ਕਹਾਣੀ ਸੰਗ੍ਰਹਿ “ਮੋਹਧਾਰਾ” ਦਾ ਪੁਸਤਕ ਰਿਵਿਊ

(ਸਮਾਜ ਵੀਕਲੀ)

ਪੁਸਤਕ ਸਮੀਖਿਆ
ਪੁਸਤਕ ਦਾ ਨਾਂ -ਮੋਹਧਾਰਾ
ਲੇਖਿਕਾ – ਬਰਜਿੰਦਰ ਕੌਰ ਬਿਸਰਾਓ
ਵੰਨਗੀ – ਕਹਾਣੀਆਂ
ਪ੍ਰਕਾਸ਼ਕ – ਜੋਹਰਾ ਪਬਲੀਕੇਸ਼ਨਜ਼ ਪਟਿਆਲਾ
ਕੁੱਲ ਪੰਨੇ – 120
ਕੀਮਤ – 220/-
ਛਪਣ ਦਾ ਸਾਲ -2022

ਪੰਜਾਬੀ ਸਾਹਿਤ ਸਭਾ ਦੀ ਮਾਸਿਕ ਇਕੱਤਰਤਾ ਜੋ 9 ਜੁਲਾਈ 2022 ਨੂੰ ਪੰਜਾਬੀ ਭਾਸ਼ਾ ਵਿਭਾਗ ਪਟਿਆਲਾ ਵਿਖੇ ਹੋਈ ਸੀ ਜਿਸ ਵਿੱਚ ਲੇਖਿਕਾ ਬਰਜਿੰਦਰ ਕੌਰ ਬਿਸਰਾਓ ਦੀ ਇਸ ਪੁਸਤਕ ਨੂੰ ਲੋਕ ਅਰਪਣ ਕੀਤਾ ਗਿਆ। ਸਮਾਗਮ ਮੌਕੇ ਲੇਖਕਾ ਨੇ ਇਹ ਪੁਸਤਕ ਮੈਨੂੰ ਬੜੇ ਪਿਆਰ ਸਹਿਤ ਭੇਂਟ ਕੀਤੀ।ਕੁਝ ਦਿਨ ਪਹਿਲਾਂ ਹੀ ਇਸ ਪੁਸਤਕ ਨੂੰ ਪੜ੍ਹ ਕੇ ਮੁਕੰਮਲ ਕੀਤਾ ਹੈ ਜਿਸ ਵਿੱਚ ਕੁੱਲ 36 ਕਹਾਣੀਆਂ ਦਰਜ ਹਨ। ਇਸ ਪੁਸਤਕ ਨੂੰ ਪੜ੍ਹਨ ਤੋਂ ਬਾਅਦ ਮੈਂ ਇਹ ਮਹਿਸੂਸ ਕੀਤਾ ਹੈ ਕਿ ਇਹਨਾਂ ਵਿੱਚੋਂ ਬਹੁਤੀਆਂ ਕਹਾਣੀਆਂ ਉੱਚ ਪਾਏ ਦੀਆਂ ਲਿਖਤਾਂ ਹਨ। ਬੇਸ਼ੱਕ ਲੇਖਕਾ ਦਾ ਇਹ ਪਲੇਠਾ ਕਹਾਣੀ ਸੰਗ੍ਰਹਿ ਹੈ ਪਰ ਪਾਠਕ ਨੂੰ ਇਹ ਬਿਲਕੁਲ ਅਹਿਸਾਸ ਨਹੀਂ ਹੁੰਦਾ ਸਗੋਂ ਪੜ੍ਹਦੇ ਪੜ੍ਹਦੇ ਇਸ ਵਿਚਲੀਆਂ ਕਹਾਣੀਆਂ ਦਾ ਰਸ ਮਾਣਦੇ ਮਾਣਦੇ ਕਈ ਕੁਝ ਨਵਾਂ ਵੀ ਗ੍ਰਹਿਣ ਕਰਦਾ ਹੈ । ਨਿੱਕੀ ਕਹਾਣੀ ਹੁੰਦੇ ਹੋਏ ਵੀ ਪਾਠਕ ਹਰ ਕਹਾਣੀ ਵਿੱਚੋਂ ਵੱਡੀ ਕਹਾਣੀ ਦਾ ਆਨੰਦ ਮਾਣਦਾ ਹੈ। ਇਹਨਾਂ ਵਿੱਚ ਬੇਲੋੜਾ ਵਿਸਥਾਰ ਨਜ਼ਰ ਨਹੀਂ ਆਉਂਦਾ।

ਆਮ ਤੌਰ ਤੇ ਸੁਣਦੇ ਹਾਂ ਕਿ ਮਰਦ ਔਰਤ ਤੇ ਜ਼ੁਲਮ ਕਰਦਾ ਹੈ ਤੇ ਇਹ ਝੂਠ ਵੀ ਨਹੀਂ ਪਰ ਉਦੋਂ ਬਹੁਤ ਦੁੱਖ ਹੁੰਦਾ ਹੈ ਜਦੋਂ ਔਰਤ ਹੀ ਔਰਤ ਦੀ ਦੁਸ਼ਮਣ ਬਣ ਕੇ ਉਸ ਦੀ ਦੁਨੀਆਂ ਉਜਾੜਦੀ ਹੈ। ‘ਬੀਨਾ’ ਕਹਾਣੀ ਵਿੱਚ ਅਜਿਹਾ ਹੀ ਵਾਪਰਦਾ ਹੈ।ਬੀਨਾ ਦੀ ਭਰਜਾਈ ਨੇ ਉਸ ਦੇ ਪਤੀ ਤੇ ਡੋਰੇ ਪਾ ਕੇ ਸੰਤਾਪ ਭੋਗਣ ਲਈ ਛੱਡ ਦਿੱਤਾ।ਉਹ ਆਪਣਾ ਦੁੱਖ ਗੁਆਂਢਣ ਨਾਲ਼ ਸਾਂਝਾ ਕਰਦੀ ਹੈ। ਆਪਣੀਆਂ ਕਹਾਣੀਆਂ ਵਿੱਚ ਵਿਗੜ ਰਹੇ ਸਮਾਜਿਕ ਰਿਸ਼ਤਿਆਂ ਨੂੰ ਲੇਖਕਾ ਨੇ ਬੜੀ ਦਲੇਰੀ ਨਾਲ ਪੇਸ਼ ਕੀਤਾ ਹੈ। “ਜਦੋਂ ਸ਼ਬਦ ਮੁੱਕ ਗਏ” ,”ਰਾਜ਼’, ‘ਅੰਨ੍ਹਾ ਝੋਟਾ’ ,’ਗਰੀਬ ਦੀ ਈਦ’ ,’ਬਹਾਦਰ ਔਰਤ ‘, ਬਾਪੂ ਦਾ ਮੁੜ੍ਹਕਾ ‘,ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ ‘ਅਤੇ ਪੁਸਤਕ ਵਿਚਲੀ ਆਖ਼ਰੀ ਕਹਾਣੀ ‘ਮਹਿੰਗੀ ਸ਼ੈਅ ‘ ਇਹਨਾਂ ਕਹਾਣੀਆਂ ਨੂੰ ਮੈਰਿਟ ਦੀ ਸੂਚੀ ਵਿੱਚ ਦਰਜ ਕੀਤਾ ਜਾ ਸਕਦਾ ਹੈ। ‘ਬਾਹਰਲੀ ਕੁੜੀ ‘ ਕਹਾਣੀ ਵਿੱਚ ਸ਼ਬਦਾਂ ਦੀ ਬਣਤਰ ਦੇਖਣਯੋਗ ਹੈ- ”

ਜੈਸਮੀਨ ਵਿੱਚੋਂ ਟੋਕ ਕੇ ਬੋਲੀ ,”ਕੀ ਕੁਝ…. ਨਹੀਂ ,ਕੁਝ ਨਹੀਂ…. ਇਹ ਕੋਈ ਜ਼ਿੰਦਗੀ ਹੈ ….ਮੈਂ ਨਹੀਂ ਰਹਿ ਸਕਦੀ ਇਸ ਘਰ ਵਿੱਚ….. ਕੋਈ ਪ੍ਰਾਈਵੇਸੀ ਨਾਂ ਦੀ ਚੀਜ਼ ਹੀ ਨਹੀਂ……. ਇਹਨਾਂ ਦੀ ਕਸਰ ਸੀ ਆਉਣ ਦੀ…. ਇਹ ਘਰ ਨਹੀਂ ਚਿੜੀਆਘਰ ਹੈ।”
ਗੱਲ ਕੀ ਕਹਾਣੀ ਸਮਾਜ ਵਿਚਲੇ ਰਿਸ਼ਤਿਆਂ ਦੀ ਹੋਣੀ ਦੀ ਗੱਲ ਕਰਦੀ ਹੈ, ਉਪਰਲੇ ਅਕਾਸ਼ ਦੀ ਨਹੀਂ। ਸਿਰਲੇਖ ਢੁਕਵੇਂ ਹਨ, ਕਹਾਣੀਆਂ ਦਾ ਅੰਤ ਦਿਲ ਟੁੰਬਵਾਂ ਹੈ।

ਅੰਤ ਵਿੱਚ ਮੈਂ ਲੇਖਿਕਾ ਦੀ ਇਸ ਪੁਸਤਕ ਨੂੰ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਸੁਭਾਇਮਾਨ ਕਰਨ ਦੀ ਵਧਾਈ ਦਿੰਦਾ ਹਾਂ ਤੇ ਉਮੀਦ ਕਰਦਾ ਹਾਂ ਕਿ ਉਹ ਭਾਵੇਂ ਕਾਵਿ ਰਚਨਾ ਵਿੱਚ ਵੀ ਰੁਚੀ ਰੱਖਦੀ ਹੈ ਪਰ ਸਾਡੇ ਪਾਠਕਾਂ ਲਈ ਇਹੋ ਜਿਹੇ ਹੋਰ ਕਹਾਣੀ ਸੰਗ੍ਰਹਿ ਵੀ ਅਰਪਣ ਕਰੇਗੀ।

ਵੱਲੋਂ:-
ਰਘਬੀਰ ਸਿੰਘ ਮਹਿਮੀ
220 ,ਗਰੀਨ ਪਾਰਕ ਕਾਲੋਨੀ
ਸਰਹਿੰਦ ਰੋਡ, ਪਟਿਆਲਾ 147004
ਮੋਬਾ:96460-24321

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleImran directs PTI leaders not to criticise new COAS, army
Next articleਪੀ ਐੱਸ ਐੱਫ ਰਿਕਾਰਡਜ਼ ਦੇ ਮਾਲਕ ਜਸਵਿੰਦਰ ਸਿੰਘ ਵਾਲੀਆ ਅਤੇ ਵੀਡੀਓ ਡਾਇਰੈਕਟਰ ਹਰਪ੍ਰੀਤ ਸਿੰਘ ਵਾਲੀਆ ਦਾ ਹੋਇਆ ਵਿਸ਼ੇਸ਼ ਸਨਮਾਨ