ਨਵੀਂ ਦਿੱਲੀ — ਗ੍ਰਹਿ ਮੰਤਰਾਲੇ ਨੇ ਬੀਐੱਸਐੱਫ ਦੇ ਡਾਇਰੈਕਟਰ ਜਨਰਲ ਨਿਤਿਨ ਅਗਰਵਾਲ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ। ਇਸ ਦੇ ਨਾਲ ਹੀ ਬੀਐਸਐਫ ਦੇ ਸਪੈਸ਼ਲ ਡੀਜੀ ਵਾਈਬੀ ਖੁਰਾਨੀਆ ਨੂੰ ਵੀ ਹਟਾ ਕੇ ਉੜੀਸਾ ਕੇਡਰ ਵਿੱਚ ਵਾਪਸ ਭੇਜ ਦਿੱਤਾ ਗਿਆ ਹੈ। ਜਦੋਂਕਿ ਨਿਤਿਨ ਅਗਰਵਾਲ ਨੂੰ ਉਨ੍ਹਾਂ ਦੇ ਜੱਦੀ ਕੇਰਲਾ ਵਾਪਸ ਭੇਜ ਦਿੱਤਾ ਗਿਆ ਹੈ, ਮੰਨਿਆ ਜਾ ਰਿਹਾ ਹੈ ਕਿ ਜੰਮੂ-ਕਸ਼ਮੀਰ ‘ਚ ਪਿਛਲੇ ਇਕ ਸਾਲ ਤੋਂ ਅੱਤਵਾਦੀਆਂ ਦੀ ਲਗਾਤਾਰ ਘੁਸਪੈਠ ਡੀਜੀ ਬੀਐਸਐਫ ਅਤੇ ਸਪੈਸ਼ਲ ਡੀਜੀ ਬੀਐਸਐਫ ਨੂੰ ਹਟਾਉਣ ਦਾ ਮੁੱਖ ਕਾਰਨ ਹੈ। ਜੰਮੂ-ਕਸ਼ਮੀਰ ‘ਚ ਅੱਤਵਾਦੀਆਂ ਦੀ ਘੁਸਪੈਠ ਨੂੰ ਲੈ ਕੇ ਭਾਰਤ ਸਰਕਾਰ ਦੀ ਇਹ ਸਭ ਤੋਂ ਵੱਡੀ ਪ੍ਰਸ਼ਾਸਨਿਕ ਕਾਰਵਾਈ ਹੈ। ਇਸ ਤੋਂ ਇਲਾਵਾ ਪੰਜਾਬ ਸੈਕਟਰ ਤੋਂ ਲਗਾਤਾਰ ਹੋ ਰਹੀ ਅੱਤਵਾਦੀ ਘੁਸਪੈਠ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕਾਬੂ ਕਰਨ ਵਿਚ ਅਸਮਰਥਤਾ ਨੂੰ ਵੀ ਇਸ ਕਾਰਵਾਈ ਦਾ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ। ਪਿਛਲੇ ਕਈ ਸਾਲਾਂ ਵਿੱਚ ਇਹ ਪਹਿਲੀ ਵਾਰ ਹੈ ਕਿ ਦੋ ਸਭ ਤੋਂ ਸੀਨੀਅਰ ਅਫਸਰ, ਜੋ ਕਿਸੇ ਨੀਮ ਫੌਜੀ ਬਲਾਂ ਦੀ ਅਗਵਾਈ ਕਰ ਰਹੇ ਸਨ, ਨੂੰ ਇਸ ਤਰੀਕੇ ਨਾਲ ਹਟਾਇਆ ਗਿਆ ਹੈ। ਜਾਣਕਾਰੀ ਅਨੁਸਾਰ, ਡੀਜੀ ਬੀਐਸਐਫ ਨਿਤਿਨ ਅਗਰਵਾਲ 1989 ਬੈਚ ਦੇ ਕੇਰਲ ਕੇਡਰ ਦੇ ਅਧਿਕਾਰੀ ਹਨ, ਜਦਕਿ ਖੁਰਾਨੀਆ 1990 ਬੈਚ ਦੇ ਓਡੀਸ਼ਾ ਕੇਡਰ ਦੇ ਅਧਿਕਾਰੀ ਹਨ। ਅਗਰਵਾਲ ਨੇ ਪਿਛਲੇ ਸਾਲ ਜੂਨ ‘ਚ ਸੀਮਾ ਸੁਰੱਖਿਆ ਬਲ ਦੇ ਮੁਖੀ ਦਾ ਅਹੁਦਾ ਸੰਭਾਲਿਆ ਸੀ। ਇਸ ਦੇ ਨਾਲ ਹੀ ਖੁਰਾਨੀਆ ਸਪੈਸ਼ਲ ਡਾਇਰੈਕਟਰ ਜਨਰਲ (ਪੱਛਮ) ਦੇ ਤੌਰ ‘ਤੇ ਪਾਕਿਸਤਾਨ ਸਰਹੱਦ ‘ਤੇ ਫੋਰਸ ਦੇ ਗਠਨ ਦੀ ਅਗਵਾਈ ਕਰ ਰਹੇ ਸਨ। ਕੈਬਨਿਟ ਦੀ ਨਿਯੁਕਤੀ ਕਮੇਟੀ (ਏ. ਸੀ. ਸੀ.) ਦੁਆਰਾ ਜਾਰੀ ਕੀਤੇ ਗਏ ਵੱਖਰੇ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ “ਤੁਰੰਤ ਪ੍ਰਭਾਵ” ਨਾਲ “ਸਮੇਂ ਤੋਂ ਪਹਿਲਾਂ” ਵਾਪਸ ਭੇਜਿਆ ਜਾ ਰਿਹਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly