ਮੰਡੀਆਂ ਵਿੱਚ ਰੌਣਕ

(ਸਮਾਜ ਵੀਕਲੀ)

ਅੱਜ ਵਿਹਲੜ ਬਣ ਠਣ ਘੁੰਮਦੇ ਨੇ
ਹੁਣ ਸ਼ਾਹਾਂ ਦੇ ਘਰ ਗੇੜੇ ਆ
ਮੰਡੀਆਂ ਵਿੱਚ ਰੌਣਕ ਚੋਖੀ ਆ
ਲੱਗਦਾ ਹੁਣ ਵੋਟਾਂ ਨੇੜੇ ਆ ।

ਬੜੀ ਪੁੱਛ ਪ੍ਰਤੀਤ ਹੈ ਸਭ ਪਾਸੇ
ਕੋਈ ਜਾਤ ਧਰਮ ਦਾ ਪਾੜਾ ਨਹੀਂ
ਕੁਰਸੀ ਵੀ ਨਾਲ ਹੀ ਡਹਿ ਜਾਂਦੀ
ਕੋਈ ਊਚ-ਨੀਚ ਦਾ ਸਾੜਾ ਨਹੀਂ
ਸਭ ਆਪਣੇ ਆਪਣੇ ਲੱਗਦੇ ਨੇ
ਭਾਵੇਂ ਮਨ ਵਿੱਚ ਫਰਕ ਬਥੇਰੇ ਆ
ਮੰਡੀਆਂ ਵਿੱਚ ਰੌਣਕ ਚੋਖੀ ਆ
ਲੱਗਦਾ ਹੁਣ ਵੋਟਾਂ ਨੇੜ੍ਹੇ ਆ ।

ਬੜਾ ਲਿਸ਼ਕ ਪੁਸ਼ਕ ਕੇ ਰਹਿੰਦੇ ਨੇ
ਜ਼ਰਾ ਦਾਹੜੀ ਮੁੱਛ ਵਧਾ ਲਈ ਏ
ਬੰਨ੍ਹ ਪੱਗ ਨੋਕੀਲੀ ਫਿਰਦੇ ਉਹ
ਸੁੱਥਣ ਵੀ ਨਵੀਂ ਸੁਆ ਲਈ ਏ
ਪੂਰਾ ਮੁੱਲ ਵੱਟਣ ਲਈ ਵੋਟਾਂ ਦਾ
ਉਹ ਘੁੰਮਦੇ ਚਾਰ ਚੁਫੇਰੇ ਆ
ਮੰਡੀਆਂ ਵਿੱਚ ਰੌਣਕ ਚੋਖੀ ਆ
ਲੱਗਦਾ ਹੁਣ ਵੋਟਾਂ ਨੇੜੇ ਆ ।

ਨਾ ਜਾਇਓ ਭੋਲ਼ੀਆਂ ਸ਼ਕਲਾਂ ਤੇ
ਸਭ ਅੰਦਰੋਂ ਠੱਗ ਬਣਜਾਰੇ ਆ
ਤੈਨੂੰ ਆਪਣਾ ਦੱਸ ਕੇ ਠੱਗ ਲੈਣਾ
‘ਰਾਜ ਬਲਾਲੋਂ’ ਵਰਗੇ ਸਾਰੇ ਆ
ਰਾਜਨੀਤੀ ਤਾਂ ਇੱਕ ਧੰਦਾ ਹੈ
ਨਾ ਇਹ ਗੰਗੜਾ ਮਿੱਤਰ ਤੇਰੇ ਆ
ਮੰਡੀਆਂ ਵਿੱਚ ਰੌਣਕ ਚੋਖੀ ਆ
ਲੱਗਦਾ ਹੁਣ ਵੋਟਾਂ ਨੇੜੇ ਆ ।

ਰਾਜਬੀਰ ਗੰਗੜ

ਬਲਾਲੋਂ (USA)

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleMicrosoft invests $5 mn in OYO
Next article*ਅਫ਼ਗ਼ਾਨਿਸਤਾਨ ’ਚ ਲੜਾਕਿਆਂ ਦਾ ਮੁੜ ਉਭਾਰ ਬਨਾਮ ਤਾਲਿਬਾਨੀ ਵਿਚਾਰਧਾਰਾ ਦਾ ਅਸਾਵਾਂਪਣ*