ਬਾਬਾ ਸਾਹਿਬ ਡਾ. ਅੰਬੇਡਕਰ ਦੀ ਲੋਕ ਪੱਖੀ ਸੋਚ ਨੂੰ ਲੋਕਾਂ ਤੱਕ ਪਹੁੰਚਾਇਆ ਜਾਵੇਗਾ : ਡਾ. ਅਵਤਾਰ ਸਿੰਘ ਕਰੀਮਪੁਰੀ
ਜਲੰਧਰ (ਸਮਾਜ ਵੀਕਲੀ) ਬਹੁਜਨ ਸਮਾਜ ਪਾਰਟੀ (ਬਸਪਾ) ਵੱਲੋਂ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਮੌਕੇ ‘ਤੇ ਸੂਬੇ ਭਰ ਵਿੱਚ ਪਿੰਡਾਂ ਵਿੱਚ ਸਮਾਗਮ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਸੋਮਵਾਰ ਨੂੰ ਇੱਥੇ ਪਾਰਟੀ ਦੇ ਸੂਬਾ ਦਫਤਰ ਵਿਖੇ ਬਸਪਾ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਬਸਪਾ ਇਨ੍ਹਾਂ ਸਮਾਗਮਾਂ ਰਾਹੀਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਦੇਸ਼ ਨਿਰਮਾਣ ਬਾਰੇ ਸੋਚ ਨੂੰ ਲੋਕਾਂ ਤੱਕ ਪਹੁੰਚਾਇਆ ਜਾਵੇਗਾ। ਇਸਦੇ ਨਾਲ ਹੀ ਅੱਜ ਤੱਕ ਸੱਤਾ ਵਿੱਚ ਰਹੀਆਂ ਪਾਰਟੀਆਂ ਦੇ ਲੋਕ ਵਿਰੋਧੀ ਕਿਰਦਾਰ ਨੂੰ ਉਜਾਗਰ ਕੀਤਾ ਜਾਵੇਗਾ। ਬਸਪਾ ਸੂਬਾ ਪ੍ਰਧਾਨ ਨੇ ਕਿਹਾ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਸੰਵਿਧਾਨ ਰਾਹੀ ਦੇਸ਼ ਵਿੱਚ ਸਮਾਨਤਾ, ਸੁਤੰਤਰਤਾ ਅਤੇ ਭਾਈਚਾਰੇ ‘ਤੇ ਅਧਾਰਿਤ ਲੋਕਤੰਤਰਿਕ ਵਿਵਸਥਾ ਦੀ ਨੀਂਹ ਰੱਖੀ ਤੇ ਸਦੀਆਂ ਤੋਂ ਪੀੜਤ ਦਲਿਤ-ਪੱਛੜੇ ਵਰਗਾਂ ਅਤੇ ਔਰਤਾਂ ਨੂੰ ਬਰਾਬਰੀ ਦੇ ਹੱਕ ਲੈ ਕੇ ਦਿੱਤੇ। ਉਨ੍ਹਾਂ ਦੀ ਮਨੁੱਖੀ ਵਿਕਾਸ ਵਾਲੀ ਵਿਚਾਰਧਾਰਾ ਨੇ ਲੋਕਾਂ ਨੂੰ ਨੈਤਿਕ ਜੀਵਨ ਜੀਊਣ ਲਈ ਪ੍ਰੇਰਿਤ ਕੀਤਾ। ਪਰ ਭਾਜਪਾ ਤੇ ਆਰਐਸਐਸ ਦੇਸ਼ ਦਾ ਸੰਵਿਧਾਨ ਬਦਲਕੇ ਲੋਕਾਂ ਤੋਂ ਸਮਾਨਤਾ, ਸੁਤੰਤਰਤਾ ਵਾਲਾ ਜੀਵਨ ਖੋਹਣਾ ਚਾਹੁੰਦੇ ਹਨ, ਜਿਸਨੂੰ ਬਾਬਾ ਸਾਹਿਬ ਅੰਬੇਡਕਰ ਦੇ ਪੈਰੋਕਾਰ ਹੋਣ ਨਹੀਂ ਦੇਣਗੇ। ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਭਾਜਪਾ, ਕਾਂਗਰਸ ਤੇ ਆਮ ਆਦਮੀ ਪਾਰਟੀ (ਆਪ) ਬਾਬਾ ਸਾਹਿਬ ਅਬੇਡਕਰ ਦਾ ਨਾਂ ਤਾਂ ਬਹੁਤ ਲੈਂਦੀਆ ਹਨ, ਪਰ ਕੰਮ ਉਨ੍ਹਾਂ ਦੀ ਸੋਚ ਦੇ ਖਿਲਾਫ ਕਰਦੀਆਂ ਹਨ। ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸੰਸਦ ਵਿੱਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਸਨਮਾਨ ਖਿਲਾਫ ਟਿੱਪਣੀ ਕੀਤੀ ਗਈ, ਪਰ ਉਨ੍ਹਾਂ ਵੱਲੋਂ ਇਸ ‘ਤੇ ਕੋਈ ਵੀ ਮੁਆਫੀ ਨਹੀਂ ਮੰਗੀ ਗਈ। ਡਾ. ਕਰੀਮਪੁਰੀ ਨੇ ਕਿਹਾ ਕਿ ਬਸਪਾ ਮੁਖੀ ਭੈਣ ਕੁਮਾਰੀ ਮਾਇਆਵਤੀ ਮੁਤਾਬਿਕ ਪਾਰਟੀ ਇਸ ਮੁੱਦੇ ਨੂੰ ਲੋਕਾਂ ਦੀ ਕਚਹਿਰੀ ਤੱਕ ਲੈ ਕੇ ਜਾਵੇਗੀ, ਜਦ ਤੱਕ ਇਸ ਮਾਮਲੇ ਵਿੱਚ ਮੁਆਫ਼ੀ ਨਹੀਂ ਮੰਗੀ ਜਾਂਦੀ। ਦੇਸ਼ ਭਰ ਵਿੱਚ ਖਤਮ ਹੋ ਰਹੀ ਕਾਂਗਰਸ ਵੀ ਹੁਣ ਬਾਬਾ ਸਾਹਿਬ ਅੰਬੇਡਕਰ ਦਾ ਨਾਂ ਲੈ ਰਹੀ ਹੈ ਅਤੇ ਬਾਬਾ ਸਾਹਿਬ ਤੇ ਸੰਵਿਧਾਨ ਦੇ ਨਾਂ ‘ਤੇ ਦਲਿਤਾਂ ਤੋਂ ਬਾਪੂ ਗਾਂਧੀ ਨੂੰ ਮਨਾਉਣਾ ਚਾਹੁੰਦੀ ਹੈ, ਜਦਕਿ ਕਾਂਗਰਸ ਤੇ ਗਾਂਧੀ ਨੇ ਹਮੇਸ਼ਾ ਬਾਬਾ ਸਾਹਿਬ ਅੰਬੇਡਕਰ ਤੇ ਦਲਿਤਾਂ ਖਿਲਾਫ ਕੰਮ ਕੀਤਾ ਹੈ। ਕਾਂਗਰਸ ਦਾ ਇਤਿਹਾਸ ਦਲਿਤਾਂ ਨੂੰ ਧੋਖਾ ਦੇਣ ਵਾਲਾ ਰਿਹਾ ਹੈ। ਗਾਂਧੀ ਨੇ ਮਰਨ ਵਰਤ ਰੱਖ ਕੇ ਦਲਿਤਾਂ ਤੋਂ ਦੋ ਵੋਟਾਂ ਦਾ ਅਧਿਕਾਰ ਖੋਇਆ ਅਤੇ ਉਨ੍ਹਾਂ ਲਈ ਗੁਲਾਮੀ ਦਾ ਰਾਹ ਪੱਧਰਾ ਕੀਤਾ। ਕਾਂਗਰਸ ਨੇ ਬਾਬਾ ਸਾਹਿਬ ਨੂੰ ਕਨੂੰਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਲਈ ਮਜਬੂਰ ਕੀਤਾ ਅਤੇ ਡਾ. ਅੰਬੇਡਕਰ ਨੂੰ ਉਨ੍ਹਾਂ ਦੇ ਪੀਏ ਤੋਂ ਹੀ ਹਰਾਉਣ ਦਾ ਕੰਮ ਕੀਤਾ। ਇਸ ਕਰਕੇ ਕਾਂਗਰਸ ਦਾ ਇਤਿਹਾਸ ਦਲਿਤਾਂ ਨਾਲ ਧੋਖੇ ਦਾ ਰਿਹਾ ਹੈ। ਆਪ ਵੀ ਬਾਬਾ ਸਾਹਿਬ ਅੰਬੇਡਕਰ ਦੀ ਸੋਚ ਦੀ ਵਿਰੋਧੀ ਹੈ। ਆਪ ਬਾਬਾ ਸਾਹਿਬ ਦੀਆਂ ਤਸਵੀਰਾਂ ਤਾਂ ਲਗਾ ਰਹੀ ਹੈ, ਪਰ ਉਨ੍ਹਾਂ ਸੋਚ ਦੇ ਉਲਟ ਕੰਮ ਕਰ ਰਹੀ ਹੈ। ਡਾ. ਕਰੀਮਪੁਰੀ ਨੇ ਕਿਹਾ ਕਿ ਸੂਬੇ ਵਿੱਚ ਪੰਜ ਮੇਅਰਾਂ ਦੀ ਚੋਣ ਵਿੱਚ ਕੋਈ ਵੀ ਸੀਟ ਦਲਿਤ-ਪੱਛੜੇ ਵਰਗਾਂ ਲਈ ਰਾਖਵੀਂ ਨਹੀਂ ਰੱਖੀ ਗਈ। ਆਪ ਨੇ ਦਲਿਤਾਂ ਵਿੱਚੋਂ ਕਿਸੇ ਵੀ ਚੇਹਰੇ ਨੂੰ ਰਾਜਸਭਾ ਵਿੱਚ ਨਹੀਂ ਭੇਜਿਆ। ਇਨ੍ਹਾਂ ਪਾਰਟੀਆਂ ਦੀਆਂ ਅਜਿਹੀਆਂ ਨੀਤੀਆਂ ਨੂੰ ਬਸਪਾ 26 ਜਨਵਰੀ ਨੂੰ ਪਿੰਡਾਂ-ਮੁਹੱਲਿਆਂ ਵਿੱਚ ਜਾ ਕੇ ਉਜਾਗਰ ਕਰੇਗੀ। ਇਸ ਮੌਕੇ ‘ਤੇ ਬਸਪਾ ਸੂਬਾ ਇੰਚਾਰਜ ਪ੍ਰਜਾਪਤੀ ਅਜੀਤ ਸਿੰਘ ਭੈਣੀ, ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਤੇ ਸੂਬਾ ਸਕੱਤਰ ਇੰਜ. ਜਸਵੰਤ ਰਾਏ ਵੀ ਮੌਜ਼ੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj