ਬੁੱਧ ਬਾਣ

ਬੁੱਧ ਸਿੰਘ ਨੀਲੋਂ

ਸੁਲਗ ਰਿਹਾ ਪੰਜਾਬ, ਭਾਰਤੀ ਸਟੇਟ ਖ਼ੁਸ਼!

ਬੁੱਧ ਸਿੰਘ ਨੀਲੋਂ 

 (ਸਮਾਜ ਵੀਕਲੀ) ਇਸ ਸਮੇਂ ਪੰਜਾਬ ਸੁਲਗ ਰਿਹਾ ਹੈ ਤੇ ਭਾਰਤੀ ਸਟੇਟ ਹੱਥ ਦੇ ਹੱਥ ਧਰੀ ਬੈਠੀ ਹੈ। ਭਾਰਤੀ ਸਟੇਟ ਨੇ ਅਜਿਹੀ ਬਾਂਦਰਾਂ ਦੀ ਭੇਲੀ ਪੰਜਾਬ ਦੇ ਅੰਦਰ ਸੁੱਟੀ ਕਿ ਪੰਜਾਬੀ ਇਸ ਭੋਲੀ ਨੂੰ ਹਥਿਆਉਣ ਲਈ, ਇੱਕ ਦੂਜੇ ਦੇ! ਦੁਸ਼ਮਣ ਬਣ ਗਏ। ਇਹੀ ਕੁਝ ਤਾਂ ਭਾਰਤੀ ਸਟੇਟ ਚਾਹੁੰਦੀ ਸੀ ਕਿ ਪੰਜਾਬ ਦੇ ਲੋਕ ਆਪਸ ਵਿੱਚ ਹੀ ਉਲਝ ਕੇ ਮਰ ਜਾਣ। ਉਸ ਦੀ ਇਹ ਨੀਤੀ ਕਾਮਯਾਬ ਹੋ ਰਹੀ ਹੈ। ਇਸ ਨੂੰ ਕਾਮਯਾਬ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਡੀ ਭੂਮਿਕਾ ਨਿਭਾ ਰਿਹਾ ਹੈ। ਪੰਜਾਬ ਦੇ ਲੋਕਾਂ ਨੂੰ ਤਾਂ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਇਹ ਸ਼੍ਰੋਮਣੀ ਅਕਾਲੀ ਦਲ ਦੀ ਆਪਸ ਵਿੱਚ ਲੜਾਈ ਹੈ ਅਸਲ ਦੇ ਵਿੱਚ ਲੋਕਾਂ ਦਾ ਧਿਆਨ ਭਟਕਾਉਣ ਲਈ ਇਹ ਖੇਡ ਖੇਡੀ ਜਾ ਰਹੀ ਹੈ। ਇਸ ਦੀ ਪਟਕਥਾ ਪਹਿਲਾਂ ਹੀ ਲਿਖੀ ਜਾ ਚੁੱਕੀ ਹੈ, ਜਿਹੜੀ ਹੁਣ ਪੰਜਾਬ ਦੇ ਰੰਗ ਮੰਚ ਉੱਤੇ ਖੇਡੀ ਜਾ ਰਹੀ ਹੈ। ਪੰਜਾਬ ਦੀ ਕਿਸਾਨੀ, ਪੰਜਾਬ ਦੀ ਜਵਾਨੀ ਸੰਘਰਸ਼ ਦੇ ਰਾਹ ਤੁਰੀ ਹੋਈ ਹੈ। ਪਰ ਉਨ੍ਹਾਂ ਦਾ ਸੰਘਰਸ਼ ਕਿਸੇ ਤਣ ਪੱਤਣ ਨਹੀਂ ਲੱਗ ਰਿਹਾ । ਜੇ ਮਾਲਵੇ ਵਿੱਚ ਕਿਸਾਨ ਬਹੁ ਕੌਮੀ ਕੰਪਨੀਆਂ ਦੇ ਨਾਲ ਜੂਝ ਰਹੇ ਹਨ ਤਾਂ ਲੁਧਿਆਣੇ ਵਿੱਚ ਗੰਦੇ ਪਾਣੀਆਂ ਨੂੰ ਲੈ ਕੇ ਪੰਜਾਬ ਦੀ ਜਵਾਨੀ ਸਰਗਰਮ ਹੈ। ਸ਼ੰਭੂ ਬਾਰਡਰ ਤੋਂ ਕਿਸਾਨਾਂ ਨੇ ਦਿੱਲੀ ਵੱਲ ਕੂਚ ਕਰ ਦਿੱਤਾ ਹੈ। ਉਹਨਾਂ ਨੇ ਇੱਕ ਸੌ ਮਰਜੀਵੜਿਆਂ ਨੂੰ ਤੋਰਿਆ ਹੈ। ਉਧਰ ਹਰਿਆਣਾ ਤੇ ਦਿੱਲੀ ਸਰਕਾਰ ਨੇ ਕਿਸਾਨਾਂ ਨੂੰ ਇਜਾਜ਼ਤ ਨਹੀਂ ਦਿੱਤੀ। ਜਿਸ ਨਾਲ ਟਕਰਾਅ ਹੋਣ ਦੀ ਸੰਭਾਵਨਾ ਬਣੀ ਹੋਈ ਹੈ। ਪੰਜਾਬ ਦੇ ਕਾਲੇ ਪਾਣੀਆਂ ਦਾ ਮੋਰਚਾ ਜਿਹੜਾ ਲੁਧਿਆਣੇ ਵਿੱਚ ਲਗਾਉਣਾ ਸੀ, ਉਸ ਨੂੰ ਕੁਰਾਹੇ ਪਾਉਣ ਲਈ ਭਾਰਤੀ ਸਟੇਟ ਨੇ ਪੰਜਾਬੀ ਬਨਾਮ ਪ੍ਰਵਾਸੀ ਜੰਗ ਵਿੱਚ ਬਦਲ ਦਿੱਤਾ। ਜਿਸ ਤਰ੍ਹਾਂ ਇਸ ਧਰਨੇ ਨੂੰ ਕਾਮਯਾਬ ਕਰਨ ਲਈ ਪੰਜਾਬ ਹੀ ਨਹੀਂ ਬਾਹਰਲੀਆਂ ਸਟੇਟਾਂ ਤੋਂ ਵੀ ਪੰਜਾਬੀਆਂ ਨੇ ਸ਼ਿਰਕਤ ਕੀਤੀ। ਜਿਸ ਤਰ੍ਹਾਂ ਉਨਾਂ ਨੂੰ ਪੁਲਿਸ ਨੇ ਖੱਜਲ ਖੁਆਰ ਕੀਤਾ ਇਹ ਕੋਈ ਨਵੀਂ ਗੱਲ ਨਹੀਂ। ਦੂਜੇ ਪਾਸੇ ਪ੍ਰਵਾਸੀਆਂ ਨੂੰ ਸਰਕਾਰੀ ਅਤੇ ਵਪਾਰੀਆਂ ਦੀ ਪੂਰੀ ਸ਼ਹਿ ਸੀ। ਕਾਲੇ ਪਾਣੀਆਂ ਦੇ ਮੋਰਚੇ ਵਾਲਿਆਂ ਨੇ ਤਿੰਨ ਤਰੀਕ ਨੂੰ ਗੰਦੇ ਨਾਲੇ ਨੂੰ ਬੰਨ੍ਹ ਲਾਉਣ ਦਾ ਐਲਾਨ ਕੀਤਾ ਸੀ। 3 ਦਸੰਬਰ ਤੋਂ ਪਹਿਲਾਂ ਵਪਾਰੀਆਂ ਅਤੇ ਫੈਕਟਰੀਆਂ ਦੇ ਮਾਲਕਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਾਲੇ ਪਾਣੀਆਂ ਦਾ ਮੋਰਚਾ ਲਗਾਉਣ ਵਾਲਿਆਂ ਨੂੰ ਵੰਗਾਰਿਆ ਸੀ। ਉਨਾਂ ਨੇ ਇਹ ਵੀ ਐਲਾਨ ਕੀਤਾ ਸੀ ਕਿ ਉਹ ਇਕ ਲੱਖ ਪ੍ਰਵਾਸੀਆਂ ਨੂੰ ਬੁੱਢੇ ਨਾਲੇ ਦੇ ਨੇੜੇ ਖੜਾ ਕਰ ਦੇਣਗੇ। ਇਸ ਐਲਾਨ ਤੋਂ ਬਾਅਦ ਜਿਸ ਤਰ੍ਹਾਂ ਜ਼ਿਲ੍ਹਾ ਅਤੇ ਪੰਜਾਬ ਸਰਕਾਰ ਨੇ ਉਨਾਂ ਦੀ ਸਿੱਧੇ ਤੌਰ ਤੇ ਮਦਦ ਕੀਤੀ ਉਸ ਤੋਂ ਸਪਸ਼ਟ ਹੋ ਗਿਆ ਸੀ ਕਿ ਪੰਜਾਬ ਦੇ ਵਪਾਰੀਆਂ, ਫੈਕਟਰੀਆਂ ਵਾਲੇ ਅਤੇ ਸਰਕਾਰ ਘਿਓ ਖਿਚੜੀ ਹੋ ਗਏ ਹਨ। ਇਸੇ ਕਰਕੇ ਉਹਨਾਂ ਨੇ ਤਿੰਨ ਤਰੀਕ ਨੂੰ ਇਹ ਬੰਨ ਲਗਾਉਣ ਤੋਂ ਰੋਕਣ ਲਈ ਵੱਡੇ ਪੱਧਰ ਉੱਤੇ ਲੁਧਿਆਣਾ ਸ਼ਹਿਰ ਵਿੱਚ ਪੁਲਿਸ ਤੈਨਾਤ ਕਰ ਦਿੱਤੀ। ਭਾਵੇਂ ਪੰਜਾਬੀ ਬੁੱਢੇ ਨਾਲੇ ਨੂੰ ਬੰਨ੍ਹ ਲਾਉਣ ਵਿੱਚ ਕਾਮਯਾਬ ਨਾ ਹੋਏ ਪਰ ਉਹ ਲੁਧਿਆਣਾ ਸ਼ਹਿਰ ਵਿੱਚ ਇਕੱਠੇ ਜਰੂਰ ਹੋ ਗਏ। ਉਧਰ ਧਾਰਮਿਕ ਡੇਰੇ ਨਾਨਕਸਰ ਵਾਲਿਆਂ ਬਾਰੇ ਜਿਹੜੀਆਂ ਵੀਡੀਓ ਸਾਹਮਣੇ ਆ ਰਹੀਆਂ ਨੇ ਉਹਨਾਂ ਨੇ ਵੀ ਪੰਜਾਬ ਅੰਦਰ ਹਲਚਲ ਮਚਾ ਦਿੱਤੀ ਹੈ। ਪੰਜਾਬ ਦੇ ਕਿਸਾਨਾਂ, ਨੌਜਵਾਨਾਂ, ਕਾਲਜਾਂ ਦੇ ਅਧਿਆਪਕਾਂ, ਕਾਲੇ ਪਾਣੀਆਂ ਦਾ ਮੋਰਚਾ ਅਤੇ ਨਾਨਕਸਰ ਵਾਲਾ ਕਾਂਡ, ਉਸ ਵਕਤ ਠੰਡੇ ਵਸ ਦੇ ਵਿੱਚ ਪੈ ਗਿਆ ਜਦੋਂ ਸ੍ਰੀ ਅੰਮ੍ਰਿਤਸਰ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲਗਾਈ ਗਈ ਸਜ਼ਾ ਨੂੰ ਭੁਗਤ ਰਹੇ ਸੁਖਬੀਰ ਬਾਦਲ ਉੱਤੇ ਗੋਲੀ ਚੱਲ ਗਈ। ਅੰਮ੍ਰਿਤਸਰ ਵਿੱਚ ਚੱਲੀ ਇਸ ਇੱਕ ਗੋਲੀ ਨੇ ਪੰਜਾਬ ਦੇ ਸਾਰੇ ਹੀ ਮਸਲਿਆਂ ਨੂੰ ਹਾਸ਼ੀਏ ਤੇ ਧੱਕ ਦਿੱਤਾ। ਇਹ ਸਭ ਕੁਝ ਗਿਣੀ ਮਿਥੀ ਸਾਜ਼ਿਸ਼ ਅਧੀਨ ਹੀ ਹੋਇਆ ਹੈ ਕਿਉਂਕਿ 1984 ਦੇ ਵਿੱਚ ਇਸੇ ਥਾਂ ਉੱਤੇ ਪੁਲਿਸ ਦੇ ਡੀਆਈਜੀ ਅਟਵਾਲ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ। ਜਦੋਂ ਉਹ ਸ੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਹੱਥ ਵਿੱਚ ਦੇਗ ਲਈ ਆਉਂਦਾ ਦਰਸ਼ਨੀ ਡਿਊੜੀ ਤੋਂ ਬਾਹਰ ਆਇਆ ਸੀ ਤਾਂ ਦਲ ਖਾਲਸਾ ਦੇ ਨੌਜਵਾਨਾਂ ਨੇ ਉਸ ਦੇ ਉੱਪਰ ਤਾਬੜ ਤੋੜ ਗੋਲੀਆਂ ਦਾ ਮੀਂਹ ਪਾ ਦਿੱਤਾ ਸੀ। ਉਸ ਵੇਲੇ ਉਸ ਦੀ ਲਾਸ਼ ਦੁਆਲੇ ਉਹਨਾਂ ਨੇ ਭੰਗੜਾ ਵੀ ਪਾਇਆ ਸੀ ਤੇ ਤਿੰਨ ਘੰਟੇ ਉਸ ਦੀ ਲਾਸ਼ ਨੂੰ ਚੁੱਕਣ ਨਹੀਂ ਸੀ ਦਿੱਤਾ। ਉਸ ਤੋਂ ਬਾਅਦ ਪੰਜਾਬ ਵਿੱਚ ਜੋ ਕੁਝ ਵੀ ਵਾਪਰਿਆ ਉਹ ਉਸ ਦੀ ਨੀਂਹ ਬਣ ਗਿਆ ਸੀ। ਉਹੀ ਕੁਝ ਹੁਣ ਪੰਜਾਬ ਵਿੱਚ ਮੁੜ ਵਾਪਰਨ ਦੀ ਨੀਹ ਰੱਖ ਦਿੱਤੀ ਗਈ ਹੈ। ਮੀਡੀਏ ਵਿੱਚ ਇਸ ਗੱਲ ਦੀ ਚਰਚਾ ਹੈ ਕਿ ਇਹ ਗੋਲੀ ਪੰਜਾਬ ਵਿਰੋਧੀ ਤਾਕਤਾਂ ਨੇ ਗਿਣੀ ਮਿਥੀ ਸਾਜਿਸ਼ ਅਧੀਨ ਚਲਵਾਈ ਹੈ ਤਾਂ ਕਿ ਪੰਜਾਬ ਨੂੰ ਅਮਨ ਕਾਨੂੰਨ ਭੰਗ ਹੋਣ ਤੋਂ ਰੋਕਣ ਦਾ! ਬਹਾਨਾ ਬਣਾ ਕੇ ਕਾਬੂ ਕੀਤਾ ਜਾ ਸਕੇ। ਇਹ ਗੋਲੀ ਉਸ ਵੇਲੇ ਚੱਲੀ ਹੈ ਜਦੋਂ ਪੰਜਾਬ ਸਮੇਤ ਕੇਂਦਰ ਸਰਕਾਰ ਦੀਆਂ ਖੁਫੀਆ ਏਜੰਸੀ ਪੰਜਾਬ ਪੁਲਿਸ ਅਤੇ ਹੋਰ ਸੁਰੱਖਿਆ ਕਰਮਚਾਰੀ ਉਥੇ ਤੈਨਾਤ ਸਨ। ਇਸ ਗੋਲੀ ਨੇ ਭਾਰਤੀ ਅਤੇ ਪੰਜਾਬ ਦੀਆਂ ਏਜੰਸੀਆਂ ਦੇ ਉੱਪਰ ਵੀ ਸਵਾਲੀਆ ਚਿੰਨ੍ਹ ਲਗਾ ਦਿੱਤਾ ਹੈ। ਹੁਣ ਅਗਲੇ ਦਿਨਾਂ ਵਿੱਚ ਪੰਜਾਬ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਬਣੇਗਾ ਜਾਂ ਬਣਾਇਆ ਜਾਵੇਗਾ ਇਸ ਦਾ ਅੰਦਾਜ਼ਾ ਲਗਾਉਣ ਦੇ ਲਈ ਸਾਨੂੰ ਅਤੀਤ ਦੇ ਵਰਕਿਆਂ ਨੂੰ ਯਾਦ ਕਰਨਾ ਪਵੇਗਾ। ਜਦੋਂ ਪੁਲਿਸ ਦੇ ਡੀਆਈਜੀ ਅਟਵਾਲ ਉਪਰ ਗੋਲੀ ਚਲਾਈ ਗਈ ਸੀ ਤਾਂ ਉਸ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਉੱਤੇ ਫੌਜੀ ਹਮਲਾ ਹੋਇਆ ਸੀ ਜਿਸ ਵਿੱਚ ਹਜ਼ਾਰਾਂ ਬੇਦੋਸ਼ਿਆਂ ਦੀਆਂ ਜਾਨਾਂ ਗਈਆਂ ਸਨ । ਉਸ ਵੇਲੇ ਤੋਂ ਸੁਲਗਦੀ ਅੱਗ ਨੇ ਕਿੰਨੇ ਘਰਾਂ ਦੇ ਦੀਵੇ ਗੁਲ ਕੀਤੇ ਸਨ ਇਸ ਦੀ ਕੋਈ ਗਿਣਤੀ ਨਹੀਂ। ਉਸ ਵੇਲੇ ਭਾਰਤੀ ਸਟੇਟ ਨੇ ਪੰਜਾਬ ਦੇ ਨੌਜਵਾਨਾਂ ਦਾ ਅਜਿਹਾ ਸ਼ਿਕਾਰ ਖੇਡਿਆ ਕਿ ਬਹੁਤ ਸਾਰੇ ਪਿੰਡਾਂ ਵਿੱਚ ਤਿੰਨ ਦਹਾਕੇ ਬਰਾਤਾਂ ਨਾ ਚੜੀਆਂ। ਹੁਣ ਵੀ ਉਸੇ ਤਰ੍ਹਾਂ ਦਾ ਮਾਹੌਲ ਪੰਜਾਬ ਵਿੱਚ ਬਣਾਇਆ ਜਾ ਰਿਹਾ ਹੈ। ਹੁਣ ਤਾਂ ਪੰਜਾਬ ਦੇ ਘਰਾਂ ਵਿੱਚ ਇੱਕ ਇੱਕ ਜਵਾਕ ਹੈ ਜੇ ਉਹ ਵੀ ਇਸ ਫਿਰਕੂ ਹਨੇਰੀ ਵਿੱਚ ਗੁਵਾਚ ਗਿਆ ਤਾਂ ਪੰਜਾਬ ਦੇ ਲੋਕਾਂ ਦੀ ਹਾਲਤ ਕੀ ਹੋਵੇਗੀ ? ਇਸ ਸਮੇਂ ਪੰਜਾਬ ਦੇ ਚਿੰਤਕਾਂ, ਬੁੱਧੀਜੀਵੀਆਂ, ਚੇਤਨ ਅਤੇ ਜਾਗਰੂਕ ਲੋਕਾਂ ਨੂੰ ਇੱਕ ਜੁੱਟ ਹੋ ਕੇ ਇਸ ਆਉਣ ਵਾਲੀਬ ਹਨੇਰੀ ਦੇ ਖਿਲਾਫ ਲਾਮ ਬੰਦ ਹੋਣਾ ਪਵੇਗਾ। ਜੇਕਰ ਪੰਜਾਬੀ ਇਸ ਸਮੇਂ ਵੀ ਇੱਕ ਜੁੱਟ ਨਾ ਹੋਇਆ ਤਾਂ ਉਹਨਾਂ ਦਾ ਭਵਿੱਖ ਅਤੇ ਵਰਤਮਾਨ ਤਬਾਹ ਹੋ ਜਾਵੇਗਾ ।ਇਸ ਤਬਾਹੀ ਦੇ ਵਿੱਚ ਜਿੱਥੇ ਸਿਆਸੀ ਪਾਰਟੀਆਂ, ਧਾਰਮਿਕ ਸੰਸਥਾਵਾਂ ਅਤੇ ਪੰਜਾਬ ਵਿਰੋਧੀ ਤਾਕਤਾਂ ਸਰਗਰਮ ਹਨ, ਉੱਥੇ ਪੰਜਾਬ ਦੇ ਜਾਗਰੂਕ ਲੋਕ ਵੱਖ-ਵੱਖ ਮੰਚਾਂ ਉੱਤੇ ਲੜਾਈ ਲੜ ਰਹੇ ਹਨ ।ਉਹਨਾਂ ਨੂੰ ਇੱਕਜੁੱਟ ਹੋਣ ਦੀ ਲੋੜ ਹੈ ।ਸਮਾਂ ਹੱਥੋਂ ਨਿਕਲਦਾ ਜਾ ਰਿਹਾ ਹੈ। ਸਮੇਂ ਦੀ ਵਾਗ ਡੋਰ ਆਪਣੇ ਹੱਥ ਵਿੱਚ ਲੈਣ ਲਈ ਹਰ ਪੰਜਾਬੀ ਨੂੰ ਸੁਚੇਤ ਹੋਣ ਦੀ ਲੋੜ ਹੈ।

ਬੁੱਧ ਸਿੰਘ ਨੀਲੋਂ 
9464370823

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੁੱਧ ਚਿੰਤਨ
Next articleਠੋਕਰਾਂ ਖਾ ਖਾ ਕੇ ਬੰਦਾ ਬਣਦਾ_____