ਬਹੁੜ ਘਰ ਘਰ ਦਾਰੂ (ਵਿਅੰਗ)

ਨਿਰਮਲ ਸਿੰਘ ਨਿੰਮਾ

(ਸਮਾਜ ਵੀਕਲੀ)

ਸ਼ਰਾਬੀਆਂ ਦੇ ਟੋਲੇ ਵਿੱਚ ਬੜੀ ਖੁਸ਼ੀ ਮਨਾਈ ਜਾ ਰਹੀ ਸੀ, ਇੱਕ ਕਹਿੰਦਾ – ਆਹ ਤਾਂ ਸਵਾਦ ਹੀ ਲਿਆ ਦਿੱਤਾ ….ਘਰੋਂ ਨਿਕਲੋ ਤੇ ਸ਼ਰਾਬ ਸਾਹਮਣੇ ਹਾਜ਼ਰ… ਸੱਚ ਕਹਿੰਦੇ ਨੇ ਸਿਆਣੇ , ਦੁਖੀ ਬੰਦੇ ਦਾ ਦਰਦ ਦੁਖੀ ਬੰਦਾ ਹੀ ਜਾਣ ਸਕਦਾ ਹੈ।

ਦੂਜਾ ਬੋਲਿਆ – ਬਈ ਹੁਣ ਉਹਨੂੰ ਤਾਂ ਮਿਲਦੀ ਨਹੀਂ ਹੋਣੀ ਪੀਣ ਲਈ.. ਨਾਲ਼ੇ ਹੁਣ ਘਰ ਦੀ ਜੋ ਆ ਗਈ ਹੈ..ਅਗਲੀ ਨੇ ਸਿੱਧਾ ਕਰ ਦਿੱਤਾ ਹੋਣੈ..

ਪਹਿਲੇ ਆਲ਼ਾ ਫੇਰ ਬੋਲਿਆ – ਪਤੰਦਰਾ ਆਪਾਂ ਕੀ ਲੈਣਾ.. ਅਗਲੇ ਨੂੰ ਮਿਲੇ ਜਾਂ ਨਾ ਮਿਲੇ, ਸਾਡੇ ਆਲ਼ਾ ਕੰਮ ਤਾਂ ਸੁਖਾਲਾ ਕਰ ਦਿੱਤਾ…
ਪਹਿਲੇ ਆਲ਼ੇ ਦੀ ਗੱਲ ਵਿੱਚੇ ਕੱਟਦੇ ਹੋਏ ਤੀਜਾ ਬੋਲਿਆ- ਕਿਸੇ ਨੇ ਕਿਹਾ ਸੀ ਘਰ ਘਰ ਨੌਕਰੀ.. ਕਰਕੇ ਕੁੱਝ ਨੀਂ ਗਿਆ , ਬੁੱਢੀ ਉਮਰੇ ਛਾਲ ਮਾਰ ਕੇ ਤੀਜੀ ਧਿਰ ਦਾ ਬਣ ਗਿਆ..

ਦੂਜਾ ਬੋਲਿਆ – ਮੈਨੂੰ ਲੱਗਦੈ ਏਨੂੰ ਕਹਿੰਦੇ ਨੇ ਬਦਲਾਅ… ਹੋਰਾਂ ਲਈ ਬਦਲਾਅ ਆਵੇ ਜਾਂ ਨਾ ਆਵੇ.. ਸਾਡੇ ਪਿਆਕੜਾਂ ਲਈ ਤਾਂ ਬਦਲਾਅ ਲਿਆ ਦਿੱਤਾ.. ਹੁਣ ਜ਼ਿਆਦਾ ਦੂਰ ਨਹੀਂ ਜਾਣਾ ਪਿਆ ਕਰੂ, ਜਾਂਦੇ ਜਾਂਦੇ ਹੀ ਪਹਿਲਾਂ ਵਾਲੀ ਦਾ ਨਸ਼ਾ ਉੱਤਰ ਜਾਂਦਾ ਸੀ…
ਤੀਜਾ ਬੋਲਿਆ- ਲਗਦੈ ਅਗਲੇ ਸਾਲ ਘਰ ਘਰ ਦਾਰੂ ਦੀ ਵੀ ਖੁੱਲ੍ਹ ਕਰ ਦੇ ਗਾ ਬੇਲੀ..

ਪਹਿਲਾ – ਚੱਕੀ ਚੱਲ ਫੱਟੇ ਅਸੀਂ ਤੇਰੇ ਨਾਲ ਹਾਂ .. ਸਾਡਾ ਖਿਆਲ ਇਸੇ ਤਰ੍ਹਾਂ ਰੱਖੀਂ.. ਬੀਬੀਆਂ ਦੇ ਖਾਤੇ ਵਿੱਚ ਹਜ਼ਾਰ ਭਾਵੇਂ ਨਾ ਹੀ ਪਾਈਂ.. ਅਗਲੇ ਨੇ ਕਿਹੜਾ ਪੰਦਰਾਂ ਲੱਖ ਪਾ ਦਿੱਤੇ ਸੀ..ਪੂਰੇ ਦਸ ਸਾਲ ਹੋਣ ਨੂੰ ਆਏ..

ਦੂਜਾ ਬੋਲਿਆ – ਚੱਲ ਯਾਰ ਗਲਾਸੀ ਭਰ, ਸਰੂਰ ਨੀਂ ਠੰਡਾ ਪੈਣ ਦੇਣਾ ਬਾਈ….

ਇਸੇ ਤਰ੍ਹਾਂ ਆਪਣੀਆਂ ਗੱਲਾਂ ਵਿੱਚ ਮਸ਼ਰੂਫ ਸੀ ਟੋਲਾ ਕਿ ਏਨੇ ਨੂੰ ਇੱਕ ਦੀ ਬੇਬੇ ਡੰਗਰਾਂ ਵਾਲੇ ਵਾੜੇ ਵਿੱਚ ਸੋਟੀ ਲੈ ਕੇ ਬਹੁੜ ਗਈ…
ਮੈਂ ਬਣਾਂਦੀ ਹਾਂ ਤੁਹਾਡਾ ਸਰੂਰ…

ਭੱਜੋ ਭੱਜੋ ਭੱਜੋ ਬੇਬੇ ਆ ਗਈ ਕਹਿ ਕੇ ਤਿੰਨੇ ਤਿੱਤਰ ਹੋ ਗਏ…

ਨਿਰਮਲ ਸਿੰਘ ਨਿੰਮਾ

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇਮਾਨ
Next articleਔਰਤ