ਨੱਕ ‘ਚ ਦਮ ਕਰਦੀ ਆ

ਸ਼ਿੰਦਾ ਬਾਈ 
ਸ਼ਿੰਦਾ ਬਾਈ
(ਸਮਾਜ ਵੀਕਲੀ) ਪੇਪਰ ਹੋ ਹਟੇ ਸਨ ਤੇ ਸਾਡੀ ਸਭ ਦੀ ਪਿਆਰੀ ਚੁਲਬੁਲੀ ਡਾ• ਭਾਟੀਆ ਹੁਣ ਕਰੀਬ ਕਰੀਬ ਵਿਹਲੀ ਹੋਈ ਹੋਈ ਸੀ।
ਸਾਰਾ ਦਿਨ ਘਰ ਵਿੱਚ ਖ਼ਰੂਦ ਪਾਈ ਰੱਖਦੀ ਤੇ ਮਾਂ ਨੂੰ ਤੰਗ ਕਰਦੀ।ਕਦੇ ਆਹ ਬਣਾ ਦਿਓ ਤੇ ਕਦੇ ਔਹ ਬਣਾ ਦਿਓ..!!
ਮਾਂ ਬਿਚਾਰੀ ਤੰਗ ਤਾਂ ਬਹੁਤ ਸੀ ਪਰ ਇਹ ਸੋਚ ਕੇ ਕਿ ਹੋਰ ਕਿੰਨੇ ਕੁ ਦਿਨ ਹੈ ਇਹ ਇੱਥੇ, ਰਿਸ਼ਤੇ ਤਾਂ ਡਾਕਟਰ ਬਣਨ ਜਾ ਰਹੀ ਧੀ ਨੂੰ ਨਿੱਤ ਹੀ ਆਉਂਦੇ ਹਨ,, ਚੱਲ ਹੋਊ..!! ਆਖ ਕੇ ਉਸਦੀਆਂ ਫਰਮਾਇਸ਼ਾਂ ਪੂਰੀਆਂ ਕਰਦੀ ਰਹਿੰਦੀ।
ਅੱਜ ਐਂਤਵਾਰ ਸੀ ਤੇ ਇਹਨੇ ਕਲਜੋਗਣੀ ਨੇ ਆਵਦੀਆਂ ਤਿੰਨ ਚਾਰ ਸਹੇਲੀਆਂ ਘਰੇ ਬੁਲਾ ਲਈਆਂ।ਇੱਕੋ ਜਹੀਆਂ ਸਾਰੀਆਂ ਨੇ ਰਲ਼ ਕੇ ਘਰ ‘ਚ ਭੁਚਾਲ਼ ਲਿਆਂਦਾ ਪਿਆ ਸੀ। ਮਾਂ ਅੱਜ ਤਾਂ ਸੱਚੀਓਂ ਅੱਕ ਗਈ ਸੀ।ਉੱਤੋ ਦੁਪਹਿਰ ਤਿੰਨ ਕੁ ਵਜ਼ੇ ਮਾਂ ਨੂੰ ਮਾਮੇ ਦਾ ਫੋਨ ਆ ਗਿਆ ਕਿ ਪੰਜ ਵੱਜਦੇ ਨੂੰ ਮੇਰੇ ਨਾਲ਼ ਮੁੰਡੇ ਵਾਲ਼ੇ ਡਾ• ਭਾਟੀਆ ਨੂੰ ਵੇਖਣ ਲਈ ਆ ਰਹੇ ਨੇ। ਘਰਦਿਆਂ ਨੂੰ ਭਾਜੜਾਂ ਪਈਆਂ ਪਰ ਚਾਮ੍ਹਲੀਆਂ ਹੋਈਆਂ ਕੁੜੀਆਂ ਹੋਰ ਮੱਛਰ ਗਈਆਂ। ਰੌਲ਼ਾ ਪਾ, ਛੇੜਖਾਨੀਆਂ ਕਰ ਉਨ੍ਹਾਂ ਸਭ ਦੇ ਨ੍ਹਾਸੀਂ ਧੂਆਂ ਲਿਆ ਦਿੱਤਾ ਸੀ। ਮਾਂ ਹੁਣ ਤਾਂ ਸੱਚਮੁੱਚ ਹੀ ਅੱਕ ਚੁੱਕੀ ਸੀ। ਰੱਬ ਰੱਬ ਕਰਕੇ ਮਿੰਨਤਾਂ ਕਰਦੀ ਮਾਂ ਨੇ ਕੁੜੀਆਂ ਨੂੰ ਘਰੋ ਘਰੀ ਤੋਰਿਆ ਤੇ ਡਾ• ਭਾਟੀਆ ਨੂੰ ਚੰਗੀ ਤਰ੍ਹਾਂ ਤਿਆਰ ਹੋਣ ਦੀ ਤਕੀਦ ਕੀਤੀ।
ਪੂਰੇ ਪੰਜ ਵੱਜਦਿਆਂ ਨੂੰ ਮਾਮੇ ਦੇ ਨਾਲ਼ ਮੁੰਡੇ ਵਾਲ਼ੇ ਆਣ ਪਹੁੰਚੇ। ਸਜੀ ਸੰਵਰੀ ਡਾ• ਭਾਟੀਆ ਸਾਰਿਆਂ ਲਈ ਚਾਹ ਲੈ ਕੇ ਠੁੱਮਕ ਠੁੱਮਕ ਕਰਦੀ ਆਈ। ਦੁਆ ਸਲਾਮ ਹੋਈ,,ਕੁਬੂਲ ਹੋਈ। ਚਾਹ ਪਿਲਾਈ ਗਈ,,ਪੀਤੀ ਗਈ।
ਕੋਲ਼ ਜਹੇ ਨੂੰ ਹੋ ਕੇ ਮੁੰਡੇ ਦੀ ਮਾਂ ਡਾ• ਭਾਟੀਆ ਦੀ ਮੰਮੀ ਨੂੰ ਮੁਖ਼ਾਤਿਬ ਹੋ ਕੇ ਪੁੱਛਣ ਲੱਗੀ..” ਭੈਣ ਜੀ..! ਧੀਅ ਰਾਣੀ ਕੀ ਕਰਦੀ ਹੁੰਦੀ ਹੈ ਅੱਜਕਲ੍ਹ..?”
” ਕੁੱਝ ਨਹੀਂ ਕਰਦੀ ਭੈਣ ਜੀ, ਅੱਜਕਲ੍ਹ ਤਾਂ ਬਸ ਨੱਕ ‘ਚ ਦਮ ਹੀ ਕਰਦੀ ਆ,, ਇਹਨੂੰ ਤੁਸੀਂ ਲੈ ਈ ਜਾਓ..!!” ਸਵੇਰੇ ਦੀ ਪਰੇਸ਼ਾਨ ਹੋਈ ਪਈ ਮਾਂ ਪਤਾ ਨਹੀਂ ਸੱਚੀਓਂ ਸਤੀ ਪਈ ਸੀ ਜਾਂ ਅਚਾਣਕ ਉਸ ਦੇ ਮੂੰਹੋਂ ਨਿੱਕਲ਼ ਗਿਆ ਸੀ। ਡਾ• ਭਾਟੀਆ ਬੇਹਤਰ ਜਾਣਦੇ ਹੋਣਗੇ
ਕੁੜੀਓ. ਏਨਾ ਵੀ ਨਾ ਸਤਾਇਆ ਕਰੋ ਮਾਂਵਾਂ ਨੂੰ….!!
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਸ਼੍ਰੀ ਗੁਰੂ ਰਾਮਦਾਸ ਜੀ ਦਾ ਅਵਤਾਰ ਪੁਰਬ ਮਨਾਇਆ ਜਾਵੇਗਾ
Next articleਫਾਲਤੂ ਸ਼ੈਅ