ਜਲੰਧਰ, (ਸਮਾਜ ਵੀਕਲੀ ਖ਼ਬਰ ਨੈੱਟਵਰਕ)- ਉਂਝ ਤਾਂ ਭਾਰਤੀ ਪੰਜਾਬ ਦੇ ਬਿਜਲੀ ਖਪਤਕਾਰ ਇਹ ਮੰਨਦੇ ਹਨ ਕਿ ਪਾਵਰਕਾਮ ਮੁਲਾਜ਼ਮ ਜੋ ਨਾ ਕਰਨ ਓਹੀ ਘੱਟ ਹੈ ਪਰ ਕਈ ਵਾਰ ਲਾਪਰਵਾਹੀ ਦੇ ਇਹੋ ਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਕਿ ਲੋਕ ਡਰ ਜਾਂਦੇ ਹਨ।
ਇਸੇ ਤਰ੍ਹਾਂ ਦਾ ਮਾਮਲਾ ਬਾਈਪਾਸ ਰੋਡ ਜਲੰਧਰ ’ਤੇ ਸਥਿਤ ਇਲਾਕੇ ਸਰੂਪ ਨਗਰ (ਨੇੜੇ ਪਿੰਡ ਰਾਊਵਾਲੀ) ਦਾ ਹੈ।
ਸਰੂਪ ਨਗਰ ਮੁਹੱਲੇ ਦੇ ਲੋਕਾਂ ਨੇ ਦੱਸਿਆ ਕਿ ਅੱਠ-ਨੌਂ ਦਿਨ ਪਹਿਲਾਂ ਗਲੀ ਵਿੱਚੋਂ ਨਿਕਲੇ ਟਰੱਕ ਚਾਲਕ ਨੇ ਬਿਜਲੀ ਦੀ ਇਹ ਤਾਰ ਤੋੜ ਦਿੱਤੀ ਸੀ ਜੋ ਕਿ ਲੋਕਾਂ ਨੇ ਲੱਕੜ ਦੀਆਂ ਵਸਤਾਂ ਨਾਲ ਬੜੀ ਸੂਝ ਨਾਲ ਪਾਸੇ ਕਰ ਦਿੱਤੀ ਸੀ ਅਤੇ ਇਸ ਬਾਰੇ 1912 ਟੌਲ ਫ੍ਰੀ ਨੰਬਰ ’ਤੇ ਸ਼ਿਕਾਇਤ ਦਰਜ ਕਰਵਾ ਦਿੱਤੀ ਸੀ। ਉੱਥੋਂ ਕੰਪਿਊਟਰ-ਜੈਨਰੇਟਿਡ ਮੈਸੇਜ ਆਇਆ ਸੀ ਕਿ ਸਬੰਧਤ ਇਲਾਕੇ ਦਾ ਜੇ.ਈ. ਜਲਦੀ ਪਹੁੰਚ ਕਰੇਗਾ ਪਰ ਸਿਤਮਜ਼ਰੀਫ਼ੀ ਇਹ ਹੈ ਕਿ 10 ਦਿਨ ਬੀਤ ਚੁੱਕੇ ਨੇ ਪਰ ਏਸ ਅਰਸੇ ਦੌਰਾਨ ਕੋਈ ਪਾਵਰਕਾਮ ਕਾਮਾ ਜਾਂ ਅਫ਼ਸਰ, ਮੌਕਾ ਵੇਖਣ ਨਹੀਂ ਪੁੱਜਾ।
ਮੁੱਹਲਾ ਸਰੂਪ ਨਗਰ ਦੇ ਵਾਸੀ ਜਸਪਾਲ, ਭਿਰਗੂ ਤੇ ਦੀਦਾਵਰ ਲੇਖ ਲੜੀ ਦੇ ਲਿਖਾਰੀ ਯਾਦਵਿੰਦਰ# ਨੇ ਦੱਸਿਆ ਕਿ ਜੇ ਬਿਜਲੀ ਦੀ ਟੁੱਟੀ ਭੱਜੀ ਤਾਰ ਕਾਰਨ ਕੋਈ ਹਾਦਸਾ ਵਾਪਰ ਗਿਆ ਤਾਂ ਉਹ ਸਥਾਨਕ ਬਿਜਲੀ ਦਫ਼ਤਰ ਦੇ ਸਾਹਮਣੇ ਤਿੱਖਾ ਰੋਸ ਮੁਜ਼ਾਹਰਾ ਕਰਨਗੇ।
ਇਲਾਕੇ ਦੇ ਲੋਕਾਂ ਨੇ ਕਿਹਾ ਕਿ ਕੋਵਿਡ19 ਲਾਕਡਾਊਨ ਤੇ ਹੋਰ ਦੁਸ਼ਵਾਰੀਆਂ ਕਾਰਨ ਜਿਊਣਾ ਮੁਹਾਲ ਹੈ ਤੇ ਪਾਵਰਕਾਮ ਕਾਮੇ ਇਸ ਦੌਰਾਨ ਵੀ ਲਾਪਰਵਾਹੀ ਤੇ ਘੇਸ ਮਾਰਨ ਦੀ ਆਦਤ ਛੱਡਣ ਨੂੰ ਤਿਆਰ ਨਹੀਂ ਹਨ।
ਸਰੂਪ ਨਗਰ, ਰਾਊਵਾਲੀ ਇਸ ਵੇਲੇ ਬਿਜਲੀ ਹਾਦਸੇ ਦੀ ਕਗਾਰ ਉੱਤੇ ਹੈ ਪਰ ਨਿੱਕਮੇ ਬਿਜਲੀ ਕਾਮੇ ਆਲਸ ਨੂੰ ਮੁੱਖ ਰੱਖ ਕੇ, ਲਾਪਰਵਾਹੀ ਕਰ ਰਹੇ ਨੇ।