ਜ਼ਿੰਦਗੀ ਦੀ ਧੁੱਪ ਤੇ ਛਾਂ!
ਬੁੱਧ ਸਿੰਘ ਨੀਲੋਂ
(ਸਮਾਜ ਵੀਕਲੀ) ਮਨੁੱਖੀ ਜ਼ਿੰਦਗੀ ਵਿੱਚ ਮੁੱਢ ਕਦੀਮ ਤੋਂ ਹੀ ਧੁੱਪ ਤੇ ਛਾਂ ਬਣੀ ਰਹਿੰਦੀ ਹੈ। ਇਹ ਧੁੱਪ ਤੇ ਛਾਂ ਮਨੁੱਖ ਸਮਾਜ ਵਿੱਚ ਦੋ ਧੜਿਆਂ ਵਿੱਚ ਵੰਡ ਦੀ ਹੈ। ਇਹ ਦੋ ਧੜਿਆਂ ਵਿੱਚ ਇੱਕ ਬਾਬੇ ਕਿਆ ਦਾ ਤੇ ਦੂਜਾ ਬਾਬਰ ਕਿਆ ਦਾ ਹੈ। ਇੱਕ ਲੁੱਟਣ ਵਾਲੇ ਤੇ ਲੁੱਟੇ ਜਾਣ ਵਾਲੇ ਹਨ। ਲੁੱਟਣ ਵਾਲੇ ਹਮੇਸ਼ਾ ਧਰਮ, ਜਾਤ, ਜਮਾਤ, ਪਾਰਟੀਆਂ ਬਦਲ ਬਦਲ ਕੇ ਲੁੱਟ ਮਾਰ ਕਰਦੇ ਹਨ। ਲੁੱਟੇ ਜਾਣ ਵਾਲਿਆਂ ਦੀ ਨਾ ਜਾਤ, ਨਾ ਜਮਾਤ, ਨਾ ਧਰਮ ਤੇ ਨਾ ਕੋਈ ਸਿਆਸੀ ਪਾਰਟੀ ਹੈ। ਇਹਨਾਂ ਨੂੰ ਅਜੇ ਤੱਕ ਇਹ ਨਹੀਂ ਪਤਾ ਲੱਗਾ ਕਿ ਉਹਨਾਂ ਦਾ ਹਮਦਰਦ ਕੌਣ ਹੈ? ਇਹ ਤਾਂ ਹਰ ਵਾਰ ਦਿਲੋਂ ਇਮਾਨਦਾਰੀ ਨਾਲ ਮਗਰ ਮਗਰ ਤੁਰ ਪੈਂਦੇ ਹਨ ਕਿ ਇਹ ਜ਼ਰੂਰ ਉਹਨਾਂ ਦੀ ਹਾਲਤ ਬਦਲੇਗਾ। ਉਹ ਹਰ ਵਾਰ ਲੁੱਟੇ ਜਾਂਦੇ ਹਨ। ਸਦੀਆਂ ਤੋਂ ਇਹ ਸਿਲਸਿਲਾ ਜਾਰੀ ਹੈ, ਇਹ ਕਦੋਂ ਤੀਕ ਜਾਰੀ ਰਹਿਣਾ ਹੈ। ਇਸ ਦਾ ਉਹਨਾਂ ਨੂੰ ਪਤਾ ਹੈ ਜਿਹੜੇ ਲੁੱਟ ਮਾਰ ਕਰਦੇ ਹਨ ਪਰ ਉਹਨਾਂ ਨੂੰ ਨਹੀਂ ਪਤਾ ਜਿਹੜੇ ਜ਼ਿੰਦਗੀ ਜਿਉਂਦੇ ਨਹੀਂ, ਢੋਂਹਦੇ ਹਨ। ਉਹ ਆਪੋ ਆਪਣੀ ਲਾਸ਼ ਚੁੱਕ ਕੇ ਫਿਰਦੇ ਹਨ। ਉਹਨਾਂ ਨੂੰ ਇਹ ਵੀ ਪਤਾ ਨਹੀਂ ਲੱਗਦਾ ਕਿ ਉਹ ਆਪਣੀ ਲਾਸ਼ ਮੋਢਿਆਂ ਉੱਤੇ ਲਈ ਫਿਰਦੇ ਹਨ।ਉਹਨਾਂ ਨੂੰ ਲਾਸ਼ ਦਾ ਮੁਸ਼ਕ ਵੀ ਨਹੀਂ ਆਉਂਦਾ। ਉਹਨਾਂ ਦੀਆਂ ਕੇਵਲ ਨਾਸਾਂ ਹੀ ਬੰਦ ਨਹੀਂ। ਸਭ ਕੁੱਝ ਬੰਦ ਹੈ। ਉਹਨਾਂ ਨੂੰ ਨਾ ਦਿਖਦਾ ਹੈ, ਨਾ ਹੀ ਸੁਣਦਾ ਹੈ ਤੇ ਇਸੇ ਕਰਕੇ ਉਹ ਆਪਣੇ ਮਨ ਦੀ ਗੱਲ ਨਹੀਂ ਬੋਲਦੇ। ਬੋਲਣ ਲਈ ਜੀਭ ਚਾਹੀਦੀ ਹੈ। ਜੀਭ ਦੇ ਪਿੱਛੇ ਦਿਮਾਗ਼ ਚਾਹੀਦਾ ਹੈ। ਜਿਹੜਾ ਉਹਨਾਂ ਕੋਲ ਹੈ ਨਹੀਂ। ਉਹਨਾਂ ਕੋਲ ਭਾਵੇਂ ਇਹ ਸਭ ਕੁੱਝ ਹੈ ਪਰ ਉਸਨੂੰ ਜੰਗ ਲੱਗੀ ਹੋਈ ਹੈ। ਇਹ ਜੰਗ ਦੀ ਇੱਕ ਕਿਸਮ ਨਹੀਂ ਸਗੋਂ ਬਹੁਤ ਕਿਸਮਾਂ ਹਨ। ਇਹ ਜੰਗ ਜਾਤ, ਰੰਗ, ਨਸਲ ਤੇ ਮਜ਼ਹਬ ਦੀ ਹੈ। ਉਹ ਓਨਾ ਰੱਬ ਤੋਂ ਨਹੀਂ ਡਰਦੇ ਜਿੰਨਾ ਸਮੇਂ ਦੇ ਹਾਕਮ ਤੋਂ ਡਰਦੇ ਹਨ। ਇਹ ਹਾਕਮ ਧਰਮ, ਜਾਤ ਤੇ ਸੱਤਾ ਦੇ ਹਨ। ਧਰਮ ਦੇ ਪੁਜਾਰੀਆਂ ਨੇ ਉਹਨਾਂ ਨੂੰ ਐਨਾ ਡਰਾਇਆ ਹੋਇਆ ਹੈ, ਉਹ ਆਪਣਾ ਸਿਰ ਵੀ ਉਪਰ ਨਹੀਂ ਚੱਕਦੇ। ਉਹਨਾਂ ਕੋਲ ਗਿਆਨ ਦਾ ਕੋਈ ਦੀਵਾ ਨਹੀਂ। ਜਿਸਨੂੰ ਬਾਲ ਕੇ ਉਹ ਆਪਣੇ ਆਲ਼ੇ ਦੁਆਲ਼ੇ ਰੌਸ਼ਨੀ ਕਰ ਸਕਣ। ਉਹਨਾਂ ਸਦੀਆਂ ਤੋਂ ਇਹੋ ਹੀ ਪੜ੍ਹਾਇਆ ਜਾਂਦਾ ਹੈ ਕਿ ਇਹ ਸਭ ਉਨ੍ਹਾਂ ਦੇ ਪਿਛਲੇ ਜਨਮਾਂ ਵਿੱਚ ਕੀਤੇ ਕਰਮਾਂ ਦਾ ਫ਼ਲ਼ ਹੈ। ਉਹਨਾਂ ਨੂੰ ਇਹ ਨਹੀਂ ਦੱਸਿਆ ਜਾਂਦਾ ਕਿ ਇਹ ਪਿਛਲੇ ਕਰਮ ਕੀ ਹਨ। ਉਹਨਾਂ ਉਪਰ ਜਨਮ ਸਮੇਂ ਹੀ ਜਾਤ ਦਾ ਫੱਟਾ ਲੱਗ ਜਾਂਦਾ ਹੈ। ਉਹ ਆਪਣੀ ਇਸ ਜਾਤ ਨੂੰ ਲੁਕਾਉਂਦਾ ਫਿਰਦਾ ਜੀਵਨ ਬਸਰ ਕਰ ਜਾਂਦਾ ਹੈ। ਸਦੀਆਂ ਪਹਿਲਾਂ ਉਸ ਦੇ ਕੰਨਾਂ ਵਿੱਚ ਸਿੱਕਾ ਪਿਘਲਾ ਕੇ ਪਾ ਦਿੱਤਾ ਸੀ, ਇਸੇ ਕਰਕੇ ਉਹ ਬਹਿਰਾ ਹੈ। ਜੀਭ ਉਸ ਦੀ ਸਮਾਜ ਦੇ ਚੌਧਰੀਆਂ ਨੇ ਕੱਟ ਦਿੱਤੀ ਸੀ। ਇਸੇ ਕਰਕੇ ਉਹ ਅੰਗਹੀਣ ਹੈ ਪਰ ਉਸਨੂੰ ਅੰਗਹੀਣ ਕੋਟੇ ਦੀਆਂ ਸਹੂਲਤਾਂ ਨਹੀਂ ਮਿਲਦੀਆਂ। ਇਹ ਸੁੱਖ ਸਹੂਲਤਾਂ ਉਹਨਾਂ ਨੂੰ ਮਿਲਦੀਆਂ ਹਨ ਜਿਹੜੇ ਜ਼ਹਿਨੀ ਤੌਰ ਤੇ ਅਪਾਹਜ ਹਨ। ਉਹਨਾਂ ਕੋਲ ਗਿਆਨ ਹੈ, ਤਾਕਤ ਹੈ। ਇਸੇ ਲਈ ਉਹ ਇਹ ਸਭ ਸੁੱਖ ਸਹੂਲਤਾਂ ਪ੍ਰਾਪਤ ਕਰਨ ਵਿੱਚ ਕਾਮਯਾਬ ਹੋ ਗਏ ਹਨ। ਹੁਣ ਭਾਵੇਂ ਸਮਾਂ ਬਦਲਿਆ ਹੈ ਪਰ ਉਨ੍ਹਾਂ ਦੀ ਜ਼ਿੰਦਗੀ ਨਹੀਂ ਬਦਲੀ। ਜਿਵੇਂ ਦਿਨ ਰਾਤ ਇੱਕ ਦੂਜੇ ਦੇ ਮਗਰ ਦੌੜਦੇ ਰਹਿੰਦੇ ਹਨ। ਇਸੇ ਤਰ੍ਹਾਂ ਉਹਨਾਂ ਦੀ ਹਾਲਤ ਬਣੀ ਹੋਈ ਹੈ। ਹੁਣ ਤਾਂ ਜਦੋਂ ਦੀ ਨਵਾਂ ਦੇਸ਼ ਆਜ਼ਾਦ ਹੋਇਆ ਉਹਨਾਂ ਦਾ ਸਾਹ ਵੀ ਘੁੱਟਿਆ ਗਿਆ ਹੈ। ਉਹ ਸਾਹ ਲੈਣ ਲਈ ਜਦੋਂ ਵੀ ਕੋਸ਼ਿਸ਼ ਕਰਦੇ ਹਨ ਤਾਂ ਹਕੂਮਤ ਦੀ ਉਸ ਦਾ ਗਲ਼ ਘੁੱਟ ਦੇਂਦੀ ਹੈ। ਹੁਣ ਲੁੱਟ ਮਚਾਉਣ ਵਾਲੇ ਸਰਗਰਮ ਹਨ ਤੇ ਲੁੱਟੇ ਜਾਣ ਵਾਲੇ ਮੂੰਹ ਉੱਤੇ ਮਿੱਟੀ ਮਲੀ ਫਿਰਦੇ ਹਨ। ਉਹਨਾਂ ਦੇ ਹਿੱਸੇ ਦੀ ਧੁੱਪ ਤੇ ਛਾਂ ਉਪਰ ਕਬਜ਼ਾ ਕਰਨ ਲਈ ਉਹ ਵਿਕਾਸ ਦੇਵਤਾ ਲਈ ਫਿਰਦੇ ਹਨ। ਜ਼ਿੰਦਗੀ ਵਿੱਚ ਕਦੋਂ ਠੰਢੀ ਫੁਹਾਰ ਆਵੇਗੀ ਜਾਂ ਫਿਰ ਉਹ ਵੀ ਖ਼ਤਮ ਹੋ ਜਾਵੇਗੀ? ਦੇਸ਼ ਦੀ ਵੰਡ ਸਮੇਂ ਹੈਵਾਨੀਅਤ ਦਾ ਨੰਗਾ ਨਾਚ ਹੋਇਆ ਸੀ। ਹੁਣ ਵੀ ਜਾਰੀ ਹੈ। ਉਸ ਵੇਲੇ ਸਬੰਧੀ ਕਵੀਆਂ ਨੇ ਬਹੁਤ ਕਵਿਤਾਵਾਂ ਲਿਖੀਆਂ। ਪ੍ਰੋ ਮੋਹਨ ਸਿੰਘ ਦੀ ਇਹ ਕਵਿਤਾ ਵੰਡ ਦਾ ਸਟੀਕ ਵਿਆਖਿਆ ਹੈ।
—
ਬੁੱਧ ਸਿੰਘ ਨੀਲੋਂ
9464370823
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly