ਸਿੱਖ ਸੰਕਟ ਕਿ ਸੁਖਬੀਰ ਸੰਕਟ?
ਬੁੱਧ ਸਿੰਘ ਨੀਲੋਂ
(ਸਮਾਜ ਵੀਕਲੀ) ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਸੱਤਾ ਤੋਂ ਬਾਹਰ ਹੋਇਆ ਹੈ ਉਸ ਦੇ ਪੈਰਾਂ ਹੇਠ ਅੱਗ ਮੱਚੀ ਹੋਈ ਹੈ। ਉਹ ਦੁਬਾਰਾ ਸੱਤਾ ਵਿੱਚ ਆਉਣ ਲਈ ਸਿੱਖ ਕੌਮ ਦੀਆਂ ਧਾਰਮਿਕ ਸੰਸਥਾਵਾਂ ਨੂੰ ਜਿਸ ਤਰੀਕੇ ਵਰਤ ਕੇ ਉਹਨਾਂ ਨੂੰ ਤਬਾਹ ਕਰ ਰਿਹਾ ਹੈ । ਇਹ ਗੰਭੀਰ ਸੰਕਟ ਹੁਣ ਚਰਮ ਸੀਮਾ ਤੇ ਇੱਕ ਪੁੱਜਦਾ ਨਜ਼ਰ ਆ ਰਿਹਾ ਹੈ। ਹਰ ਰੋਜ਼ ਨਵੀਂ ਤੋਂ ਨਵੀਂ ਘਟਨਾ ਵਾਪਰਦੀ ਹੈ, ਜਿਹੜੀ ਪਿਛਲੀ ਘਟਨਾ ਨਾਲੋਂ ਵੀ ਵੱਡੀ ਹੁੰਦੀ ਹੈ। ਇਸ ਸਿਆਸੀ ਸੰਕਟ ਵਿੱਚੋਂ ਨਿਕਲਣ ਲਈ ਉਹ ਧਰਮ ਅਤੇ ਸੰਸਥਾਵਾਂ ਨੂੰ ਵਰਤ ਰਿਹਾ ਹੈ। ਇਹਨਾਂ ਸੰਸਥਾਵਾਂ ਦੇ ਉੱਪਰ ਜਿਹੜੇ ਅਹੁਦੇਦਾਰ ਮੌਜੂਦ ਹਨ, ਉਹਨਾਂ ਦੀਆਂ ਜ਼ਮੀਰਾਂ ਮਰ ਗਈਆਂ ਹਨ। ਸਿੱਖ ਪੰਥ, ਸਿੱਖ ਕੌਮ, ਸਿੱਖ ਸੰਗਤਾਂ ਤੇ ਸਿੱਖ ਜਥੇਬੰਦੀਆਂ ਇਸ ਸਮੇਂ ਖਾਮੋਸ਼ ਹਨ। ਉਹਨਾਂ ਦੀ ਚੁੱਪ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਰਹੀ ਹੈ। ਬਾਦਲ ਦਲ ਆਪਣੀ ਹੋਂਦ ਨੂੰ ਬਚਾਉਣ ਦੀ ਖਾਤਰ ਜਿਹੜੀਆਂ ਹੱਦਾਂ ਪਾਰ ਕਰ ਰਹੇ ਹਨ, ਉਸ ਤੋਂ ਸਪਸ਼ਟ ਹੁੰਦਾ ਹੈ ਕਿ ਉਹ ਸਿੱਖ ਧਰਮ, ਸਿੱਖ ਕੌਮ ਤੇ ਸਿੱਖ ਸੰਸਥਾਵਾਂ ਨੂੰ ਤਬਾਹ ਕਰਕੇ ਕੀ ਹਾਸਲ ਕਰਨਾ ਚਾਹੁੰਦੇ ਹਨ? ਇਹ ਸਵਾਲ ਅੱਜ ਹਰ ਇੱਕ ਸਿੱਖ ਵਿਅਕਤੀ ਦੀ ਜੁਬਾਨ ਉੱਤੇ ਹੈ ਪਰ ਸਿੱਖ ਪੰਥ, ਸਿੱਖ ਜਥੇਬੰਦੀਆਂ ਦੀ ਚੁੱਪ ਨੇ ਵੀ ਇੱਕ ਵੱਖਰੀ ਤਰ੍ਹਾਂ ਦਾ ਭੰਬਲ ਭੂਸਾ ਖੜਾ ਕਰ ਦਿੱਤਾ ਹੈ। ਪਿਛਲੇ ਕਈ ਦਿਨਾਂ ਤੋਂ ਜਿਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਉਹਨਾਂ ਨੇ ਸਿੱਖ ਪੰਥ, ਸਿੱਖ ਕੌਮ, ਸਿੱਖ ਸੰਗਤਾਂ ਅਤੇ ਹਰ ਨਾਨਕ ਨਾਮ ਲੇਵਾ ਨੂੰ ਸ਼ਰਮਸਾਰ ਕੀਤਾ ਹੈ ਪਰ ਜਿਹੜੇ ਇਹ ਧਰਮ ਦੇ ਨਾਂ ਤੇ ਸਿਆਸੀ ਖੇਡਾਂ ਖੇਡ ਰਹੇ ਹਨ, ਉਹਨਾਂ ਨੂੰ ਕੋਈ ਵੀ ਸ਼ਰਮ ਨਹੀਂ ਤੇ ਨਾ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਈ ਡਰ ਭਉ ਹੈ। ਮੀਡੀਏ ਵਿੱਚ ਇਹ ਵੀ ਚਰਚਾ ਚੱਲ ਰਹੀ ਹੈ ਕਿ ਜਿਹੜੇ ਅਕਾਲੀ ਦਲ ਬਾਦਲ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ, 328 ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਦਰਬਾਰ ਸਾਹਿਬ ਵਿੱਚੋਂ ਗਾਇਬ ਕੀਤੇ ਜਿਨਾਂ ਵਿੱਚ 100 ਹੱਥ ਲਿਖਤ ਗੁਰੂ ਗ੍ਰੰਥ ਸਾਹਿਬ ਸਨ, ਇਹਨਾਂ ਵਿੱਚ ਕੁੱਝ ਗੁਰੂ ਸਾਹਿਬਾਨ ਦੇ ਹੁਕਮਨਾਮੇ ਅਤੇ ਹੋਰ ਸਮੱਗਰੀ ਸੀ ਜਿਹੜੀ ਤੋਸ਼ਾਖਾਨਾ ਦੇ ਵਿੱਚ ਮਿਲ ਨਹੀਂ ਰਹੀ, ਇਸ ਤੋਂ ਬਿਨਾਂ ਹੋਰ ਸੈਂਕੜੇ ਗੁਨਾਹ ਹਨ, ਬਾਦਲਕਿਆਂ ਦੇ ਸਿਰ। ਇੱਕ ਪਾਸੇ ਤਾਂ ਅਕਾਲੀ ਦਲ ਬਾਦਲ ਸਾਰੇ ਗੁਨਾਹਾਂ ਨੂੰ ਕਬੂਲ ਕਰ ਰਿਹਾ ਹੈ ਤੇ ਦੂਜੇ ਪਾਸੇ ਅਕਾਲ ਤਖਤ ਸਾਹਿਬ ਵੱਲੋਂ ਆਏ ਹੁਕਮਨਾਮੇ ਦੀ ਖੁਦ ਹੀ ਤੌਹੀਨ ਕਰ ਰਿਹਾ ਹੈ, ਸਿੱਖ ਪੰਥ ਤੇ ਲੋਕ ਇਹ ਸਾਰਾ ਵਰਤਾਰਾ ਦੇਖਣ ਲਈ ਸੋਸ਼ਲ ਮੀਡੀਆ ਉੱਤੇ ਪੂਰੀ ਤਰ੍ਹਾਂ ਬੇਸ਼ਰਮ ਹੋ ਕੇ ਲੱਗੇ ਹੋਏ ਹਾਨ। ਇਹਨਾਂ ਵੱਲੋਂ ਜੋ ਕੁਝ ਸਿੱਖ ਧਰਮ ਅਤੇ ਸਿੱਖ ਸੰਸਥਾਵਾਂ ਨੂੰ ਤਬਾਹ ਕਰਨ ਲਈ ਕੀਤਾ ਜਾ ਰਿਹਾ ਹੈ, ਉਸ ਬਾਰੇ ਵੀ ਸਿੱਖ ਸੰਗਤਾਂ ਕੋਈ ਆਵਾਜ਼ ਬੁਲੰਦ ਨਹੀਂ ਕਰਦੀਆਂ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰੀ ਦੀ ਹੋਈ ਮੀਟਿੰਗ ਦੇ ਵਿੱਚ ਜਿਸ ਤਰ੍ਹਾਂ ਦਾ ਫੈਸਲਾ ਆਇਆ ਹੈ ਉਸ ਨੇ ਇਹ ਦਰਸਾ ਦਿੱਤਾ ਹੈ ਕਿ ਅਕਾਲੀ ਦਲ ਬਾਦਲ ਆਪਣੇ ਪੈਰ ਕੁਹਾੜਾ ਲਗਾਤਾਰ ਮਾਰ ਰਿਹਾ ਹੈ ਤੇ ਉਹ ਕੁਹਾੜਾ ਕਿਸੇ ਹੋਰ ਦੇ ਹੱਥਾਂ ਵਿਚ ਹੈ, ਉਹ ਹੱਥ ਕਿਹੜਾ ਹੈ ਇਹ ਵੀ ਸਵਾਲ ਬਣਿਆ ਹੋਇਆ ਹੈ ? ਅੱਜ ਦੀ ਹੋਈ ਮੀਟਿੰਗ ਬਾਰੇ ਕਿਹਾ ਜਾ ਰਿਹਾ ਹੈ ਕਿ ਮੀਟਿੰਗ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਕੋਈ ਵੱਡਾ ਆਗੂ ਉਥੇ ਵੇਖਿਆ ਗਿਆ। ਮੀਟਿੰਗ ਵਿੱਚ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ 15 ਦਿਨਾਂ ਲਈ ਮੁਅੱਤਲ ਕਰ ਦਿੱਤਾ ਹੈ ਤੇ ਉਹਨਾਂ ਦੇ ਅਠਾਰਾਂ ਸਾਲ ਪੁਰਾਣੇ ਪਰਵਾਰਿਕ ਝਗੜੇ ਨੂੰ ਮੁੱਦਾ ਬਣਾ ਕੇ ਜਾਂਚ ਕਰਨ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਹੈ। ਇਸ ਸਮੇਂ ਗੱਲ ਇਹ ਹੋ ਬਣੀ ਹੈ ਕਿ ਆਪਣੀਆਂ ਕੱਛ ਵਿੱਚ ਤੇ ਦੂਜੇ ਦੀਆਂ ਹੱਥ ਵਿੱਚ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੱਢੀਆਂ ਗਈਆਂ ਗਾਲਾਂ ਪ੍ਰਤੀ ਚੁੱਪ ਕਿਉਂ ਹੈ ? ਕਮੇਟੀ ਵਿੱਚ ਉਹਨਾਂ ਵੱਲੋਂ ਵਰਤੀ ਗਈ ਸਾਬਕਾ ਪ੍ਰਧਾਨ ਪ੍ਰਤੀ ਸ਼ਬਦਾਵਲੀ ਬਾਰੇ ਕਿਉਂ ਨਹੀਂ ਵਿਚਾਰਿਆ ਗਿਆ? ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰੀ ਅਤੇ ਬਾਕੀ ਮੈਂਬਰਾਂ ਦੀ ਜਮੀਰ ਮਰ ਗਈ ਹੈ? ਮੀਡੀਏ ਵਿੱਚ ਇਹ ਵੀ ਚਰਚਾ ਹੈ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਮੀਟਿੰਗ ਵਿਚਕਾਰ ਛੱਡ ਕੇ ਭੱਜ ਗਏ ਤੇ ਉਹਨਾਂ ਨੇ ਮੀਡੀਏ ਤੋਂ ਵੀ ਪਾਸਾ ਵੱਟਿਆ। ਉਹ ਮੀਟਿੰਗ ਵਿਚਕਾਰ ਕਿਉਂ ਛੱਡ ਕੇ ਭੱਜੇ ਤੇ ਉਹ ਮੀਡੀਏ ਤੋਂ ਇੰਨਾ ਕਿਉਂ ਡਰ ਰਹੇ ਹਨ, ਉਹਨਾਂ ਅੰਦਰ ਕਿਸ ਗੱਲ ਦਾ ਡਰ ਹੈ? ਇਹ ਸਵਾਲ ਵੀ ਅੱਜ ਸਾਰੀ ਦਿਹਾੜੀ ਚਰਚਾ ਦਾ ਵਿਸ਼ਾ ਬਣਿਆ ਰਿਹਾ। ਸੋਸ਼ਲ ਮੀਡੀਏ ਅਤੇ ਵੱਖ ਵੱਖ ਚੈਨਲਾਂ ਉੱਤੇ ਜਿਹੜੀਆਂ ਲਾਹਣਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਮੇਤ ਮੈਂਬਰਾਂ ਨੂੰ ਪਾਈਆਂ ਜਾ ਰਹੀਆਂ ਹਨ, ਉਹਨਾਂ ਨੂੰ ਸੁਣਦਿਆਂ ਪੜ੍ਹਦਿਆਂ ਹਰ ਸੂਝਵਾਨ ਵਿਅਕਤੀ ਦਾ ਹਿਰਦਾ ਵਲੂੰਧਰਿਆ ਜਾ ਰਿਹਾ ਹੈ । ਸ਼੍ਰੋਮਣੀ ਅਕਾਲੀ ਦਲ ਬਾਦਲ ਸਿੱਖ ਕੌਮ ਨੂੰ ਕਿਹੜੇ ਚੁਰਾਹੇ ਵੱਲ ਲੈ ਕੇ ਜਾ ਰਹੇ ਹਨ ਤੇ ਉਹਨਾਂ ਦੀਆਂ ਭਾਵਨਾਵਾਂ ਕੀ ਹਨ? ਇਸ ਤੋਂ ਸਪਸ਼ਟ ਹੁੰਦਾ ਹੈ ਕਿ ਉਹ ਸਿੱਖ ਸੰਸਥਾਵਾਂ ਅਤੇ ਸਿੱਖ ਕੌਮ ਦੀ ਸਭ ਤੋਂ ਉੱਚੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਭੋਗ ਪਾਉਣਾ ਚਾਹੁੰਦੇ ਹਨ ਪਰ ਉਹ ਨਹੀਂ ਜਾਣਦੇ ਕਿ ਕਿਸੇ ਇਮਾਰਤ ਜਾਂ ਵਿਅਕਤੀ ਨੂੰ ਤਾਂ ਖਤਮ ਕੀਤਾ ਜਾ ਸਕਦਾ ਹੈ ਪਰ ਕਿਸੇ ਸਿਧਾਂਤ ਨੂੰ ਨਹੀਂ। ਜਿਸ ਤਰ੍ਹਾਂ ਦੇ ਹਾਲਾਤ ਬਣਦੇ ਜਾ ਰਹੇ ਹਨ ਉਹ ਪੰਜਾਬ ਅਤੇ ਸਿੱਖ ਕੌਮ ਲਈ ਖਤਰੇ ਦੀ ਘੰਟੀ ਵੱਜਦੇ ਨਜ਼ਰ ਆ ਰਹੇ ਹਨ। ਭਵਿੱਖ ਵਿੱਚ ਸਿੱਖਾਂ ਅਤੇ ਪੰਜਾਬ ਦਾ ਕੀ ਬਣਨਾ ਹੈ ਇਹ ਤਾਂ ਹੁਣ ਸ੍ਰੀ ਅਕਾਲ ਪੁਰਖ ਸਾਹਿਬ ਹੀ ਜਾਣਦਾ ਹੈ ਪਰ ਜਿਹੜੇ ਰਾਹਾਂ ਦੇ ਉੱਪਰ ਸੁਖਬੀਰ ਬਾਦਲ ਅਤੇ ਉਸ ਦੀ ਕੰਪਨੀ ਤੁਰੀ ਹੋਈ ਹੈ ਉਹ ਹਨੇਰੇ ਵੱਲ ਵਧ ਰਹੇ ਹਨ। ਸਿਆਣੇ ਆਖਦੇ ਹਨ ਕਿ ਅਕਾਲ ਪੁਰਖ ਕਿਸੇ ਨੂੰ ਜਾਨੋ ਨਹੀਂ ਮਾਰਦਾ ਸਗੋਂ ਉਸ ਦੀ ਮੱਤ ਮਾਰਦਾ ਹੈ, ਇਸ ਤਰ੍ਹਾਂ ਲੱਗਦਾ ਹੈ ਕਿ ਸੁਖਬੀਰ ਬਾਦਲ ਤੇ ਉਸਦੀ ਜੁੰਡਲੀ ਦੀ ਮੱਤ ਮਾਰੀ ਗਈ ਹੈ ਤੇ ਉਹ ਨਿਤ ਨਵੇਂ ਤੋਂ ਨਵੇਂ ਚੰਦ ਚਾੜ ਰਹੀ ਹੈ। ਇਹ ਵੀ ਸੱਚ ਹੈ ਕਿ ਇਹ ਸਿੱਖ ਸੰਕਟ ਨਹੀਂ, ਸਗੋਂ ਸੁਖਬੀਰ ਬਚਾਓ ਸੰਕਟ ਬਣਿਆ ਹੋਇਆ ਹੈ, ਜਿਹੜਾ ਉਲਝਦਾ ਜਾ ਰਿਹਾ ਹੈ। ਇਥੇ ਇਹ ਕਿਹਾ ਜਾ ਸਕਦਾ ਹੈ ਕਿ ਸਿੱਖ ਪੰਥ ਦਾ ਫਿਰ ਵੀ ਉੱਠ ਖੜੇਗਾ ਪਰ ਸੁਖਵੀਰ ਬਾਦਲ ਨੂੰ ਜਿਹੜੀਆਂ ਫੌੜੀਆਂ ਦਾ ਸਹਾਰਾ ਦੇ ਕੇ ਖੜਾ ਕੀਤਾ ਜਾ ਰਿਹਾ ਹੈ, ਉਹ ਇਕ ਦਿਨ ਟੁੱਟ ਜਾਣੀਆਂ ਹਨ। ਜਿਹੜੀਆਂ ਪਿਛਲੀਆਂ ਚਾਰ ਚੋਣਾਂ ਵਿੱਚ ਟੁੱਟ ਗਈਆਂ ਸਨ, ਉਹ ਮੁੜ ਠੀਕ ਨਹੀਂ ਹੋਣੀਆਂ । ਇਸ ਸਮੇਂ ਸਿੱਖ ਪੰਥਕ ਧਿਰਾਂ ਨੂੰ ਜਰੂਰ ਇੱਕ ਮੰਚ ਤੇ ਇਕੱਠੇ ਹੋ ਕੇ ਇਹਨਾਂ ਬਾਦਲਕਿਆਂ ਨੂੰ ਪੁੱਛਣਾ ਚਾਹੀਦਾ ਹੈ ਕਿ ਉਹ ਸਿੱਖ ਧਰਮ ਦਾ ਬੇੜਾ ਗਰਕ ਕਰਨ ਕਿਉਂ ਤੁਲੇ ਹਨ? ਹਰਜਿੰਦਰ ਸਿੰਘ ਖੁਦ ਆਪਣੇ ਆਪ ਨੂੰ ਐਡਵੋਕੇਟ ਤੇ ਧਾਮੀ ਅਖਵਾਉਣ ਵਿੱਚ ਲੱਗਿਆ ਹੋਇਆ ਹੈ। ਹੁਣ ਉਹ ਬਾਦਲਕਿਆਂ ਨੂੰ ਬਚਾਉਂਦਾ ਖੁਦ ਬੀਬੀ ਜਗੀਰ ਕੌਰ ਨੂੰ ਅਪ ਸ਼ਬਦ ਬੋਲਣ ਦੇ ਚੱਕਰ ਵਿੱਚ ਫ਼ਸ ਗਿਆ ਹੈ। ਚਾਹੀਦਾ ਦਾ ਤਾਂ ਸੀ ਕਿ ਜੇ ਉਨ੍ਹਾਂ ਵਿੱਚ ਭੋਰਾ ਭਰ ਅਣਖ਼ ਹੁੰਦੀ ਤਾਂ ਉਹ ਅਸਤੀਫ਼ਾ ਦੇ ਕੇ ਮਹਿਲਾ ਕਮਿਸ਼ਨ ਪੰਜਾਬ ਦੇ ਸਾਹਮਣੇ ਪੇਸ਼ ਹੁੰਦਾ ਪਰ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰੁਤਬੇ ਨੂੰ ਕਿਥੇ ਕਿਥੇ ਰੋਲੇਗਾ ਕਿਹਾ ਨਹੀਂ ਜਾ ਸਕਦਾ। ਪਿ ਜਿਸ ਤਰ੍ਹਾਂ ਬਾਦਲਕਿਆਂ ਨੇ ਸਿਆਸਤ ਨੂੰ ਧਰਮ ਦੀ ਰੰਗਤ ਦੇ ਕੇ ਇਸ ਦੀ ਮਿੱਟੀ ਪੁੱਟੀ ਹੈ। ਇਹ ਮਿੱਟੀ ਉੱਡ ਕੇ ਉਹਨਾਂ ਦੇ ਸਿਰ ਹਰ ਸਾਹ ਪੈ ਰਹੀ ਹੈ। ਸਿੱਖ ਪੰਥ ਨੂੰ ਗੂੜ੍ਹੀ ਨੀਂਦ ਵਿਚੋਂ ਹੁਣ ਜਾਗਣ ਦੀ ਲੋੜ ਹੈ। ਨਹੀਂ ਜੋਂ ਹਾਲਾਤ ਬਣਦੇ ਜਾ ਰਹੇ ਹਨ, ਉਹ ਪੰਜਾਬ ਦੇ ਖਤਰਨਾਕ ਹਨ। ਦੇਖੋ ਕਦੋਂ ਸਿੱਖ ਪੰਥ, ਸਿੱਖ ਸੰਗਤਾਂ ਜਾਗਦੀਆਂ ਹਨ ?
—
ਬੁੱਧ ਸਿੰਘ ਨੀਲੋਂ
9464370823
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly