ਬੰਗਾ, (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਬਹੁਜਨ ਸਮਾਜ ਪਾਰਟੀ ਵਲੋਂ ਹਡ਼੍ਹ ਪੀਡ਼ਤਾਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪੰਜਾਬ ਨੂੰ ਦਿੱਤੇ ਰਾਹਤ ਪੈਕੇਜ਼ ਨੂੰ ਨਕਾਰਦਿਆਂ ਇਸ ਨੂੰ ਪੰਜਾਬ ਪ੍ਰਤੀ ਵਿਤਕਰੇ ਦਾ ਸ਼ਿਕਾਰ ਦੱਸਿਆ। ਬਸਪਾ ਦੇ ਸੂਬਾ ਜਨਰਲ ਸਕੱਤਰ ਪ੍ਰਵੀਨ ਬੰਗਾ ਨੇ ਸੂਬੇ ’ਚ ਹੋਏ ਨੁਕਸਾਨ ਦੇ ਮੁਕਾਬਲੇ ਇਸ ਰਕਮ ਨੂੰ ਘੱਟ ਦਸਿਆ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੀ ਇਸ ਕੁਦਰਤੀ ਆਫ਼ਤ ਸਮੇਂ ਸਿਆਸਤ ਤੋਂ ਉਭਰ ਨਹੀਂ ਸਕੀ ਸਗੋਂ ਜਮੀਨੀ ਪੱਧਰ ’ਤੇ ਰਾਹਤ ਕਾਰਜ ਕਰਨ ਦੀ ਥਾਂ ਹਵਾਈ ਕਿਲੇ ਵੱਧ ਬੰਨ੍ਹੇ ਜਾ ਰਹੇ ਹਨ। ਬਸਪਾ ਆਗੂ ਪ੍ਰਵੀਨ ਬੰਗਾ ਬੀਤੇ ਕਈ ਰੋਜ਼ ਤੋਂ ਪਾਰਟੀ ਵਰਕਰਾਂ ਨਾਲ ਹਡ਼੍ਹ ਪੀਡ਼੍ਹਤ ਘਰਾਂ ’ਚ ਜਾ ਲੋਕਾਂ ਦੀ ਸਾਰ ਲੈ ਰਹੇ ਹਨ ਅਤੇ ਉਹਨਾਂ ਕਿਹਾ ਪਾਰਟੀ ਆਪਣੇ ਸਾਧਨਾ ਮੁਤਾਬਿਕ ਲੋਡ਼ਵੰਦਾਂ ਦਾ ਹਰ ਸੰਭਵ ਸਹਿਯੋਗ ਕਰ ਰਹੀ ਹੈ। ਉਹਨਾਂ ਵਲੋਂ ਇਸ ਤਹਿਤ ਪਿੰਡ ਚੇਤਾ, ਕੰਗਰੌਡ਼, ਕਟਾਰੀਆਂ, ਪਠਲਾਵਾ, ਖੋਥਡ਼ਾਂ, ਝੰਡੇਰਾਂ, ਮੰਡੇਰਾਂ ਆਦਿ ਦਾ ਦੌਰਾ ਕੀਤਾ ਗਿਆ। ਉਹਨਾਂ ਕਿਹਾ ਕਿ ਜਿਹਡ਼ੀਆਂ ਸਿਆਸੀ ਧਿਰਾਂ ਲੋਕਾਂ ਦੀਆਂ ਹਮਦਰਦ ਦੱਸ ਕੇ ਰਾਜ ਸੱਤਾ ਤੱਕ ਪੱੁਜੀਆਂ ਹਨ ਅੱਜ ਆਫ਼ਤ ਦੇ ਦਿਨਾਂ ਵਿੱਚ ਉਹ ਲੋਕਾਂ ਦੇ ਸਹਿਯੋਗ ਲਈ ਤਨਦੇਹੀ ਨਾਲ ਕਾਰਜ ਕਰਨ ’ਚ ਪੱਛਡ਼ੀਆਂ ਨਜ਼ਰ ਆ ਰਹੀਆਂ ਹਨ। ਉਹਨਾਂ ਅਪੀਲ ਕੀਤੀ ਕਿ ਇਹ ਸਮਾਂ ਰਾਜਨੀਤੀ ਕਰਨ ਦਾ ਨਹੀਂ ਸਗੋਂ ਇਨਸਾਨੀਅਤ ਪ੍ਰਤੀ ਸਹਿਯੋਗ ਦੇ ਸੱਚੇ ਫ਼ਰਜ਼ ਨਿਭਾਉਣ ਦਾ ਹੈ। ਉਹਨਾਂ ਪੰਜਾਬ ਸਰਕਾਰ ਅੱਗੇ ਇਹ ਵੀ ਸਵਾਲ ਰੱਖਿਆ ਕਿ ਜਦੋਂ ਇੱਕ ਸ਼ਰਾਬ ਨਾਲ ਮਰਨ ਵਾਲੇ ਨੂੰ 10 ਲੱਖ ਦਿੱਤਾ ਗਿਆ ਜਦੋਂ ਕੁਦਰਤੀ ਆਫ਼ਤ ਨਾਲ ਮਰਨ ਵਾਲੇ ਨੂੰ ਮਹਿਜ਼ 4 ਲੱਖ ਦੇਣਾ ਕੋਝਾ ਮਜ਼ਾਕ ਹੈ। ਉਹਨਾਂ ਕਿਸਾਨਾਂ ਦੇ ਨਾਲ ਨਾਲ ਗਰੀਬ ਲੋਕਾਂ ਦੇ ਖਸਤਾ ਹਾਲਤ ਮਕਾਨਾਂ ਦੀ ਮੁਡ਼ ਉਸਾਰੀ ਲਈ ਢੁੱਕਵੀ ਰਾਹਤ ਦਿੱਤੀ ਜਾਵੇ। ਇਸ ਮੌਕੇ ਉਹਨਾਂ ਨਾਲ ਵਿਧਾਨ ਸਭਾ ਦੇ ਪ੍ਰਧਾਨ ਸਤਪਾਲ ਰਟੈਂਡਾ, ਜ਼ਿਲ੍ਹਾ ਆਗੂ ਵਿਜੈ ਕੁਮਾਰ ਗੁਣਾਚੌਰ, ਐਨ ਆਰ ਆਈ ਆਗੂ ਸੁਰਜੀਤ ਝੰਡੇਰ, ਸਾਬਕਾ ਸਰਪੰਚ ਅਸ਼ੋਕ ਕੁਮਾਰ, ਮਿਸ਼ਨਰੀ ਗਾਇਕ ਰੂਪ ਲਾਲ ਧੀਰ ਆਦਿ ਸ਼ਾਮਲ ਸਨ। ਡੱਬੀ…ਹਡ਼੍ਹਾਂ ਦੀ ਸਥਿਤੀ ਲਈ ਸਰਕਾਰਾਂ ਜਿੰੇਮੇਵਾਰ ਬਸਪਾ ਦੇ ਸੂਬਾਈ ਆਗੂ ਪ੍ਰਵੀਨ ਬੰਗਾ ਨੇ ਕਿਹਾ ਕਿ ਹਡ਼੍ਹਾਂ ਦੀ ਸਥਿਤੀ ਲਈ ਕੁਦਰਤੀ ਆਫ਼ਤ ਦੇ ਨਾਲ ਨਾਲ ਸਰਕਾਰਾਂ ਵਲੋਂ ਸਮੇਂ ਸਿਰ ਲੋਡ਼ੀਦੇ ਪ੍ਰਬੰਧ ਨਾ ਕਰਨ ਦਾ ਖਮਿਆਜ਼ਾ ਅੱਜ ਲੋਕਾਂ ਨੂੰ ਭਾਰੀ ਜਾਨ ਮਾਲ ਦਾ ਨੁਕਸਾਨ ਸਹਿ ਕੇ ਭੁਗਤਣਾ ਪੈ ਰਿਹਾ ਹੈ। ਉਹਨਾਂ ਕਿਹਾ ਅਜੋਕੀ ਮਾਰੂ ਸਥਿਤੀ ਲਈ ਜੇਕਰ ਕੇਂਦਰ ਤੇ ਸੂਬਾਈ ਸਰਕਾਰਾਂ ਦਾ ਸਮੇਂ ਸਿਰ ਤਾਲਮੇਲ ਬਣਾ ਕੇ ਮੌਕਾ ਸਾਂਭਿਆ ਹੁੰਦਾ ਤਾਂ ਅੱਜ ਇਹ ਦਿਨ ਨਾ ਦੇਖਣੇ ਪੈਂਦੇ।



