(ਸਮਾਜ ਵੀਕਲੀ)
ਮੇਰੇ ਚਾਰੇ ਪਾਸੇ ਕਿਤਾਬਾਂ ਦਾ
ਝੁਰਮਟ ਲੱਗਿਆ ਰਹਿੰਦਾ ਐ
ਜਦ ਮੈਂ ਕਦੇ ਇਕੱਲਾ ਹੁੰਦਾ ਹਾਂ
ਤਾਂ ਕਿਤਾਬਾਂ ਮੇਰੇ ਨਾਲ ਹੁੰਦੀਆਂ ਨੇ
ਮੈਨੂੰ ਆਪਣੇ ਵੱਲ ਆਉਣ ਲਈ
ਜ਼ੋਰਦਾਰ ਆਵਾਜ਼ਾਂ ਮਾਰਦੀਆਂ ਹਨ
ਇਹਨਾਂ ਕਿਤਾਬਾਂ ਦੇ ਵਿਚ ਬਹੁਤ ਸੁਪਨੇ
ਦਫ਼ਨ ਹਨ, ਸੁਪਨੇ ਜਗਾਣ ਦੇ ਨੁਕਤੇ ।
ਮੇਰੇ ਬਿਸਤਰੇ ਤੇ ਮੇਜ਼ ਉਤੇ
ਸਦਾ ਕਿਤਾਬਾਂ ਦਾ ਕਬਜ਼ਾ ਰਹਿੰਦਾ ਹੈ
ਕਦੇ ਕਿਤਾਬ ਨੂੰ ਮੈਂ ਪੜ੍ਹਦਾ ਹਾਂ
ਕਦੇ ਕਿਤਾਬ ਮੈਨੂੰ ਪੜ੍ਹਦੀ ਹੈ
ਸਾਡੀ ਜੁਗਲਬੰਦੀ ਚੱਲਦੀ ਹੈ
ਕਦੇ ਕਿਤਾਬ ਅੱਗੇ, ਕਦੇ ਮੈਂ ਅੱਗੇ
ਤੁਰਦੇ ਹਾਂ, ਕਦੇ ਅੱਗੇ ਵੱਲ
ਕਦੇ ਪਿੱਛੇ ਵੱਲ
ਸਦੀਆਂ ਤੇ ਯੁੱਗਾਂ ਤੇ ਯੁੱਧਾਂ ਦਾ
ਮੁਹੱਬਤਾਂ ਦਾ ਇਤਿਹਾਸ ਮੇਰੇ ਸਾਹਮਣੇ
ਇਉ ਪੇਸ਼ ਕਰਦੀਆਂ ਹਨ ਕਿਤਾਬਾਂ
ਜਿਵੇਂ ਮੈਂ ਜੰਗ ਦੇ ਮੈਦਾਨ ਵਿੱਚ ਹੋਵਾਂ
ਜਾਂ ਝਨਾਂ ਵਿੱਚ ਤਰਦਾ ਹੋਵਾਂ
ਕਦੇ ਵੀ ਮੈਨੂੰ ਡੁੱਬਣ ਤੇ ਥਲਾਂ ਵਿੱਚ ਸੜਣ ਜਾਂ
ਬਿਨਾਂ ਵਜ਼ਾਹ ਮਰਨ ਨਹੀਂ ਦੇਦੀਆਂ ਕਿਤਾਬਾਂ
ਕਦੇ ਭੈਣ ਬਣਦੀਆਂ
ਸੁਹਾਗ ਦੀਆਂ ਘੋੜੀਆਂ ਗਾਉਂਦੀਆਂ
ਕਦੇ ਮਾਵਾਂ ਵਾਂਗੂੰ ਚੂਰੀਆਂ ਕੁੱਟ ਖਵਾਉਦੀਆਂ..
ਕਦੇ ਭਰਜਾਈ ਬਣ
ਝੇਡਾਂ ਕਰਦੀਆਂ ਗੱਲਾਂ ਕਰਦੀਆਂ
ਮਿੱਠੀਆਂ ਤੇ ਕੌੜੀਆਂ ਯਾਦਾਂ ਸੁਣਾਉਦੀਆਂ
ਕਦੇ ਧਰਤੀ ਤੇ ਕਦੇ ਅਸਮਾਨ ਬਣਦੀਆਂ
ਮੇਰੀਆਂ ਮਨ ਪਸੰਦ ਕਿਤਾਬਾਂ
ਕਦੇ ਧੀ, ਕਦੇ ਪੁੱਤ, ਕਦੇ ਸੁਖ ਤੇ ਕਦੇ ਦੁੱਖ
ਵਿੱਚੋਂ ਕੱਢ ਦੀਆਂ ਮੈਨੂੰ ਪਸੰਦੀਦਾ ਕਿਤਾਬਾਂ
ਕਿਤਾਬਾਂ ਬਿਨਾਂ ਮੈਂ ਅਧੂਰਾ ਹਾਂ
ਕਿਤਾਬਾਂ ਬਿਨ ਮੈਂ ਖਾਲੀ ਖੂਹ
ਕੋਈ ਬੇਗਾਨੀ ਜੂਹ ਹਾਂ
ਕਦੇ ਨਾ ਡਰਦੀਆਂ ਨੇ ਡਰਾਉਦੀਆਂ
ਸਗੋਂ ਦੁਸ਼ਮਣ ਸੰਗ
ਜੁਲਮ ਵਿਰੁੱਧ ਲੜਨਾ ਸਿਖਾਉਦੀਆਂ ਕਿਤਾਬਾਂ …
ਮੇਰੇ ਬਿਸਤਰੇ ਉਤੇ ਸੁੱਤੀਆਂ ਤੇ
ਜਾਗਦੀਆਂ ਕਿਤਾਬਾਂ ਦਾ ਵਾਸਾ ਹੈ
ਕਦੇ ਕਦੇ ਕੋਈ ਕਿਤਾਬਾਂ ਤੋਂ
ਸੱਖਣਾ ਜਦ ਹਾਉਕਾ ਭਰ ਕੇ ਆਖਦਾ
ਆ ਕਿਤਾਬਾਂ ਤੈ ਪੜ੍ਹੀਆਂ ਨੇ ?
ਕਿ ਲੋਕ ਵਿਖਾਵੇ ਰੱਖੀਆਂ ਨੇ ?
ਇਹਨਾਂ ਦੇ ਨਾਲੋਂ ਕੋਈ ਪਲਾਂਟ ਲੈਂਦਾ
ਹੁਣ ਨੂੰ ਕਰੋੜਾਂ ਦਾ ਹੋ ਜਾਣਾ ਸੀ
ਮੈਂ ਸ਼ਹਿਰ ਵਿੱਚ ਹੁਣ ਚਾਰ ਪਲਾਟ ਲਏ ਨੇ
ਤੂੰ ਤੁਰਿਆ ਫਿਰਦਾ, ਦਰ ਦਰ ਭਟਕਦਾ
ਆ ਤੇਰਾ ਮਕਾਨ ਮਾਲਕ ਦੋ ਪੈਸੇ ਦਾ ਨਹੀਂ
ਤੈਨੂੰ ਕਿਰਾਇਆ ਸਮੇਂ ਸਿਰ ਨਾ ਦੇਣ ‘ਤੇ
ਕਰਦਾ ਹੈ ਜ਼ਲੀਲ
ਹੁਣ ਸੁਣਿਆ ਫੇਰ ਤੈਨੂੰ ਬਦਲਣਾ ਪੈਣਾ
ਮਕਾਨ..ਆ ਕਿਤਾਬਾਂ ਦਾ ਕੀ ਕਰੇਗਾ ?
ਕਿਸੇ ਕਬਾੜੀਏ ਨੂੰ ਵੇਚ ਦੇ
ਹੁਣ ਤਾਂ ਦਸ ਰੁਪਏ ਕਿਲੋ ਵਿਕਦਾ
ਕਾਗਜ਼ ਗੱਤੇ ਵੱਖ ਕਰ ਲੈ
ਮੈਂ ਉਸਦੀਆਂ ਸੁਣ ਕੇ ਜੱਬਲੀਆਂ
ਜਦ ਆਖਦਾ ਦਰੋੰ ਹੋ ਬਾਹਰ ਤੂੰ
ਤੂੰ ਖਰੀਦ ਪਲਾਟ ਤੇ ਵੇਚ ਆਪਣਾ ਜਿਸਮ….!
ਬਹੁਤ ਚਿਰ ਤੋਂ ਮੈਂ ਕਿਤਾਬਾਂ ਦੇ
ਝੁਰਮਟ ਵਿੱਚ ਵਸਦਾ ਸੀ ਹੁਣ
ਕਿਤਾਬਾਂ ਮੇਰੇ ਵਿੱਚ ਵਸਦੀਆਂ ਨੇ
ਊਚੀ ਊਚੀ ਹੱਸਦੀਆਂ ਨੇ
ਬਾਹਰ ਤੇ ਅੰਦਰ ਨੱਚਦੀਆਂ ਨੇ
ਕਿਤਾਬਾਂ ਮੈਂ ਰੋਜ਼ ਨਿਹਾਰਦਾ
ਇਹ ਵੇਲਾ ਐ ਪੜ੍ਹਨ ਦਾ
ਇਹ ਵੇਲਾ ਐ ਜ਼ੁਲਮ ਅੱਗੇ ਖੜਨ ਦਾ।
ਮੈਂ ਖੜਾ ਹਾਂ ।
==
ਬੁੱਧ ਸਿੰਘ ਨੀਲੋਂ
9464370823