ਰੋਸ ਕਰਨ ਦਾ ਤਰੀਕਾ, ਪੁਰਸਕਾਰ ਵਾਪਸ
ਬੁੱਧ ਸਿੰਘ ਨੀਲੋਂ
(ਸਮਾਜ ਵੀਕਲੀ) ਪੰਜਾਬ ਵਿੱਚ ਹਰ ਖੇਤਰ ਵਿੱਚ ਪੁਰਸਕਾਰ, ਇਨਾਮ, ਅਹੁਦਾ ਹਥਿਆਉਣ ਲਈ ਇੱਕ ਦੂਜੇ ਦੇ ਸਿਰ ਉੱਤੇ ਪੈਰ ਰੱਖ ਕੇ ਦੌੜ ਲੱਗੀ ਹੋਈ ਹੈ। ਇਸ ਦੌੜ ਵਿੱਚ ਹਰ ਉਮਰ, ਹਰ ਜਾਤ ਤੇ ਸੰਸਥਾਵਾਂ ਦੇ ਲੋਕ ਹਰ ਵੇਲੇ ਤਿਆਰ ਰਹਿੰਦੇ ਹਨ। ਉਹ ਮੌਕੇ ਦੀ ਤਲਾਸ਼ ਵਿੱਚ ਰਹਿੰਦੇ ਹਨ, ਬੀਤੇ ਤਾਂ ਪੁਰਸਕਾਰ ਤੇ ਇਨਾਮ ਸਨਮਾਨ ਦੇਣ ਵਾਲੀਆਂ ਸੰਸਥਾਵਾਂ ਦੇ ਵਿੱਚ ਕਨਸੋਅ ਰੱਖਦੇ ਹਨ। ਇਹ ਕੋਈ ਨਵਾਂ ਰੁਝਾਨ ਨਹੀਂ ਹੈ। ਇਹ ਪਿਛਲੇ ਛੇ ਦਹਾਕਿਆਂ ਤੋਂ ਵਾਪਰ ਰਹੀਆਂ ਹਨ। ਕੁੱਝ ਵਰ੍ਹੇ ਜਦੋਂ ਇਤਿਹਾਸਕ ਨਾਵਲਕਾਰ ਮਨਮੋਹਨ ਬਾਵਾ ਨੂੰ ਨਜ਼ਰ ਅੰਦਾਜ਼ ਕਰਕੇ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਕਿਸੇ ਹੋਰ ਨੂੰ ਦਿੱਤਾ ਗਿਆ ਸੀ। ਉਸ ਵੇਲੇ ਕਮੇਟੀ ਦੇ ਮੈਂਬਰ ਪ੍ਰਸਿੱਧ ਅਲੋਚਕ ਡਾ. ਹਰਿਭਜਨ ਸਿੰਘ ਭਾਟੀਆ ਨੇ ਇਸ ਦਾ ਵਿਰੋਧ ਲਿਖ਼ਤੀ ਪੱਤਰ ਵਿੱਚ ਕੀਤਾ ਸੀ। ਇਸ ਦਾ ਅਸਰ ਕਿੰਨਾਂ ਕੁ ਹੋਵੇਗਾ ਇਹ ਤਾਂ ਅਗਲੇ ਸਮਿਆਂ ਵਿੱਚ ਪਤਾ ਲੱਗੇਗਾ। ਹੁਣੇ ਹੀ ਭਾਸ਼ਾ ਵਿਭਾਗ ਪੰਜਾਬ ਨੇ ਸਰਵੋਤਮ ਪੁਸਤਕ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ। ਇਹ ਕਿੰਨੀਆਂ ਕਿਤਾਬਾਂ ਦੇ ਮੁਕਾਬਲੇ ਵਿਚੋਂ ਦਿੱਤਾ ਗਿਆ ਹੈ, ਇਹ ਨਹੀਂ ਦੱਸਿਆ ਗਿਆ। ਪੰਜਾਬੀ ਸਾਹਿਤਕਾਰਾਂ ਵਿੱਚ ਚਰਚਾ ਹੈ, ਪੁਰਸਕਾਰ ਹਾਸਲ ਕਰਨ ਵਾਲਿਆਂ ਵਿਚੋਂ ਦੋ ਲੇਖਕ ਅਜਿਹੇ ਹਨ ਜਿਨ੍ਹਾਂ ਨੇ ਪੁਰਸਕਾਰ ਲੈਣ ਵਿੱਚ ਪਹਿਲਾਂ ਹੀ ਮੋਹਰੀ ਹਨ। ਖ਼ੈਰ ਆਪਾਂ ਕੀ ਲੈਣਾ, ਸਾਨੂੰ ਕਿਹੜਾ ਪੁਰਸਕਾਰ ਲੈਣ ਦੀ ਲੋੜ ਹੈ, ਸਾਨੂੰ ਹਰ ਰੋਜ਼ ਪਾਠਕਾਂ ਵੱਲੋਂ ਪੁਰਸਕਾਰ ਦੇਣ ਵਾਲੇ ਹਨ। ਗੱਲ ਤਾਂ ਪੰਜਾਬੀ ਸਾਹਿਤ ਦੇ ਲੇਖਕ ਵਾਹਿਦ ਨੇ ਭਾਸ਼ਾ ਵਿਭਾਗ ਪੰਜਾਬ ਵਲੋਂ ਯੁਵਕ ਪੁਰਸਕਾਰ ਵਾਪਸ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਇੱਕ ਵਾਰੀ ਪ੍ਰਸਿੱਧ ਪੰਜਾਬੀ ਕਵੀ ਡਾਕਟਰ ਸੁਰਜੀਤ ਪਾਤਰ ਨੇ ਵੀ ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕਰਨ ਦਾ ਐਲਾਨ ਕੀਤਾ ਸੀ। ਉਦੋਂ ਇਸ ਪੁਰਸਕਾਰ ਦੀ ਰਕਮ ਵਧਾ ਦਿੱਤੀ ਸੀ। ਉਦੋਂ ਹੀ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ ਸੀ। ਇਸ ਦਿਲ ਦੇ ਦੌਰੇ ਤੋਂ ਕਿਸ ਨੇ ਫਾਇਦਾ ਲਿਆ, ਤੁਸੀਂ ਜਾਣਦੇ ਹੋ। ਕਿਸਾਨ ਮਜ਼ਦੂਰ ਅੰਦੋਲਨ ਵੇਲੇ ਕੇਂਦਰ ਸਰਕਾਰ ਉਤੇ ਦਬਾਅ ਪਾਉਣ ਲਈ ਕੁਝ ਵੱਡੇ ਲੇਖਕਾਂ ਨੇ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕਰਨ ਦਾ ਐਲਾਨ ਕੀਤਾ ਸੀ। ਉਦੋਂ ਲੁਧਿਆਣਾ ਦੇ ਕੁੱਝ ਲੇਖਕਾਂ ਨੇ ਇਕੱਠੇ ਹੋ ਕੇ ਇਕ ਲੇਖਕ ਕੋਲ ਪੁਰਸਕਾਰ ਵਾਪਸ ਕਰਨ ਲਈ ਕਿਹਾ, ਤਾਂ ਉਹ ਮੁੱਛਾਂ ਵਿੱਚ ਹੱਸਦਾ ਹੋਇਆ ਬੋਲਿਆ, ਮਸਾਂ ਮਸਾਂ ਤਾਂ ਇਹ ਪੁਰਸਕਾਰ ਮਿਲਿਆ ਹੈ, ਤੁਸੀਂ ਕਹਿੰਦੇ ਓ ਵਾਪਸ ਕਰ, ਮੈਂ ਤਾਂ ਨੀ ਕਰਦਾ। ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਪੁਰਸਕਾਰਾਂ ਦੇ ਉਪਰ ਦੋ ਸਾਲ ਤੋਂ ਰੋਕ ਲੱਗੀ ਹੋਈ ਹੈ। ਕਿਉਂਕਿ ਇਹ ਕੇਸ ਲੁਧਿਆਣਾ ਵਿੱਚ ਮਾਣਯੋਗ ਸੈਸ਼ਨ ਕੋਰਟ ਵਿੱਚ ਕੇਸ ਚੱਲਦਾ ਹੈ। ਜਿਸ ਦੀ ਅਗਲੇ ਦਿਨਾਂ ਵਿੱਚ ਤਾਰੀਖ ਹੈ। ਇਹ ਕੇਸ ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਵਲੋਂ ਕੀਤਾ ਗਿਆ ਹੈ। ਇਹਨਾਂ ਪੁਰਸਕਾਰਾਂ ਨੂੰ ਕਮੇਟੀ ਵਲੋਂ ਆਪਣੇ ਚਹੇਤਿਆਂ ਤੇ ਚਹੇਤੀਆਂ ਨੂੰ ਮੰਰੂਡਿਆਂ ਵਾਂਗੂੰ ਵੰਡਿਆ ਜਾਂਦਾ ਰਿਹਾ। ਭਾਸ਼ਾ ਵਿਭਾਗ ਪੰਜਾਬ ਨੇ ਪੁਰਸਕਾਰ ਦੇਣ ਲਈ ਕੋਈ ਨਿਯਮ ਨਹੀਂ ਬਣਾਏ ਗਏ। ਇਸੇ ਕਰਕੇ ਕਮੇਟੀ ਮੈਂਬਰਾਂ ਨੇ ਆਪਣਿਆਂ ਨੂੰ ਪੁਰਸਕਾਰ ਵੰਡਦੇ ਰਹੇ। ਜਦੋਂ ਇਹ ਸਭ ਕੁੱਝ ਸੂਚਨਾ ਅਧਿਕਾਰ ਐਕਟ ਤਹਿਤ ਪੁਛਿਆ ਤਾਂ ਬਹੁਤ ਅਹਿਮ ਖੁਲਾਸੇ ਹੋ ਗਏ। ਜਿਸਨੂੰ ਲੈ ਕੇ ਕੋਰਟ ਵਿੱਚ ਚੁਣੌਤੀ ਦਿੱਤੀ ਗਈ। ਮਾਣਯੋਗ ਅਦਾਲਤ ਨੇ ਇਹਨਾਂ ਦੀ ਵੰਡ ਉਤੇ ਰੋਕ ਲਗਾ ਦਿੱਤੀ। ਹੁਣ ਜਿਸ ਦਿਨ ਭਾਸ਼ਾ ਵਿਭਾਗ ਪੰਜਾਬ ਵੱਲੋਂ ਪੁਸਤਕ ਪੁਰਸਕਾਰ ਦੇਣੇ ਹਨ, ਉਸ ਦਿਨ ਹੀ ਕਵੀ ਵਾਹਿਦ ਆਪਣੇ ਪੁਰਸਕਾਰ ਨੂੰ ਵਾਪਸ ਕਰੇਗਾ। ਉਸਦੇ ਇਸ ਅਨੌਖੇ ਢੰਗ ਤਰੀਕੇ ਨੂੰ ਪੰਜਾਬ ਸਰਕਾਰ ਕਿਵੇਂ ਲਵੇਗੀ, ਇਹ ਕਹਿਣਾ ਮੁਸ਼ਕਲ ਹੈ, ਹੁਣ ਦੇਖਣਾ ਇਹ ਹੈ ਕਿ ਕਿਹੜੇ ਕਿਹੜੇ ਲੇਖਕਾਂ ਦੀ ਜ਼ਮੀਰ ਜਾਗਦੀ ਹੈ ? ਉਹ ਵਾਹਿਦ ਦੀ ਹਮਾਇਤ ਕਰਦੇ ਹਨ ਤੇ ਆਪੋ ਆਪਣੇ ਪੁਰਸਕਾਰ ਵਾਪਸ ਕਰਦੇ ਹਨ। ਮੈਨੂੰ ਪੱਕਾ ਯਕੀਨ ਹੈ ਕਿ ਇਸ ਕਦਮ ਵਿੱਚ ਵਾਹਿਦ ਇਕੱਲਾ ਰਹੇਗਾ। ਅਸੀਂ ਉਸ ਦੇ ਇਸ ਤਰੀਕੇ ਦੀ ਹਮਾਇਤ ਕਰਦੇ ਹੋਏ, ਨਾਲ ਹਾਂ। ਹੋ ਸਕਦਾ ਪੰਜਾਬ ਸਰਕਾਰ ਦੀ ਮਰੀ ਹੋਈ ਆਤਮਾ ਜਾਗ ਪਏ।
!
ਬੁੱਧ ਸਿੰਘ ਨੀਲੋਂ
9464370823
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly