ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਪਿਛਲੇ ਦਿਨੀਂ ਬਸਪਾ ਪੰਜਾਬ ਵਿੱਚ ਵੱਡਾ ਫੇਰ ਬਦਲ ਕਰਦਿਆਂ ਰਾਸ਼ਟਰੀ ਪ੍ਰਧਾਨ ਨੇ ਪੰਜਾਬ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੂੰ ਪਾਰਟੀ ਵਿੱਚੋਂ ਬਾਹਰ ਦਾ ਰਾਸਤਾ ਦਿਖਾ ਦਿੱਤਾ ਅਤੇ ਸਰਦਾਰ ਅਵਤਾਰ ਸਿੰਘ ਕਰੀਮਪੁਰੀ ਨੂੰ ਪੰਜਾਬ ਦਾ ਨਵਾਂ ਪ੍ਰਧਾਨ ਥਾਪ ਦਿੱਤਾ। ਸਰਦਾਰ ਅਵਤਾਰ ਸਿੰਘ ਕਰੀਮਪੁਰੀ ਨੂੰ ਪੰਜਾਬ ਦੇ ਸੂਬਾ ਪ੍ਰਧਾਨ ਬਣਨ ਤੇ ਬਹੁਤ ਬਹੁਤ ਮੁਬਾਰਕਾਂ ਤੇ ਗੜ੍ਹੀ ਸਾਹਬ ਨਾਲ ਹਮਦਰਦੀ। ਹਮਦਰਦੀ ਪ੍ਰਧਾਨਗੀ ਖੁੱਸਣ ਦੀ ਨੀ, ਨਿਸ਼ਕਾਸਨ ਦੀ ਹੈ। ਹੁਣ ਅਗਲੀ ਗੱਲ ਕਰਦੇ ਹਾਂ ਕਿ ਉਹ ਕਿਹੜੀ ਅਨੁਸ਼ਾਸਨ ਹੀਣਤਾ ਸੀ ਜਿਸ ਕਰਕੇ ਇੱਕ ਸੂਬਾ ਪ੍ਰਧਾਨ ਨੂੰ ਪਾਰਟੀ ਵਿੱਚੋਂ ਬਾਹਰ ਦਾ ਰਾਸਤਾ ਦਿਖਾਇਆ? ਜਸਵੀਰ ਸਿੰਘ ਗੜ੍ਹੀ ਨੇ ਆਪਣਾ ਪੱਖ ਰੱਖਿਆ ਕਿ ਪਿਛਲੇ ਦਿਨੀਂ ਕਿਸੇ ਮਸਲੇ ਕਾਰਨ ਬਸਪਾ ਦੇ ਰਾਸ਼ਟਰੀ ਜਨਰਲ ਸਕੱਤਰ ਮੇਵਾ ਲਾਲ ਨੂੰ ਫੋਨ ਕੀਤਾ ਤੇ ਭੈਣ ਜੀ ਨੂੰ ਮਿਲਣ ਲਈ ਸਮਾਂ ਮੰਗਿਆ, ਬਦਲੇ ਵਿੱਚ ਨਿਸ਼ਕਾਸਨ ਦੀ ਚਿੱਠੀ ਮਿਲ ਗਈ। ਗੜ੍ਹੀ ਸਾਹਬ ਦੇ ਕਹਿਣ ਮੁਤਾਬਕ ਕਿ ਆਪਣੇ ਕਾਰਜਕਾਲ ਦੇ ਸਾਢੇ ਪੰਜ ਸਾਲਾਂ ਵਿੱਚ ਕਦੇ ਵੀ ਭੈਣ ਜੀ ਨਾਲ ਫੋਨ ਤੇ ਗੱਲ ਨਹੀਂ ਹੋਈ। ਨਾ ਕਦੇ ਭੈਣ ਜੀ ਦਾ ਫੋਨ ਆਇਆ ਤੇ ਨਾ ਕਦੇ ਕੀਤਾ। ਹੁਣ ਸੋਚਣ ਵਾਲੀ ਗੱਲ ਇਹ ਆ ਕਿ ਜੇ ਸੂਬਾ ਪ੍ਰਧਾਨ ਨਾਲ ਹੀ ਕਦੇ ਗੱਲ ਨਹੀਂ ਹੋਈ ਤਾਂ ਬਾਕੀ ਲੀਡਰ ਅਤੇ ਵਰਕਰਾਂ ਨਾਲ ਤਾਂ ਕਦੇ ਵੀ ਭੈਣ ਜੀ ਗੱਲ ਨਹੀਂ ਕਰਨਗੇ। ਉੱਥੇ ਬਾਕੀ ਆਮ ਲੋਕਾਂ ਦੀ ਕੀ ਔਕਾਤ? ਮਤਲਬ ਭੈਣ ਜੀ ਨਾਲ ਗੱਲ ਬਿਲਕੁੱਲ ਪੁਰਾਣੇ ਸਮਿਆਂ ਵਾਂਗ ਹੁੰਦੀ ਹੈ, ਪੁਰਾਣੇ ਸਮਿਆਂ ਵਿੱਚ ਜਦੋਂ ਕਿਸੇ ਅਛੂਤ ਨੇ ਆਪਣੀ ਗੱਲ ਮੁਖੀਏ ਕੋਲ ਕਰਨੀ ਹੁੰਦੀ ਤਾਂ ਉਹ ਪੰਜਾਹ ਮੀਟਰ ਦੂਰ ਬੈਠੇ ਸ਼ੂਦਰ ਨੂੰ ਦੱਸਦਾ ਤੇ ਪੱਚੀ ਮੀਟਰ ਦੂਰੀ ਤੇ ਬੈਠਾ ਸ਼ੂਦਰ ਓਹੀ ਗੱਲ ਮੁਖੀਏ ਨੂੰ ਦੱਸਦਾ। ਮੁਖੀਆ ਸ਼ੂਦਰ ਦੀ ਗੱਲ ਸੁਣ ਕੇ ਨਿਆਂ ਕਰਦਾ, ਸ਼ੂਦਰ ਜ਼ਿਆਦਾਤਰ ਗੱਲ ਨੂੰ ਤੋੜ ਮਰੋੜ ਕੇ ਪੇਸ਼ ਕਰਦਾ ਸੀ, ਪਰ ਅਛੂਤ ਵਿਚਾਰਾ ਮਜਬੂਰ ਸੀ, ਆਪਣੀ ਸਿੱਧੀ ਗੱਲ ਮੁਖੀਏ ਨੂੰ ਨਹੀਂ ਦੱਸ ਸਕਦਾ ਸੀ, ਉਹ ਸ਼ੂਦਰ ਤੇ ਨਿਰਭਰ ਸੀ। ਇੱਥੇ ਮੁਖੀਆ ਭੈਣ ਜੀ ਹੈ, ਸ਼ੂਦਰ ਪ੍ਭਾਰੀ ਹੈ ਤੇ ਅਛੂਤ ਸੂਬਾ ਪ੍ਰਧਾਨ ਹੈ।
ਜਦੋਂ ਸੂਬਾ ਪ੍ਰਧਾਨ ਹੀ ਆਪਣੀ ਗੱਲ ਨੀ ਕਰ ਸਕਦਾ ਤਾਂ ਆਮ ਵਰਕਰ ਨੂੰ ਕੌਣ ਪੁੱਛਦਾ। ਪਰ ਅਸੀਂ ਵਰਕਰ ਕਿਸੇ ਦੇ ਬੰਧੂਆ ਮਜ਼ਦੂਰ ਆਂ? ਹੁਕਮਨਾਮਾ ਝੱਲਣ ਨੂੰ? ਜਦੋਂ ਮਰਜ਼ੀ ਕਿਸੇ ਨੂੰ ਪਾਰਟੀ ਵਿੱਚੋਂ ਬਾਹਰ ਕੱਢ ਦਿਉ, ਜਦੋਂ ਮਰਜ਼ੀ ਕਿਸੇ ਨੂੰ ਵਾਪਿਸ ਸੱਦ ਲਉ। ਜਦੋਂ ਮਰਜ਼ੀ ਕਿਸੇ ਨੂੰ ਪ੍ਰਧਾਨ ਲਾਅ ਦਿਉ, ਜਦੋਂ ਮਰਜ਼ੀ ਲਾਹ ਦਿਉ। ਵਰਕਰਾਂ ਦੀ ਕੋਈ ਰਾਏ ਨੀ। ਹੁਣ ਸਰਦਾਰ ਅਵਤਾਰ ਸਿੰਘ ਕਰੀਮਪੁਰੀ ਜੀ ਨੂੰ ਪ੍ਰਧਾਨ ਲਾਇਆ ਹੈ, ਕੀ ਕਰੀਮਪੁਰੀ ਸਾਹਬ ਸਿੱਧੇ ਰੂਪ ਵਿੱਚ ਭੈਣ ਜੀ ਨਾਲ ਫੋਨ ਤੇ ਗੱਲ ਕਰ ਸਕਣਗੇ? ਜਾਂ ਉਹਨਾਂ ਨੂੰ ਵੀ ਕਿਸੇ ਪ੍ਭਾਰੀ ਦੀ ਲੋੜ ਪਵੇਗੀ। ਜੇ ਲੋੜ ਪਵੇਗੀ ਤਾਂ ਕੀ ਬਦਲਿਆ? ਸਿਰਫ ਪ੍ਰਧਾਨ? ਇਸ ਨਾਲ ਪਾਰਟੀ ਦਾ ਕੀ ਫਾਇਦਾ ਹੋਵੇਗਾ? ਜੇ ਨੀਤੀ ਨਹੀਂ ਬਦਲਣੀ, ਰਣਨੀਤੀ ਨਹੀਂ ਬਦਲਣੀ, ਫਿਰ ਪਾਰਟੀ ਵਿੱਚ ਕੀ ਬਦਲਾਵ ਆਵੇਗਾ? ਸਿਰਫ ਐਨਾ ਕਿ ਪਹਿਲੀ ਟੀਮ ਬੈਠ ਜਾਵੇਗੀ ਤੇ ਦੂਜੀ ਟੀਮ ਐਕਟਿਵ ਹੋ ਜਾਵੇਗੀ। ਕੀ ਇਸ ਤਰ੍ਹਾਂ ਹੋਣ ਨਾਲ ਪਾਰਟੀ ਦਾ ਵੋਟ ਬੈਂਕ ਵਧੇਗਾ? ਜਾਂ ਕਰੀਮਪੁਰੀ ਸਾਹਬ ਸਿਰਫ ਆਪਣਾ ਪੁਰਾਣਾ ਇਤਿਹਾਸ ਦੁਹਰਾਉਣਗੇ। ਜਾਂ ਫਿਰ ਗੜ੍ਹੀ ਸਾਹਬ ਦੀ ਪਾਈ ਪਿਰਤ ਨੂੰ ਅੱਗੇ ਤੋਰਨਗੇ, ਸਿਰਫ ਪੈਸੇ ਵਾਲੇ ਤੇ ਰਸੂਖ ਵਾਲਿਆਂ ਨੂੰ ਹੀ ਅਹੁਦੇ ਅਤੇ ਟਿਕਟਾਂ ਮਿਲਣਗੀਆਂ। ਕੀ ਅਵਤਾਰ ਸਿੰਘ ਕਰੀਮਪੁਰੀ ਵੀ ਜਸਵੀਰ ਸਿੰਘ ਗੜ੍ਹੀ ਵਾਂਗ ਵਿਪੁਲ ਕੁਮਾਰ ਅਤੇ ਬੈਨੀਵਾਲ ਦੀ ਜੀ ਹਜੂਰੀ ਕਰਨਗੇ? 2006 ਤੋਂ ਬਾਅਦ ਰਾਸ਼ਟਰੀ ਪ੍ਰਧਾਨ ਦਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ, ਵਿਧਾਨ ਸਭਾ ਦੇ ਪ੍ਰਧਾਨ ਜਾਂ ਲੋਕ ਸਭਾ ਦੇ ਪ੍ਰਧਾਨਾਂ ਨਾਲ ਕੋਈ ਸਿੱਧਾ ਸੰਵਾਦ ਹੋਇਆ ਹੋਵੇ ਤਾਂ ਦੱਸਿਓ। ਜੇ ਨਹੀਂ ਹੋਇਆ ਤਾਂ ਰਾਸ਼ਟਰੀ ਪ੍ਰਧਾਨ ਨੂੰ ਕੀ ਪਤਾ ਕਿ ਪਾਰਟੀ ਵਿੱਚ ਚੱਲ ਕੀ ਰਿਹਾ? ਇਹ ਰਾਜਨੀਤੀ ਦੀ ਸਭ ਤੋ ਹੇਠਲੀ ਨੀਤੀ ਹੈ ਜਿਸ ਵਿੱਚ ਅਸੀਂ ਫੇਲ ਹਾਂ। ਪ੍ਭਾਰੀ ਜੋ ਕਹਿ ਦਿੰਦੇ ਹਨ ਉਹ ਹੀ ਆਖਰੀ ਸੱਚ ਹੋ ਨਿੱਭੜਦਾ। ਇਹ ਯੂ.ਪੀ. ਤੋਂ ਚੱਪਲਾਂ ਪਾਕੇ ਆਉਂਦੇ ਆ ਤੇ ਐਕਸ਼ਨ ਸ਼ੂ ਪਾਕੇ ਫੌਰਚੂਨਰ ਵਿੱਚ ਵਾਪਿਸ ਜਾਂਦੇ ਆ। ਗੜ੍ਹੀ ਸਾਹਬ ਕਹਿੰਦੇ ਮੈਂ ਇਹ ਹੀ ਦੱਸਣਾ ਸੀ, ਕਿ ਬੈਨੀਵਾਲ ਨੇ ਲੂਟ ਪਾਟ ਮਚਾ ਰੱਖੀ ਹੈ, ਕੀ ਗੜ੍ਹੀ ਸਾਹਬ ਨੂੰ ਸਾਢੇ ਪੰਜ ਸਾਲ ਬਾਅਦ ਪਤਾ ਲੱਗਾ? ਸੋ ਸਾਥੀਓ ਕੁੱਲ ਮਿਲਾ ਕੇ ਗੱਲ ਇਹ ਹੈ ਕਿ ਇੱਥੇ ਕੁੱਝ ਵੀ ਬਦਲਣ ਵਾਲਾ ਨਹੀਂ। ਜਿਹੜਾ ਮਰਜ਼ੀ ਪ੍ਧਾਨ ਬਣਾ ਦਿਉ, ਰਹਿਣਾ ਯੂ.ਪੀ ਤੋਂ ਆਏ ਪ੍ਭਾਰੀਆਂ ਥੱਲੇ ਹੀ ਆ। ਨਰਿੰਦਰ ਕਸ਼ਯਪ ਤੋਂ ਲੈ ਕੇ ਬੈਨੀਵਾਲ ਤੱਕ ਸਭ ਪੰਜਾਬ ਦੇ ਸਿਰੋਂ ਕਰੋੜਪਤੀ ਬਣ ਗਏ ਤੇ ਪੰਜਾਬੀ ਜਲੀਲ ਹੋਣ ਨੂੰ ਬੈਠੇ ਆ। ਸਾਹਬ ਦੇ ਬਣਾਏ ਮਹਿਲ ਨੂੰ ਹੋਰ ਕਦੋਂ ਤੱਕ ਯੂ.ਪੀ ਵਾਲਿਆਂ ਹੱਥੋਂ ਖੰਡਰ ਬਣਦਾ ਦੇਖਣਾ? ਪੰਜਾਬੀਓ ਕੁਛ ਅਣਖ ਬਚਦੀ ਆ ਤਾਂ ਇਸ ਮਹਿਲ ਨੂੰ ਬਚਾ ਲਉ। 1992 ਵਿੱਚ ਜਦੋਂ ਅਵਤਾਰ ਸਿੰਘ ਕਰੀਮਪੁਰੀ ਜੀ ਪਹਿਲੀ ਵਾਰ ਵਿਧਾਇਕ ਬਣੇ ਸੀ ਉਦੋਂ ਦਾ ਹਾਥੀ ਵਾਲਾ ਝੰਡਾ ਕੋਠੇ ਤੇ ਲਾਇਆ ਹੋਇਆ, 32 ਸਾਲ ਹੋ ਗਏ, ਕਦੇ ਝੰਡਾ ਉਤਾਰਿਆ ਨੀ। ਸਾਹਿਬ ਕਾਂਸ਼ੀ ਰਾਮ ਜੀ ਦੀ ਬਹੁਜਨ ਸਮਾਜ ਪਾਰਟੀ ਦਾ ਇੱਕ ਵਰਕਰ ਆਂ, ਪਰ ਅੱਜ ਬਹੁਤ ਨਿਰਾਸ਼ ਆਂ। ਆਸ ਦੀ ਕੋਈ ਕਿਰਨ ਨਜ਼ਰ ਨਹੀਂ ਆਉਂਦੀ। ਇੱਕ ਸਮਾਂ ਅਜਿਹਾ ਆਇਆ ਸੀ ਜਦੋਂ ਸਾਹਿਬ ਕਾਂਸ਼ੀ ਰਾਮ ਜੀ ਨੇ ਆਰ.ਪੀ.ਆਈ. ਦਾ ਝੰਡਾ ਉਤਾਰ ਦਿੱਤਾ ਸੀ, ਸ਼ਾਇਦ ਅਸੀਂ ਵੀ ਅੱਜ ਉਸੇ ਮੋੜ ਤੇ ਖੜੇ ਹਾਂ। ਸਾਹਿਬ ਦੇ ਪਾਏ ਪੂਰਨਿਆਂ ਤੇ ਚੱਲਦੇ ਹੋਏ ਪੰਜਾਬ ਨੂੰ ਨਵਾਂ ਬਦਲ ਦੇਣ ਦੀ ਸ਼ੁਰੂਆਤ ਕਰੋ ਪੰਜਾਬੀਓ। ਜਾਂ ਫਿਰ ਸ਼ਿਕਾਇਤ ਨਾ ਕਰੋ, ਬੱਸ ਯੂ.ਪੀ. ਦੀ ਜੀ ਹਜੂਰੀ ਕਰੋ। ਆਪਣੇ ਮਨ ਦੇ ਵਲਵਲਿਆਂ ਨਾਲ….ਸੰਜੀਵ ਕੁਮਾਰ ਐਮਾਂ ਜੱਟਾਂ।
ਜੈ ਭੀਮ ਜੈ ਭਾਰਤ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly