾਉਂਦੇ ਰਹੇ। ਹੁਣ ਜਦ ਲੋਕਤੰਤਰ ਨੇ ਆਪਣਾ ਅਸਲੀ ਰੂਪ ਦਿਖਾਇਆ ਤਾਂ ਸਾਨੂੰ ਹਜੇ ਵੀ ਸਮਝ ਨਹੀਂ ਆਇਆ । ਮੱਝ ਅੱਗੇ ਬੀਨ ਵਜਾਉਣ ਦਾ ਕੀ ਫਾਇਦਾ । ਡੰਗਰ ਤਾਂ ਡੰਗਰ ਹੀ ਹੁੰਦਾ ਤੇ ਰਹਿੰਦਾ ਹੈ। ਕਿਸੇ ਦਾ ਨਾਮ ਬਦਲਣ ਦੇ ਨਾਲ ਸੁਭਾਅ ਨਹੀਂ ਬਦਲਿਆ ਜਾ ਸਕਦਾ। ਬਸਤਰ ਬਦਲਣ ਦੀ ਹੋੜ ਨੇ ਸਾਨੂੰ ਖੂਬ ਮੂਰਖ ਬਣਾਇਆ ਹੈ ਪਰ ਹੱਕ ਤੇ ਸੱਚ ਉਤੇ ਕਿਵੇਂ ਪਹਿਰਾ ਦੇਣਾ ਸਿਖਾਉਣ ਦੇ ਨਾਲੋਂ ਸਵਰਗ ਵਿੱਚ ਕਿਵੇਂ ਜਾਣਾ ਹੈ ਹੀ ਸਿਖਾਇਆ ਹੈ। ਸਵਰਗ ਕਿਥੇ ਹੈ ? ਕਦੇ ਕਿਸੇ ਦੇਖਿਆ ? ਇਹ ਸਵਾਲ ਕਰਨ ਦੇ ਯੋਗ ਨਹੀਂ ਬਣਾਇਆ ਸਗੋਂ ਸਾਨੂੰ ਸਦਾ ਹੀ ਡਰਾਇਆ ਹੈ। ਅਸੀਂ ਡਰ ਦੀ ਜ਼ਿੰਦਗੀ ਜੀਣ ਲੱਗ ਪਏ ਹਾਂ । ਹੁਣ ਡਰ ਦਾ ਵਪਾਰ ਬਹੁਤ ਵੱਧ ਰਿਹਾ ਹੈ। ਇਸ ਡਰ ਨੇ ਸਾਨੂੰ ਇਕ ਚੁੱਪ ਸੌੰ ਸੁੱਖ ਦੇ ਅਰਥਾਂ ਵਿੱਚ ਉਲਝਾਈ ਰੱਖਿਆ । ਜਦ ਨੋਟਬੰਦੀ ਤੇ ਤਾਲਾਬੰਦੀ ਜਬਰੀ ਕੀਤੀ ਤਾਂ ਅਸੀਂ ਕੁੱਝ ਨਹੀਂ ਬੋਲੇ। ਜਦ ਪਤਾ ਹੈ ਕਿ ਸਭ ਗ਼ਲਤ ਹੋਇਆ ਹੈ ਤੇ ਹੋ ਰਿਹਾ? ਹੁਣ ਹਰ ਹੁਕਮ ਜਬਰੀ ਠੋਸਿਆ ਜਾ ਰਿਹਾ ਹੈ ਤੇ ਅਸੀਂ ਅਪਾਹਜ ਬਣੇ ਘਰਾਂ ਦੇ ਵਿੱਚ ਸ਼ਬਦ ਜੁਗਾਲੀ ਕਰਦੇ ਹਾਂ ਪਰ ਸਿਰ ਤੋਂ ਕੰਮ ਨਹੀਂ ਲੈਦੇ। ਬਾਦਲ ਨੇ ਜਿਹੜੇ ਬਿਜਲੀ ਸਮਝੌਤੇ ਕੀਤੇ, ਕਮਿਸ਼ਨ ਛਕਿਆ ਜਿਵੇਂ ਗੁਰਦੁਆਰਾ ਸਾਹਿਬ ਵਿੱਚ ਲੰਗਰ ਛਕਦੇ ਹਨ। ਬਿਜਲੀ ਦੇ ਸਰਕਾਰੀ ਅਦਾਰੇ ਬੰਦ ਕਰਕੇ ਨਿੱਜੀ ਬਣਾਏ ਤੇ ਆਪਣੇ ਮਹਿਲ ਉਸਾਰੇ। ਮਸਲਾ ਤੇ ਕਿਸਾਨ ਅੰਦੋਲਨ ਦੀ ਜਿੱਤ ਦਾ ਹੈ, ਜਿਹੜਾ ਭਗਵਿਆਂ ਦੇ ਹੰਕਾਰ ਦੇ ਰੱਥ ਦੇ ਮੂਹਰੇ ਅੜਿਆ ਖੜ੍ਹਾ ਰਿਹਾ। ਜਦ ਭਗਵਿਆਂ ਨੂੰ ਪਤਾ ਲੱਗ ਗਿਆ ਕਿ ਇਹ ਹੁਣ ਸਿੱਧੇ ਤਰੀਕੇ ਨਹੀਂ ਕੰਮ ਸੂਤ ਆਉਣਾ ਉਹਨਾਂ ਨੇ ਕਦਮ ਪਿੱਛੇ ਕਰ ਲਏ । ਬਾਦਲ ਨੇ ਪਹਿਲਾਂ ਕਿਸਾਨਾਂ ਤੋਂ ਡਰਦਿਆਂ ਨੇ ਭਾਜਪਾ ਨੂੰ ਤਲਾਕ ਦਿੱਤਾ ਫੇਰ ਬਿਨਾ ਦੱਸੇ ਸਮਝੌਤਾ ਤਾਂ ਕਰ ਲਿਆ। ਹੁਣ ਕਿਉਂ ਨਹੀਂ ਪੰਜਾਬ ਨੂੰ ਕੈਲੀਫ਼ੋਰਨੀਆ ਬਣਾਉਣ ਵਾਲੇ ਬੋਲਦੇ ? ਕਿਸਾਨ ਤੇ ਮਜ਼ਦੂਰ ਇਕ ਕਿਉਂ ਨਹੀਂ ਹੋਇਆ ? ਕਿਸਾਨ ਅੰਦੋਲਨ ਨੂੰ ਕਿਉਂ ਬਦਨਾਮ ਕੀਤਾ ਸੀ ? ਕਿਸਾਨ ਅੰਦੋਲਨ ਦੀ ਜਿੱਤ ਦਾ ਦੁੱਖ ਹੋਣ ਕਰਕੇ ਪੰਜਾਬ ਤੋਂ ਬਦਲਾ ਲਿਆ ਜਾ ਰਿਹਾ ਏ। ਸੱਤਾ ਦੇ ਪੌੜ ਲੋਕਾਂ ਨੂੰ ਕਿਉਂ ਕੁਚਲਣ ਲੱਗੇ ਹਨ ? ਬਜ਼ਾਰ ਗਰਮ ਹੋਇਆ ਪਿਆ ਹੈ ਤੇ ਅਵਾਮ ਨਰਮ ਹੋ ਰਿਹਾ ਹੈ। ਝੁਕੀ ਜਾ ਰਿਹਾ ਹੈ। ਕਮਾਨ ਬਣਿਆ ਹੈ । ਸਾਡੀ ਚੁੱਪ ਦਾ ਹੀ ਨਤੀਜਾ ਹੈ। ਸਾਨੂੰ ਚੁੱਪ ਰੱਖਣ ਲਈ ਜਾਤਾਂ,ਧਰਮਾਂ ਤੇ ਮੁਫਤ ਦੀਆਂ ਸਹੂਲਤਾਂ ਦੇ ਲਾਲਚ ਨੇ ਲਾਚਾਰ ਬਣਾ ਦਿੱਤਾ ਹੈ। ਸੁੱਖ ਦੇ ਲਾਲਚ ਨੇ ਸਾਨੂੰ ਮਾਨਸਿਕ ਅਪਾਹਜ ਬਣਾ ਦਿੱਤਾ ਹੈ। ਇੱਕ ਚੁੱਪ ਸੌੰ ਸੁੱਖ ਨਹੀਂ ਹੁੰਦੇ। ਸਗੋਂ ਸੌੰ ਦੁਖ ਹੁੰਦੇ ਹਨ। ਹੁਣ ਭਾਣਾ ਵੀ ਨਹੀਂ ਮੰਨਿਆ ਜਾ ਸਕਦਾ ! ਹੁਣ ਅਖਾਣਾਂ ਤੇ ਮੁਹਾਵਰਿਆਂ ਦੇ ਅਰਥ ਬਦਲਣ ਦੀ ਲੋੜ ਹੈ। ਕਦੋ ਤੱਕ ਸਵਰਗ ਦੇ ਲਾਰਿਆਂ ਦੇ ਚੱਕਰ ਵਿੱਚ ਫਸੇ ਰਹੋਗੇ। ਅੰਨ੍ਹੀ ਸ਼ਰਧਾ ਦੀਆਂ ਅੱਖਾਂ ਉਤੇ ਬੰਨ੍ਹਿਆ ਬਸਤਰ ਉਤਾਰੋ। ਜ਼ਿੰਦਗੀ ਦੇ ਅਰਥ ਬਦਲੋ.ਉਨ੍ਹਾਂ ਪ੍ਰੰਪਰਾਵਾਂ ਫੂਕ ਦਿਓ ਜਿਹਨਾਂ ਨੇ ਤੁਹਾਨੂੰ ਸੂਰਮਿਆਂ ਤੋਂ ਅਪਾਹਜ ਬਣਾਇਆ !
₹₹₹₹
ਬੁੱਧ ਸਿੰਘ ਨੀਲੋੰ
94643 70823
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly