ਬੁੱਧ ਚਿੰਤਨ

ਕਿੱਥੇ ਰਪਟ ਲਿਖਾਈਏ ?

ਬੁੱਧ ਬੋਲ, ਪੋਲ ਖੋਲ੍ਹ, ਰਹਿ ਅਡੋਲ, ਈਸਬਗੋਲ, ਕੁੱਝ ਤੇ ਬੋਲ,ਕਰ ਨਾ ਘੋਲ, ਤੋਲ ਕੇ ਬੋਲ, ਸੱਚ ਬੋਲ ਘੱਟ ਨਾ ਤੋਲ…ਪੈਣਗੇ ਹੋਲ਼ !

(ਸਮਾਜ ਵੀਕਲੀ) ਦੋ ਦਹਾਕੇ ਪਹਿਲਾਂ ਜਦੋਂ ਮੈਂ ਉਚੇਰੀ ਸਿੱਖਿਆ ਪੀ ਐਚ.ਡੀ ਦੇ ਵਿੱਚ ਨਕਲ ਕਰਨ ਦਾ ਪਰਦਾ ਚੁੱਕਿਆ ਸੀ। ਸਬੂਤਾਂ ਸਮੇਤ ਡਿਗਰੀਆਂ ਦੀਆਂ ਨਕਲਾਂ ਨੂੰ ਉਭਾਰਿਆ ਸੀ ਤਾਂ ਕਿਸੇ ਵੀ ਯੂਨੀਵਰਸਿਟੀ ਨੇ ਇਸ ਦਾ ਨੋਟਿਸ ਨਾ ਲਿਆ। ਨਾ ਕੇਂਦਰੀ ਪੰਜਾਬੀ ਲੇਖਕ ਸਭਾਵਾਂ ਤੇ ਪੰਜਾਬੀ ਸਾਹਿਤ ਅਕਾਦਮੀਆਂ ਵਾਲਿਆਂ ਨੇ। ਪਰ ਜਦੋਂ ਨੀਟ ਤੇ ਨੈਂਟ ਦੇ ਪੇਪਰ ਲੀਕ ਹੋਣ ਕਾਰਨ ਲੱਖਾਂ ਨੌਜਵਾਨਾਂ ਦਾ ਭਵਿੱਖ ਦਾਅ ਉਤੇ ਲੱਗਿਆ ਤਾਂ ਦੁਨੀਆਂ ਵਿੱਚ ਹਾਹਾਕਾਰ ਮੱਚ ਗਈ। ਮੈਨੂੰ ਡਾਕਟਰ ਮੁੰਨਾ ਐਮ ਬੀ ਐਸ ਐਸ ਫਿਲਮ ਚੇਤੇ ਆਈ। ਸਿਹਤ ਤੇ ਸਿੱਖਿਆ ਵਿਭਾਗ ਦੇ ਵਿੱਚ ਨਿਘਾਰ ਦਾ ਇਹ ਸਿਖ਼ਰ ਐ। ਹਸਪਤਾਲਾਂ ਵਿੱਚ ਨਕਲੀ ਡਾਕਟਰ ਲੋਕਾਂ ਦੇ ਜੀਵਨ ਦਾ ਖਿਲਵਾੜ ਕਰਦੇ ਹਨ। ਸਿਖਿਆ ਵਿਭਾਗ ਦੇ ਵਿੱਚ ਜਾਅਲੀ ਡਿਗਰੀਆਂ ਵਾਲੇ ਸਿੱਖਿਆ ਦਾ ਬੇੜਾ ਬਹਾ ਰਹੇ ਹਨ। ਲੋਕ ਤੇ ਇਹਨਾਂ ਅਦਾਰਿਆਂ ਦੇ ਨਾਲ ਚਿੰਬੜੇ ਚੌਧਰੀ ਤਮਾਸ਼ਾ ਦੇਖਣ ਲੱਗੇ ਹਨ। ਇਸ ਤਰ੍ਹਾਂ ਦਾ ਵਰਤਾਰਾ ਪੰਜ ਦਹਾਕਿਆਂ ਤੋਂ ਸ਼ਰੇਆਮ ਚੱਲਦਾ ਆ ਰਿਹਾ ਹੈ। ਜਾਅਲੀ ਡਿਗਰੀਆਂ ਵਾਲਿਆਂ ਨੂੰ ਸਰਕਾਰ ਵੱਡੇ ਅਹੁਦਿਆਂ ਉਤੇ ਬਹਾ ਕੇ ਮਿਹਨਤਕਸ਼ ਲੋਕਾਂ ਦੇ ਮੂੰਹ ਉੱਤੇ ਚਪੇੜਾਂ ਮਾਰਨ ਰਹੀ ਐ। ਯੂਨੀਵਰਸਿਟੀਆਂ ਦੇ ਵਿੱਚ ਉਹ ਨਕਲੀ ਵਿਦਵਾਨਾਂ ਨੂੰ ਮੁਖੀ ਲਗਾਇਆ ਹੋਇਆ ਹੈ, ਜਿਹਨਾਂ ਨੂੰ ਸਧਾਰਨ ਚਿੱਠੀ ਨਹੀਂ ਲਿਖਣੀ ਆਉਂਦੀ। ਉਹ ਵਿਭਾਗ ਚਲਾਉਂਦੇ ਹਨ। ਪੰਜਾਬੀ ਭਾਸ਼ਾ ਦੇ ਨਾਂ ਉੱਤੇ ਬਣੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਦਾ ਬੇੜਾ ਗ਼ਰਕ ਕਰਨ ਵਿੱਚ ਅੱਵਲ ਐ। ਇਸ ਯੂਨੀਵਰਸਿਟੀ ਉਪਰ ਕੁੱਝ ਪਰਵਾਰਾਂ ਦਾ ਪੰਜ ਦਹਾਕਿਆਂ ਤੋਂ ਕਬਜ਼ਾ ਐ। ਇਹਨਾਂ ਨੇ ਕਿਵੇਂ ਨੌਕਰੀਆਂ ਹਾਸਲ ਕੀਤੀਆਂ ਤੇ ਪੰਜਾਬੀ ਭਾਸ਼ਾ ਦੀ ਯੂਨੀਵਰਸਿਟੀ ਨੂੰ ਟੈਕਨੀਕਲ ਯੂਨੀਵਰਸਿਟੀ ਬਣਾ ਕੇ ਆਪਣੇ ਬੱਚਿਆਂ ਨੂੰ ਲਗਾਇਆ ਇਸ ਦਾ ਖੁਲਾਸਾ ਅਗਲੇ ਦਿਨਾਂ ਵਿੱਚ ਕਰਦੇ ਹਾਂ। ਕਿ ਕਿਹੜੇ ਵਾਈਸ ਚਾਂਸਲਰ ਨੇ ਇਸ ਯੂਨੀਵਰਸਿਟੀ ਨੂੰ ਕੰਗਾਲ ਕਰਨ ਵਿੱਚ ਕਿਸ ਤਰ੍ਹਾਂ ਦੀ ਭੂਮਿਕਾ ਨਿਭਾਈ ਤੇ ਹੁਣ ਕਿਵੇਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਲੱਗਣ ਦੀ ਲੋੜ ਵਿੱਚ ਕਿਹੜੇ ਗੋਤ ਸਰਗਰਮ ਹਨ। ਖ਼ਸਮ ਵਿਹੂਣੀ ਹੋਈ ਪੰਜਾਬੀ ਯੂਨੀਵਰਸਿਟੀ ਦੀ ਦਸ਼ਾ ਤੇ ਦਿਸ਼ਾ ਕੀ ਐ ? ਇਸ ਸਬੰਧੀ ਵਿਸਤ੍ਰਿਤ ਜਾਣਕਾਰੀ ਅਗਲੇ ਸਮਿਆਂ ਵਿੱਚ ਤੁਹਾਡੇ ਨਾਲ ਸਾਂਝੀ ਕਰਦਾ। ਅਜੇ ਤੁਸੀਂ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਵਿੱਚ ਆਏ ਨਿਘਾਰ ਬਾਰੇ ਪੜ੍ਹ ਲਵੋ।
ਪੰਜਾਬੀ ਸਾਹਿਤਕ ਸੰਸਾਰ ਵਿੱਚ ਖੋਜ ਕਾਰਜਾਂ ਦੇ ਬਲਬੂਤੇ ਤੇ ਪੀ-ਐਚ. ਡੀ ਦੀ ਡਿਗਰੀ ਲੈਣ ਵਾਲੇ ਡਾਕਟਰਾਂ ਦਾ ਦਰਜਾ ਨਿਰਸੰਦੇਹ ਬਹੁਤ ਉੱਚਾ ਬਣਿਆ ਹੋਇਆ ਹੈ। ਡਾਕਟਰ ਬਣਨ ਪਿੱਛੋਂ ਉਨਾਂ ਨੂੰ ਕਿਸੇ ਲੇਖਕ ਦੀ ਲਿਖਤ ਬਾਰੇ ਫ਼ਤਵਾ ਜਾਰੀ ਕਰਨ ਦਾ ਸਵੈਸਿੱਧ ਅਧਿਕਾਰ ਪ੍ਰਾਪਤ ਹੋ ਜਾਂਦਾ ਹੈ ਪਰ ਇਹ ਡਿਗਰੀਆਂ ਪ੍ਰਾਪਤ ਕਰਨ ਤੇ ਦਿਵਾਉਣ ਵਿੱਚ ਕਿਸ ਕਿਸਮ ਦੀ ਜਾਲਸਾਜ਼ੀਆਂ ਤੇ ਚੋਰੀਆਂ ਚੱਲਦੀਆਂ ਹਨ, ਇਹ ਮੁੱਦਾ ਸਾਹਿਤ ਦੇ ਪਾਠਕਾਂ ਲਈ ਜ਼ਰੂਰ ਦਿਲਚਸਪ ਹੋਵੇਗਾ ।
ਅਸਲ ਵਿੱਚ ਪੰਜਾਬ ਦੀਆਂ ਯੂਨੀਵਰਸਿਟੀਆਂ ਵੱਲੋਂ ਚੋਰੀ ਦੇ ਥੀਸਿਸਾਂ ਦੇ ਸਿਰ ‘ਤੇ ਦਿੱਤੀਆਂ ਜਾਂਦੀਆਂ ਐਮ.ਫਿਲ. ਤੇ ਪੀਐਚ. ਡੀ ਦੀਆਂ ਡਿਗਰੀਆਂ ਦੀ ਤਦਾਦ ਹੁਣ ਇਸ ਕਦਰ ਹੋ ਗਈ ਹੈ ਕਿ ਇਨਾਂ ਨੂੰ ‘ਸਾਹਿਤਕ ਚੋਰ ਡਿਗਰੀ ਦਾ ਪ੍ਰਮਾਣ-ਪੱਤਰ’ ਆਖ ਦੇਈਏ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ।
ਇਹ ਡਿਗਰੀਆਂ ਦੇਣ ਲਈ ਪਹਿਲੀ ਤੇ ਲਾਜ਼ਮੀ ਸ਼ਰਤ ਇਹ ਹੈ ਕਿ ‘ਖੋਜ ਮੌਲਿਕ’ ਹੋਵੇ, ਪਰ ਐਮ. ਫਿਲ. ਤੇ ਪੀਐਚ. ਡੀ. ਲਈ ਪ੍ਰਵਾਨ ਕੀਤੇ ਗਏ ਬਹੁਤੇ ਖੋਜ ਪ੍ਰਬੰਧਾਂ ਤੇ ਖੋਜ ਨਿਬੰਧਾਂ ਦਾ ਅਧਿਐਨ ਕਰਦਿਆਂ ਇਹ ਗੱਲ ਮੁੱਖ ਰੂਪ ਵਿੱਚ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਇਨਾਂ ਵਿੱਚ ‘ਮੌਲਿਕ ਖੋਜ’ ਵਾਲੀ ਕੋਈ ਗੱਲ ਹੀ ਨਹੀਂ ਹੁੰਦੀ। ਸ਼ਬਦਾਂ ਦੇ ਮਾੜੇ ਮੋਟੇ ਹੇਰ-ਫੇਰ ਨਾਲ ਪਹਿਲਾਂ ਹੀ ਪ੍ਰਵਾਨ ਹੋ ਚੁੱਕੇ ਥੀਸਿਸ ਦੁਹਰਾਏ ਗਏ ਹਨ। ਕਈ ਥੀਸਿਸਾਂ ਦੀ ਚੋਰੀ ਤਾਂ ਇਸ ਕਦਰ ਨੰਗੀ-ਚਿੱਟੀ ਹੈ ਕਿ ਇਨਾਂ ਨੂੰ ਡਿਗਰੀ ਲਈ ਪ੍ਰਵਾਨ ਕਰਨ ਦੀ ਸਿਫ਼ਾਰਸ਼ ਕਰਨ ਵਾਲੇ ਸਾਡੀਆਂ ਯੂਨੀਵਰਸਿਟੀਆਂ ਦੇ ਵਿਦਵਾਨਾਂ ਦੇ ਕਾਰਨਾਮਿਆਂ ਦਾ ਸਹਿਵਨ ਹੀ ਪਰਦਾਫਾਸ਼ ਹੋ ਜਾਂਦਾ ਹੈ ਤੇ ਸਿਰ ਸ਼ਰਮ ਨਾਲ ਝੁੱਕ ਜਾਂਦਾ ਹੈ।
ਮੰਨਿਆ ਕਿ ਆਮ ਕਰਕੇ ਆਲੋਚਨਾ ਕੋਈ ਮੌਲਿਕ ਕੰਮ ਨਹੀਂ ਪਰ ਦਫ਼ਤਰੀ ਕਾਰਵਾਈ ਪੂਰੀ ਕਰਨ ਲਈ ਉਕਤ ਡਿਗਰੀਆਂ ਲਈ ਪੇਸ਼ ਕੀਤੇ ਜਾਂਦੇ ਥੀਸਿਸਾਂ ਬਾਰੇ ਨਿਗਰਾਨ ਆਪਣੇ ਲੈਟਰ ਪੈਡ ਉੱਤੇ ਉਸ ਦੇ ਮੌਲਿਕ ਕੰਮ ਹੋਣ ਦਾ ਸਰਟੀਫਿਕੇਟ ਜ਼ਰੂਰ ਦਿੰਦਾ ਹੈ, ਜਦਕਿ ਉਸ ਨੂੰ ਪਤਾ ਹੁੰਦਾ ਹੈ ਕਿ ਇਹ ਸਭ ਚੋਰੀ ਦਾ ਮਾਲ ਹੈ। ਇਹ ਸਭ ਕੁੱਝ ਲੰਮੇ ਸਮੇਂ ਤੋਂ ਚੱਲ ਰਿਹਾ ਹੈ।
ਅਸਲ ਵਿੱਚ ਪੀਐਚ. ਡੀ ਡਿਗਰੀਆਂ ਦੇ ਖੇਤਰ ਵਿੱਚ ਜਿੰਨੀ ਧਾਂਦਲੀ ਹੈ, ਓਨੀ ਸ਼ਾਇਦ ਹੀ ਕਿਸੇ ਹੋਰ ਖੇਤਰ ਵਿੱਚ ਹੋਵੇ, ਉਂਝ ਇਹ ਡਿਗਰੀਆਂ ਦਿਵਾਉਣ ਵਾਲੇ ਵਿਦਵਾਨਾਂ, ਪੰਡਿਤਾਂ ਤੇ ਡਾਕਟਰਾਂ ਦੇ ਖੁਦ ਦੇ ਕੰਮ ਵਿਚੋਂ ਕਿੰਨਾਂ ਕੁ ਇਨਾਂ ਦਾ ਆਪਣਾ ਹੈ, ਇਹ ਛਾਣਬੀਣ ਕਰਨ ਦੀ ਵੀ ਲੋੜ ਹੈ। ਕਈ ਵਿਦਵਾਨ ਸੱਜਣ ਤਾਂ ਵਿਦੇਸ਼ੀ ਆਰਟੀਕਲ, ਕਿਤਾਬਾਂ ਤੇ ਥਿਊਰੀਆਂ ਸਿੱਧੀਆਂ ਹੀ ਚੁਰਾ ਕੇ ਆਪਣੇ ਨਾਂ ਹੇਠ ਛਪਵਾਈ ਜਾਂਦੇ ਹਨ।
ਪੰਜਾਬ, ਜੰਮੂ, ਕੁਰਕਸ਼ੇਤਰ, ਦਿੱਲੀ ਤੇ ਚੰਡੀਗੜ੍ਹ ਵਿਚਲੀਆਂ ਯੂਨੀਵਰਸਿਟੀਆਂ ਵਿੱਚ ਇੱਕੋ ਹੀ ਵਿਸ਼ੇ ਉਪਰ ਵਾਰ-ਵਾਰ ਕੰਮ ਕਰਵਾਇਆ ਜਾ ਰਿਹਾ ਹੈ, ਥੀਸਿਸ ਦੇ ਟਾਈਟਲ ਦੇ ਕੁੱਝ ਸ਼ਬਦ ਤੇ ਯੂਨੀਵਸਿਟੀ ਬਦਲ ਕੇ ਪਹਿਲਾਂ ਕੀਤੇ ਕੰਮ ਦੇ ਸਿਰ ‘ਤੇ ਹੀ ਨਵੇਂ ਡਿਗਰੀ ਪ੍ਰਦਾਨ ਕੀਤੀ ਜਾਂਦੀ ਹੈ।
ਮਾਨਸਾ ਦੇ ਇੱਕ ਲੀਡਰ ਨੁਮਾ ਵਿਦਵਾਨ ਦੀ ਅਗਵਾਈ ਹੇਠ ਸਿਰੇ ਚੜੇ ਥੀਸਿਸ ਅਸਲ ਵਿੱਚ ਮਾਨਸਾ ਸ਼ਹਿਰ ਦੇ ਇੱਕ ਸ਼ਰਮਾ ਨਾਂ ਦੇ ਵਿਅਕਤੀ ਨੇ ਲਿਖੇ ਹਨ, ਜਿਹੜਾ ਇੱਕ ਥੀਸਿਸ ਲਿਖਣ ਦਾ ਲੱਖ ਲੈਂਦਾ ਹੈ, ਉਹ ਇਨਾਂ ਥੀਸਿਸਾਂ ਵਿੱਚੋਂ ਕਿੱਥੋਂ-ਕਿੱਥੋਂ ਚੁੱਕ ਕੇ ਸਮੱਗਰੀ ਫਿੱਟ ਕਰਦਾ ਹੈ, ਉਸ ਨੂੰ ਪੁੱਛਣ ਵਾਲਾ ਕੋਈ ਨਹੀਂ, ਫਿਰ ਉਸ ਵਿਦਵਾਨ ਦੇ ਲੰਗੋਟੀਏ ਯਾਰ ਹੀ ਇਨਾਂ ਥੀਸਿਸਾਂ ਵਾਲੇ ਕੈਂਡੀਡੇਟਾਂ ਦਾ ਵਾਈਵਾ ਲੈਂਦੇ ਹਨ। ਏਹੀ ਕੰਮ ਅੱਜਕੱਲ੍ਹ ਹੋ ਰਿਹਾ, ਲੁਧਿਆਣੇ ਦੇ ਇਕ ਵਿਦਵਾਨ ਨੇ 70 ਦੇ ਕੁਰੀਬ ਖੋਜ-ਪ੍ਰਬੰਧ ਏਂਦਾਂ ਹੀ ਲਿਖਵਾਏ ਸਨ, ਇੰਨਾਂ ਵਿਚ ਸਾਰੀਆਂ ਹੀ ਬੀਬੀਆਂ ਹਨ। ਹੋਰ ਕਿਹੜੇ ਵਿਦਵਾਨਾਂ ਨੇ ਇਹ ਕਾਲਾ-ਕਾਰੋਬਾਰ ਦਾ ਕੰਮ ਕੀਤਾ, ਉਹਨਾਂ ਦੇ ਨਾਂ ਵੀ ਲਿਖੇ ਤੇ ਅੱਜਕੱਲ੍ਹ ਏ ਕੰਮ ਕੌਣ ਕੌਣ ਕਰ ਤੇ ਕਰਵਾ ਰਿਹਾ ਹੈ ? ਕਦੇ ਦੱਸਾਂਗਾ।
ਇਸ ਗੋਰਖਧੰਦੇ ਦਾ ਮਾਲ ਇੰਜ ਕਾਲੇ ਧਨ ਨੂੰ ਸਫੈਦ ਕਰਨ ਵਾਂਗ ਇਹ ਚੋਰੀ ਦਾ ਮਾਲ ਸਹਿਜ ਹੀ ਸਫੈਦ ਹੋ ਜਾਂਦਾ ਹੈ, ਜੰਮੂ ਤੇ ਕੁਰਕਸ਼ੇਤਰ ਵਿੱਚ ਤਾਂ ਕਈ ਥੀਸਿਸ ਅਜਿਹੇ ਵੀ ਹਨ, ਜਿੰਨਾਂ ਦਾ ਸਿਰਫ਼ ਗਾਈਡ ਤੇ ਖੋਜਾਰਥੀ ਹੀ ਬਦਲਿਆ ਗਿਆ ਹੈ, ਬਾਕੀ ਪੰਨਾ-ਪੰਨਾ ਉਨਾਂ ਦਾ ਸਾਂਝਾ ਹੈ।
ਯੂਨੀਵਰਸਿਟੀਆਂ ਵਿੱਚ 2300 ਵਿੱਚ ਪੇਸ਼ ਹੋਏ ਪੀ-ਐਚ. ਡੀ ਥੀਸਿਸਾਂ ਦੀ ਜਾਂਚ ਜੇ ਕਿਸੇ ਨਿਰਪੱਖ ਏਜੰਸੀ ਤੋਂ ਕਰਵਾਈ ਜਾਏ ਤਾਂ ਪਤਾ ਲੱਗ ਜਾਵੇਗਾ ਕਿ ਇਕੱਲੇ-ਇਕੱਲੇ ਵਿਦਵਾਨ ਦੀ ਅਗਵਾਈ ਹੇਠ ਕਿੰਨੇ ਥੀਸਿਸ ਪੇਸ਼ ਹੋਏ, ਉਨਾਂ ਥੀਸਿਸਾਂ ਵਿੱਚ ਕੀ ਹੈ ? ਪਰ ਇਹ ਨਿਰਪੱਖ ਜਾਂਚ ਕੌਣ ਕਰਵਾਏਗਾ ? ਇਸ ਹਮਾਮ ਵਿੱਚ ਸਭ ਨੰਗੇ ਹਨ। ਨਾਲੇ ਜਦੋਂ ਡਿਗਰੀ ਮਿਲ ਗਈ-ਨੌਕਰੀ ਮਿਲੇਗੀ, ਜੇ ਨੌਕਰੀ ਮਿਲ ਗਈ ਫੇਰ ਥੀਸਿਸ ਨੂੰ ਕੀਹਨੇ ਪੁੱਛਣਾ ਹੈ? ਫੇਰ ਤਾਂ ਅਗਲਾ ਵਿਦਵਾਨ ਬਣ ਜਾਂਦਾ ਹੈ।
ਇੱਕ ਸਰਵੇਖਣ ਮੁਤਾਬਕ 2300 ਵਿੱਚ ਥੀਸਿਸ ਪੇਸ਼ ਕਰਨ ਵਾਲਿਆਂ ਵਿੱਚੋਂ ਬਹੁਗਿਣਤੀ ਬੀਬੀਆਂ ਸਨ, ਉਹ ਬੀਬੀਆਂ ਜੋ ਅੱਜ ਡਾਕਟਰ ਬਣ ਚੁੱਕੀਆਂ ਹਨ, ਅਸਲ ਵਿੱਚ ਜਦੋਂ ਵੀ ਕਦੀ ਯੂ. ਜੀ .ਸੀ. ਵੱਲੋਂ ਇਹ ਸ਼ਰਤ ਰੱਖੀ ਜਾਂਦੀ ਹੈ ਕਿ ਕਾਲਜ ਵਿੱਚ ਅਧਿਆਪਕ ਦੀ ਨੌਕਰੀ ਲਈ ਪੀਐਚ. ਡੀ. ਜਾਂ ਯੂ. ਜੀ . ਸੀ. ਪਾਸ ਵਿੱਚੋਂ ਇੱਕ ਦਰਜਾ ਹਾਸਲ ਹੋਇਆ ਹੋਣਾ ਲਾਜ਼ਮੀ ਹੈ ਤਾਂ ਪੀ-ਐਚ. ਡੀ ਕਰਨ ਵਾਲਿਆਂ ਦਾ ਹੜ ਆ ਜਾਂਦਾ ਹੈ। ਓਸ ਸਮੇਂ ਜਿੰਨੀਆਂ ਡਿਗਰੀਆਂ ਪੀ-ਐਚ. ਡੀ ਦੀਆਂ ਹੁੰਦੀਆਂ ਹਨ, ਓਨੀਆਂ ਪਿਛਲੇ ਦਸਾਂ ਸਾਲਾਂ ਵਿੱਚ ਨਹੀਂ ਹੋਈਆਂ ਹੁੰਦੀਆਂ। ਉਂਝ ਹੈਰਾਨੀ ਹੁੰਦੀ ਹੈ ਕਿ ਯੂ. ਜੀ. ਸੀ. ਵਾਲਿਆਂ ਨੂੰ ਇਸ ਵਰਤਾਰੇ ਬਾਰੇ ਸ਼ੰਕਾ ਕਿਉਂ ਨਹੀਂ ਹੁੰਦੀ ? ਪਰ ਹੋਵੇ ਵੀ ਕਿਵੇਂ? ਜਦੋਂ ਇਸ ਹਮਾਮ ਵਿੱਚ ਸਭ ਨੰਗੇ ਹਨ। ਚੋਰ ਤੇ ਕੁੱਤੀ ਰਲੇ ਹਨ। ਵਾੜ ਖੇਤ ਨੂੰ ਖਾ ਰਹੀ ਹੈ।
ਸੋਚਦਾ ਹਾਂ ਕਿ ਖੋਜ ਖੇਤਰ ਵਿੱਚ ਹੋ ਰਹੀ ਇਹ ਚੋਰੀ ਤਾਂ ਫਿਰ ਵੀ ਛੋਟਾ ਨੁਕਸਾਨ ਹੈ, ਵੱਡਾ ਨੁਕਸਾਨ ਤਾਂ ਇਹ ਵਿਦਵਾਨ ਸਾਡੀ ਨੌਜਵਾਨ ਪੀੜੀ ਦੇ ਦਿਲ-ਦਿਮਾਗ ਦਾ ਕਰ ਰਹੇ ਹਨ। ਨੌਜਵਾਨ ਪੀੜੀ ਨੂੰ ਮਿਹਨਤ ਕਰਨ ਤੋਂ ਰੋਕ ਕੇ, ਚੋਰੀ ਕਰਨ ਦੇ ਗੁਰ ਸਿਖਾ ਰਹੇ ਹਨ। ਪੜੇ-ਲਿਖੇ ਅਨਪੜਾਂ ਦੀ ਫੌਜ ਵੱਧ ਰਹੀ ਹੈ। ਕਿਸੇ ਨੂੰ ਇਸ ਦਾ ਕੀ ਦਰਦ ਐ?
ਇਸ ਨਵੀਂ ਕਿਸਮ ਦੀ ਚੋਰੀ ਦੀ ਰਪਟ ਅਸੀਂ ਕਿਸ ਦੇ ਖ਼ਿਲਾਫ਼ ਤੇ ਕਿੱਥੇ ਲਿਖਵਾਈਏ? ਕਿਉਂਕਿ ਆਵਾ ਹੀ ਊਤਿਆ ਪਿਆ ਹੈ। ਇਸ ਪ੍ਰਤੀ ਸਾਡੀਆਂ ਅਧਿਆਪਕ (ਕਾਲਜ, ਯੂਨੀਵਰਸਿਟੀ) ਜੱਥੇਬੰਦੀਆਂ ਵੀ ਚੁੱਪ ਹਨ। ਇਹ ਆਪਣੀਆਂ ਤਨਖ਼ਾਹਾਂ ਪ੍ਰਤੀ ਲੜਦੀਆਂ ਹਨ ਪਰ ਇਨਾਂ ਨੇ ਯੂਨੀਵਰਸਿਟੀ ਵਿੱਚ ਹੋ ਰਹੀਆਂ ਇਨਾਂ ਧਾਂਦਲੀਆਂ ਨੂੰ ਲੋਕਾਂ ਸਾਹਮਣੇ ਨੰਗਾ ਕਰਨ ਦੀ ਕਦੇ ਜ਼ਹਿਮਤ ਨਹੀਂ ਉਠਾਈ। ਪਰ ਯੂਨੀਵਰਸਿਟੀਆਂ ਵਿੱਚ ਪ੍ਰੋਜੈਕਟ ਦੀ ਆੜ ਵਿੱਚ ਜੋ ਸ਼ਰੇਆਮ ਚੋਰੀ ਹੋ ਰਹੀ ਹੈ, ਉਸ ਬਾਰੇ ਕੌਣ ਲਿਖੇਗਾ? ਇਹ ਪ੍ਰੋਜੈਕਟਾਂ ਦਾ ਆਮ ਲੋਕਾਂ ਕੀ ਲਾਭ ਹੈ? ਹੁਣ ਤਾਂ ਇਹ ਰਪਟ ਹਵਾ ‘ਚ ਹੀ ਲਿਖੀ ਜਾ ਸਕਦੀ ਹੈ ਪਰ ਹਵਾ ‘ਚ ਲਿਖੀ ਰਪਟ ਨੂੰ ਕੌਣ ਪੜੇਗਾ ?
ਕਿਤਾਬਾਂ ਦੇ ਵਿੱਚੋਂ ਕਿਤਾਬਾਂ ਤੇ ਥੀਸਿਸਾਂ ਦੇ ਵਿੱਚੋਂ ਥੀਸਿਸ ਬਣ ਰਹੇ ਹਨ ਤੇ ਉਹ ਕਾਲਜ ਤੇ ਯੂਨੀਵਰਸਿਟੀਆਂ ਦੇ ਵਿੱਚ ਜਾ ਕੇ ਹਨੇਰਾ ਵਧਾ ਰਹੇ ਹਨ । ਆਖਿਰ ਕਦੋਂ ਤੱਕ ਇਹ ਸਿਲਸਿਲਾ8 ਚੱਲਦਾ ਰਹੇਗਾ ?
ਹੁਣ ਤੇ ਪੰਜਾਬ ਦੇ ਨਿੱਜੀ ਯੂਨੀਵਰਸਿਟੀਆਂ ਏਨੀਆਂ ਹੋ ਗਈਆਂ ਹਨ ਕਿ ਸ਼ਹਿਰ ਦੇ ਵਿੱਚ ਪ੍ਰਚੂਨ ਦੀਆਂ ਦੁਕਾਨਾਂ ਬਣ ਗਈਆਂ ਹਨ ਜਿੱਥੇ ਹਰ ਤਰ੍ਹਾਂ ਦੀ ਡਿਗਰੀ ਤੁਸੀਂ ਖਰੀਦ ਸਕਦੇ ਹੋ..ਮੁੱਲ ਵਿਕਦੀਆਂ ਡਿਗਰੀਆਂ ਦੇ ਇਹ ਸਾਡੇ ਸਿੱਖਿਆ ਸ਼ਾਸਤਰੀ ਜਦੋਂ ਸਿਖਿਆ ਦੇ ਖੇਤਰ ਵਿੱਚ ਜਾਣਗੇ ਤਾਂ ਤੁਸੀਂ ਆਪਣੇ ਬੱਚਿਆਂ ਦਾ ਕਿਹੋ ਜਿਹਾ ਭਵਿੱਖ ਦਾ ਕੀ ਹਾਲ ਹੋਵੇਗਾ ?
ਇਹ ਵਰਤਾਰਾ ਘੱਟ ਹੋਣ ਦੀ ਵਜਾਏ ਦਿਨੋ ਦਿਨ ਵੱਧ ਰਿਹਾ ਹੈ। ਮੈਂ ਪਿਛਲੇ ਪੱਚੀ ਸਾਲਾਂ ਤੋਂ ਲਗਾਤਾਰ ਸਿੱਖਿਆ ਦੇ ਇਸ ਮਾਫੀਏ ਦੇ ਖਿਲਾਫ਼ ਆਵਾਜ਼ ਚੁੱਕ ਰਿਹਾ ਹਾਂ, ਬਹੁਗਿਣਤੀ ਲੋਕ ਸਭ ਤਮਾਸ਼ਾ ਦੇ ਰਹੇ ਹਨ, ਕੋਈ ਵੀ ਨਹੀਂ ਬੋਲਦਾ । ਅਸੀਂ ਆਪਣੇ ਗਿਰੇਵਾਨ ਵਿੱਚ ਕਿਉਂ ਨੀ ਝਾਤੀ ਮਾਰਦੇ ਤੇ ਜਿਹੜੇ ਵਿਦਵਾਨ ਚੰਗਾ ਕਰ ਰਹੇ ਹਨ ਉਹ ਵੀ ਚੁਪ ਹਨ..। ਹੁਣ ਤੇ ਹਾਲਤ ਇਹ ਬਣ ਗਈ ਕਿ ਇਸ ਹਮਾਮ ਦੇ ਸਾਰੇ ਹੀ ਨੰਗੇ ਲੱਗਦੇ ਹਨ। ਅਸੀਂ ਇਸ ਸਿੱਖਿਆ ਦੇ ਮਾਫੀਏ ਦੇ ਖਿਲਾਫ਼ ਕਿਥੇ ਰਪਟ ਲਿਖਾਈਏ? ਜੇ ਕਿਸੇ ਨੂੰ ਕੋਈ ਥਾਣਾ ਕਚਹਿਰੀ ਦਾ ਪਤਾ ਹੋਵੇ ਤਾਂ ਜਰੂਰ ਪਤਾ ਦੱਸਿਓ ?

ਬੁੱਧ ਸਿੰਘ ਨੀਲੋਂ
94643-70823

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਨਮੋਲ ਮੋਤੀ
Next article” ਕੁਸ਼ਲ ਪ੍ਰਸ਼ਾਸਕ ਅਤੇ ਵਿਦਿਆਦਾਨੀ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ”