(ਸਮਾਜ ਵੀਕਲੀ)
ਫੋਨ ‘ਤੇ ਗੱਲਾਂ ਕਰਨ ਤੋਂ ਬਾਅਦ ਹਰਮੀਤ ਅਤੀਤ ਵਿਚ ਚਲੀ ਗਈ।ਉਸ ਨੂੰ ਯਾਦ ਆ ਰਿਹਾ ਸੀ ਕਿ ਪੜ੍ਹਾਈ ਵਿੱਚ ਹੁਸ਼ਿਆਰ ਹੋਣ ਕਰਕੇ ਹਰਮੀਤ ਦੇ ਪਾਪਾ ਉਸਨੂੰ ਡਾਕਟਰ ਬਣਾਉਣਾ ਚਾਹੁੰਦੇ ਸਨ ..ਵੱਡੇ ਭੈਣ-ਭਰਾਵਾਂ ਨੂੰ ਵੀ ਉੱਚ ਵਿੱਦਿਆ ਦਿਵਾਈ ਸੀ ਅਤੇ ਨੌਕਰੀਆਂ ‘ਤੇ ਲੱਗੇ ਸਨ।ਹਰਮੀਤ ਦੇ ਹਿੱਸੇ ਦੇ ਪੈਸਿਆਂ ਦੀ ਪਿਤਾ ਨੇ ਐੱਫ.ਡੀ. ਉਸ ਦੇ ਨਾਂ ਕਰਵਾ ਦਿੱਤੀ ।ਪ੍ਰੰਤੂ ਅਚਾਨਕ ਪਿਤਾ ਦੀ ਮੌਤ ਹੋਣ ਕਾਰਨ ਹੁਣ ਵੱਡੇ ਭੈਣ-ਭਰਾਵਾਂ ਦੀ ਅੱਖ ਹਰਮੀਤ ਦੀ ਐੱਫ. ਡੀ. ਅਤੇ ਮਾਂ ਦੀ ਪੈਨਸ਼ਨ ‘ਤੇ ਸੀ ।
ਡਾਕਟਰੀ ਦੀ ਪੜ੍ਹਾਈ ਵਿੱਚ ਹਰਮੀਤ ਦਾ ਪਹਿਲਾ ਸਾਲ ਹੀ ਸੀ..ਅਤੇ ਹੋਸਟਲ ਵਿਚ ਪੜ੍ਹ ਰਹੀ ਸੀ …ਜਦ ਘਰ ਆਈ ਤਾਂ ਉਸ ਨੂੰ ਮਾਂ ਦੀ ਹਾਲਤ ਬਾਰੇ ਪਤਾ ਲੱਗਾ…ਕਿ ਕਿਵੇਂ ਉਸ ਦੀਆਂ ਭੈਣਾਂ ਅਤੇ ਭਰਾ ਪੈਨਸ਼ਨ ਕੱਢਵਾ ਕੇ ਉਸ ਨੂੰ ਇਕੱਲੀ ਛੱਡ ਦਿੰਦੇ..ਇਹ ਵੇਖ ਕੇ ਹਰਮੀਤ ਦਾ ਮਨ ਬਹੁਤ ਦੁਖੀ ਹੋਇਆ ਅਤੇ ਰਿਸ਼ਤੇ ਤਿੜਕਦੇ ਦਿਖਾਈ ਦੇਣ ਲੱਗੇ। ਸੋਚ ਵਿਚਾਰ ਤੋਂ ਬਾਅਦ ਹਰਮੀਤ ਨੇ ਆਰਟਸ ਗਰੁੱਪ ਲੈ ਲਿਆ ਅਤੇ ਪਿੰਡ ਹੀ ਮਾਂ ਕੋਲ਼ ਰਹਿਣ ਲੱਗੀ ।ਆਪਣੀ ਐੱਫ.ਡੀ. ਤੁੜਵਾ ਕੇ ਭੈਣ- ਭਰਾਵਾਂ ਦੇ ਖਾਤੇ ਵਿਚ ਰੁਪਏ ਟਰਾਂਸਫਰ ਕਰ ਦਿੱਤੇ।
ਹਰਮੀਤ ਨੇ ਚੰਗੇ ਅੰਕ ਲੈ ਕੇ ਬੀ. ਏ. ਦੀ ਪੜ੍ਹਾਈ ਪੂਰੀ ਕਰ ਲਈ ਅਤੇ ਪੀ.ਸੀ.ਐੱਸ ਪੇਪਰ ਵਿੱਚੋਂ ਪਹਿਲਾ ਦਰਜਾ ਹਾਸਲ ਕੀਤਾ।ਹਰਮੀਤ ਨੂੰ ਏ ਕਲਾਸ ਅਫ਼ਸਰ ਦੀ ਨੌਕਰੀ ਮਿਲ਼ ਗਈ। ਵਧਾਈਆਂ ਦੇ ਫ਼ੋਨ ਵੱਜਣ ਲੱਗੇ। ਤਿੰਨੇ ਭੈਣ-ਭਰਾਵਾਂ ਦੇ ਵਾਰੀ-ਵਾਰੀ ਫੋਨ ਆਏ ।ਹਰਮੀਤ ਨੇ ਸਭ ਨਾਲ਼ ਹੱਸ ਕੇ ਗੱਲ ਕੀਤੀ ।ਫ਼ੋਨ ਰੱਖਣ ਤੋਂ ਬਾਅਦ ਹਰਮੀਤ ਨੇ ਸਕੂਨ ਦਾ ਸਾਹ ਲਿਆ । ….ਹਰਮੀਤ ਨੂੰ ਅੱਜ ਅਫ਼ਸਰ ਬਣਨ ਨਾਲੋਂ ਜ਼ਿਆਦਾ ਖੁਸ਼ੀ ਤੇ ਸਕੂਨ ਇਸ ਗੱਲ ਦਾ ਸੀ ਕਿ ਉਸ ਨੇ ਆਪਣੀ ਸਿਆਣਪ ਅਤੇ ਮਿਹਨਤ ਸਦਕਾ ..ਬਹੁਤ ਨਜ਼ਦੀਕੀ ਰਿਸ਼ਤੇ ਜੋ ਤਿੜਕਦੇ ਜਾ ਰਹੇ ਸਨ ਨੂੰ ਬਚਾ ਲਿਆ।
ਸਰਬਜੀਤ ਕੌਰ ਭੁੱਲਰ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly