HOME ਡਿਪਟੀ ਸਪੀਕਰ ਦੇ ਹਲਕੇ ‘ਚ ਟੁੱਟੀ ਸੜਕ ਹਾਦਸਿਆਂ ਦਾ ਤੋੜ ਰਹੀ ਰਿਕਾਰਡ

ਡਿਪਟੀ ਸਪੀਕਰ ਦੇ ਹਲਕੇ ‘ਚ ਟੁੱਟੀ ਸੜਕ ਹਾਦਸਿਆਂ ਦਾ ਤੋੜ ਰਹੀ ਰਿਕਾਰਡ

3
ਫੋਟੋ ਅਜਮੇਰ ਦੀਵਾਨਾ

• ਪੀੜ੍ਹਤ ਗੜਸ਼ੰਕਰ ਹਲਕੇ ਦੀ ਪੁਕਾਰ, ਸੁਪਨਿਆਂ ਦੇ ਬਦਲਾਅ ਤੋਂ ਬਾਹਰ ਆਏ ਸਰਕਾਰ !

• ਚੰਡੀਗੜ੍ਹ ਸਟੇਟ ਹਾਈਵੇ ‘ਤੇ 2 ਦਿਨਾਂ ‘ਚ ਅੱਧੀ ਦਰਜਨ ਵਾਹਨ ਹਾਦਸਿਆਂ ਦੀ ਭੇਂਟ ਚੜ੍ਹੇ !!

ਹੁਸ਼ਿਆਰਪੁਰ,/ਸਮੁੰਦੜਾ  (ਸਮਾਜ ਵੀਕਲੀ)  (ਤਰਸੇਮ ਦੀਵਾਨਾ ) “ਬਹੁਤ ਹੋ ਗਿਆ ਬਦਲਾਅ ਹੁਣ ਕੰਮ ਵੀ ਕਰ ਲਓ ਸਰਕਾਰ” ਇੰਜ ਲੱਗਦਾ ਜਿਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਵਾਲੇ ਸੱਤਾਧਾਰੀ ਵਿਧਾਇਕ ਅਤੇ ਮੰਤਰੀ ਹਾਲੇ ਵੀ ਬਦਲਾਵ ਵਾਲਾ ਹਨੀਮੂਨ ਹੀ ਮਨਾਈ ਜਾ ਰਹੇ ਹਨ | ਜਦਕਿ ਦੂਜੇ ਪਾਸੇ ਆਮ ਲੋਕ ਦੁਖੀ ਹੋ ਕੇ ਪਾਣੀ ਪੀ ਪੀ ਕੇ ਬਦਲਾਵ ਵਾਲੀ ਸਰਕਾਰ ਨੂੰ ਕੋਸਣ ਲੱਗ ਪਏ ਹਨ | ਇਸ ਸਰਕਾਰ ਦੇ ਆਮ ਵਿਧਾਇਕਾਂ ਦੀ ਗੱਲ ਤਾਂ ਛੱਡੋ ਪੰਜਾਬ ਦੇ ਡਿਪਟੀ ਸਪੀਕਰ ਦੇ ਹਲਕਾ ਗੜਸ਼ੰਕਰ ਵਿੱਚੋਂ ਹੋ ਕੇ ਲੰਘਦੀ ਚੰਡੀਗੜ੍ਹ-ਹੁਸ਼ਿਆਰਪੁਰ ਸਟੇਟ ਹਾਈਵੇ ਦੀ ਸਮੁੰਦੜਾ ਨਜ਼ਦੀਕ ਸੜਕ ਦੇ ਐਨ ਵਿਚਕਾਰ ਡੂੰਘਾ ਟੋਇਆ ਪਿਆ ਹੋਣ ਕਾਰਣ ਨਾ ਸਿਰਫ ਇਸ ਮਹੱਤਵਪੂਰਣ ਸੜਕ ਦੀ ਹਾਲਤ ਬੇਹੱਦ ਖਸਤਾ ਹੋ ਕੇ ਰਹਿ ਗਈ ਹੈ ਸਗੋਂ ਮੌਤ ਦਾ ਖ਼ੂਹ ਬਣ ਚੁੱਕੀ ਹੈ |
ਦੋ ਦਿਨਾਂ ਵਿੱਚ ਹੋ ਚੁੱਕੇ ਨੇ ਅੱਧੀ ਦਰਜਨ ਤੋਂ ਵਧੇਰੇ ਹਾਦਸੇ:- 
 ਹੁਸ਼ਿਆਰਪੁਰ-ਚੰਡੀਗੜ੍ਹ ਸਟੇਟ ਹਾਈਵੇ ਦੇ ਗੜ੍ਹਸ਼ੰਕਰ ਤੋਂ ਬਲਾਚੌਰ ਦੇ ਐਨ ਵਿਚਕਾਰ ਪੈਂਦੇ ਪਿੰਡ ਸਮੁੰਦੜਾ ਨਜ਼ਦੀਕ ਸੜਕ ਦੇ ਬਿਲਕੁਲ ਨਾਲ ਲੱਗਦਾ ਛੱਪੜ ਓਵਰ ਫਲੋਅ ਹੋਣ ਕਾਰਣ ਇਸ ਦਾ ਪਾਣੀ ਸੜਕ ਤੇ ਇਕੱਠਾ ਹੋ ਗਿਆ ਅਤੇ ਇਸੇ ਜਗ੍ਹਾ ਤੋਂ ਸੜਕ ਦੇ ਐਨ ਵਿਚਕਾਰ ਡੂੰਘਾ ਟੋਇਆ ਬਣ ਗਿਆ, ਇਸ ਹਿੱਸੇ ਤੋਂ ਸੜਕ ਪੁਰੀ ਤਰ੍ਹਾਂ ਖਰਾਬ ਹੋ ਗਈ ਹੈ ਬਰਸਾਤੀ ਮੌਸਮ ਦੇ ਚੱਲਦਿਆਂ ਇਸ ਟੋਏ ਵਿੱਚ ਪਾਣੀ ਭਰਨ ਕਾਰਣ ਵਾਹਨ ਚਾਲਕਾਂ ਨੂੰ ਬਿਲਕੁਲ ਵੀ ਸੜਕ ਖਰਾਬ ਹੋਣ ਦਾ ਅਹਿਸਾਸ ਨਹੀਂ ਹੁੰਦਾ ਅਤੇ ਪਿੱਛੇ ਤੋਂ ਸੜਕ ਠੀਕ ਹੋਣ ਕਾਰਨ ਤੇਜ਼ ਰਫਤਾਰ ਆ ਰਹੇ ਵਾਹਨ ਚਾਲਕ ਅਚਾਨਕ ਇਸ ਟੋਏ ਵਿੱਚ ਡਿੱਗ ਕੇ ਹਾਦਸਾਗ੍ਰਸਤ ਹੋ ਜਾਂਦੇ ਹਨ ਜਿਸ ਨਾਲ ਜਿੱਥੇ ਕੀਮਤੀ ਵਾਹਨਾਂ ਦਾ ਨੁਕਸਾਨ ਹੁੰਦਾ ਉੱਥੇ ਜਾਨ ਮਾਲ ਦਾ ਵੀ ਵੱਡਾ ਨੁਕਸਾਨ ਉਠਾਉਣਾ ਪੈਂਦਾ ਹੈ | ਅਜਿਹਾ ਹੀ ਇੱਕ ਹਾਦਸਾ ਸੋਮਵਾਰ-ਮੰਗਲਵਾਰ ਦੀ ਦਰਮਿਆਨੀ ਰਾਤ ਨੂੰ ਕਰੀਬ  2 ਵਜੇ ਹੋਇਆ ਜਦੋਂ ਐੱਚਆਰ 51 ਬੀਐੱਚ 0128 ਨੰਬਰ ਦੀ ਕਾਰ ਇਸ ਟੋਏ ਵਿੱਚ ਡਿੱਗ ਕੇ ਹਾਦਸਾ ਗ੍ਰਸਤ ਹੋ ਗਈ ਅਤੇ ਇਸ ਕਾਰ ਦਾ ਵੱਡਾ ਨੁਕਸਾਨ ਹੋਇਆ | ਇਸ ਕਾਰ ਵਿੱਚ ਸਵਾਰ ਹਰਮਨਦੀਪ ਸਿੰਘ ਵਾਸੀ ਪੱਟੀ ਜਿਲਾ ਤਰਨ ਤਾਰਨ ਨੇ ਦੱਸਿਆ ਕਿ ਉਹ ਆਪਣੇ ਪਿੰਡੋਂ ਚੰਡੀਗੜ੍ਹ ਯੂਨੀਵਰਸਿਟੀ ਵੱਲ ਕਿਸੇ ਕੰਮ ਜਾ ਰਹੇ ਸਨ ਰਾਤ ਕਰੀਬ 2 ਵਜੇ ਪਿੰਡ ਸਮੁੰਦੜਾ ਇਸ ਜਗ੍ਹਾ ‘ਤੇ ਪਹੁੰਚੇ ਤਾਂ ਇਸ ਵਿੱਚ ਪਾਣੀ ਭਰਿਆ ਹੋਣ ਕਾਰਣ ਡੂੰਘੇ ਟੋਏ ਦਾ ਬਿਲਕੁਲ ਵੀ ਪਤਾ ਨਾ ਲੱਗਾ ਜਿਸ ਕਾਰਣ ਉਹਨਾਂ ਦੀ ਕਾਰ ਹਾਦਸਾ ਗ੍ਰਸਤ ਹੋ ਗਈ ਅਤੇ ਨਾਲ ਦੇ ਸਾਥੀਆਂ ਦੇ ਸੱਟਾਂ ਲੱਗੀਆਂ | ਪੁਲਿਸ ਅਤੇ ਹੋਰ ਕੋਈ ਸਹਾਇਤਾ ਨਾ ਮਿਲਣ ਕਾਰਨ ਉਹ ਉਥੇ ਹੀ ਖੜੇ ਹੋ ਗਏ ਤਾਂ ਇੱਕ ਘੰਟੇ ਬਾਅਦ ਕਰੀਬ 3 ਵਜੇ ਇੱਕ ਹੋਰ ਹੁਸ਼ਿਆਰਪੁਰ ਵੱਲੋਂ ਆਈ ਕਾਰ ਨੰਬਰ ਜੇਕੇ 02ਸੀ ਡਬਲਿਉ 2149 ਵੀ ਇਸੇ ਪਾਣੀ ਨਾਲ ਭਰੇ ਟੋਏ ਕਾਰਣ ਹਾਦਸਾਗ੍ਰਸਤ ਹੋ ਗਈ ਜਿਸ ਵਿੱਚ ਸਵਾਰ ਬਜ਼ੁਰਗ ਔਰਤ ਦੇ ਗੰਭੀਰ ਸੱਟਾਂ ਲੱਗੀਆਂ ਤੇ ਮੋਢਾ ਫਰੈਕਚਰ ਹੋ ਗਿਆ ਉਸਨੇ ਦੱਸਿਆ ਕਿ ਉਹ ਜ਼ਖਮੀ ਔਰਤ ਦੇ ਦਿਲ ਵਿੱਚ ਸਟੰਟ ਪਿਆ ਹੋਇਆ ਸੀ ਤੇ ਉਸ ਦੇ ਘਰ ਵਾਲੇ ਉਸਨੂੰ ਪੀਜੀਆਈ ਚੰਡੀਗੜ੍ਹ ਚੈੱਕਅੱਪ ਲਈ ਲੈ ਕੇ ਜਾ ਰਹੇ ਸਨ | ਜੰਮੂ ਨੰਬਰ ਦੀ ਗੱਡੀ ਇੰਨੀ ਜਿਆਦਾ ਭਿਆਨਕ ਢੰਗ ਨਾਲ ਹਾਦਸਾ ਗ੍ਰਸਤ ਹੋਈ ਕਿ ਇਸ ਦੇ ਦੋਵੇਂ ਮੂਹਰਲੇ ਟਾਇਰ ਟੁੱਟ ਕੇ ਅਲੱਗ ਹੋ ਗਏ | ਉਹਨਾਂ ਨੇ ਦੱਸਿਆ ਕਿ ਪਿੰਡ ਵਾਸੀਆਂ ਅਨੁਸਾਰ ਇਸੇ ਜਗ੍ਹਾ ‘ਤੇ ਪਿਛਲੇ ਦੋ ਦਿਨਾਂ ਵਿੱਚ ਕਰੀਬ ਅੱਧੀ ਦਰਜਨ ਤੋਂ ਵਧੇਰੇ ਗੱਡੀਆਂ ਹਾਦਸਾ ਗ੍ਰਸਤ ਹੋ ਚੁੱਕੀਆਂ ਹਨ। ਜਿਨਾਂ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਹੈ | ਡਿਪਟੀ ਸਪੀਕਰ ਪੰਜਾਬ ਅਤੇ ਹਲਕਾ ਗੜ੍ਹਸ਼ੰਕਰ ਦੇ ਵਿਧਾਇਕ ਜੈ ਕਿਸ਼ਨ ਸਿੰਘ ਰੋੜੀ ਦੇ ਹਲਕੇ ਅਧੀਨ ਆਉਂਦੀ ਇਸ ਸੜਕ ਦੀ ਖਸਤਾ ਹਾਲਤ ਲੋਕਾਂ ਦੀ ਜਾਨੀ ਅਤੇ ਮਾਲੀ ਨੁਕਸਾਨ ਦਾ ਵੱਡਾ ਕਾਰਨ ਬਣ ਚੁੱਕੀ ਹੈ ਅਤੇ ਲੋਕ ਕੂਕ ਕੂਕ ਕੇ ਬਦਲਾਵ ਵਾਲੀ ਇਸ ਸਰਕਾਰ ਨੂੰ ਸੁਪਨਿਆਂ ਦੇ ਸੰਸਾਰ ਤੋਂ ਬਾਹਰ ਆ ਕੇ ਕੰਮ ਕਰਨ ਲਈ ਪੁਕਾਰ ਰਹੇ ਹਨ | ਹਾਦਸਾ ਗ੍ਰਸਤ ਲੋਕਾਂ ਦਾ ਇਹ ਸ਼ਿਕਵਾ ਸੀ ਕਿ ਨਾਂ ਤਾਂ ਕੋਈ ਰੋਡ ਸਾਈਡ ਐਂਬੂਲੈਂਸ ਤੇ ਨਾ ਹੀ ਸੜਕ ਸੁਰੱਖਿਆ ਫੋਰਸ ਸਮੇਤ ਕੋਈ ਵੀ ਉਹਨਾਂ ਦੀ ਸਹਾਇਤਾ ਲਈ ਨਹੀਂ ਬਹੁੜਿਆ ਰਾਤ 2 ਵਜੇ ਦੇ ਹਾਦਸਾ ਹੋਣ ਤੋਂ ਸਵੇਰੇ ਕਰੀਬ 8 ਵਜੇ ਤੱਕ ਵੀ ਸੜਕ ਤੇ ਸਹਾਇਤਾ ਦੀ ਉਡੀਕ ਕੀਤੀ ਜਾ ਰਹੀ ਸੀ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleAshvir Singh Johal: A Blueprint for Success in Football Coaching
Next articleਸਵਰਗਵਾਸੀ ਡਾ ਸਰੂਪ ਸਿੰਘ ਸਹੋਤਾ ਨੂੰ ਅੰਤਿਮ ਅਰਦਾਸ ਮੌਕੇ ਦਿੱਤੀਆਂ ਗਈਆਂ ਨਿੱਘੀਆਂ ਸ਼ਰਧਾਂਜਲੀਆਂ