ਭੱਜ ਜਾ ਵਸੇ ਮਿੱਤਰਾ ਟੱਕੂਆ ਤੇ ਟੱਕੂਆ ਖੜਕੇ!
ਬੁੱਧ ਸਿੰਘ ਨੀਲੋਂ
(ਸਮਾਜ ਵੀਕਲੀ) ਪੰਜਾਬ ਹਰ ਵੇਲੇ ਜੰਗ ਦੇ ਮੈਦਾਨ ਵਿੱਚ ਰਹਿੰਦਾ ਹੈ। ਉਹ ਕਦੇ ਦੁਸ਼ਮਣ ਨਾਲ ਲੜਦਾ ਹੈ । ਕਦੇ ਉਹ ਆਪਣੇ ਸ਼ਰੀਕਾਂ ਨਾਲ। ਜੇ ਉਸਨੂੰ ਕੋਈ ਹੋਰ ਨਾ ਉਹ ਖੁਦ ਨਾਲ ਲੜਦਾ ਹੈ । ਇਸੇ ਕਰਕੇ ਆਖਿਆ ਕਰਦੇ ਆ, ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ । ਹੁਣ ਇਕ ਵਾਰ ਫੇਰ ਪੰਜਾਬ ਨੇ ਕਮਰ ਕਸੇ ਕਰ ਲਏ ਹਨ । ਇਹ ਵੀ ਸੱਚ ਹੈ ਕਿ ਪੰਜਾਬੀ ਬਹੁਤ ਹੀ ਭਾਵਨਾਵਾਂ ਦੇ ਵਹਿਣ ਵਿੱਚ ਵਗਣ ਵਾਲੇ ਹਨ। ਇਹ ਜਦੋਂ ਸਿਰ ਉਤੇ ਕਫਨ ਬੰਨ੍ਹ ਤੁਰਦੇ ਹਨ ਤਾਂ ਇਹ ਨਫਾ ਨੁਕਸਾਨ ਦਾ ਇਹਨਾਂ ਨੂੰ ਕਦੇ ਫਿਕਰ ਨਹੀਂ ਕਰਦੇ, ਜਿਧਰ ਨੂੰ ਤੁਰੇ ਹੜ੍ਹ ਬਣ ਜਾਂਦੇ ਹਨ ਪਰ ਫੇਰ ਘਾਟਾ ਹੋਵੇ ਜਾਂ ਫਿਰ ਮੌਤ ! ਕੋਈ ਫਰਕ ਨਹੀਂ ਦੇਖਦੇ।ਜਿਵੇਂ ਜੱਟ ਗੰਨਾ ਨੀ ਪੱਟਣ ਦੇਂਦਾ, ਭੇਲੀ ਦੇ ਦੇਂਦਾ ਆ..! ਇਹੋ ਹਾਲ ਪੰਜਾਬੀਆਂ ਦਾ ਬਣਿਆ ਹੋਇਆ ਹੈ। ਇਹ ਸਿਰ ਦੇ ਸਕਦੇ ਹਨ ਪਰ ਆਪਣੀ ਹਿੰਡ ਨੀ ਛੱਡਦੇ । ਹਰੀ ਕ੍ਰਾਂਤੀ ਲਿਆਉਣ ਵਾਲਿਆਂ ਨੇ ਸੋਚਿਆ ਵੀ ਨਹੀਂ ਕਿ ਅਸੀਂ ” ਪੌਣ,ਪਾਣੀ, ਧਰਤੀ ਤੇ ਔਰਤ ਦੀ ਕੁੱਖ ਦੇ ਕਾਤਲ ਬਣ ਜਾਵਾਂਗੇ ? ਅਗਲਿਆਂ ਵੱਧ ਝਾੜ ਦੇ ਵਿੱਚ ਲਾਲਚਾ ਦੇ ਕੇ ਰਾੜ ਤੇ, ਫੇਰ ਵੰਝ ਤੇ ਚਾੜ ‘ਤੇ…! ਹੁਣ ਘੁੰਮਦੇ ਹਨ ਦੋ ਫਸਲਾਂ ਤੇ ਸਿਆਸੀ ਪਾਰਟੀਆਂ ਦੇ ਚੱਕਰ ਵਿੱਚ ਤੇ ਤੀਜੇ ਬਦਲ ਨੇ ਹੌਕਣ ਲਾ ਦਿੱਤੇ ਹਨ । ਦੇਸੀ ਜੱਟ ਤੇ ਘੁਲਾੜੀ ਪੱਟ..ਲੱਗੇ ਖੋਲ੍ਹਣ ਡੱਟ, ਕੌਣ ਕਿਸੇ ਤੋਂ ਘੱਟ ਤੇ ਅਗਲਿਆਂ ਕੱਢ ਤੇ ਵੱਟ….! ਜਿਹਨਾਂ ਨੂੰ ਪਤਾ ਸੀ ਕਿ ਪੰਜਾਬ ਉਜੜੇਗਾ, ਉਹ ਲੁੱਟ ਮਾਰ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਬਹਿ ਗਏ, ਜਿਹੜੇ ਇੱਥੇ ਰਹਿ ਗਏ, ਉਹਨਾਂ ਦੀ ਹਾਲਤ ਦੀਦਾਰ ਸੰਧੂ ਦੇ ਗੀਤ ਵਰਗੀ ਸੀ -” ਖੱਟੀ ਖੱਟ ਗਏ ਮੁਰੱਬਿਆਂ ਤੇ ਅਸੀਂ ਰਹਿ ਗਏ ਭਾਅ ਪੁੱਛਦੇ…!” ਵਿਦੇਸ਼ਾਂ ਨੂੰ ਭੱਜਣ ਵਾਲੇ ਉਹ ਸੀ ਸਿੱਖਿਆ ਸਾਸ਼ਤਰੀ, ਆਈ ਏ ਐਸ ਤੇ ਸਿਆਸਤਦਾਨ ਹਨ, ਜਿਹਨਾਂ ਨੇ ਆਪਣੇ ਪਰਿਵਾਰ ਵਿਦੇਸ਼ਾਂ ਵਿੱਚ ਸਥਾਪਤ ਕਰ ਦਿੱਤੇ ਹਨ। ਪੰਜਾਬ ਦੇ ਲੋਕ ਸਿਆਸੀ ਪਾਰਟੀਆਂ ਬਣੇ ਰਹੇ ਵੋਟਰ, ਸਪੋਰਟ ਤੇ ਪ੍ਰਮੋਟਰ…! ਲੋਕ ਆਪਸ ਵਿੱਚ ਲੜਦੇ ਮਰਦੇ ਰਹੇ, ਸੂਝਵਾਨ ਪੰਜਾਬ ਨੂੰ ਚਰਦੇ ਰਹੇ । ਹੁਣ ਦੱਸੋ ਅਸੀਂ ਸਮਾਜ ਦਾ ਕਿਹੜਾ ਪਾਸਾ ਛੱਡਿਆ ਹੈ ? ਜਿਧਰ ਦੇਖੋ ਤਬਾਹੀ ਲਿਆ ਦਿੱਤੀ ਹੈ । ਉਹਨਾਂ ਨੇ ਸਾਡੀ ਸੋਚ, ਸਮਝ ਪਹਿਰਾਵਾ,ਖਾਣ ਪੀਣ,ਜੀਣ ਥੀਣ, ਮਰਨਾ ਜੰਮਣਾ, ਗੀਤ ਸੰਗੀਤ, ਸਾਹਿਤ, ਸਿਖਿਆ, ਸੱਭਿਆਚਾਰ, ਬੋਲ ਚਾਲ, ਆਦਿ, ਸਭ ਤਬਾਹ ਕਰ ਦਿੱਤੇ ! ਹੁਣ ਵਿਆਹ ਤੇ ਮਰਗ ਦਾ ਭੋਗ ਇੱਕੋ ਜਿਹੇ ਬਣ ਗਏ ਹਨ। ਸਭ ਕੁੱਝ ਤਬਾਹ ਕਰ ਦਿੱਤਾ ਹੈ! ਹੁਣ ਅਸੀਂ ਕੀਰਨੇ ਪਾ ਰਹੇ ਤੇ ਹਰੀ ਕ੍ਰਾਂਤੀ ਨੂੰ ਕੋਸ ਰਹੇ ਹਾਂ ! ਕਾਤਲ ਬੇਗਾਨੇ ਨਹੀਂ, ਸਾਡੇ ਹੀ ਖੂਨ ਤੇ ਅਖੂਨ ਦੇ ਰਿਸ਼ਤੇਦਾਰ ਹਨ। ਜਿਹਨਾਂ ਨੇ ਅੱਜ ਇਸ ਮੋੜ ਤੇ ਲਿਆ ਕੇ ਖੜ੍ਹਾ ਦਿੱਤੇ, ਨਾ ਅੱਗੇ ਜਾਣ ਜੋਗੇ ਤੇ ਪਿੱਛੇ ਮੁੜਣ ਜੋਗੇ ਛੱਡੇ ਆ! ਅਸੀਂ ਦੋਸ਼ ਇੱਕ ਦੂਜੇ ਤੇ ਲਾ ਕੇ ਪਾਸਾ ਵੱਟਦੇ ਰਹੇ ਪਰ ਸਹੀ ਗ਼ਲਤ ਨੂੰ ਕਹਿਣ ਦਾ ਦਮ ਖਤਮ ਕਰਦੇ ਗਏ , ਨਤੀਜੇ ਸਾਹਮਣੇ ਆ ਗਏ !ਸਮਾਜ ਗੰਦਲਾ ਕਰਨ ਵਾਲੇ ਵੀ ਤੇ ਸਾਫ ਕਰਨ ਵਾਲੇ ਵੀ ਪੰਜਾਬੀ ਹਾਂ ਪਰ ਸਾਡੀ ਗੱਡੀ ਦੀ ਚਾਬੀ ਤੇ ਜੀਵਨ ਦੀ ਡੋਰ ਕਿਸੇ ਹੋਰ ਤੇ ਚੋਰ ਦੇ ਹੱਥ ਵਿੱਚ ਸੀ। ਪਤਾ ਸਾਨੂੰ ਵੀ ਕਿ ਅਸੀਂ ਵਰਤੇ ਜਾ ਰਹੇ ਹਾਂ ਪਰ ਅਸੀਂ ਲਾਲਸਾ ਤੇ ਵਸ ਪੈ ਗਏ ਜਾਂ ਪਾ ਦਿੱਤੇ..ਗੱਲ ਇੱਕੋ ਹੈ! ਪਰ ਅਸੀਂ ਇੱਕਮੁੱਠ ਨਾ ਹੋਏ ! ਸਿਆਸੀ, ਕਿਸਾਨ, ਮਜ਼ਦੂਰ , ਮੁਲਾਜ਼ਮ ,ਸਮਾਜਕ, ਧਾਰਮਿਕ ਜੱਥੇਬੰਦੀਆਂ ਬਣੀਆਂ। ਪਾੜੋ ਤੇ ਰਾਜ ਕਰੋ ਦੀ ਨੀਤੀ ਹਰ ਥਾਂ ਭਾਰੂ ਰਹੀ।ਹਰ ਖੇਤਰ ਵਿੱਚ ਹਾਲਤ ” ਨੌ ਪੂਰਬੀਏ ਅਠਾਰਾਂ ਚੁੱਲੇ ” ਵਾਲੀ ਗੱਲ ਬਣ ਗਈ, ਨਤੀਜੇ ਜ਼ੀਰੋ ਨਿਕਲੇ ਤੇ ਆਗੂ ਤੇ ਸ਼ੈਤਾਨ ” ਕੂੜੇ ਦੇ ਢੇਰ ” ਵਧ ਦੇ ਗਏ ! ਪੰਜਾਬ ਦੇ ਗਦਾਰ ਰਾਜ ਗੱਦੀ ਤੱਕ ਪੁਜ ਗਏ ਤੇ ਦੇਸ਼ ਭਗਤ ਬੁਰਕੀ ਬੁਰਕੀ ਨੂੰ ਤਰਸਣ ਲੱਗ ਪਏ! ਅਸੀਂ ਵਿਰਸੇ ਤੇ ਵਿਰਾਸਤ ਦਾ ਮਾਣ ਕਰਦੇ ਰਹੇ ਪਰ ਵਰਤਮਾਨ ਵਿੱਚ ਲੋਕਾਂ ਦੀ ਭਾਵਨਾਵਾਂ ਹੀ ਨਹੀਂ ਕਿਰਤ ਤੇ ਇੱਜ਼ਤ ਲੁੱਟ ਦੇ ਰਹੇ…! ਲੁੱਟਣ ਤੇ ਕੁੱਟਣ ਵਾਲੇ ਨੰਗ ਭੁੱਖ ਤੇ ਬੀਮਾਰੀ ਨਾਲ ਮਰਨ ਵਾਲੇ ਵੀ ਆਪਾਂ ਹੀ! ਚੋਰ, ਗਦਾਰ ਵਧਿਆ ਤੇ ਲੋਕਾਂ ਦੀ ਆਵਾਜ਼ ਬਣ ਜਾਣ ਵਾਲੇ ਹਾਸ਼ੀਏ ਤੇ ਚਲੇ ਗਏ ! ਸਿਖਿਆ ਤੇ ਸਿਹਤ ਦੇ ਅਦਾਰੇ ਵਪਾਰੀ ਬਣ ਗਏ ! ਇਹਨਾਂ ਦੇ ਮਾਲਕ, ਅਧਿਕਾਰੀ ਤੇ ਕਰਮਚਾਰੀ ਬੁੱਚੜ ਬਣ ਗਏ ! ਆਪਣਿਆਂ ਦਾ ਸਰੀਰਕ, ਮਾਨਸਿਕ ਤੇ ਆਰਥਿਕ ਸੋਸ਼ਣ ਕਰਨ ਲੱਗੇ! ਨੈਤਿਕਤਾ ਖੰਭ ਲਾ ਕੇ ਉਡ ਗਈ ਜਾਂ ਸ਼ਰਮ ਲਾ ਕੇ ਜੇਬ ਚ ਪਾ ਲਈ ! ਇਕ ਦੂਜੇ ਨੂੰ ਮਾਰ ਕੇ ਅੱਗੇ ਵਧਣ ਦੀ ਪ੍ਰਵਿਰਤੀ ਵਧੀ! ਨਿੱਜੀ ਅਦਾਰੇ ਅਸਮਾਨ ਵੱਲ ਤੇ ਜਨਤਕ ਅਦਾਰੇ ਪਤਾਲ ਵੱਲ ਵਧਣ ਲੱਗੇ! ਹੁਣ ਤੇ ਹਾਲਾਤ ਹੀ ਭੁੱਖ ਤੇ ਦੁੱਖ ਨਾਲ ਮਰਨ ਵਾਲੇ ਹਨ! ਘਰਾਂ ਦੇ ਵਿੱਚੋਂ ‘ ਘਰ ” ਖਤਮ ਹੋ ਕੇ ਮਕਾਨ ਤੇ ਦੁਕਾਨਾਂ ਵਿੱਚ ਬਦਲ ਗਏ ! ਘਰ ਪੱਕੇ ਹੋ ਗਏ ਤੇ ਮਨ ਕੱਚੇ ਹੋ ਗਏ, ਕੋਈ ਪਹਿਰਾਵਾ ਬਦਲ ਕੇ ” ਪੱਕੇ” ਹੋ ਗਏ ! ਜਿੰਨ੍ਹਾਂ ਦੀ ਚਿੱਟੀ ਦਾਹੜੀ ਸੀ ਤੇ ਚਿੱਟੇ ਵਸਤਰ ਸੀ ਤੇ ਸ਼ਸਤਰ ਸੀ ਉਹ ਹਰ ਪਾਸੇ ਕਾਬਜ਼ ਹੋ ਗਏ, ਧਰਮ ਦੇ ਨਾਮ ਤੇ ਵਪਾਰ,ਵਪਾਰ ਦੇ ਨਾਮ ‘ਤੇ ਧਰਮ, ਕਿਰਤੀ ਕੋਲੋਂ ਕਿਰਤ ਖੋਹ ਕੇ ” ਮੁਫਤ ਦਾ ਲੰਗਰ ਛਕਣ ਵਾਲੇ ਭਿਖਾਰੀ ਬਣਾ ਦਿੱਤੇ ਹਨ ! ਲੋਕਾਂ ਨੂੰ ਖਵਾ ਕੇ ਰੱਬ ਸ਼ੁਕਰ ਕਰਨ ਵਾਲਿਆਂ ਦੇ ਹੱਥ ਠੂਠੇ ਫੜਾ ਦਿੱਤੇ, ਗਿਆਨ ਵਿਹੂਣੇ ਆਗਿਆਨੀ ਸਿਖਿਆ ਸਾਸ਼ਤਰੀ ਬਣ ਬੈਠੇ ਸਿਖਿਆ ਦੇ ਮੰਦਰ ਬੁੱਚੜਖਾਨਿਆਂ ਵਿੱਚ ਬਦਲ ਗਏ ! ਘਰਾਂ ਵਿੱਚੋਂ ਪੰਜਾਬੀ ਤੇ ਬਜ਼ੁਰਗ ਗਾਇਬ ਕਰ ਦਿੱਤੇ. ” ਲੁੱਚਾ ਲਫੰਗਾ ਚੌਧਰੀ ਤੇ ਗੁੰਡੀ ਰੰਨ ਪ੍ਰਧਾਨ ” ਦਾ ਬੋਲਬਾਲਾ ਵਧਿਆ ! ਹੁਣ ਜਦੋਂ ਸਭ ਕੁੱਝ ਗਵਾ ਲਿਆ ਹੈ, ਸਮਾਜ ਨਰਕ ਬਣਾ ਲਿਆ ਹੈ। ਹੁਣ ” ਮੈਂ ਪੰਜਾਬੀ ” ਹੋਣ ਦਾ ਮਾਣ ਮਹਿਸੂਸ ਤਾਂ ਫੇਸਬੁਕ ਕੀਤਾ ਜਾ ਸਕਦਾ ਪਰ ” “ਆਪਣੀ ਪੀੜ੍ਹੀ ਹੇਠਾਂ ਸੋਟਾ ਕੌਣ ਫੇਰੂ ?” ਕੌਣ ਜੁੰਮੇਵਾਰੀ ਓਟੇਗਾ? ਕੋਈ ਵੀ ਨਹੀਂ ! ਕਿਉਂਕਿ ਇਸ ਹਮਾਮ ਦੇ ਵਿੱਚ ਸਭ ਨੰਗੇ ਹਨ ਤੇ ਕੁੱਝ ਚੰਗੇ ਵੀ ਪਰ ਘੱਟ ਹਨ ਪਰ ਕਦੋਂ ਤੱਕ ਅਸੀਂ ਨਜ਼ਰ ਅੰਦਾਜ਼ ਕਰਦੇ ਰਹਾਂਗੇ ? ਕਦੋਂ ਆਪੋ ਆਪਣੀਆਂ ਪੀੜ੍ਹੀਆਂ ਹੇਠਾਂ ਸੋਟਾ ਫੇਰਾਂਗੇ ? ਸਮੇਂ ਦਾ ਸੱਚ ਏਹੀ ਹੈ ਕਿ ਸਰਕਾਰੀ ਤੇ ਦਰਬਾਰੀ, ਵਪਾਰੀ ਤੇ ਸ਼ਿਕਾਰੀ, ਪੁਜਾਰੀ ਤੇ ਅਧਿਕਾਰੀ!, ਇਹ ਸਭ ਕੱਠੇ ਨੇ ਇੱਕੋ ਤੱਕੜੀ ਦੇ ਵੱਟੇ ਨੇ, ਹਰ ਇਕ ਨੇ ਪਾ ਲੇ ਪੱਠੇ ਨੇ! ਝੂਠ ਦਾ ਬੋਲਬਾਲਾ ਹੈ, ਹਰ ਪਾਸੇ ਘਾਲਾਮਾਲਾ ਹੈ! ਹਰ ਪਾਸੇ ਢਕੀ ਰਿਝਦੀ ਹੈ, ਚੰਗਿਆਂ ਨੂੰ ਉਹ ਮਿੱਧਦੀ ਹੈ, ਹਰ ਦੇਹ ਚੌਵੀ ਘੰਟੇ ਵਿਕਦੀ ਹੈ! ਵੇਚਣ ਤੇ ਖਰੀਦਣ ਵਾਲੇ ਪੰਜਾਬੀ ! ਚਾਰੇ ਪਾਸੇ ਪੰਜਾਬੀ ਪਰ ਸਭ ਦੀ ਬੇਗਾਨੇ ਹੱਥ ਚਾਬੀ ਪਰ ਟੌਹਰ ਨਵਾਬੀ,ਮਾੜੇ ਦੀ ਜਨਾਨੀ, ਹੁੰਦੀ ਭਾਬੀ ਸਭ ਦੀ !” ਹਾਂ ! ਅਸੀਂ ਪੰਜਾਬੀ ! ਵਾਹ ਪੰਜਾਬੀ …! ਅਸੀਂ ਡਰਦੇ ਨੂੰ ਡਰਾਉਦੇ ਹਾਂ ਤਗੜੇ ਅੱਗੇ ਦੁੰਮ ਦਵਾਉਦੇ ਹਾਂ । ਟਕੇ ਟਕੇ ਤੇ ਵਿਕਦੇ ਹਾਂ, ਮੌਕਾ ਦੇਖ ਕੇ ਖਿਸਕਦੇ ਹਾਂ ! ਪੰਜਾਬ ਦੇ ਜੰਮਿਆ ਨੂੰ ਨਿੱਤ ਮੁਹਿੰਮਾਂ ! ਪੰਜਾਬ ਵਿੱਚ ਲੱਗਦੀਆਂ ਨਿੱਤ ਛਿੰਝਾਂ ! ਪੰਜਾਬੀਓ ! ਹੁਣ ਤੁਹਾਨੂੰ ਏਕਤਾ ਦੇ ਵਿੱਚ ਬਲ ਹੈ, ਵਾਲੀ ਕਹਾਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਨੀ ਪੈਣੀ ਹੈ। ਪੰਜਾਬ ਨੂੰ ਤਬਾਹ ਕਰਨ ਵਾਲਿਆਂ ਨੇ ਫਿਰ ਤਿਆਰੀ ਕਰ ਲਈ ਹੈ ਤੇ ਤੁਸੀਂ ਖੇਮਿਆਂ ਵਿੱਚ ਵੰਡੇ ਹੋਏ..ਹੋ। ਅਗਲੀਆਂ ਨਸਲਾਂ ਤੇ ਫਸਲਾਂ ਦੇ ਕਾਤਲ ਓ ਤੁਸੀਂ ਵਿਦੇਸ਼ਾਂ ਵਿੱਚ ਤੁਹਾਨੂੰ ਸ਼ਾਂਤੀ ਨਹੀ ਮਿਲਣੀ ! ਇੱਕ ਦਿਨ ਤੁਹਾਡੀ ਜ਼ਮੀਰ ਤੁਹਾਨੂੰ ਲਾਹਨਤਾਂ ਪਾਵੇਗੀ ਤੁਸੀਂ ਪਲ ਪਲ ਹਰ ਸਾਹ ਮਰੋਗੇ, ਪਰ ਤੁਹਾਨੂੰ ਸਦੀਵੀ ਮੌਤ ਨਹੀਂ ਆਵੇਗੀ।
ਬੁੱਧ ਸਿੰਘ ਨੀਲੋਂ
94643 70823
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly