ਬੁੱਧ ਚਿੰਤਨ

ਜਦੋਂ ਬਾਪੂ ਨੇ ਤੜਕੇ ਮੇਰੀ ਧੌੜੀ ਲਾਹੀ !

ਬੁੱਧ ਸਿੰਘ ਨੀਲੋਂ

(ਸਮਾਜ ਵੀਕਲੀ)  ਉਦੋਂ ਮੈਂ ਅੱਠਵੀਂ ਜਮਾਤ ਦੇ ਵਿੱਚ ਪੜ੍ਹਦਾ ਸੀ। ਸਾਡੇ ਗੁਆਂਢ ਪਿੰਡ ਘੁਲਾਲ ਵਿੱਚ, ਕਲਗੀਧਰ ਖਾਲਸਾ ਹਾਈ ਸਕੂਲ ਹੁੰਦਾ ਸੀ । ਦਰਜਨ ਤੋਂ ਵੱਧ ਪਿੰਡਾਂ ਦੇ ਵਿਦਿਆਰਥੀ ਉਸ ਸਕੂਲ ਵਿੱਚ ਪੜ੍ਹਦੇ ਸੀ। ਅਸੀਂ ਪਿੰਡ ਦੇ ਮੁੰਡੇ ਤੇ ਕੁੜੀਆਂ ਤੁਰ ਕੇ ਹੀ ਸਕੂਲ ਜਾਂਦੇ ਸੀ। ਸਕੂਲ ਤੋਂ ਮੁੜਦੇ ਸਮੇਂ ਅਸੀਂ ਗੱਲਾਂ ਕਰਦੇ ਤੇ ਇਕ ਦੂਜੇ ਦੇ ਮਗਰ ਭੱਜਦੇ ਪਿੰਡ ਆ ਵੜਦੇ ਸੀ। ਕਈ ਮੁੰਡੇ ਤੇ ਕੁੜੀਆਂ ਸਾਈਕਲਾਂ ਉੱਤੇ ਜਾਂਦੇ ਸਨ ।
ਅਸੀਂ ਸ਼ਰਾਰਤਾਂ ਕਰਦੇ ਇਕ ਦੂਜੇ ਦੇ ਕਿਤਾਬਾਂ ਵਾਲੇ ਝੋਲੇ ਮਾਰਦੇ ਮੁੜਦੇ ਸੀ। ਉਸ ਦਿਨ ਮੈਨੂੰ ਗਿਆਨੀ ਸੁੱਚਾ ਸਿੰਘ ਦੇ ਮੁੰਡੇੇ ਜਸਪਾਲ ਸਿੰਘ ਪਾਲਾ ਤੇ ਉਸ ਦੇ ਚਾਚੇੇ ਦੇ ਮੁੰਡੇ ਕੁਲਵਿੰਦਰ ਸਿੰਘ ਕਿੰਦਾ ਨੇ ਘੇਰ ਲਿਆ ਸੀ । ਗੱਲ ਕੀ ਹੋਈ ਸੀ, ਪੂਰੀ ਤਰ੍ਹਾਂ ਯਾਦ ਨਹੀਂ, ਉਹਨਾਂ ਨੇ ਮੇਰੀ ਡੂੰਈ ਉਤੇ ਜ਼ੋਰਦੀ ਆਪਣਾ ਬਸਤਿਆਂ ਨਾਲ ਹਮਲਾ ਕੀਤਾ । ਮੈਂ ਮੌਕਾ ਤਕਾ ਕੇ ਬਸਤੇ ਵਿੱਚ ਜੁਮਾਇਟਰੀ ਵਾਲਾ ਡੱਬਾ ਉੱਪਰ ਕਰ ਲਿਆ । ਅੱਖ ਬਚਾ ਕੇ ਮੈਂ ਪਾਲੇ ਦੀ ਪਿੱਠ ਉੱਤੇ ਦੋਵੇਂ ਹੱਥਾਂ ਨਾਲ ਝੋਲੇ ਦੀਆਂ ਤਣੀਆਂ ਫੜ ਕੇ ਮਾਰਿਆ । ਉਹ ਚੀਕਾਂ ਮਾਰ ਕੇ ਮੈਨੂੰ ਗਾਲਾਂ ਕੱਢਣ ਲੱਗਿਆ । ਮੈਂ ਸੂਟ ਵੱਟ ਲਈ ਤੇ ਖੇਤਾਂ ਵਿੱਚ ਦੌੜ ਕੇ ਘਰ ਆ ਗਿਆ । ਘਰੇ ਆ ਕੇ ਰੋਟੀ ਖਾ ਕੇ ਡੰਗਰਾਂ ਨੂੰ ਪਾਣੀ ਪਿਆਉਣ ਨਹਿਰ ਉੱਤੇ ਲੈ ਗਿਆ । ਉੱਥੇ ਅਸੀਂ ਫੇਰ ਇਕੱਠੇ ਨਹਿਰ ਵਿਚ ਛਾਲ ਮਾਰ ਕੇ ਨਹਾਉਣ ਲੱਗੇ । ਉਹਨਾਂ ਨੇ ਮੇਰੇ ਕੱਪੜੇ ਲੁਕਾਅ ਦਿੱਤੇ । ਜਦੋਂ ਡੰਗਰ ਨਹਿਰ ਵਿਚੋਂ ਨਿਕਲ ਕੇ ਜਾਣ ਲੱਗੇ, ਮੈਂ ਆਪਣੇ ਕੱਪੜੇ ਲੱਭਦਾ ਫਿਰਦਾ ਸੀ । ਉਹ ਪਰੇ ਖੜੇ ਹੱਸਦੇ ਰਹੇ । ਮੈਨੂੰ ਘੋਲੇ ਨੇ ਦੱਸਿਆ ਕਿ ਪਾਲੇ ਨੇ ਤੇਰੇ ਉੱਥੇ ਕੱਪੜੇ ਓਥੇ ਲੁਕਾਏ ਨੇ। ਮੈਂ ਕੱਪੜੇ ਚੁੱਕ ਕੇ ਘਰ ਨੂੰ ਜਾਂਦੇ ਨੇ, ਫੇਰ ਜੋਰ ਦੀ ਪਾਲੇ ਦੇ ਸੋਟੀ ਮਾਰੀ । ਉਹ ਰੋਂਦਾ ਘਰ ਨੂੰ ਭੱਜ ਗਿਆ ।
ਕੁੱਝ ਦੇਰ ਘਰ ਅਰਾਮ ਕਰਕੇ ਪੱਠੇ ਵੱਢਣ ਚਲੇ ਗਿਆ । ਅਸੀਂ ਨਹਿਰ ਤੋਂ ਪਾਰ ਪੱਠੇ ਵੱਢਣ ਜਾਂਦੇ ਸੀ। ਵਿਹੜੇ ਦੀਆਂ ਕਈ ਹੋਰ ਚਾਚੀਆਂ, ਤਾਈਆਂ ਤੇ ਭਰਜਾਈਆਂ ਹੁੰਦੀਆਂ ਸੀ। ਦੋ ਤਿੰਨ ਮੀਲ ਤੋਂ ਪੱਠੇ ਵੱਢ ਕੇ ਸਿਰ ਉਤੇ ਰੱਖ ਕੇ ਆਉਂਦੇ । ਨਹਿਰ ਪਾਰ ਜਾਣ ਲਈ ਉਥੇ ਕਿਸ਼ਤੀ ਹੁੰਦੀ ਸੀ । ਮਲਾਹ ਸ਼ਾਦੀ ਰਾਮ ਸੀ, ਉਹਦਾ ਕੱਦ ਮਧਰਾ ਜਿਹਾ ਹੀ ਸੀ। ਜ਼ੁਬਾਨ ਦਾ ਬਹੁਤ ਕੌੜਾ ਸੀ। ਉਹਦੇ ਨਾਲ ਬੁੜੀਆਂ ਦੀ ਰੋਜ਼ ਲੜਾਈ ਹੁੰਦੀ ਸੀ । ਉਹਦੇ ਜੁਆਕ ਹੈ ਨਹੀਂ ਸੀ, ਉਹ ਹਰ ਵੇਲੇ ਘੋੜੇ ਚੜ੍ਹਿਆ ਰਹਿੰਦਾ ਸੀ। ਉਹ ਆਪਣੀ ਘਰਵਾਲੀ ਨਾਲ ਇਕ ਨਿੱਕੇ ਜਿਹੇ ਮਕਾਨ ਵਿੱਚ ਰਹਿੰਦਾ ਸੀ ।
ਘਰ ਪੱਠਿਆਂ ਦਾ ਮਸ਼ੀਨ ਉਤੇ ਹੱਥੀ ਟੋਕਾ ਕਰਨਾ, ਫੇਰ ਡੰਗਰਾਂ ਨੂੰ ਪਾਣੀ ਪਿਆਉਣਾ ਤੇ ਪੱਠੇ ਪਾਉਣੇ । ਪੜ੍ਹਨ ਦਾ ਕੋਈ ਸਮਾਂ ਹੀ ਨਹੀਂ ਸੀ ਹੁੰਦਾ । ਨਹਾ ਕੇ ਰੋਟੀ ਖਾ ਕੇ ਸੌਣਾ । ਬਾਪੂ ਦੇਰ ਰਾਤ ਨੂੰ ਵਾਪਸ ਆਉਦਾ ਸੀ। ਉਦੋਂ ਮੈਂ ਸੌ ਜਾਂਦਾ ਸੀ । ਉਹ ਕਦੇ ਗੰਨੇ, ਕਦੇ ਮੂੰਗਫਲੀ ਦੀਆਂ ਹੋਲਾਂ, ਕਦੇ ਮੱਕੀ ਦੀਆਂ ਛੱਲੀਆਂ ਲੈ ਕੇ ਆਉਂਦਾ ਸੀ।
ਸਵੇਰੇ ਤੜਕੇ ਵੇਲੇ ਮੈਂ ਘੂਕ ਸੁੱਤਾ ਪਿਆ ਸੀ । ਮੈਨੂੰ ਉਦੋਂ ਪਤਾ ਲੱਗਿਆ ਜਦ ਪੰਜ ਛੇ ਧੌੜੀ ਦੀਆਂ ਜੁੱਤੀਆਂ ਮੇਰੇ ਸਿਰ ਵਿੱਚ ਵੱਜੀਆਂ। ਮੈਨੂੰ ਸਮਝ ਨਾ ਲੱਗੀ ਕਿ ਹੋਇਆ ਕੀ ਐ? ਪਰ ਮੈਂ ਜਦ ਦੇਖਿਆ ਤਾਂ ਗੱਲ ਸਮਝ ਆ ਗਈ । ਸਾਹਮਣੇ ਮੰਜੇ ਉੱਤੇ ਗਿਆਨੀ ਸੁੱਚਾ ਸਿੰਘ ਬੈਠਾ ਸੀ।ਪਾਲੇ ਦਾ ਉਹ ਬਾਪੂ ਸੀ। ਉਹ ਸਵੇਰੇ ਹੀ ਉਲਾਂਭਾ ਲੈ ਕੇ ਆਇਆ ਸੀ। ਬਾਪੂ ਨੇ ਉਹਦੀ ਗੱਲ ਸੁਣ ਕੇ ਮੇਰੀ ਪਰੇਡ ਕਰ ਦਿੱਤੀ ਸੀ । ਇਸ ਗੱਲੋਂ ਬਾਪੂ ਬਹੁਤ ਸਖਤ ਸੀ। ਉਹ ਪਿਆਰ ਵੀ ਕਰਦਾ ਸੀ ਤੇ ਕੁੱਟਦਾ ਵੀ ਸੀ। ਉਸ ਸਵੇਰੇ ਉਸ ਨੇ ਮੇਰੀ ਗੱਲ ਨਹੀਂ ਸੁਣੀ। ਬਾਪੂ ਨੇ ਇਕ ਵਾਰ ਫੇਰ ਮੇਰੀ ਬਾਂਹ ਫੜ੍ਹ ਕੇ ਦੋ ਕੁ ਹੋਰ ਮਾਰੀਆਂ । ਮੈਂ ਉਚੀ ਉਚੀ ਰੋਣ ਲੱਗ ਪਿਆ।
ਫੇਰ ਤਾਏ ਸੁੱਚੇ ਸਿੰਘ ਨੇ ਬਾਪੂ ਨੂੰ ਰੋਕਦਿਆਂ ਕਿਹਾ, ਹੁਣ ਜੁਆਕ ਮਾਰਨਾ ਐ ? ਇਹਨਾਂ ਕੱਲ੍ਹ ਫੇਰ ਇਕੱਠੇ ਹੋ ਜਾਣਾਂ ਐ, ਪਾਣੀ ਤੇ ਜੁਆਕ ਤਾਂ ਜੀਹਦੇ ਨਾਲ ਰਲੇ ਉਹਦੇ ਵਰਗੇ ਬਣ ਗਏ ।’ ਛੱਡ ਪਰੇ।
ਜਦ ਨੂੰ ਬੀਬੀ ਦੋ ਗਲਾਸ ਚਾਹ ਲੈ ਕੇ ਆਈ । ਮੈਨੂੰ ਠਾਲ ਕੇ ਚੁਲ੍ਹੇ ਕੋਲੇ ਲੈ ਗੀ। ਮੈਂ ਚੁਲ੍ਹੇ ਮੂਹਰੇ ਬੈਠਾ ਰੋਈ ਜਾਵਾਂ । ਮੈਨੂੰ ਪਾਲੇ ਉੱਤੇ ਬਹੁਤ ਗੁੱਸਾ ਆਇਆ ਹੋਇਆ ਸੀ ਕਿ ਉਸ ਨੇ ਆਪਣੇ ਘਰ ਜਾ ਕੇ ਕਿਉਂ ਦੱਸਿਆ ਐ। ਮੈਂ ਤਾਂ ਕਦੇ ਬਾਹਰ ਦੀ ਲੜਾਈ ਬਾਰੇ ਘਰ ਆ ਕੇ ਦੱਸਿਆ ਨਹੀਂ ਸੀ। ਮੈਨੂੰ ਪਤਾ ਸੀ ਕਿ ਬਾਪੂ ਨੇ ਮੇਰੀ ਕੁਟਾਈ ਹੀ ਕਰਨੀ ਐ। ਉਹਨੇ ਕਿਸੇ ਦੇ ਘਰ ਉਲਾਂਭਾ ਦੇਣ ਲਈ ਨਹੀਂ ਜਾਣਾ।
ਮੈਂ ਗਲਾਸ ਫੜ ਕੇ ਬੈਠਾ ਰਿਹਾ । ਮੈਥੋਂ ਚਾਹ ਦੀ ਘੁੱਟ ਨਾ ਪੀਤੀ । ਜਦ ਨੂੰ ਗਿਆਨੀ ਸੁੱਚਾ ਸਿੰਘ ਵਾਹਿਗੁਰੂ ਵਾਹਿਗੁਰੂ ਕਰਦਾ ਤੇ ਬਾਪੂ ਵੀ ਸਰਪੰਚਾਂ ਦੇ ਘਰ ਨੂੰ ਤੁਰ ਗਿਆ ।
ਉਝ ਬਾਪੂ ਨੇ ਮੈਨੂੰ ਘੱਟ ਹੀ ਕੁੱਟਿਆ ਸੀ। ਬਾਪੂ ਦਾ ਸੁਭਾਅ ਬਹੁਤ ਅੜਬ ਸੀ। ਕੋਰਾ ਕਰਾਰਾ, ਮੂੰਹ ਉੱਤੇ ਗੱਲ ਕਰਨ ਵਾਲਾ ਸੀ। ਉਹ ਡੰਗਰਾਂ ਦਾ ਦੇਸੀ ਡਾਕਟਰ ਸੀ। ਕਿਸੇ ਦਾ ਕੋਈ ਪਸ਼ੂ ਬੀਮਾਰ ਹੋਣਾ ਤਾਂ ਬਾਪੂ ਨੇ ਉਹਦਾ ਇਲਾਜ ਕਰਨਾ। ਪਿੰਡ ਵਿੱਚ ਉਸਦੀ ਬਣੀ ਹੋਈ ਸੀ । ਉਸ ਨੇ ਬਹੁਤ ਦੇ ਬਲਦ ਤੇ ਮੱਝਾਂ ਮਰਨ ਤੋਂ ਬਚਾਈਆਂ ਸਨ। ਉਹ ਡੰਗਰ ਦੇ ਕੰਨ ਤੇ ਪਿੰਡੇ ਉੱਤੇ ਹੱਥ ਫੇਰ ਕੇ ਉਸਨੂੰ ਦੇਣ ਲਈ ਸਮਾਨ ਦੱਸ ਦਿੰਦਾ ਸੀ ।
ਹੁਣ ਜਦੋਂ ਕਦੇ ਕੋਈ ਪਿੰਡ ਦਾ ਮਿਲਦਾ ਹੈ ਤਾਂ ਉਹ ਬਾਪੂ ਦੀਆਂ ਗੱਲਾਂ ਛੇੜ ਕੇ ਬਹਿ ਜਾਂਦਾ ਹੈ ।
ਬਾਪੂ ਦੀਆਂ ਗੱਲਾਂ ਯਾਦ ਕਰਦਿਆਂ ਮਨ ਭਰ ਆਉਂਦਾ ਐ। ਬਾਪੂ ਬਾਪੂ ਕਹਿੰਦੇ ਸੀ, ਬੜਾ ਨਜ਼ਾਰਾ ਲੈਂਦੇ ਸੀ, ਬਾਪੂ ਅਖਵਾਇਆ, ਬੜਾ ਦੁੱਖ ਪਾਇਆ। ਹੁਣ ਨਾ ਉਹ ਧੌੜੀ ਦੀ ਜੁੱਤੀ ਰਹੀ ਹੈ, ਨਾ ਬਾਪੂ, ਹੁਣ ਤਾਂ ਡੈਡੀ,ਡੈਡ, ਪਾਪਾ, ਮੰਮੀ, ਮੌਮ, ਬਣ ਗਏ ਹਨ । ਕਿੰਨਾ ਕੁਝ ਬਦਲ ਗਿਆ ਹੈ, ਹੁਣ ਪਹਿਲਾਂ ਵਰਗੀ ਸਾਂਝ ਨਹੀਂ ।
ਅੰਨ੍ਹੀ ਦੌੜ ਨੇ ਮਨੁੱਖ ਦਾ ਅਸਿਸਤਵ ਖਾ ਲਿਆ ਹੈ । ਮਨੁੱਖ ਮਸ਼ੀਨਾਂ ਬਣ ਗਏ ਹਨ । ਇਹ ਮਸ਼ੀਨਾਂ ਵੱਧ ਤੋਂ ਵੱਧ ਉਤਪਾਦਨ ਕਰਨ ਵਿੱਚ ਮਸ਼ਰੂਫ ਹਨ। ਮੇਰੇ ਅੰਦਰ ਪਿੰਡ, ਬਾਪੂ ਤੇ ਉਸ ਨਾਲ ਜੁੜੀਆਂ ਯਾਦਾਂ ਵਸਦੀਆਂ ਹਨ।
—-
ਬੁੱਧ ਸਿੰਘ ਨੀਲੋਂ
9464370823
( ਪੁਸਤਕ ਆਪਬੀਤੀ ਦੇ ਵਿਚੋਂ)

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇਸਤਿਹਾਰਾਂ ਤੇ ਭਗਵੰਤ ਮਾਨ ਆਪਣੀਆਂ ਫੋਟੋ ਲਾ ਕੇ ਪੰਜਾਬ ਨੂੰ ਕਰਜ਼ੇ ਵਿੱਚ ਡਬੋ ਰਿਹਾ:ਗੋਲਡੀ ਪੁਰਖਾਲੀ
Next articleਆਮ ਆਦਮੀ ਪਾਰਟੀ ਦੇ ਢਾਈ ਸਾਲ ਬੀਤ ਜਾਣ ਦੇ ਬਾਵਜੂਦ ਵੀ ਆਪ ਨੇ ਕੋਈ ਵੀ ਲੋਕ ਹਿਤੈਸ਼ੀ ਕੰਮ ਨਹੀਂ ਕੀਤਾ : ਐਡਵੋਕੇਟ ਭਾਰਦਵਾਜ