(ਸਮਾਜ ਵੀਕਲੀ)
ਗ਼ਜ਼ਲਗੋ: ਰਾਜਿੰਦਰਜੀਤ
ਪ੍ਰਕਾਸ਼ਨ: ਪੀਪਲਜ਼ ਫੋਰਮ ਬਰਗਾੜੀ
ਪੰਨੇ: 84 ਕੀਮਤ: 200/-
‘ਸੂਲਾਂ ਸੇਤੀ ਰਾਤਿ’ ਰਾਜਿੰਦਰਜੀਤ ਹੁਰਾਂ ਦੁਆਰਾ ਰਚਿਤ ਗ਼ਜ਼ਲ-ਸੰਗ੍ਰਹਿ ਹੈ।ਇਸੇ ਖੇਤਰ ਵਿੱਚ ਆਪਣੇ ਪਹਿਲੇ ਗ਼ਜ਼ਲ-ਸੰਗ੍ਰਹਿ ‘ਸਾਵੇ ਅਕਸ’ ਦੁਆਰਾ ਪਾਠਕਾਂ ਦੇ ਦਿਲਾਂ ਤੱਕ ਰਸਾਈ ਕਰਨ ਵਾਲੇ ਰਜਿੰਦਰਜੀਤ ਦਾ ਇਹ ਦੂਜਾ ਗ਼ਜ਼ਲ-ਸੰਗ੍ਰਹਿ ਹੈ। ਪੰਜਾਬੀ ਗ਼ਜ਼ਲ-ਖੇਤਰ ਵਿੱਚ ਬਹੁਤ ਥੋੜੇ ਗ਼ਜ਼ਲ-ਗੋ ਅਜਿਹੇ ਹਨ ਜੋ ਵੱਖੋ-ਵੱਖਰੇ ਵਿਸ਼ਿਆਂ ਨੂੰ ਬੜੀ ਹੀ ਬਾਰੀਕਬੀਨੀ ਦੇ ਨਾਲ ਪੇਸ਼ ਕਰਨ ਦੇ ਸਮਰੱਥ ਹੋਣ। ਰਾਜਿੰਦਰਜੀਤ ਦੀ ਗ਼ਜ਼ਲਗੋਈ ਵਿੱਚੋਂ ਇਹ ਬਾਰੀਕਬੀਨੀ ਸਪੱਸ਼ਟ ਦਿਖਾਈ ਦੇ ਜਾਂਦੀ ਹੈ।ਇਸ ਗ਼ਜ਼ਲ-ਸੰਗ੍ਰਹਿ ਅੰਦਰ ਕੁੱਲ 60 ਨਜ਼ਮਾਂ ਸ਼ਾਮਲ ਹਨ। ਹਰ ਨਜ਼ਮ ਰਵਾਇਤੀ ਸੋਚ ਤੋਂ ਪਾਰ ਨਵੇਂ-ਪਸਾਰ ਉਲੀਕਦੀ ਨਜ਼ਰ ਆਉਂਦੀ ਹੈ। ਇਸ ਦਾ ਪ੍ਰਗਟਾਵਾ ਇਹਨਾਂ ਵਿਚਲੇ ਇੱਕ ਸ਼ਿਅਰ ਤੋਂ ਵੀ ਮਿਲ ਜਾਂਦਾ ਹੈ ਕਿ:
ਨੇਰ ਸੀ ਜੇ ਛਾ ਰਿਹਾ ਇਸ ਵਿੱਚ ਖਤਾ ਮੇਰੀ ਨਹੀਂ ਸੀ।
ਦੀਪ ਸਨ ਮੇਰੇ ਹੀ ਪਰ ਅੰਨ੍ਹੀ ਹਵਾ ਮੇਰੀ ਨਹੀਂ ਸੀ।
ਦ੍ਰਿਸ਼ਟੀਕੋਣ ਦੀ ਇੰਨੀ ਸੂਖਮਤਾ ਕਿ ਸਮਕਾਲੀ ਯਥਾਰਥ ਦੇ ਦ੍ਰਿਸ਼ਾਂ ਨੂੰ ਵੱਖੋ-ਵੱਖਰੇ ਪਹਿਲੂਆਂ ਤੋਂ ਸਿਰਜਿਆ ਹੈ। ਕਾਵਿ-ਭਾਸ਼ਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਹਰ ਨਜ਼ਮ ਆਪਣੇ ਆਪ ਵਿੱਚ ਮੁਕੰਮਲ ਹੈ। ਨਜ਼ਮਾਂ ਅੰਦਰ ਪ੍ਰਤੀਕਾਂ ਰਾਹੀਂ ਭਾਵਾਂ ਦਾ ਪ੍ਰਗਟਾਵਾ ਕਾਬਲ-ਏ-ਤਾਰੀਫ਼ ਹੈ।ਵੰਨਗੀ ਵੇਖੋ:
ਰੋਣ ਪਿੱਪਲ ਪੱਤੀਆਂ ਬਿਛੂਏ ਉਦਾਸ
ਗਰਦਨਾਂ ਨੂੰ ਤਰਸਦੇ ਕੈਂਠੇ ਹਮੇਲ
ਰਾਜਿੰਦਰਜੀਤ ਨੇ ਬੇਬਾਕੀ ਦੇ ਨਾਲ ਸੱਚ ਦਾ ਪਰਚਮ ਚੁੱਕਿਆ ਹੋਇਆ ਹੈ,ਉਸ ਦਾ ਕਹਿਣਾ ਹੈ ਕਿ:
ਉਨਾਂ ਨੂੰ ਕੀ ਝਰੀਟਾਂ ਨੇ ਡਰਾਉਣਾ
ਜੋ ਹਿੱਕ ਤੇ ਨੇਜ਼ਿਆਂ ਨੂੰ ਪਰਖਦੇ ਨੇ
ਕਵੀ ਲਈ ਮੁਕੰਮਲਤਾ ਸਰੀਰਾਂ ਤੋਂ ਪਾਰ ਦੀ ਪ੍ਰਾਪਤੀ ਹੈ ਇਸੇ ਲਈ ਪਿੰਡਾ ਉਸ ਲਈ ਜੇਲ ਸਮਾਨ ਹੈ।ਅਜੋਕੇ ਸਮੇਂ ਦੌਰਾਨ ਇਨਸਾਨ ਦੀ ਹੋਂਦ ਪੱਥਰਾਉਂਦੀ ਜਾ ਰਹੀ ਹੈ। ਅਜਿਹੇ ਵਿੱਚ ਮਨੁੱਖ ਨੂੰ ਕਵੀ ਦੀ ਤਾਕੀਦ ਹੈ ਕਿ:
ਜ਼ਮੀਰ ਨਾਂ ਦੀ ਜੋ ਵਸਤ ਹੈ ਇੱਕ
ਜੇ ਇੱਕ ਵਾਰੀ ਇਹ ਹੱਥੋਂ ਖਿਸਕੀ
ਨਾ ਸਾਵੇਂ ਇਸ ਦੇ ਖਲੋਇਆ ਜਾਣਾ
ਨਾ ਅੱਖ ਮੁੜ ਕੇ ਮਿਲਾਈ ਜਾਣੀ
ਆਦਮੀਅਤ ਦਾ ਕਤਲ ਹੋ ਰਿਹਾ ਹੈ,ਇਨਸਾਨੀਅਤ ਨਿਘਰਦੀ ਜਾ ਰਹੀ ਹੈ।ਇਸ ਸਭ ਤੋਂ ਸੁਚੇਤ ਕਵੀ ਮਨ ਹੀ ਕਹਿ ਰਿਹਾ ਹੈ ਕਿ:
ਬਸਤੀਆਂ ਚੋਂ ਬਚ ਕੇ ਜਾਣਾ ਹੈ ਮੁਹਾਲ
ਆ ਗਏ ਹਾਂ ਮਕਤਲਾਂ ‘ਚੋਂ ਲੰਘ ਕੇ।
ਸਮੁੱਚੀ ਕਾਵਿ-ਸੰਵੇਦਨਾ ਅਜੋਕੇ ਮਨੁੱਖ ਨੂੰ ਚਕਾਚੌਂਧੀ ਇੱਛਾਵਾਂ ਤੋਂ ਉੱਪਰ ਉੱਠ ਕੇ ਆਪਣੇ ਸੀਮਤ ਦਾਇਰਿਆਂ ਨੂੰ ਤੋੜਨ ਅਤੇ ਉਸ ਤੋਂ ਵੀ ਅੱਗੇ ਨਵੇਂ-ਨਕਸ਼ ਤਲਾਸ਼ ਕਰਨ ਵੱਲ ਸੇਧਿਤ ਕਰਦੀ ਨਜ਼ਰ ਪੈਂਦੀ ਹੈ।
ਸੋ ਰਾਜਿੰਦਰਜੀਤ ਦੁਆਰਾ ਰਚਿਤ ਗ਼ਜ਼ਲ-ਸੰਗ੍ਰਹਿ ‘ਸੂਲਾਂ ਸੇਤੀ ਰਾਤਿ’ ਅਨੇਕਾਂ ਰੰਗਾਂ ਦੇ ਨਾਲ ਯੁਕਤ ਨਿਵੇਕਲਾ ਤੇ ਬਾ-ਕਮਾਲ ਪ੍ਰਗਟਾਵਾ ਹੈ।
-ਸੌਰਵ ਦਾਦਰੀ
84277-31983
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly