ਸਿੱਖ ਕੌਮ ਗੁਰ ਨਾਨਕ ਦੀ ਬਣੀ ਦੁਸ਼ਮਣ ?
ਬੁੱਧ ਸਿੰਘ ਨੀਲੋਂ
(ਸਮਾਜ ਵੀਕਲੀ) ਗੁਰਮਤਿ ਵਿਚਾਰਧਾਰਾ ਦੇ ਆਗੂ ਤੇ ਸਿੱਖ ਕੌਮ ਦੇ ਪਹਿਲੇ ਗੁਰੂ ਨਾਨਕ ਜੀ ਜਿਨ੍ਹਾਂ ਵਹਿਮਾਂ ਭਰਮਾਂ, ਅੰਧਵਿਸ਼ਵਾਸਾਂ, ਪੂਜਾ ਤੇ ਕਰਮਕਾਡਾਂ ਤੋਂ ਗੁਰਬਾਣੀ ਦੇ ਰਾਹੀਂ ਰੋਕਿਆ ਸੀ। ਬਾਬੇ ਨਾਨਕ ਨੇ ਭੁੱਖਿਆਂ ਨੂੰ ਲੰਗਰ ਛਕਾਇਆ ਸੀ, ਅੱਜ ਅਸੀਂ ਰੱਜਿਆ ਨੂੰ ਰਜਾ ਰਹੇ ਹਾਂ। ਤਰ੍ਹਾਂ ਤਰ੍ਹਾਂ ਦੇ ਪਕਵਾਨ ਖਵਾਉਂਦੇ ਨਹੀਂ ਸਗੋਂ ਉਹਨਾਂ ਨਿਰਾਦਰ ਕਰਦੇ ਹਾਂ। ਨਗਰ ਕੀਰਤਨ ਤੇ ਪ੍ਰਭਾਤ ਫੇਰੀਆਂ ਮੌਕੇ ਤੜਕੇ ਤੜਕੇ ਛੋਲੇ ਪੂਰੀਆਂ ਦਾ ਲੰਗਰ ਛਕਾਇਆ ਜਾਂਦਾ ਹੈ। ਨਗਰ ਕੀਰਤਨ ਦੌਰਾਨ ਜਿਹੜੇ ਤਰ੍ਹਾਂ ਤਰ੍ਹਾਂ ਦੇ ਲੰਗਰ ਲੱਗਦੇ ਹਨ,ਉਹ ਛਕੇ ਘੱਟ ਤੇ ਬਰਬਾਦ ਵਧੇਰੇ ਕੀਤੇ ਜਾਂਦੇ ਹਨ। ਨਗਰ ਕੀਰਤਨ ਦੌਰਾਨ ਜਿਹੜਾ ਸ਼ਹਿਰ ਤੇ ਪਿੰਡਾਂ ਵਿੱਚ ਗੰਦ ਪਾਇਆ ਜਾਂਦਾ ਹੈ, ਉਸਦਾ ਸਿੱਖ ਧਰਮ, ਸਿੱਖ ਵਿਚਾਰਧਾਰਾ ਨਾਲ ਕੋਈ ਸਬੰਧ ਨਹੀਂ। ਅੱਜ ਸਿੱਖ ਉਹ ਸਾਰੀਆਂ ਹੀ ਮਨ ਮੰਤੀਆਂ ਕਰਦੇ ਨਜ਼ਰ ਆ ਰਹੇ ਹਨ। ਕਿਸੇ ਵੀ ਸਿੱਖ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹਨ ਦੀ ਕੋਸ਼ਿਸ਼ ਹੀ ਨਹੀਂ ਕੀਤੀ, ਸਗੋਂ ਉਸਨੂੰ ਮੱਥੇ ਟੇਕਣ ਤੇ ਸੁੱਖਾਂ ਪੂਰੀਆਂ ਕਰਨ ਲਈ ਇੱਕ ਵੱਖਰਾ ਰਸਤਾ ਬਣਾ ਲਿਆ ਹੈ। ਇਹ ਉਹ ਰਸਤਾ ਹੈ ਜਿਹੜਾ ਚਾਨਣ ਤੋਂ ਹਨੇਰ ਵੱਲ ਨੂੰ ਜਾਂਦਾ ਹੈ। ਗੁਰਮਤਿ ਵਿਚਾਰਧਾਰਾ ਨੂੰ ਵਪਾਰ ਦਾ ਸਾਧਨ ਬਣਾ ਕੇ ਕੁੱਝ ਸ਼ੈਤਾਨ ਕਿਸਮ ਦੇ ਵਪਾਰੀਆਂ ਨੇ ਪੁਜਾਰੀ ਵਰਗ ਪੈਦਾ ਕਰ ਲਿਆ। ਇਹ ਪੁਜਾਰੀ ਵਰਗ ਆਪਣੇ ਮਨ ਦੀਆਂ ਰੀਝਾਂ ਪੂਰੀਆਂ ਕਰਨ ਲਈ ਸਿੱਖ ਸੰਗਤਾਂ ਨੂੰ ਕੁਰਾਹੇ ਪਾ ਰਿਹਾ ਹੈ। ਇਹਨਾਂ ਨੇ ਆਪਣੀਆਂ ਮਨ ਘੜਤ ਝੂਠੀਆਂ ਕਹਾਣੀਆਂ ਨੂੰ ਵਰਤਮਾਨ ਕਾਲ ਵਿੱਚ ਇਸ ਤਰ੍ਹਾਂ ਗੁਰਬਾਣੀ ਦੀ ਪੁੱਠ ਚਾੜੀ ਹੈ ਕਿ ਅਸੀਂ ਇਹਨਾਂ ਕਥਾਵਾਂ ਉਪਰ ਵਿਸਵਾਸ਼ ਕਰਨ ਲੱਗ ਪਏ ਹਾਂ। ਸਿੱਖ ਇਤਿਹਾਸ ਦੇ ਵਿੱਚ ਐਨੀਆਂ ਮਿਲਾਵਟਾਂ ਤੇ ਮਨ ਘੜਤ ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ ਕਿ ਉਨ੍ਹਾਂ ਨੇ ਸਿੱਖ ਧਰਮ ਤੇ ਗੁਰਬਾਣੀ ਦੀ ਵਿਚਾਰਧਾਰਾ ਕਰਾਮਾਤੀ ਬਣਾ ਦਿੱਤਾ ਹੈ। ਗੁਰਬਾਣੀ ਨੂੰ ਪੜ੍ਹਨ ਤੇ ਸਮਝਣ ਦੀ ਵਜਾਏ ਉਸ ਤੋਂ ਆਪਣੀਆਂ ਅਧੂਰੀਆਂ ਕਾਮਨਾਵਾਂ ਨੂੰ ਪੂਰਾ ਕਰਵਾਉਣ ਦਾ ਜ਼ਰੀਆ ਬਣਾ ਲਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਨੁੱਖ ਦੀ ਜ਼ਿੰਦਗੀ ਦੀ ਉਹ ਕੁੰਜੀ ਹੈ, ਜਿਸਨੂੰ ਪੜ੍ਹਕੇ ਸਾਡੇ ਮਸਤਕ ਦਾ ਤੀਜਾ ਨੇਤਰ ਗਿਆਨ ਦਾ ਖੁੱਲਦਾ ਹੈ। ਅਸੀਂ ਗਿਆਨ ਹਾਸਲ ਕਰਨ ਦੀ ਵਜਾਏ ਅਗਿਆਨਤਾ ਦੀ ਸਿੱਖਿਆ ਹਾਸਲ ਕਰਨ ਲੱਗੇ। ਅਸੀਂ ਗੁਰਬਾਣੀ ਦੀ ਅਸਲੀ ਵਿਚਾਰਧਾਰਾ ਨੂੰ ਸਮਝਿਆ ਹੀ ਨਹੀਂ। ਅਸੀਂ ਗੁਰਬਾਣੀ ਦੇ ਕੋਤਰ ਸੌ ਪਾਠ ਕਰਨ ਦੀ ਅਜਿਹੀ ਲਹਿਰ ਚਲਾਈ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਅਗਲੇ ਵੀਹ ਪੱਚੀ ਸਾਲ ਤੱਕ ਦੀ ਬੁਕਿੰਗ ਹੋ ਚੁੱਕੀ ਹੈ। ਵਿਦੇਸ਼ਾਂ ਵਿੱਚ ਬੈਠੇ ਲੋਕਾਂ ਨੂੰ ਪਹਿਲਾਂ ਚਿੱਠੀ ਵਿੱਚ ਹੁਣ ਵਟਸਐਪ ਉਤੇ ਹੁਕਮਨਾਮਾ ਭੇਜਿਆ ਜਾਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਿਸ ਨੇ ਕੀਤਾ ਤੇ ਕਿਸ ਨੇ ਸੁਣਿਆ ਹੈ ਕੋਈ ਪਤਾ ਨਹੀਂ। ਜਿਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਹੀ ਵਿਚਾਰਧਾਰਾ ਨੂੰ ਸੰਗਤਾਂ ਵਿੱਚ ਲੈਕੇ ਜਾਣਾ ਸੀ , ਉਹਨਾਂ ਨੇ ਸੱਤਾਧਾਰੀ ਹਾਕਮਾਂ ਵਾਲੀ ਨੀਤੀ ਅਪਣਾਈ। ਜਿਵੇਂ ਸਮੇਂ ਦੀਆਂ ਸਰਕਾਰਾਂ ਪਰਜਾ ਵਿਚ ਡਰ ਪੈਦਾ ਕਰਦੇ ਹਨ, ਉਹ ਆਮ ਲੋਕਾਂ ਉਪਰ ਪੁਲਿਸ ਵਲੋਂ ਲਾਠੀਚਾਰਜ ਤੇ ਫੌਜ ਵਲੋਂ ਹਮਲਾ ਕਰਵਾ ਕੇ ਅਵਾਮ ਵਿਚ ਡਰ ਪੈਦਾ ਕਰਦੇ ਹਨ। ਇਸੇ ਤਰ੍ਹਾਂ ਇਸ ਪੁਜਾਰੀ ਵਰਗ ਨੇ ਆਮ ਲੋਕਾਂ ਦੇ ਵਿੱਚ ਹਜ਼ਾਰਾਂ ਤਰ੍ਹਾਂ ਦੇ ਡਰ ਪੈਦਾ ਕਰ ਦਿੱਤੇ ਹਨ। ਲੋਕ ਉਹਨਾਂ ਡਰਾਂ ਨੂੰ ਦੂਰ ਕਰਨ ਲਈ ਇਹਨਾਂ ਧਾਰਮਿਕ ਅਸਥਾਨਾਂ ਉਤੇ ਸੁੱਖਾਂ ਸੁੱਖਣ ਤੇ ਉਤਾਰਨ ਜਾਂਦੇ ਹਨ। ਉਹਨਾਂ ਨੂੰ ਡਰਾਇਆ ਹੀ ਇਹਨਾਂ ਧਰਮ ਦੇ ਪੁਜਾਰੀਆਂ ਵਲੋਂ ਐਨਾ ਜਾਂਦਾ ਹੈ ਕਿ ਉਹਨਾਂ ਦਾ ਆਪਣਾ ਦਿਮਾਗ ਕੰਮ ਕਰਨਾ ਬੰਦ ਕਰ ਦਿੰਦਾ ਹੈ। ਸਿੱਖ ਧਰਮ ਦੇ ਨਾਂਅ ਉਤੇ ਲਿਖੀਆਂ ਹੋਈਆਂ ਸਾਖੀਆਂ ਤੇ ਗ੍ਰੰਥਾਂ ਨੇ ਸਿੱਖ ਕੌਮ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨਾਲੋਂ ਤੋੜ ਕੇ ਦੇਹਧਾਰੀ ਗੁਰੂ ਨਾਲ਼ ਜੋੜਿਆ ਹੈ। ਸਾਖੀਕਾਰਾਂ ਨੇ ਸਾਖੀ ਵਿੱਚ ਅਜਿਹੀਆਂ ਘਟਨਾਵਾਂ ਸਿਰਜੀਆਂ ਹਨ ਕਿ ਉਹ ਗੁਰਬਾਣੀ ਦੀ ਵਿਚਾਰਧਾਰਾ ਤੋਂ ਉਲਟ ਹਨ। ਮਨੁੱਖੀ ਜ਼ਿੰਦਗੀ ਵਿੱਚ ਕਰਾਮਾਤ ਦੀ ਕੋਈ ਵੀ ਹੋਂਦ ਨਹੀਂ ਪਰ ਸਾਖੀਆਂ ਦੇ ਵਿੱਚ ਕਰਾਮਾਤਾਂ ਹੀ ਨਹੀਂ ਸਗੋਂ ਗੁਰੂ ਸਾਹਿਬਾਨ ਦੇ ਜੀਵਨ ਦੇ ਨਾਲ ਗ਼ਲਤ ਕਹਾਣੀਆਂ ਵੀ ਜੋੜੀਆਂ ਗਈਆਂ ਹਨ। ਦੁੱਖ ਦੀ ਗੱਲ ਇਹ ਹੈ ਕਿ ਪੁਜਾਰੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਦੀ ਵਿਆਖਿਆ ਕਰਨ ਦੀ ਵਜਾਏ ਇਹਨਾਂ ਸਾਖੀਆਂ ਨੂੰ ਪ੍ਰਮਾਣਿਕ ਬਣਾਉਣ ਦੀ ਕੋਸ਼ਿਸ਼ ਕੀਤੀ। ਇਹੋ ਹੀ ਕਾਰਨ ਹੈ ਕਿ ਅੱਜ ਪਖੰਡ ਤੇ ਕਰਮਕਾਂਡ ਐਨੇ ਵੱਧ ਗਏ ਹਨ ਕਿ ਮਿਥਿਹਾਸ ਵੀ ਇਹਨਾਂ ਪੁਜਾਰੀਆਂ ਨੇ ਇਤਿਹਾਸ ਬਣਾ ਦਿੱਤਾ ਹੈ। ਅਸੀਂ ਗੁਰਦੁਆਰਾ ਸਾਹਿਬ ਪੱਕੇ ਬਣਾ ਲਏ ਹਨ, ਪਰ ਗੁਰਬਾਣੀ ਨਾਲੋਂ ਟੁੱਟ ਗਏ ਹਾਂ। ਇਸੇ ਕਰਕੇ ਅਸੀਂ ਦੁੱਖਾਂ ਦੇ ਸ਼ਿਕਾਰ ਹੋ ਰਹੇ ਹਾਂ। ਗੁਰਬਾਣੀ ਜੀਵਨ ਜਾਂਚ ਸਿਖਾਉਂਦੀ ਹੈ, ਉਸਨੂੰ ਸਮਝਣ ਦੀ ਲੋੜ ਹੈ ਨਾ ਕਿ ਉਹ ਕਰਮਕਾਂਡਾਂ ਦੀ ਪੂਜਾ ਕਰਨ ਦੀ ਲੋੜ ਹੈ, ਜਿਹਨਾਂ ਤੋਂ ਗੁਰੂ ਸਾਹਿਬ ਜੀ ਨੇ ਗੁਰਬਾਣੀ ਦੇ ਰਾਹੀਂ ਰੋਕਿਆ ਸੀ। ਪੰਜਾਬ ਦੇ ਵਿੱਚ ਜ਼ਾਤ ਪਾਤ, ਊਚ ਨੀਚ ਐਨਾ ਬੋਲਬਾਲਾ ਹੈ ਕਿ ਐਨਾ ਕਿਸੇ ਹੋਰ ਧਰਮ ਵਿੱਚ ਨਹੀਂ। ਅਸੀਂ ਹਰ ਗੱਲ ਨੂੰ ਫੈਸ਼ਨ ਬਣਾ ਲਿਆ ਹੈ। ਸਾਡੇ ਕਾਰਸੇਵਾ ਵਾਲੇ ਬਾਬਿਆਂ ਨੇ ਸਿੱਖ ਇਤਿਹਾਸ ਦੀ ਯਾਦਗਾਰਾਂ ਨੂੰ ਖਤਮ ਕਰਕੇ ਸੰਗਮਰਮਰ ਵਿੱਚ ਮਨ ਦਿੱਤਾ ਹੈ। ਇਹਨਾਂ ਕਾਰਸੇਵਾ ਵਾਲੇ ਬਾਬਿਆਂ ਦਾ ਸਿੱਖ ਧਰਮ ਤੇ ਇਤਿਹਾਸ ਨਾਲ ਦੂਰ ਨੇੜੇ ਦਾ ਵਾਸਤਾ ਨਹੀਂ। ਇਹਨਾਂ ਨੂੰ ਫੰਡਿੰਗ ਕੌਣ ਕਰਦਾ ਹੈ,ਇਹ ਵੀ ਖੋਜ ਦਾ ਵਿਸ਼ਾ ਹੈ ਪਰ ਖੋਜ ਕੌਣ ਕਰੇ? ਮਾਮਲਾ ਧਰਮ ਦਾ ਹੈ। ਪੰਜਾਬ ਦੇ ਵਿੱਚ ਡੇਰਿਆਂ ਦੀ ਐਨੀਂ ਭਰਮਾਰ ਹੋ ਗਈ ਹੈ ਓਨੇ ਪੰਜਾਬ ਦੇ ਪਿੰਡ ਨਹੀਂ ਜਿੰਨੇ ਡੇਰੇ ਹਨ। ਇਹਨਾਂ ਡੇਰਿਆਂ ਦਾ ਕਾਰੋਬਾਰ ਵਧੀਆ ਚੱਲ ਰਿਹਾ ਹੈ। ਸੰਤ ਤੇ ਬਾਬਾ ਐਨੇ ਹੋ ਗਏ ਕਿ ਮਹਾਂ ਗਿਆਨੀ ਕੋਈ ਬ੍ਰਹਮ ਗਿਆਨੀ ਬਣ ਗਏ ਹਨ। ਉਹਨਾਂ ਨੇ ਸਿੱਖ ਧਰਮ ਦਾ ਪ੍ਰਚਾਰ ਕਰਨ ਦੀ ਵਜਾਏ ਆਪਣੇ ਡੇਰਿਆਂ ਨੂੰ ਪ੍ਰਫੁੱਲਿਤ ਕੀਤਾ। ਇਹੋ ਹੀ ਕਾਰਨ ਹੈ ਕਿ ਪੰਜਾਬ ਦੇ ਬਹੁਗਿਣਤੀ ਲੋਕ ਇਨ੍ਹਾਂ ਡੇਰਿਆਂ ਦੇ ਪੈਰੋਕਾਰ ਹਨ। ਜਿਹਨਾਂ ਨੇ ਸਿੱਖ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਸੀ ਉਹ ਗੋਲਕਾਂ ਉਪਰ ਕਾਬਜ਼ ਹੋ ਕੇ ਬਹਿ ਗਏ ਹਨ। ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਲਈ ਲਾਠੀਚਾਰਜ ਤੇ ਕਤਲ ਹੋ ਰਹੇ ਹਨ। ਸਿੱਖ ਕੌਮ ਆਪਣੇ ਮਾਣਮੱਤੇ ਇਤਿਹਾਸ ਤੇ ਵਿਰਾਸਤ ਨੂੰ ਸੰਭਾਲਣ ਦੀ ਵਜਾਏ ਇਸ ਵੱਲ ਪਿੱਠ ਕਰ ਕੇ ਖੜ ਗਈ ਹੈ। ਇਤਿਹਾਸ ਕਿਵੇਂ ਬਦਲਿਆ ਗਿਆ ਤੇ ਬਦਲਿਆ ਜਾ ਰਿਹਾ ਹੈ, ਇਸ ਪਾਸੇ ਕਿਸੇ ਸਿੱਖ ਜਥੇਬੰਦੀ ਤੇ ਸਿੱਖ ਬੁੱਧੀਜੀਵੀ ਦਾ ਧਿਆਨ ਨਹੀਂ। ਸਿੱਖ ਕੌਮ ਨੂੰ ਕੁਰਾਹੇ ਪਾਉਣ ਵਾਲਿਆਂ ਦੀ ਅਸੀਂ ਕਦੋਂ ਸ਼ਨਾਖਤ ਕਰਨ ਦੀ ਕੋਸ਼ਿਸ਼ ਕਰਾਂਗੇ ? ਜਾਂ ਫਿਰ ਅਸੀਂ ਇਹਨਾਂ ਕਰਮਕਾਂਡਾ ਨੂੰ ਪ੍ਰਮਾਣਿਕ ਬਣਾਉਣ ਲਈ ਭੇਡਾਂ ਬੱਕਰੀਆਂ ਬਣੇਂ ਰਹਾਂਗੇ?
—–
ਬੁੱਧ ਸਿੰਘ ਨੀਲੋਂ
9464370823
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly