ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਰੌਣਕ ਪਰਤੀ

ਚੰਡੀਗੜ੍ਹ (ਸਮਾਜ ਵੀਕਲੀ): ਪੰਜਾਬ ’ਚ ਅੱਜ ਲੰਮੇ ਅਰਸੇ ਮਗਰੋਂ ਸਰਕਾਰੀ ਸਕੂਲ ਮੁੜ ਖੁੱਲ੍ਹ ਗਏ ਹਨ ਜਿਨ੍ਹਾਂ ’ਚ ਬੱਚਿਆਂ ਦੀ ਹਾਜ਼ਰੀ ਕਿਤੇ ਭਰਵੀਂ ਅਤੇ ਕਿਤੇ ਘੱਟ ਰਹੀ। ਬਹੁਤੇ ਸਮਾਰਟ ਸਕੂਲਾਂ ਵਿੱਚ ਬੱਚਿਆਂ ਦਾ ਸਵਾਗਤ ਸਟਾਫ਼ ਨੇ ਤਾੜੀਆਂ ਮਾਰ ਕੇ ਕੀਤਾ। ਕਈ ਸਰਕਾਰੀ ਸਕੂਲ ਬੱਚਿਆਂ ਦੇ ਸਵਾਗਤ ’ਚ ਸਜਾਏ ਗਏ ਸਨ। ਅੰਦਾਜ਼ੇ ਮੁਤਾਬਕ ਸਰਕਾਰੀ ਸਕੂਲਾਂ ਵਿੱਚ ਅੱਜ ਪਹਿਲੇ ਦਿਨ ਬੱਚਿਆਂ ਦੀ ਹਾਜ਼ਰੀ 60 ਤੋਂ 70 ਫ਼ੀਸਦੀ ਤੱਕ ਰਹੀ ਹੈ। ਪੰਜਾਬ ਵਿੱਚ ਕਰੀਬ 19,500 ਸਰਕਾਰੀ ਸਕੂਲ ਹਨ ਜਿਨ੍ਹਾਂ ਵਿੱਚ ਲਗਪਗ 22 ਲੱਖ ਵਿਦਿਆਰਥੀ ਪੜ੍ਹਦੇ ਹਨ।

ਮੁਹਾਲੀ ਦੇ ਇੱਕ ਸਕੂਲ ਅਧਿਆਪਕ ਹਰਪਾਲ ਸਿੰਘ ਬਾਜਕ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਅੱਜ ਕੋਵਿਡ-19 ਪ੍ਰੋਟੋਕਾਲ ਦੀ ਪਾਲਣਾ ਨਾਲ ਸਕੂਲ ਖੁੱਲ੍ਹੇ ਹਨ। ਫਾਜ਼ਿਲਕਾ ਦੇ ਪਿੰਡ ਚਾਨਣ ਵਾਲਾ ਦਾ ਸਰਕਾਰੀ ਪ੍ਰਾਇਮਰੀ ਸਕੂਲ ਅੱਜ ਬੱਚਿਆਂ ਦੇ ਸਵਾਗਤ ਵਿੱਚ ਸਜਾਇਆ ਹੋਇਆ ਸੀ ਅਤੇ ਸਕੂਲ ਕੈਂਪਸ ਵਿੱਚ ਚਾਰੇ ਪਾਸੇ ਗੁਬਾਰੇ ਲਾਏ ਗਏ ਸਨ। ਸਿੱਖਿਆ ਮਹਿਕਮੇ ਤਰਫੋਂ ਅੱਜ ਭੇਜੀਆਂ ਟੀਮਾਂ ਨੇ ਸਕੂਲਾਂ ਵਿੱਚ ਜਾਇਜ਼ਾ ਵੀ ਲਿਆ। ਪਟਿਆਲਾ ਦੇ ਪਿੰਡ ਟੌਹੜਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਸਤਵੰਤ ਕੌਰ ਨੇ ਦੱਸਿਆ ਕਿ ਸਕੂਲ ਵਿੱਚ ਪਹਿਲੇ ਦਿਨ ਹਾਜ਼ਰੀ 65 ਫ਼ੀਸਦੀ ਰਹੀ ਅਤੇ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਕੀਤੀ ਗਈ। ਇਸੇ ਤਰ੍ਹਾਂ ਮਾਨਸਾ ਦੇ ਪਿੰਡ ਰਿਉਂਦ ਕਲਾਂ ਦੇ ਸਕੂਲ ਪ੍ਰਿੰਸੀਪਲ ਅੰਗਰੇਜ਼ ਸਿੰਘ ਨੇ ਸਕੂਲ ਵਿੱਚ ਪਹਿਲੇ ਦਿਨ ਬੱਚਿਆਂ ਦੀ ਹਾਜ਼ਰੀ 90 ਫ਼ੀਸਦੀ ਹੋਣ ਦੀ ਗੱਲ ਆਖੀ ਹੈ।

ਮੁਹਾਲੀ ਦੇ ਡੇਰਾਬੱਸੀ ਬਲਾਕ ਦੇ ਸਕੂਲਾਂ ਵਿੱਚ ਹਾਜ਼ਰੀ 67 ਫ਼ੀਸਦੀ ਰਹੀ ਜਦਕਿ ਪੰਡਵਾਲਾ ਸੈਂਟਰ ਦੇ ਸਕੂਲਾਂ ਵਿੱਚ ਹਾਜ਼ਰੀ 49 ਫ਼ੀਸਦੀ ਹੀ ਰਹੀ। ਸਿੱਖਿਆ ਵਿਭਾਗ ਨੇ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਕਿ ਸਕੂਲ ਅਧਿਆਪਕਾਂ ਅਤੇ ਬੱਚਿਆਂ ਦੇ ਟੀਕਾਕਰਨ ਬਾਰੇ ਸਬੰਧਤ ਡੀਸੀ ਨੂੰ ਸੂਚਿਤ ਕੀਤਾ ਜਾਵੇ।

ਲੁਧਿਆਣਾ ਦੇ ਭੈਣੀ ਬਰਿੰਗਾਂ ਸਕੂਲ ਵਿੱਚ ਅੱਜ ਹਾਜ਼ਰੀ 61 ਫੀਸਦੀ ਦੇ ਕਰੀਬ ਰਹੀ। ਪਤਾ ਲੱਗਾ ਹੈ ਕਿ ਸ਼ਹਿਰੀ ਸਕੂਲਾਂ ਵਿੱਚ ਮਾਪਿਆਂ ਨੇ ਛੋਟੇ ਬੱਚਿਆਂ ਨੂੰ ਹਾਲੇ ਸਕੂਲਾਂ ਵਿੱਚ ਭੇਜਣ ਤੋਂ ਗੁਰੇਜ਼ ਵੀ ਕੀਤਾ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੁਮੇਧ ਸੈਣੀ ਖ਼ਿਲਾਫ਼ ਆਮਦਨ ਤੋਂ ਵੱਧ ਸੰਪਤੀ ਦਾ ਨਵਾਂ ਕੇਸ ਦਰਜ
Next articleਮੁੱਖ ਮੰਤਰੀ ਨੇ ਰਾਜਪਾਲ ਨਾਲ ਅਚਾਨਕ ਕੀਤੀ ਮੁਲਾਕਾਤ