(ਸਮਾਜ ਵੀਕਲੀ)
ਅੱਜ ਤੋਰ ਦਿੱਤੇ ਦੋਵੇਂ ਵੱਡੇ ਪੁੱਤ ਲਾਡਲੇ,
ਦਿੱਲੀ ਵੱਲ ਪਹਿਲਾਂ ਜਿਵੇਂ ਬਾਪ ਤੋਰਿਆ।
ਪਤਾ ਸੀ ਕਿ ਜੰਗ ‘ਚੋਂ ਨਹੀਂ ਆਉਣਾ ਮੁੜਕੇ
ਫ਼ੇਰ ਵੀ ਤੂੰ ਹੱਸ ਕੇ ਸੀ ਆਪ ਤੋਰਿਆ।
ਜੰਗ ਦਾ ਇਹ ਲਾਜ਼ਮੀ ਅਸੂਲ ਪੁੱਤਰੋ,
ਪਿੱਠ ਉੱਤੇ ਵਾਰ ਨਹੀਂ ਕਬੂਲ ਪੁੱਤਰੋ,
ਜਿਉਂਦੇ ਜੀਅ ਆਪ ਵੀ ਵਿਖਾਉਣੀ ਪਿੱਠ ਨਾ
ਦੇ ਕੇ ਸੀ ਬਹਾਦੁਰੀ ਅਲਾਪ ਤੋਰਿਆ।
ਪਤਾ ……………..…
ਚਾਰੇ ਪਾਸੇ ਤੇਗ ਜਦੋਂ ਚੱਲੀ ਅਜੀਤ ਦੀ,
ਮੱਚਗੀ ਸੀ ਪੂਰੀ ਧਰਥੱਲੀ ਅਜੀਤ ਦੀ,
ਵੈਰੀ ਵੀ ਸੀ ਮੂੰਹੋਂ ਇਹੋ ਕਹਿੰਦਾ ਸੁਣਿਆ
ਸੂਰਮੇ ਨੂੰ ਕੈਸੀ ਦੇ ਕੇ ਥਾਪ ਤੋਰਿਆ।
ਪਤਾ …………….
ਜ਼ੋਰ ਸੀ ਜੁਝਾਰ ਨੇ ਵਿਖਾਇਆ ਦੱਬ ਕੇ,
ਵੈਰੀਆਂ ਦਾ ਆਹੂ ਫਿਰ ਲਾਹਿਆ ਦੱਬ ਕੇ,
ਜਾਲਮਾਂ ਦੀ ਜੜ ਜੜੋਂ ਪੁੱਟਣ ਲਈ
ਜਪ ਜੀ ਦਾ ਕਰਦਿਆਂ ਜਾਪ ਤੋਰਿਆ।
ਪਤਾ ……………..
ਵੈਰੀਆਂ ਨੇ ਵੇਖੀ ਜਦੋਂ ਮੌਤ ਨੱਚ ਦੀ,
ਟੁੱਟਦੇ ਸਰੀਰ ਜਿਵੇਂ ਸ਼ੀਸ਼ੀ ਕੱਚ ਦੀ,
‘ਬੋਪਾਰਾਏ’ ਮੌਤ ਦੇ ਪਵਾ ਤੇ ਚੋਲੜੇ
ਗੁਰਾਂ ਨੇ ਸੀ ਪੂਰਾ ਦੇਕੇ ਨਾਪ ਤੋਰਿਆ।
ਪਤਾ ਸੀ……….……..
ਭੁਪਿੰਦਰ ਸਿੰਘ ਬੋਪਾਰਾਏ
ਸੰਗਰੂਰ
ਸੰਪਰਕ 97797-91442