ਚਿੜੀ ਵਿਚਾਰੀ ਕੀ ਕਰੇ?
ਭਾਗ ਦੂਜਾ
ਬੁੱਧ ਸਿੰਘ ਨੀਲੋਂ
(ਸਮਾਜ ਵੀਕਲੀ) ਮਃ ੧ ॥ ਨਾਵਣ ਚਲੇ ਤੀਰਥੀ ਮਨਿ ਖੋਟੈ ਤਨਿ ਚੋਰ ॥ ਇਕੁ ਭਾਉ ਲਥੀ ਨਾਤਿਆ ਦੁਇ ਭਾ ਚੜੀਅਸੁ ਹੋਰ ॥ ਬਾਹਰਿ ਧੋਤੀ ਤੂਮੜੀ ਅੰਦਰਿ ਵਿਸੁ ਨਿਕੋਰ ॥ ਸਾਧ ਭਲੇ ਅਣਨਾਤਿਆ ਚੋਰ ਸਿ ਚੋਰਾ ਚੋਰ ॥੨॥ (ਪੰਨਾ ੭੮੯)
ਸਾਡਾ ਜਿਊਣਾ ਦੁੱਭਰ ਕਰਨ ਵਾਲ਼ਿਆਂ ਦੀ ਸੰਘੀ ਘੁੱਟਣ ਦੀ ਬਜਾਏ ਅਸੀਂ ਉਹਨਾਂ ‘ਸੰਘੀਆਂ’ ਦੇ ਸੰਗੀ ਸਾਥੀ ਬਣ ਕੇ ਉੱਚੀ ਉੱਚੀ ‘ਜੈਕਾਰੇ’ ਲਾਉਣ ਦੇ ਆਦੀ ਹੋ ਗਏ ਹਾਂ ਜਿਹਨਾਂ ਦਾ ਇਹ ਸਾਰਾ ਪਖੰਡ ਰਚਾਇਆ ਹੋਇਆ ਹੈ। ਪੁਜਾਰੀ ਅੱਗੇ ਗੋਡੇ ਟੇਕਣ ਵਾਲ਼ੀ ਸਾਡੀ ਇਹ ਆਦਤ ਪੀੜ੍ਹੀ ਦਰ ਪੀੜ੍ਹੀ ਚਲਦੀ ਆ ਰਹੀ ਹੈ। ਅਸਾਂ ਬਾਬਾ ਨਾਨਕ ਦੀ ਉਮਰ ਭਰ ਦੀ ਮਿਹਨਤ ਤੇ ਵੀ ਪਾਣੀ ਫੇਰ ਛੱਡਿਆ ਹੈ। ਉਹਨਾਂ ਦੇ ਵਿਰੋਧੀਆਂ ਦੇ ਚੁੱਕੇ ਚੁਕਾਏ ਜਿਹੜੇ ਲੋਕਾਂ ਦੇ ਪੈਰਾਂ ਹੇਠ ਬਟੇਰਾ ਆ ਗਿਆ ਹੈ, ਉਹ ਦੂਜਿਆਂ ਨੂੰ ਨਸੀਹਤਾਂ ਦੇਣ ਲਈ ਲੋਕਤੰਤਰ ਦੀਆਂ ਚੋਰ ਮੋਰੀਆਂ ਰਾਹੀਂ ਆਪ ‘ਪੁਜਾਰੀ ਤੇ ਵਪਾਰੀ’ ਬਣ ਗਏ ਹਨ।
ਇਹ ਸ਼ਬਦਾਂ ਦੇ ‘ਪੁਜਾਰੀ ਤੇ ਵਪਾਰੀ’ ‘ਸੱਤਾ’ ਦੇ ਇਮਾਨਦਾਰ ਸੇਵਕ’ ਹਨ। ਜਿਹੜੇ ਸਰਕਾਰ ਦੀ ‘ਕੀਤੀ ਸੇਵਾ’ ਨੂੰ ਹੁਣ ‘ਲੋਕ ਸੇਵਾ’ ਵਿੱਚ ਤਬਦੀਲ ਕਰਨ ਲਈ ਕਦੇ ਚੂਹਿਆਂ ਵਾਂਗੂੰ ਘਾਹ ਕੁਤਰਨ ਲੱਗਦੇ ਹਨ, ਕਦੇ ਲਲਾਰੀ ਦੀ ਦੁਕਾਨ ਵਿੱਚੋਂ ਰੰਗ ਚੁਰਾ ਕੇ ‘ਸ਼ੇਰ’ ਬਣ ਰਹੇ ਹਨ। ਸਰਕਾਰ ਕਿਸੇ ਵੀ ਵਿਚਾਰਧਾਰਾ ਵਾਲ਼ੀ ਹੋਵੇ, ਪੁਜਾਰੀ ਉਸ ਵਿੱਚ ਆਪਣਾ ਕਰੂਰਾ ਜ਼ਰੂਰ ਰਲ਼ਾ ਲੈਂਦਾ ਹੈ। ਇਸੇ ਕਰਕੇ ਡਰਦਾ ਮਾਰਾ ਬੰਦਾ ਉਨ੍ਹਾਂ ਦੀ ਝਿੜਕ ਦਾ ਬੁਰਾ ਵੀ ਨਹੀਂ ਮਨਾਉਂਦਾ।
ਅੰਗਰੇਜ਼ਾਂ ਦੇ ਮਾਫੀ ਦੇ ਸਰਟੀਫਿਕੇਟ ਵਾਲ਼ੇ ਲੋਕ ਜਦੋਂ ਕੁਰਸੀਆਂ ਉਤੇ ਬਿਰਾਜਮਾਨ ਹਨ ਤਾਂ ਇਨ੍ਹਾਂ ਨੇ ਕਿਸੇ ਨੂੰ ਵੀ ਆਪਣੇ ਲਵੇ ਨਾ ਲੱਗਣ ਦਿੱਤਾ ਤੇ ਨਾ ਕਿਸੇ ਨੂੰ ‘ਕਿਰਤ ਦੇ ਲੜ’ ਲਾਇਆ, ਸਗੋਂ ਮਿਹਨਤ ਦੀ ਰੋਟੀ ਖਾਂਦਿਆਂ ਦੇ ਮੂੰਹਾਂ ਵਿੱਚੋਂ ਬੁਰਕੀਆਂ ਹੀ ਖੋਂਹਦੇ ਰਹੇ ਹਨ। ਖੋਹ ਕੇ ਖਾਣ ਦੀ ਆਦਤ ਨੇ ਇਨ੍ਹਾਂ ਨੂੰ ‘ਸੱਤਾ’ ਦੇ ਆੜ੍ਹਤੀਏ ਬਣਾ ਦਿੱਤਾ ਹੈ। ਇਨ੍ਹਾਂ ਆੜ੍ਹਤੀਆਂ ਨੂੰ ਨਾ ਤਾਂ ਉਤਪਾਦਕਾਂ ਦਾ ਤੇ ਨਾ ਹੀ ਖਪਤਕਾਰਾਂ ਦਾ ਕੋਈ ਫ਼ਿਕਰ ਹੁੰਦਾ ਹੈ। ਇਹ ਤਾਂ ਦੋਵੇਂ ਹੱਥੀਂ ਲੁੱਟਦੇ ਹਨ ਤੇ ਆਪਣੇ ਹੱਥ ਰੰਗਦੇ ਹਨ।
ਸੱਤਾ ਦੇ ਦਲਾਲਾਂ ਨੇ ਸਾਨੂੰ ਕਿਰਤੀ ਤੋਂ ਭਿਖਾਰੀ ਬਣਾ ਕੇ ਰੱਖ ਦਿੱਤਾ ਹੈ। ਅਸੀਂ ਮੁਫ਼ਤ ਆਟਾ-ਦਾਲ਼ ਵੰਡਦੀਆਂ ਦੁਕਾਨਾਂ ਦੀਆਂ ਲਾਈਨਾਂ ਵਿੱਚ ਮੂਹਰੇ ਲੱਗਣ ਲਈ ਇੱਕ ਦੂਜੇ ਦੇ ਪੈਰ ਮਿੱਧਦੇ ਹਾਂ। ਅਸੀਂ ਭਿਖਾਰੀ ਬਣਨ ਦੇ ਲਈ ਤਾਂ ਜੰਗ ਲੜਦੇ ਹਾਂ ਪਰ ਕਿਰਤ ਮੰਗਣ ਲਈ ਚੁੱਪ ਹਾਂ। ਸੱਤਾ ਦੇ ਵਪਾਰੀ, ਅਧਿਕਾਰੀ, ਪੁਜਾਰੀ ਤੇ ਲਿਖਾਰੀ ਰਲ਼ ਮਿਲ਼ ਕੇ ਸਾਨੂੰ ਦੰਦ-ਹੀਣ ਕਰ ਰਹੇ ਹਨ। ਅਸੀਂ ਮਿੱਟੀ ਖਾਣੇ ਸੱਪ ਬਣੇ ਸੱਤਾ ਦੀ ਬੀਨ ਅੱਗੇ ਭੁੱਖੇ ਢਿੱਡ ਤਾਂਡਵ ਨਾਚ ਕਰ ਰਹੇ ਹਾਂ।
ਜਿਹੜੇ ਸੱਤਾ ਦੇ ਦਲਾਲ ਸਾਰੀ ਉਮਰ ਭ੍ਰਿਸ਼ਟ ਰਹੇ ਹਨ, ਉਹ ਹੁਣ ਦੂਜਿਆਂ ਨੂੰ ਆਪਣੇ ਹੱਥ ਪਾਕ ਸਾਫ਼ ਰੱਖਣ ਲਈ ‘ਹੁਕਮਨਾਮਾ’ ਜਾਰੀ ਕਰਦੇ ਹਨ, ਪਰ ਉਨ੍ਹਾਂ ਨੂੰ ਇਹ ਪਤਾ ਨਹੀਂ ਕਿ ‘ਹੁਕਮ’ ਤਾਂ ਬਹੁਤ ਦੇਰ ਪਹਿਲਾਂ ਹੀ ਹੋ ਗਿਆ ਸੀ, “ਹੁਕਮੈ ਅੰਦਰਿ ਸਭ ਕੋ ਬਾਹਰਿ ਹੁਕਮ ਨ ਕੋਇ ॥”
ਜਦੋਂ ਸਾਡੀ ਧਰਤੀ ਹੋਂਦ ਵਿੱਚ ਆਈ ਤਾਂ ਕਰੋੜਾਂ ਸਾਲਾਂ ਬਾਅਦ ਇੱਥੇ ਜੀਵਨ ਦੀ ਰੌਂਅ ਰੁਮਕਣ ਲੱਗੀ। ਕਰੋੜਾਂ ਸਾਲਾਂ ਤੱਕ ਵਿਕਾਸ ਦਾ ਪਹੀਆ ਘੁੰਮਦਾ ਰਿਹਾ ਤਾਂ ਜਾਕੇ ਕਿਤੇ ਮਨੁੱਖ ਦਾ ਜਨਮ ਹੋਇਆ। ਇਸ ਵਿਕਾਸ ਨੂੰ ਵਿਨਾਸ਼ ਦੇ ਰਸਤੇ ਤੇ ਤੋਰਨ ਲਈ ਸ਼ੈਤਾਨ ਦਿਮਾਗ ਲੋਕਾਂ ਨੇ ਧਰਮ, ਜਾਤ ਅਤੇ ਫਿਰਕੇ ਬਣਾ ਲਏ। ਪ੍ਰਚਾਰ ਲਈ ਪੁਜਾਰੀ, ਗ੍ਰੰਥੀ, ਉਸਤਾਦ ਗੁਰੂ ਤੇ ਆਸ਼ਰਮ ਖੋਲ੍ਹ ਲਏ। ਇਨ੍ਹਾਂ ਆਸ਼ਰਮਾਂ ਵਿੱਚ ਮਨੁੱਖ ਨੂੰ ਚੰਗਾ ਇਨਸਾਨ ਬਣਨ ਦਾ ਨਹੀਂ ਸਗੋ ਡਰ ਦਾ ਪਾਠ ਪੜ੍ਹਾਇਆ ਜਾਣ ਲੱਗ ਪਿਆ ਜੋ ਅੱਜ ਵੀ ਡੰਕੇ ਦੀ ਚੋਟ ਤੇ ਪੜ੍ਹਾਇਆ ਜਾ ਰਿਹਾ ਹੈ । ਕੀ ਗਰੀਬ ਤੇ ਕੀ ਅਮੀਰ, ਕੀ ਅਨਪੜ੍ਹ ਤੇ ਕੀ ਪੜ੍ਹੇ ਲਿਖੇ, ਸਭ ਨੂੰ ਇਕਵੱਢਿਓਂ ਅਗਲੇ ਪਿਛਲੇ ਜਨਮਾਂ ਦੇ ਚੱਕਰ ਵਿੱਚ ਉਲ਼ਝਾ ਲਿਆ ਗਿਆ ਹੈ।
ਕਰਮਕਾਂਡੀ ਧਰਮਾਂ ਦੇ ਪੁਜਾਰੀਆਂ ਨੇ ਮੂਲ਼ ਨਿਵਾਸੀ, ਸਿੱਧੇ ਸਾਦੇ ਲੋਕਾਂ ਨੂੰ ਏਨਾ ਕੁੱਟਿਆ, ਏਨਾ ਲਤਾੜਿਆ ਕਿ ਉਹਨਾਂ ਦੀਆਂ ਅਗਲੀਆਂ ਪੀੜ੍ਹੀਆਂ ਦੇ ਮਨਾਂ ਅੰਦਰ ਵੀ ਨਰਕ-ਸਵਰਗ’ ਦਾ ਡਰ ਪੱਕਾ ‘ਘਰ’ ਬਣਾਕੇ ਬੈਠ ਗਿਆ। ਜਿਹੜੀ ਵਸਤੂ ‘ਘਰ’ ਵਿੱਚ ਤਬਦੀਲ ਹੋ ਜਾਵੇ, ਉਸ ਤੋਂ ਖਹਿੜਾ ਛੁਡਾਉਣਾ ਬਹੁਤ ਔਖਾ ਹੁੰਦਾ ਹੈ ਕਿਉਂਕਿ ਹਰ ਮਨੁੱਖ ਆਪਣੇ ਘਰ ਦੇ ਨਾਲ਼ ਧੁਰ ਅੰਦਰੋਂ ਜੁੜਿਆ ਹੁੰਦਾ ਹੈ। ਜੁੜੇ ਹੋਏ ਨੂੰ ਤੋੜਨਾ ਬਹੁਤ ਔਖਾ ਹੈ। ਅਸੀਂ ‘ਡਰ’ ਦੀ ਜ਼ਿੰਦਗੀ ਜਿਊਣ ਲਈ ਜੁੱਗਾਂ ਜੁਗਾਂਤਰਾਂ ਤੋਂ ਇਸਦੇ ਆਦੀ ਬਣੇ ਹੋਏ ਹਾਂ।
ਪਰ ਅਸੀਂ ਉਸ ‘ਜੁਗਾਂਤਰਾਂ’ ਦੇ ਸਫ਼ਰ ਨੂੰ ਹੀ ਨਹੀਂ ਭੁੱਲੇ ਸਗੋਂ ਪੰਜਾਬ ਦੇ ਜੁਗ ਪਲ਼ਟਾਊ ਗਦਰੀ ਬਾਬਿਆਂ ਨੂੰ ਵੀ ਭੁੱਲ ਗਏ ਹਾਂ, ਜਿਨ੍ਹਾਂ ਨੇ ਸਾਡੀ ਗੁਲਾਮੀ ਦੀਆਂ ਜੰਜੀਰਾਂ ਤੋੜਨ ਲਈ ‘ਗਦਰ’ ਲਹਿਰ ਦੀ ਨੀਂਹ ਰੱਖੀ ਸੀ। ਉਹਨਾਂ ਸੂਰਮਿਆਂ ਨੇ ਦੇਸ਼ਵਾਸੀਆਂ ਨੂੰ ਇਸ ਵਿੱਚ ਸ਼ਾਮਲ ਹੋਣ ਲਈ ਲਲਕਾਰਿਆ, ਪਰ ਓਹਨਾਂ ਅੱਗਿਓਂ ਚੁੱਪ ਦਾ ਰਾਗ ਛੇੜ ਲਿਆ ਤੇ ਫਿਰ ਸਭ ਕੁਝ ਭੁੱਲ ਭੁਲਾ ਗਏ । ਇਸੇ ਕਰਕੇ ਅਸੀਂ ਹਰ ਪਲ ਡਰਨ ਤੇ ਮਰਨ ਦੀ ਜੂਨ ਭੋਗ ਰਹੇ ਹਾਂ। ਅਸੀਂ ਜੰਗਲ਼ ਵਿੱਚ ਲੱਗੀ ਅੱਗ ਨੂੰ ਚੁੰਝ ਭਰ ਪਾਣੀ ਨਾਲ਼ ਬੁਝਾਉਣ ਵਾਲ਼ੀ ਮਿਹਨਤਕਸ਼ ‘ਚਿੜੀ’ ਦੇ ਸਾਥੀ ਤਾਂ ਨਾ ਬਣੇ, ਸਗੋਂ ਮਰ ਗਿਆਂ ਦੀਆਂ ‘ਫਿਲਮਾਂ’ ਬਣਾ ਬਣਾ ਕੇ ਸੋਸ਼ਲ ਮੀਡੀਏ ‘ਤੇ ਪਾਉਣ ਵਾਲੇ ਤਮਾਸ਼ਬੀਨ ਬਣ ਗਏ ਹਾਂ। ਹੁਣ ਅਸੀਂ ਬਾਜਾਂ, ਬਘਿਆੜਾਂ, ਗਿੱਦੜਾਂ, ਲੱਕੜਬੱਗਿਆਂ ਤੇ ਕੁੱਤਿਆਂ ਦੇ ਸਾਥੀ ਬਣ ਗਏ ਹਾਂ। ਇਸੇ ਕਰਕੇ ਹੁਣ ਅਸੀਂ ਇਹ ਕਹਿਣ ਜੋਗੇ ਹੀ ਰਹਿ ਗਏ ਹਾਂ ਕਿ ‘ਚਿੜੀ’ ਵਿਚਾਰੀ ਕੀ ਕਰੇ? ਪਰ ਉਹ ਤਾਂ ਉਸਦਾ ਮਾਸ ਨੋਚਣ ਵਾਲ਼ਿਆਂ ਦੀ ਸਤਾਈ ਤੇ ਡਰਾਈ ਹੋਈ ਜੁਗਾਂ ਜੁਗਾਂਤਰਾਂ ਤੋਂ ਠੰਢਾ ਪਾਣੀ ਪੀ-ਪੀ ਕੇ ਮਰ ਰਹੀ ਹੈ। ਹੁਣ ਇਹ ਅਸੀਂ ਸੋਚਣਾ ਹੈ ਕਿ ਅਸਾਂ ਕਿਹੜੀ ਧਿਰ ਨਾਲ਼ ਖੜ੍ਹਨਾ ਹੈ।
ਚੱਲਦਾ
ਬੁੱਧ ਸਿੰਘ ਨੀਲੋਂ
9464370823
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly