ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ )-ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਲੋਕਾਂ ਦਾ ਸੋਚਣ ਢੰਗ ਵਿਗਿਆਨਕ ਬਣਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਕਦੇ ਨਾਟਕ ਮੇਲਿਆਂ ਰਾਹੀਂ, ਕਦੇ ਸਾਹਿਤ ਰਾਹੀਂ, ਕਦੇ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਰਾਹੀਂ ਅਤੇ ਕਦੇ ਮੈਜਿਕ ਟ੍ਰਿੱਕਾਂ ਰਾਹੀਂ ਲੋਕਾਂ ਨੂੰ ਅੰਧਵਿਸ਼ਵਾਸਾਂ, ਵਹਿਮਾਂ ਭਰਮਾਂ,ਜਾਦੂ ਟੂਣਿਆਂ ਅਤੇ ਭੂਤਾਂ ਪਰੇਤਾਂ ਜਿਹੇ ਚੱਕਰਾਂ ਵਿੱਚੋਂ ਬਾਹਰ ਕੱਢਣ ਦੇ ਯਤਨ ਕੀਤੇ ਜਾ ਰਹੇ ਹਨ। ਇਕਾਈ ਬੰਗਾ ਦੇ ਵਿੱਤ ਸਕੱਤਰ ਮਾਸਟਰ ਜਗਦੀਸ਼ ਰਾਏ ਪੁਰ ਡੱਬਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਕਾਈ ਬੰਗਾ ਵਲੋਂ ਵੀ ਲੋਕਾਂ ਨੂੰ ਸੁਚੇਤ ਕਰਨ ਅਤੇ ਸਰੀਰਕ, ਮਾਨਸਿਕ ਅਤੇ ਆਰਥਿਕ ਲੁੱਟ ਤੋਂ ਬਚਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਇਕਾਈ ਦਾ ਸਰਗਰਮ ਕਾਰਕੁੰਨ ਸੁਖਵਿੰਦਰ ਲੰਗੇਰੀ ਪਿਛਲੇ ਕਾਫ਼ੀ ਸਮੇਂ ਤੋਂ ਇੱਕ ਚੱਲਦੀ ਫਿਰਦੀ ਤਰਕਸ਼ੀਲ ਸਾਹਿਤ, ਲੋਕਪੱਖੀ ਸਾਹਿਤ, ਅਤੇ ਹੋਰ ਸਾਹਿਤਕ ਵੰਨਗੀਆਂ ਦੀ ਬੁੱਕ ਸਟਾਲ ਲੈਕੇ ਲੋਕਾਂ ਵਿੱਚ ਜਾ ਰਹੇ ਹਨ। ਉਹ ਮੇਲਿਆਂ ਵਿੱਚ,ਵੱਖ ਵੱਖ ਪਾਰਟੀਆਂ ਦੀਆਂ ਕਾਨਫਰੰਸਾਂ ਵਿੱਚ, ਮਹਾਨ ਰਹਿਬਰਾਂ ਦੀਆਂ ਜਨ ਸ਼ਤਾਬਦੀਆਂ ਵਿੱਚ, ਸ਼ਰਧਾਂਜਲੀ ਸਮਾਰੋਹਾਂ ਵਿੱਚ ਅਤੇ ਇਲਾਕੇ ਵਿੱਚ ਹੋ ਰਹੇ ਹੋਰ ਸਮਾਰੋਹਾਂ ਵਿੱਚ ਆਪਣੀ ਤਰਕਸ਼ੀਲ ਸਾਹਿਤ ਦੀ ਚੱਲਦੀ ਫਿਰਦੀ ਬੁੱਕ ਸਟਾਲ ਲੈਕੇ ਜਾ ਰਹੇ ਹਨ। ਉਹ ਮੈਜਿਕ ਟ੍ਰਿੱਕ ਵੀ ਨਾਲ ਲੈਕੇ ਜਾਂਦੇ ਹਨ ਜਿਨ੍ਹਾਂ ਦੁਆਰਾ ਜਾਦੂ ਟੂਣਿਆਂ ਪ੍ਰਤੀ ਪਾਏ ਜਾਂਦੇ ਵਹਿਮਾਂ ਭਰਮਾਂ ਤੋਂ ਸੁਚੇਤ ਕਰਦੇ ਹਨ। ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਬੰਗਾ ਵਲੋਂ ਇਲਾਕੇ ਦੇ ਲੋਕਾਂ ਨੂੰ ਅਪੀਲ ਹੈ ਕਿ ਆਪਣੀ ਸੋਚ ਨੂੰ ਵਿਗਿਆਨਕ ਬਣਾਉਣ ਲਈ, ਲੁੱਟ ਖਸੁੱਟ ਤੋਂ ਬਚਣ ਲਈ, ਚੰਗੀਆਂ ਅਗਾਂਹਵਧੂ ਸੇਧ ਦੇਣ ਵਾਲੀਆਂ ਕਿਤਾਬਾਂ ਨਾਲ ਜੁੜਿਆ ਜਾਵੇ। ਚੰਗੀਆਂ ਕਿਤਾਬਾਂ ਜ਼ਿੰਦਗੀ ਸੁਧਾਰ ਦਿੰਦੀਆਂ ਹਨ। ਇਸ ਲਈ ਆਪ ਅਤੇ ਆਪਣੇ ਬੱਚਿਆਂ ਨੂੰ ਚੰਗੀਆਂ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।
ਮਾਸਟਰ ਜਗਦੀਸ਼
ਵਿੱਤ ਸਕੱਤਰ ਇਕਾਈ ਬੰਗਾ।
ਫੋਨ 9417434038
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly