ਬੁੱਧ ਬਾਣ

ਬੁੱਧ ਸਿੰਘ ਨੀਲੋਂ

ਹਮ ਨਹੀਂ ਚੰਗੇ, ਬੁਰਾ ਨਹੀਂ ਕੋਇ !

ਬੁੱਧ ਸਿੰਘ ਨੀਲੋਂ 

(ਸਮਾਜ ਵੀਕਲੀ) ਹਰ ਮਨੁੱਖ ਦੀ ਇਹ ਫ਼ਿਤਰਤ ਹੈ ਕਿ ਉਸਨੂੰ ਜਦੋਂ ਵੀ ਮੌਕਾ ਮਿਲਿਆ ਉਸਨੇ ਉਸਦਾ ਲਾਭ ਉਠਾਇਆ ਹੈ। ਇਥੇ ਸੁੱਚਾ ਸਿੰਘ ਸੂਰਮੇ ਵੀ ਹਨ ਤੇ ਸੁੱਚਾ ਸਿੰਘ ਲੰਗਾਹ ਵਰਗੇ ਵੀ ਹਨ। ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਨ੍ਹਾਂ ਨੇ ਪਿਛਲੇ ਪੰਜ ਦਹਾਕਿਆਂ ਤੋਂ ਚੰਮ ਦੀਆਂ ਚਲਾਈਆਂ, ਹੁਣ ਸਭ ਸਿੱਖ ਪੰਥ ਦੇ ਕਟਹਿਰੇ ਵਿੱਚ ਖੜੇ ਹੀ ਨਹੀਂ ਸਗੋਂ ਤਨਖ਼ਾਹੀਏ ਹਨ। ਇਹਨਾਂ ਤਨਖਾਹੀਆਂ ਨੇ ਪੰਜਾਬ ਦੇ ਲੋਕਾਂ ਨੂੰ ਆਪਣੇ ਨੌਕਰ ਹੀ ਨਹੀਂ ਸਮਝਿਆ ਇਹਨਾਂ ਨੇ ਸ੍ਰੀ ਆਕਾਲ ਤਖ਼ਤ ਸਾਹਿਬ ਜੀ ਬਾਕੀ ਤਖਤਾਂ ਦੇ ਜਥੇਦਾਰਾਂ ਨੂੰ ਵੀ ਨੌਕਰ ਬਣਾਈਂ ਰੱਖਿਆ। ਆਪਣੀ ਮਰਜ਼ੀ ਦੇ ਫੈਸਲੇ ਸ਼੍ਰੀ ਆਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਕਰਵਾਏ। ਹੁਣ ਜਦੋਂ ਸਭ ਕੁੱਝ ਸਾਹਮਣੇ ਆ ਗਿਆ, ਹੁਣ ਫੇਰ ਸ੍ਰੀ ਆਕਾਲ ਤਖ਼ਤ ਸਾਹਿਬ ਜੀ ਨੂੰ ਆਪਣਾ ਨੌਕਰ ਹੀ ਸਮਝਦੇ ਹਨ। ਮੂੰਹ ਵਿੱਚ ਰਾਮ ਰਾਮ, ਬਗ਼ਲ ਵਿਚ ਛੁਰੀ, ਵਾਲੀ ਗੱਲ ਹੈ। ਹੁਣ ਤਖ਼ਤ ਸਾਹਿਬ ਦਾ ਜਥੇਦਾਰ ਆਕਾਲੀ ਫੂਲਾ ਸਿੰਘ ਜੀ ਵਰਗਾ ਤਾਂ ਹੈ ਨਹੀਂ ਕਿ ਮਹਾਰਾਜਾ ਰਣਜੀਤ ਸਿੰਘ ਵਰਗੇ ਨੂੰ ਕਾਣਾ ਕਹਿ ਸਕੇ। ਕਿਉਂਕਿ ਉਦੋਂ ਤਖਤਾਂ ਦੇ ਜਥੇਦਾਰਾਂ ਨੂੰ ਸਿੱਖ ਪੰਥ ਨਿਯੁਕਤ ਕਰਦਾ ਸੀ। ਉਹ ਸਿੱਖ ਪੰਥ ਦੀ ਅਗਵਾਈ ਕਰਦੇ ਸਨ। ਹੁਣ ਤਾਂ ਤਖਤਾਂ ਦੇ ਜਥੇਦਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਦਲਾਂ ਦੇ ਲਿਫਾਫੇ ਵਿਚੋਂ ਨਿਕਲਦੇ ਰਹੇ ਹਨ। ਉਹ ਕੌਮ ਦਾ ਕੀ ਸੰਵਾਰਨਗੇ? ਉਹਨਾਂ ਨੂੰ ਸਿੱਖ ਇਤਿਹਾਸ ਦੇ ਸਿਧਾਂਤਾਂ ਦਾ ਫ਼ਿਕਰ ਨਹੀਂ ਸਗੋਂ ਆਪਣੀ ਨੌਕਰੀ ਦਾ ਫ਼ਿਕਰ ਹੈ। ਇਸੇ ਗਿਆਨੀ ਗੁਰਬਚਨ ਸਿੰਘ ਨੇ ਸਿੱਖ ਇਤਿਹਾਸ ਦੇ ਪੰਨਿਆਂ ਉਪਰ ਆਪਣਾ ਨਾਂ ਕਾਲੇ ਅੱਖਰਾਂ ਵਿੱਚ ਲਿਖਵਾਇਆ ਹੈ। ਕਿਉਂਕਿ ਉਨ੍ਹਾਂ ਸ੍ਰੀ ਆਕਾਲ ਤਖ਼ਤ ਸਾਹਿਬ ਦੇ ਸਿਧਾਂਤ ਦੀਆਂ ਧੱਜੀਆਂ ਉਡਾਈਆਂ ਸਨ। ਹੁਣ ਉਹਨਾਂ ਨੂੰ ਵੀ ਕਟਹਿਰੇ ਵਿੱਚ ਖੜ੍ਹਾ ਕਰਨ ਦੀ ਲੋੜ ਹੈ ਤਾਂ ਕਿ ਭਵਿੱਖ ਵਿੱਚ ਕੋਈ ਤਾਕਤਵਰ ਆਪਣੇ ਆਪ ਨੂੰ ਸਿੱਖ ਸਿਧਾਂਤ ਤੋਂ ਵੱਡਾ ਨਾ ਸਮਝੇ। ਪਰ ਐਨੀ ਹਿੰਮਤ ਕਿਸੇ ਵਿੱਚ ਨਹੀਂ। ਹੁਣ ਹਾਲਾਤ ਇਹ ਹਨ, ਜਿਸਕੀ ਲਾਠੀ ਉਸ ਕੀ ਬੈਂਸ। ਪੰਜਾਬ ਦੇ ਵਿੱਚ ਸੂਰਮਿਆਂ ਦੀ ਵੀ ਘਾਟ ਨਹੀਂ ਤੇ ਗਦਾਰਾਂ ਵੀ ਕੋਈ ਕਮੀਂ ਨਹੀਂ। ਸਿੱਖ ਕੌਮ ਕਰੋੜਾਂ ਰੁਪਏ ਦੇ ਲੰਗਰ ਛਕਾਉਣ ਵਾਲੀ ਹੈ ਪਰ ਸਿੱਖ ਕੌਮ ਦੇ ਕੋਲ ਆਪਣਾ ਕੋਈ ਹਸਪਤਾਲ ਤੇ ਸਕੂਲ, ਕਾਲਜ ਤੇ ਯੂਨੀਵਰਸਿਟੀ ਨਹੀਂ। ਜਿਥੇ ਆਪਣੇ ਦੁਖਾਂ ਦਾ ਇਲਾਜ ਮੁਫ਼ਤ ਕਰ ਸਕੇ ਤੇ ਬੱਚਿਆਂ ਨੂੰ ਵਿੱਦਿਆ ਦੁਆ ਸਕੇ। ਸਿੱਖਿਆ ਜਿਵੇਂ ਹੁਣ ਆਮ ਆਦਮੀ ਦੇ ਹੱਥੋਂ ਨਿਕਲ ਗਈ ਹੈ ਇਸੇ ਤਰ੍ਹਾਂ ਹੁਣ ਕੋਈ ਆਪਣੀ ਬੀਮਾਰੀ ਦਾ ਇਲਾਜ ਵੀ ਨਹੀਂ ਕਰਵਾ ਸਕਦਾ। ਭਾਰਤ ਦੀ ਹਕੂਮਤ ਤਾਂ ਸਭ ਕੁੱਝ ਵੇਚਣ ਲੱਗੀ ਹੈ। ਪਿਛਲੇ ਦਿਨੀਂ ਅਯੁਧਿਆ ਵਿੱਚ ਜਾਣ ਦਾ ਮੌਕਾ ਮਿਲਿਆ ਤਾਂ ਉਥੇ ਜੋਂ ਕੁੱਝ ਦੇਖਿਆ ਮਨ ਨਿਰਾਸ਼ ਹੋਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੋਟਾਂ ਦੀ ਸਿਆਸਤ ਲਈ ਸ੍ਰੀ ਰਾਮ ਚੰਦਰ ਜੀ ਨੂੰ ਵੀ ਨਹੀਂ ਬਖਸ਼ਿਆ। ਰਾਮ ਮੰਦਰ ਬਨਾਉਣ ਵਾਲਿਆਂ ਨੇ ਹਰ ਤਰ੍ਹਾਂ ਦਾ ਭ੍ਰਿਸ਼ਟਾਚਾਰ ਕੀਤਾ। ਇਸ ਸਾਲ ਦੀ ਪਹਿਲੀ ਬਰਸਾਤ ਨੇ ਵਿਸ਼ਵ ਗੁਰੂ ਸ੍ਰੀ ਨਰਿੰਦਰ ਮੋਦੀ ਦੇ ਵਿਕਾਸ ਦੇ ਪੋਲ ਖੋਲ੍ਹ ਦਿੱਤੇ। ਪਿਛਲੇ ਸੱਠ ਸਾਲ ਦੇ ਓਨਾਂ ਭ੍ਰਿਸ਼ਟਾਚਾਰ ਨਹੀਂ ਹੋਇਆ ਜਿਹੜਾ ਪਿਛਲੇ ਇੱਕ ਦਹਾਕੇ ਵਿੱਚ ਹੋ ਗਿਆ। ਸੜਕਾਂ ਧਸ ਰਹੀਆਂ ਹਨ ਤੇ ਪੁਲ ਡਿੱਗ ਰਹੇ ਹਨ, ਇਮਾਰਤਾਂ ਚੋਅ ਰਹੀਆਂ ਹਨ। ਮਹਾਰਾਸ਼ਟਰ ਵਿੱਚ ਇੱਕ ਹੋਰ ਮੂਰਤੀ ਡਿੱਗ ਗਈ ਹੈ। ਹਰ ਦਿਨ ਕਰੋੜਾਂ ਰੁਪਏ ਦੇ ਘਪਲਿਆਂ ਦੇ ਪੋਲ ਖੁੱਲ੍ਹ ਰਹੇ ਹਨ। ਦੇਸ਼ ਵਿਕਾਸ ਦੀਆਂ ਲੀਹਾਂ ਉਤੇ ਦੌੜ ਰਿਹਾ ਹੈ। ਇਹੋ ਦੌੜ ਪੰਜਾਬ ਦੇ ਭਾਜਪਾ ਦੇ ਭਾਈਵਾਲਾਂ ਨੇ ਦੌੜੀ। ਹੁਣ ਇਹਨਾਂ ਤਨਖਾਹੀਆਂ ਨੂੰ ਪੰਜਾਬ ਦੀਆਂ ਜ਼ਿਮਨੀ ਚੋਣਾਂ ਦਾ ਫ਼ਿਕਰ ਹੈ, ਸਿੱਖ ਸਿਧਾਂਤਾਂ ਦਾ ਕੋਈ ਫ਼ਿਕਰ ਨਹੀਂ। ਇਹਨਾਂ ਦੇ ਮਗਰ ਫ਼ਿਰਨ ਵਾਲਿਆਂ ਨੂੰ ਕੀ ਆਖੀਏ ?
ਪੰਜਾਬ ਸਰਕਾਰ ਵੱਲੋਂ ਪਿਛਲੇ ਸਮਿਆਂ ਤੋਂ ਕੁੱਝ ਕੰਮ ਚੰਗੇ ਵੀ ਹੋ ਰਹੇ ਹਨ। ਪੰਜਾਬ ਨੂੰ ਲੁੱਟਣ ਵਾਲਿਆਂ ਨੂੰ ਚੁਰਾਹੇ ਵਿੱਚ ਨੰਗਾ ਕੀਤਾ ਜਾ ਰਿਹਾ ਹੈ। ਜਾਅਲੀ ਡਿਗਰੀਆਂ ਵਾਲਿਆਂ ਨੂੰ ਨੰਗੇ ਕੀਤਾ ਹੈ। ਤੋਤਾ ਮਾਰਕਾ ਅਧਿਆਪਕ ਵੀ ਫ਼ੜੇ ਗਏ ਹਨ। ਹੁਣ ਪੰਜਾਬ ਦੇ ਵਿੱਚ ਢਾਈ ਲੱਖ ਪੰਜਾਬ ਦੇ ਉਹ ਪ੍ਰਵਾਰ ਫ਼ੜੇ ਗਏ ਜਿਹੜੇ ਆਪਣੇ ਮਰ ਚੁੱਕੇ ਸਕੇ ਸਬੰਧੀਆਂ ਦੀ ਪੈਨਸ਼ਨ ਛਕਦੇ ਰਹੇ। ਢਾਈ ਲੱਖ ਮੁਰਦੇ ਡੇਢ਼ ਕਰੋੜ ਰੁਪਏ ਖਾ ਗਏ। ਹੁਣ ਇਹ ਕਹਿਣਾ ਮੁਸ਼ਕਲ ਨਹੀਂ ਕਿ ਢਾਈ ਲੱਖ ਪੰਜਾਬ ਦੇ ਵਿੱਚ ਮੁਰਦੇ ਵਸਦੇ ਹਨ। ਪੰਜਾਬ ਦੀ ਸਵਾ ਤਿੰਨ ਕਰੋੜ ਆਬਾਦੀ ਹੈ। ਪੰਜਾਹ ਲੱਖ ਤੋਂ ਉਪਰ ਪੰਜਾਬੀ ਵਿਦੇਸ਼ਾਂ ਨੂੰ ਚਲੇ ਗਏ। ਪੌਣਾਂ ਕੁ ਲੱਖ ਗ਼ੈਰ ਪੰਜਾਬੀ ਪੰਜਾਬ ਵਿੱਚ ਵਸ ਗਏ ਹਨ। ਆਬਾਦੀ ਵਿੱਚ ਕੋਈ ਫ਼ਰਕ ਨਹੀਂ ਪਿਆ ਪਰ ਲੋਕਾਂ ਦੀ ਅਣਖ਼ ਅਤੇ ਗੈਰਤ ਮਰ ਗਈ ਹੈ। ਪਿਛਲੇ ਸਮਿਆਂ ਵਿੱਚ ਇਹ ਵੀ ਪਤਾ ਲੱਗਾ ਸੀ ਪੌਣਾਂ ਲੱਖ ਪੰਜਾਬੀ ਆਟਾ ਦਾਲ ਸਕੀਮ ਤਹਿਤ ਹੈ, ਜਿਹਨਾਂ ਕੋਲ ਸਫਾਰੀ ਗੱਡੀ ਤੇ ਜ਼ਮੀਨ ਜਾਇਦਾਦ ਹੈ। ਉਹ ਗੱਡੀ ਵਿੱਚ ਕਣਕ ਲੈਣ ਸਰਕਾਰੀ ਡਿਪੂਆਂ ਉਤੇ ਜਾਂਦੇ ਹਨ। ਇਹਨਾਂ ਮਾਨਸਿਕ ਤੌਰ ਤੇ ਗਰੀਬਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈਆਂ ਸਨ। ਪਰ ਪੰਜਾਬ ਦੇ ਗਾਇਕ ਜੈਜ਼ੀ ਬੀ ਨੂੰ ਕੌਣ ਸਮਝਾਵੇ ਕਿ ਪੰਜਾਬੀ ਕੀ ਹਨ ਤੇ ਤੂੰ ਕਹੀ ਜਾਨਾਂ, ਸਾਡੀ ਰੀਸ ਕੌਣ ਕਰ ਲਊ ਸਾਨੂੰ ਰੱਬ ਬਣਾਇਆ ਮਹਾਰਾਜੇ।
ਖ਼ੈਰ ਪੰਜਾਬ ਦੇ ਲੋਕਾਂ ਦੀ ਕੋਈ ਰੀਸ ਨਹੀਂ ਕਰ ਸਕਦਾ ਕਿਉਂਕਿ ਇਹਨਾਂ ਨੇ ਸਭ ਕੰਮ ਵਿਲੱਖਣ ਕੀਤੇ ਹਨ। ਭਵਿੱਖ ਵਿੱਚ ਵੀ ਕਰਦੇ ਰਹਿਣਗੇ। ਵਿਦੇਸ਼ਾਂ ਵਿੱਚ ਜਾਣ ਲਈ ਇਹਨਾਂ ਨੇ ਪਰਵਾਰਿਕ ਰਿਸ਼ਤਿਆਂ ਦੀਆਂ ਧੱਜੀਆਂ ਉਡਾਈਆਂ। ਮੁਰਦਿਆਂ ਦੀਆਂ ਪੈਨਸ਼ਨਾਂ ਖਾਣੀਆਂ ਤਾਂ ਮਾਮੂਲੀ ਗੱਲ ਹੈ। ਭਗਵੰਤ ਸਿੰਘ ਮਾਨ ਨੂੰ ਇਹਨਾਂ ਢਾਈ ਲੱਖ ਪਰਿਵਾਰਾਂ ਦੇ ਨਾਂ ਜਨਤਕ ਕਰਨੇ ਚਾਹੀਦੇ ਹਨ ਤਾਂ ਕਿ ਦੁਨੀਆਂ ਭਰ ਵਿੱਚ ਪਤਾ ਲੱਗ ਜਾਵੇ ਕਿ ਇਹ ਉਹ ਲੋਕ ਹਨ ਜਿਹਨਾਂ ਨੇ ਸਰਕਾਰ ਦੇ ਅੱਖੀਂ ਘੱਟਾ ਪਾਇਆ।
ਅੱਖਾਂ ਵਿੱਚ ਘੱਟਾ ਪਾਉਣ ਲਈ ਹੁਣ ਸਿੱਖ ਧਰਮ ਦੇ ਚੌਧਰੀਆਂ ਨੇ ਵੀ ਵਿਉਂਤ ਬਣਾਈ ਹੈ, ਜਿਹੜੀ ਉਹਨਾਂ ਦੇ ਗਲੇ ਦੀ ਹੱਡੀ ਬਣ ਬੈਠੀ ਹੈ। ਅਗਲੇ ਦਿਨਾਂ ਵਿੱਚ ਪੰਜਾਬ ਦੇ ਵਿੱਚ ਕੀ ਵਾਪਰ ਸਕਦਾ ਕਹਿਣਾ ਮੁਸ਼ਕਲ ਹੈ। ਕਿਉਂਕਿ ਸਭ ਕੁੱਝ ਅਲੋਕਾਰਾ ਹੋ ਰਿਹਾ ਹੈ। ਹੁਣ ਦੋਸ਼ ਕਿਸ ਦੇ ਉਪਰ ਲਗਾਈਏ। ਕਿਉਂਕਿ ਇਸ ਹਮਾਮ ਵਿੱਚ ਸਭ ਨੰਗੇ ਹਨ। ਕਬੀਰਾ ਖੜਾ ਬਜ਼ਾਰ ਮੇਂ ਸਭ ਕੀ ਮਾਂਗੇ ਖੈਰ, ਨਾ ਕਿਸੇ ਸੇ ਦੋਸਤੀ ਨਾ ਕਿਸੇ ਸੇ ਵੈਰ।
ਹਮ ਨਹੀਂ ਚੰਗੇ, ਬੁਰਾ ਨਹੀਂ ਕੋਇ।
——–
ਬੁੱਧ ਸਿੰਘ ਨੀਲੋਂ 
9464370823

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleदयाल सिंह मजीठिया युगदूत एवं दूरदृष्टा शिक्षाविद: एक विश्लेषण
Next articleਪਿੰਡ ਚਾਂਦਪੁਰ ਰੁੜਕੀ ਖੁਰਦ ਦੇ ਕਈ ਪਰਿਵਾਰ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਿਲ