ਚੰਡੀਗੜ੍ਹ (ਸਮਾਜ ਵੀਕਲੀ) : ਪੰਜਾਬ ਸੈਕਟਰ ਵਿੱਚ ਅੰਤਰਰਾਸ਼ਟਰੀ ਸਰਹੱਦ ’ਤੇ 20 ਅਤੇ 21 ਦਸੰਬਰ ਦੀ ਦਰਮਿਆਨੀ ਰਾਤ ਦੌਰਾਨ ਕਾਫ਼ੀ ਸਰਗਰਮੀ ਰਹੀ। ਬੀਐੱਸਐੱਫ ਨੇ ਜਿਥੇ ਅੰਮ੍ਰਿਤਸਰ ਨੇੜੇ ਪਾਕਿਸਤਾਨੀ ਡਰੋਨ ਨੂੰ ਡੇਗਿਆ ਉਥੇ ਤਸਕਰਾਂ ‘ਤੇ ਗੋਲੀਬਾਰੀ ਕਰਨ ਤੋਂ ਬਾਅਦ ਫਾਜ਼ਿਲਕਾ ਖੇਤਰ ਵਿੱਚ ਵਾੜ ਦੇ ਨੇੜੇ 25 ਪੈਕੇਟ ‘ਹੈਰੋਇਨ’ ਜ਼ਬਤ ਕੀਤੇ।
ਬੀਐੱਸਐੱਫ ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਤੜਕੇ 1.50 ਵਜੇ ਜਵਾਨਾਂ ਨੇ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਗੱਟੀ ਅਜਾਇਬ ਸਿੰਘ ਨੇੜੇ ਪੈਂਦੇ ਖੇਤਰ ਵਿੱਚ ਸਰਹੱਦੀ ਕੰਡਿਆਲੀ ਤਾਰ ਦੇ ਦੋਵੇਂ ਪਾਸੇ ਤਸਕਰਾਂ ਦੀ ਹਰਕਤ ਵੇਖੀ। ਜਵਾਨਾਂ ਨੇ ਤੁਰੰਤ ਸਰਹੱਦੀ ਵਾੜ ਦੇ ਅੱਗੇ ਪਾਕਿਸਤਾਨੀ ਤਸਕਰਾਂ ‘ਤੇ ਗੋਲੀਬਾਰੀ ਕੀਤੀ। ਸੰਘਣੀ ਧੁੰਦ ਦਾ ਫਾਇਦਾ ਉਠਾਉਂਦੇ ਹੋਏ ਤਸਕਰ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਏ। ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਅਤੇ ਪੁਲੀਸ ਅਤੇ ਹੋਰ ਏਜੰਸੀਆਂ ਨੂੰ ਸੂਚਿਤ ਕਰ ਦਿੱਤਾ ਗਿਆ। ਤਲਾਸ਼ੀ ਦੌਰਾਨ ਬੀਐੱਸਐੱਫ ਦੇ ਜਵਾਨਾਂ ਨੇ ਪੀਲੀ ਟੇਪ ਵਿੱਚ ਲਪੇਟੇ 4 ਪੈਕੇਟ ਬਰਾਮਦ ਕੀਤੇ ਜਿਨ੍ਹਾਂ ’ਚ ਹੈਰੋਇਨ ਹੋਣ ਦ ਸ਼ੱਕ ਹੈ। ਇਸ ਤੋਂ ਇਲਾਵਾ ਖੇਤਰ ਦੀ ਤਲਾਸ਼ੀ ਦੌਰਾਨ ਜਵਾਨਾਂ ਨੇ ਸਰਹੱਦੀ ਵਾੜ ਦੇ ਅੱਗੇ 12 ਫੁੱਟ ਲੰਮੀ ਪੀਵੀਸੀ ਪਾਈਪ ਅਤੇ ਇੱਕ ਸ਼ਾਲ ਦੇ ਨਾਲ ਪੀਲੀ ਟੇਪ ਵਿੱਚ ਲਪੇਟੇ ਹੈਰੋਇਨ ਦੇ 21 ਪੈਕਟ ਬਰਾਮਦ ਕੀਤੇ। ਦੂਸਰੀ ਘਟਨਾ ਵਿੱਚ ਅੰਮ੍ਰਿਤਸਰ ਸੈਕਟਰ ਵਿੱਚ ਮੰਗਲਵਾਰ ਸ਼ਾਮ 7.20 ਵਜੇ ਪਾਕਿਸਤਾਨ ਵਾਲੇ ਪਾਸਿਓਂ ਡਰੋਨ ਭਾਰਤ ਵਿੱਚ ਦਾਖਲ ਹੋਇਆ। ਬੀਐਸਐਫ ਅਧਿਕਾਰੀਆਂ ਨੇ ਦੱਸਿਆ ਕਿ 144 ਬਟਾਲੀਅਨ ਦੇ ਜਵਾਨਾਂ ਨੇ ਡਰੋਨ ਗੋਲੀਬਾਰੀ ਕਰ ਕੇ ਹੇਠਾਂ ਸੁੱਟ ਲਿਆ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly