(Samajweekly)
ਜਲੰਧਰ। ਬਸਪਾ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਜਲੰਧਰ ਦਿਹਾਤੀ ਖੇਤਰਾਂ ਦੇ ਨਾਲ-ਨਾਲ ਸ਼ਹਿਰੀ ਇਲਾਕਿਆਂ ’ਚ ਵੀ ਲੋਕਾਂ ਦਾ ਭਾਰੀ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਵੱਲੋਂ ਜਲੰਧਰ ਸ਼ਹਿਰ ’ਚ ਵੱਖ-ਵੱਖ ਜਗ੍ਹਾ ਕੀਤੇ ਗਏ ਸਮਾਗਮਾਂ ਦੌਰਾਨ ਲੋਕਾਂ ਦਾ ਭਾਰੀ ਇਕੱਠ ਹੋਇਆ। ਇਸ ਦੌਰਾਨ ਸੰਬੋਧਿਤ ਕਰਦੇ ਹੋਏ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਜਲੰਧਰ ਦੇ ਲੋਕ ਬਦਲ-ਬਦਲ ਕੇ ਕਾਂਗਰਸ, ਭਾਜਪਾ, ਆਪ ਵਰਗੀਆਂ ਪਾਰਟੀਆਂ ਨੂੰ ਵੋਟਾਂ ਪਾਉਂਦੇ ਰਹੇ, ਪਰ ਇਨ੍ਹਾਂ ਪਾਰਟੀਆਂ ਨੇ ਸੱਤਾ ’ਚ ਆ ਕੇ ਉਨ੍ਹਾਂ ਨੂੰ ਹਮੇਸ਼ਾ ਨਿਰਾਸ਼ ਕੀਤਾ। ਇਸ ਕਰਕੇ ਲੋਕ ਇਨ੍ਹਾਂ ਪਾਰਟੀਆਂ ਤੋਂ ਨਿਰਾਸ਼ ਹੋ ਚੁੱਕੇ ਹਨ ਤੇ ਬਦਲ ਦੇ ਰੂਪ ’ਚ ਉਹ ਇਸ ਵਾਰ ਬਸਪਾ ਨੂੰ ਜਲੰਧਰ ਤੋਂ ਜਿਤਾਉਣ ਦਾ ਮਨ ਬਣਾ ਚੁੱਕੇ ਹਨ।
ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਜਲੰਧਰ ਦੇ ਹਾਲਾਤ ਇਹ ਹਨ ਕਿ ਵਪਾਰੀਆਂ ਨੂੰ ਚੰਗਾ ਕਾਰੋਬਾਰੀ ਮਾਹੌਲ ਨਹੀਂ ਮਿਲ ਰਿਹਾ, ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ, ਮੁਲਾਜ਼ਮ ਪੱਕੀਆਂ ਨੌਕਰੀਆਂ ਤੇ ਯੋਗ ਤਨਖਾਹਾਂ ਲਈ ਤਰਸ ਰਹੇ ਹਨ, ਨੌਜਵਾਨਾਂ ਨੂੰ ਪੜ੍ਹ-ਲਿਖ ਕੇ ਵੀ ਨੌਕਰੀਆਂ ਨਹੀਂ ਮਿਲ ਰਹੀਆਂ, ਮਹਿਲਾਵਾਂ ਦੀ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਹੈ। ਜਿਹੜੀਆਂ ਪਾਰਟੀਆਂ 75 ਸਾਲ ਰਾਜ ਕਰਕੇ ਵੀ ਲੋਕਾਂ ਲਈ ਕੁਝ ਨਹੀਂ ਕਰ ਸਕੀਆਂ, ਉਨ੍ਹਾਂ ਤੋਂ ਹੁਣ ਲੋਕਾਂ ਨੇ ਆਪਣੇ ਭਲੇ ਦੀ ਆਸ ਛੱਡ ਦਿੱਤੀ ਹੈ। ਇਸ ਕਰਕੇ ਲੋਕ ਇਸ ਵਾਰ ਬਸਪਾ ਨੂੰ ਮੌਕਾ ਦੇਣਗੇ।