ਟੋਟੇ ਕਰ ਦਿੱਤੇ……

(ਸਮਾਜ ਵੀਕਲੀ)

ਰਾਜਨੀਤੀ ਦੇ ਖਿਡਾਰੀਆਂ ਨੇ,
ਕੰਮ ਬੜੇ ਹੀ ਛੋਟੇ ਕਰ ਦਿੱਤੇ।
ਆਪਣੇ ਮਤਲਬ ਹੱਲ ਕਰਨ ਲਈ,
ਪੰਜਾਬ ਮੇਰੇ ਦੇ ਟੋਟੇ ਕਰ ਦਿੱਤੇ।
ਹਾਏ!
ਪੰਜਾਬ ਮੇਰੇ ਦੇ…..
ਸ਼ੇਰੇ ਪੰਜਾਬ ਨੇ ਯਤਨ ਕਰਕੇ,
ਜੋੜਿਆ ਇੱਕ-ਇੱਕ ਨਾਲ਼ ਸੀ।
ਬਹੁਤ ਪਿਆਰ ਦੇ ਨਾਲ਼ ਉਹ,
ਰਿਹਾ ਏਸ ਨੂੰ ਪਾਲ ਸੀ।
ਭਾਗ ਇਹਨਾਂ ਨੇਤਾਵਾਂ ਨੇ,
ਸਾਡੇ ਹੁਣ ਖੋਟੇ ਕਰ ਦਿੱਤੇ।
ਹਾਏ!
ਪੰਜਾਬ ਮੇਰੇ ਦੇ……
ਪਹਿਲੋਂ ਹੀ ਟੁੱਟ ਕੇ ਅੱਧਾ ਹੋਇਆ,
ਰੋਂ- ਰੋ ਧਾਹਾਂ ਮਾਰਦਾ ਸੀ।
ਹੁਣ ਤਾਂ ਉਹ ਵੀ ਵਿਛੋੜ ਦਿੱਤਾ,
ਜਿਹੜਾ ਬਾਹਾਂ ਨਾਲ਼ਦਾ ਸੀ।
ਛਿੱਲ-ਛਿੱਲ ਕੇ ਬੇਗੈਰਤਾਂ ਨੇ,
ਨੰਗੇ ਸਾਰੇ ਪੋਟੇ ਕਰ ਦਿੱਤੇ।
ਹਾਏ!
ਪੰਜਾਬ ਮੇਰੇ ਦੇ…..
ਇੱਕੋ ਮਾਂ ਦੇ ਢਿੱਡੋਂ ਜਾਇਆਂ ਨੂੰ,
ਕੀ ਮਿਲ਼ਿਆ ਕਰ ਦੂਰ ਤੁਹਾਨੂੰ?
ਕਦੇ ਲਾਹੌਰ ਤੇ ਕਦੇ ਹਰਿਆਣਾ,
ਕਰਕੇ ਹਿਮਾਚਲ ਤੋਂ ਦੂਰ ਸਾਨੂੰ?
ਵੱਖੋ-ਵੱਖਰਾ ਕਰ ‘ਤਾਂ ਤੁਸਾਂ ਨੇ,
ਅੱਡੋ-ਅੱਡ ਚੁੱਲ੍ਹੇ ਚੌਂਕੇ ਕਰ ਦਿੱਤੇ ।
ਹਾਏ!
ਪੰਜਾਬ ਮੇਰੇ ਦੇ….
ਕੋਈ ਮੋੜ ਲਿਆਵੇ ਵਿਛੜਿਆਂ ਨੂੰ,
ਮੈਂ ਮਨਾਵਾਂ ਈਦ ਤੇ ਦੀਵਾਲੀਆਂ।
ਮੁੜ ਆਵੇ ਉਹ ਵਿਹੜਾ ਸਾਂਝਾ ,
ਨੀਂ ਮੈਂ ਗਾਵਾਂ ਨਿੱਤ ਕਵਾਲੀਆਂ।
ਪਤਾ ਨਹੀਂ ਦਿਮਾਗ਼ ਆਪਣਿਆਂ ਦੇ,
‘ਮਨਜੀਤ’,ਕੀਹਨੇ ਮੋਟੇ ਕਰ ਦਿੱਤੇ।
ਹਾਏ!
ਪੰਜਾਬ ਮੇਰੇ ਦੇ ਟੋਟੇ ਕਰ ਦਿੱਤੇ।
ਪੰਜਾਬ ਮੇਰੇ ਦੇ ਟੋਟੇ ਕਰ ਦਿੱਤੇ।

ਮਨਜੀਤ ਕੌਰ ਧੀਮਾਨ

ਸ਼ੇਰਪੁਰ, ਲੁਧਿਆਣਾ। ਸੰ:9464633059

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੁਦਰਤ
Next articleਏਹੁ ਹਮਾਰਾ ਜੀਵਣਾ -116