(ਸਮਾਜ ਵੀਕਲੀ)
ਜਲੰਧਰ, 30 ਅਕਤੂਬਰ, (ਰਮੇਸ਼ਵਰ ਸਿੰਘ)- ਬਹੁਜਨ ਸਮਾਜ ਪਾਰਟੀ ਦੇ ਪੰਜਾਬ ਅਤੇ ਚੰਡੀਗੜ੍ਹ ਦੇ ਇੰਚਾਰਜ ਵਿਪੁਲ ਕੁਮਾਰ ਜੀ ਪਿੰਡਾਂ ਕਸਬਿਆਂ ਵਿੱਚ ਜਾ ਕੇ ਬਸਪਾ ਦੇ ਕੇਡਰ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਮੀਟਿੰਗਾਂ ਕਰ ਰਹੇ ਹਨ।ਇਸੇ ਤਹਿਤ ਵਿਪੁਲ ਕੁਮਾਰ ਜੀ ਜਲੰਧਰ ਛਾਉਣੀ ਵਿਧਾਨ ਸਭਾ ਦੇ ਸੋਫ਼ੀ ਪਿੰਡ ਵਿਖੇ ਪਹੁੰਚੇ ਜਿੱਥੇ ਬਸਪਾ ਦੇ ਸਾਬਕਾ ਜਿਲ੍ਹਾ ਪ੍ਰਧਾਨ ਜਗਦੀਸ਼ ਰਾਣਾ, ਸੈਕਟਰ ਪ੍ਰਧਾਨ ਸਤੀਸ਼ ਕੁਮਾਰ, ਅਤੇ ਕੁਲਦੀਪ ਕੁਮਾਰ ਵੱਲੋਂ ਉਨ੍ਹਾਂ ਦਾ ਵਿਸ਼ੇਸ਼ ਸੁਆਗਤ ਕੀਤਾ ਗਿਆ।
ਇਸ ਦੌਰਾਨ ਬਸਪਾ ਦੇ ਪ੍ਰਮੁੱਖ ਆਗੂਆਂ ਤੇ ਵਰਕਰਾਂ ਨੂੰ ਸੰਬੋਧਨ ਕਰਦਿਆ ਵਿਪੁਲ ਕੁਮਾਰ ਜੀ ਨੇ ਕਿਹਾ ਕਿ ਪੰਜਾਬ ਸਰਕਾਰ ਲਗਾਤਾਰ ਦਲਿਤਾਂ ਪਛੜਿਆਂ ਤੇ ਗ਼ਰੀਬਾਂ ਦੇ ਹੱਕਾਂ ਤੇ ਡਾਕਾ ਮਾਰ ਰਹੀ ਹੈ ਤੇ ਗ਼ਰੀਬਾਂ ਨੂੰ ਹਰ ਗੱਲ ਵਿਚ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ। ਅਗਰ ਮਜਬੂਰ ਹੋ ਕੇ ਬਸਪਾ ਗ਼ਰੀਬਾਂ ਦੇ ਹੱਕਾਂ ਲਈ ਧਰਨਾ ਪ੍ਰਦਰਸ਼ਨ ਕਰਦੀ ਹੈ ਤਾਂ ਪੁਲਿਸ ਮੰਤਰੀਆਂ ਦੇ ਸ਼ਹਿ ਤੇ ਪਰਚੇ ਦਰਜ਼ ਕਰਦੀ ਹੈ।
ਵਿਪੁਲ ਕੁਮਾਰ ਨੇ ਕਿਹਾ ਕਿ ਬਸਪਾ ਆਗੂ ਇਨ੍ਹਾਂ ਪਰਚਿਆਂ ਤੋਂ ਡਰਦੇ ਨਹੀਂ ਤੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਲੋਕਾਂ ਦੇ ਹੱਕਾਂ ਦੀ ਲੜਾਈ ਲੜਦੇ ਰਹਿਣਗੇ ਤੇ ਇਸੇ ਤਹਿਤ ਬਹੁਜਨ ਸਮਾਜ ਪਾਰਟੀ 1 ਨਵੰਬਰ ਬੁੱਧਵਾਰ ਨੂੰ ਜਲੰਧਰ ਦੇ ਡੀ ਸੀ ਦਫਤਰ ਦੇ ਬਾਹਰ ਬੋਰੀਆਂ ਵਿਛਾ ਕੇ ਪ੍ਰਦਰਸ਼ਨ ਕਰੇਗੀ। ਇਸ ਮੌਕੇ ਸੂਬਾ ਸਕੱਤਰ ਜਸਵੰਤ ਰਾਏ, ਜਗਦੀਸ਼ ਰਾਣਾ ਸੋਫੀ ਪਿੰਡ ਅਤੇ ਹਲਕਾ ਪ੍ਰਧਾਨ ਹਰਮੇਸ਼ ਖੁਰਲਾ ਕਿੰਗਰਾ ਨੇ ਵੀ ਆਪਣੇ ਵਿਚਾਰ ਰੱਖੇ।
ਇਸ ਮੌਕੇ ਸੂਬਾ ਖਜਾਨਚੀ ਪਰਮਜੀਤ ਮੱਲ, ਜਿਲ੍ਹਾ ਉਪ ਪ੍ਰਧਾਨ ਗੁਰਪਾਲ ਪਾਲਾ ਖੇੜਾ, ਮਾਸਟਰ ਹਰਜਿੰਦਰ ਬੰਗਾ, ਸਤਨਾਮ ਕੌਰ, ਜਸਵੀਰ ਕੌਰ, ਹਰਭਜਨ ਸਾਂਪਲਾ, ਗੁਰਨਾਮ ਗੁੱਡੂ ਸਾਬਕਾ ਸਰਪੰਚ, ਬਾਬਾ ਰਮਜੂ, ਸੁਖ ਰਾਮ ਬੰਗੜ, ਮਾਸਟਰ ਰਾਮ ਲਾਲ, ਪਰਮਿੰਦਰ ਬੰਗੜ, ਰਾਜ ਦੀਨ ਪੁਰ ਆਦਿ ਤੇ ਹੋਰ ਵੀ ਬਸਪਾ ਸਮਰਥਕ ਹਾਜ਼ਿਰ ਸਨ।
ਇਸ ਮੌਕੇ ਕੁਲਦੀਪ ਕੁਮਾਰ ਨੂੰ ਬਸਪਾ ਸੋਫ਼ੀ ਪਿੰਡ ਦਾ ਪ੍ਰਧਾਨ ਵੀ ਲਗਾਇਆ ਗਿਆ।
– ਜਗਦੀਸ਼ ਰਾਣਾ