(ਸਮਾਜ ਵੀਕਲੀ)
ਕਹਾਣੀਕਾਰ ਰਵਿੰਦਰ ਰੁਪਾਲ ਕੌਲਗੜ੍ਹ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਸਥਾਪਤ ਨਾਂ ਹੈ। ਉਸ ਦੀਆਂ ਕਹਾਣੀਆਂ ਅਕਸਰ ਅਖ਼ਬਾਰਾਂ ਅਤੇ ਮੈਗ਼ਜੀਨਾਂ ਦਾ ਸਿੰਗਾਰ ਬਣਦੀਆਂ ਰਹਿੰਦੀਆਂ ਹਨ। ਹਥਲੀ ਪੁਸਤਕ ‘ਨਿਆਈਂ ਵਾਲਾ ਟੱਕ’ ਕਹਾਣੀ ਸੰਗ੍ਰਹਿ ਪੰਜਾਬੀ ਨੂੰ ਪਿਆਰ ਕਰਨ ਵਾਲਿਆਂ ਨੂੰ ਸਮਰਪਿਤ ਕਰਦਿਆਂ ਉਸ ਨੇ ਦਸ ਲੰਬੀਆਂ ਅਤੇ ਵੱਖੋ-ਵੱਖਰੇ ਵਿਸ਼ਿਆਂ ਨੂੰ ਲੈ ਕੇ ਕਹਾਣੀਆਂ ਪਾਠਕਾਂ ਦੇ ਸਨਮੁੱਖ ਕਰਦਿਆਂ ‘ਅਕਹਾਣੀ’ ਅੱਗੋਂ ‘ਆੜਾ’ ਤੋੜਨ ਦਾ ਯਤਨ ਕਰਦਾ ਹੈ। ਉਸ ਨੇ ਪੁਸਤਕ ਦਾ ਨਾਮਕਰਨ ਆਪਣੀ ਪੁਸਤਕ ਦੀ ਪਲੇਠੀ ਸਿਰਲੇਖਤ ਕਹਾਣੀ ਦੇ ਨਾਮ ਨਾਲ ਰੱਖਿਆ ਹੈ।
ਇਸ ਪੁਸਤਕ ਵਿੱਚਲੀਆਂ ਕਹਾਣੀਆਂ ਦਾ ਪਾਠ ਕਰਦਿਆਂ ਮੈਨੂੰ ਇੰਝ ਲਗਿਆ ਹੈ ਜਿਵੇਂ ਉਹ ਆਪ ਕਹਾਣੀਆਂ ਦੇ ਵਿੱਚ ਪਾਤਰ ਬਣ ਕੇ ਘੁੰਮ ਰਿਹਾ ਹੋਵੇ। ਕਹਾਣੀਆਂ ਵਿੱਚ ਵਰਤਮਾਨ ਔਲਾਦ ਦਾ ਜੀਵਨ ਨਸ਼ਾ ਜਾਤ-ਪਾਤ ਸਮਾਂ ਤੋਂ ਇਲਾਵਾ ਸਮਾਜਿਕ ਸੋਚ ਮਤਲਬੀ ਲੋਕਾਂ ਦੀ ਗੱਲ ਦੇਸ਼ ’ਤੇ ਮੰਡਰਾਉਂਦੇ ਕਾਲ਼ੇ ਪਰਛਾਵੇਂ ਤਮਾਸ਼ਬੀਨ ਲੋਕਾਂ ਦਾ ਕਿਰਦਾਰ ਪਰਿਵਾਰਕ ਸੰਕਟ ਵਹਿਮ-ਭਰਮ ਵਿਦੇਸ਼ ਜਾਣ ਲਈ ਵਿਆਹਾਂ ਦਾ ਝੂਠ ਅਤੇ ਹੋਰ ਪਤਾ ਨਹੀਂ ਕੀ ਕੁਝ ਆਪਣੇ ਵਿੱਚ ਸਮੋਈ ਬੈਠੀਆਂ ਹਨ। ਉਸ ਦੀ ਹਰੇਕ ਕਹਾਣੀ ਮਨ ਨੂੰ ਟੁੰਬਦੀ ਹੈ। ਪੁਸਤਕ ਦੀ ਪਲੇਠੀ ਕਹਾਣੀ ‘ਨਿਆਈਂ ਵਾਲਾ ਟੱਕ’ ਵਿੱਚ ਪਾਤਰ ਜ਼ੈਲੇ ਦੀ ਪਰਿਵਾਰਕ ਤਰਾਸਦੀ ਦਿਖਾਉਂਦੀ ਹੈ। ਉਸ ਦਾ ਪਿਓ ਨਸ਼ੇ ਵਿੱਚ ਸਾਰੀ ਜ਼ਮੀਨ ਬਰਬਾਦ ਕਰਦਾ ਹੈ ਅਤੇ ਔਲਾਦ ਵਿੱਚ ਇੱਕ ਪੁੱਤਰ ਕੰਤਾਂ ਲੁੱਟਾਂ-ਖੋਹਾਂ ਕਰਦਿਆਂ ਕਰਦਿਆਂ ਕਤਲ ਵੀ ਕਰ ਦਿੰਦਾ ਹੈ ਅਤੇ ਦੂਜਾ ਅਵਾਰਾ ਗਰਦੀ ਕਰਦਾ ਹੈ ਕਿਸੇ ਦੀ ਦੋਹਤੀ ਨੂੰ ਉਧਾਲ ਕੇ ਲੈ ਜਾਂਦਾ ਹੈ। ਇਹਨਾਂ ਦੇ ਕਾਰਨਾਮਿਆਂ ਸਦਕਾ ਉਸ ਨੂੰ ਕਿੰਨਾ ਜ਼ਲੀਲ ਹੋਣਾ ਪੈਂਦਾ ਹੈ ਉਹ ਹੀ ਜਾਣਦਾ ਹੈ। ਸਿਆਣੇ ਕਹਿੰਦੇ ਹਨ ਕਿਸੇ ਦੀ ਔਲਾਦ ਮਾੜੀ ਨਾ ਹੋਵੇ। ਬਾਕੀ ਦੋ ਮੁੰਡੇ ਬਾਹਰ ਜਾਣ ਦੇ ਲਾਲਚ ਵਿੱਚ ਜੇਲ੍ਹ ਚਲੇ ਜਾਂਦੇ ਹਨ ਅਤੇ ਸਾਰੀ ਜ਼ਮੀਨ ਸੰਧੂ ਆੜ੍ਹਤੀਏ ਦੇ ਕਬਜ਼ੇ ਵਿੱਚ ਆ ਜਾਂਦੀ ਹੈ। ਇਸ ਤਰ੍ਹਾਂ ਜ਼ੈਲਾ ਲੱਖ ਤੋਂ ਕੱਖ ਬਣ ਜਾਂਦਾ ਹੈ। ਕਹਾਣੀ ‘ਸ਼ਿਕੰਜਾ’ ਔਰਤ ਮਰਦ ਦੀ ਜਾਤ-ਪਾਤ ਦਰਸਾਉਂਦੀ ਕਹਾਣੀ ਹੈ। ਨਾਇਕ ਤਰਖਾਣ ਜਾਤੀ ਨਾਲ ਸਬੰਧਤ ਹੈ ਅਤੇ ਨਾਇਕਾ ਜੱਟਾਂ ਦੀ ਕੁੜੀ ਹੈ। ਭਾਵੇਂ ਨਾਇਕ ਆਪਣੀ ਜਾਤ ਨਾਇਕਾ ਤੋਂ ਛੁਪਾ ਕੇ ਰੱਖਦਾ ਹੈ ਜਿਸ ਕਰਕੇ ਉਸਦੇ ਮਨ ਤੇ ਭਾਰ ਬਣਿਆ ਰਹਿੰਦਾ ਹੈ। ਪਰ ਨਾਇਕਾ ਨਿਸ਼ਾ ਉਸ ਦੀ ਅਸਲੀਅਤ ਜਾਣਦੀ ਹੋਈ ਵੀ ਉਸ ਨਾਲ ਵਿਆਹ ਕਰਕੇ ਕਈ ਸਾਲ ਗੁਜਾਰ ਦਿੰਦੀ ਹੈ। ਉਹਨਾਂ ਦੀ ਆਪਣੀ ਜਾਤ ਦੀ ਬੋਲ ਬਾਣੀ ਭਾਸ਼ਾ ਵਰਤਾਓ ਕਹਾਣੀ ਵਿੱਚੋ ਸਚਾਈ ਪੇਸ਼ ਕਰਦਾ ਹੈ। ਨਾਇਕਾ ਨਿਸ਼ਾ ਸਚਾਈ ਦੱਸਦੀ ਹੋਈ ਕਹਿੰਦੀ ਹੈ ‘ਮੈਂ ਤੁਹਾਡੇ ਨਾਲ ਸੱਚਾ ਪਿਆਰ ਕੀਤਾ ਹੈ ਮੈਨੂੰ ਜਾਤ-ਪਾਤ ਨਾਲ ਕੋਈ ਸਰੋਕਾਰ ਨਹੀਂ ਹੈ।’ ਪਰ ਕਹਾਣੀਕਾਰ ਨੇ ਇਹ ਨਹੀਂ ਦੱਸਿਆ ਕਿ ਦੋਹਾਂ ਦੇ ਪਿਆਰ ਵਿਆਹ ਦੀ ਗੱਲ ਕਿਵੇਂ ਅਤੇ ਕਿੰਝ ਸ਼ੁਰੂ ਹੋਈ। ‘ਕੱਚੀ ਲੀਕ’ ਕਹਾਦੀ ਸਮਾਜਿਕ ਸੋਚ ਅਤੇ ਵਿਚਾਰ ਧਾਰਾ ਨੂੰ ਅਵਗਤ ਕਰਵਾਉਂਦੀ ਹੈ। ਕਿਰਪੇ ਬਾਬੇ ਨੇ ਸਮਾਜ ਦੇ ਤਾਨਿਆਂ ਦਾ ਜਵਾਬ ਦੇਣ ਲਈ ਖਰੀਦ ਕੇ ਲਿਆਂਦੀ ਘਰਵਾਲੀ ਰੰਗ ਦੀ ਤਾਂ ਕਾਲ਼ੀ ਹੈ ਪਰ ਉਸ ਦਾ ਮਨ ਸਾਫ਼ ਹੈ। ਉਸ ਦੀ ਭਾਸ਼ਾ ਵੀ ਉੱਥੋਂ ਦੇ ਲੋਕਾਂ ਨਾਲੋ ਵੱਖਰੀ ਹੈ। ਭਾਵੇਂ ਉਹ ਕਿਵੇਂ ਵੀ ਘਰ ਦਾ ਗੁਜਾਰਾ ਚਲਾਉਂਦੀ ਹੈ ਉਸ ਦੇ ਗੁਆਂਢੀ ਆਪਣੇ ਬੱਚੇ ਬੀਰੀ ਨੂੰ ਉਸ ਨਾਲ ਮਿਲਣ ਤੋਂ ਰੋਕਦੇ ਹਨ। ਪਰ ਉਸ ਨਾਲ ਹੋਈ ਨਕਲੀ ਨੋਟਾਂ ਦੀ ਠੱਗੀ ਤੋਂ ਸੇਧ ਲੈ ਕੇ ਕਿਰਪੇ ਲਈ ਦਵਾਈ ਦਾ ਇੰਤਜਾਮ ਵੀ ਕਰਦੀ ਹੈ ਅਤੇ ਨਹਾ-ਧੋ ਕੇ ਸੰਗਰਾਂਦ ਵਾਲੇ ਦਿਨ ਆਪਣੇ ਆਪ ਨੂੰ ਪਵਿੱਤਰ ਕਰਕੇ ਗੁਰੂਘਰ ਜਾਣ ਦੀ ਤਿਆਰੀ ਵਿੱਚ ਹੈ। ਸਮਾਜ ਵਿੱਚ ਚਲਦੀਆਂ ਠੱਗੀਆਂ ਠੋਰੀਆਂ ਮਨੁੱਖੀ ਜੀਵਨ ਤੇ ਕੀ ਪ੍ਰਭਾਵ ਪਾਉਂਦੀਆਂ ਹਨ ਕਹਾਣੀ ਦਾ ਅਧਾਰ ਬਣਦਾ ਹੈ। ‘ਨਹੀਂ ਮੈਂ ਨਹੀਂ ਆਵਾਂਗਾ’ ਗ਼ੈਰ ਪੰਜਾਬੀ ਬੋਲਦੇ ਇਲਾਕੇ ਵਿੱਚ ਪੰਜਾਬੀ ਬੋਲਣ ਵਾਲੇ ਦਾ ਹੋਣਾ ਅਚੰਭਿਤ ਤਾਂ ਲਗਦਾ ਹੈ ਪਰ ਉਸ ਦਾ ਗ਼ੈਰ ਪੰਜਾਬੀ ਬੋਲਦੇ ਇਲਾਕੇ ਵਿੱਚ ਜਾਣ ਦਾ ਕਾਰਨ ਕਿੰਨੀ ਵੱਡੀ ਤਰਾਸਦੀ ਪੇਸ਼ ਕਰਦੀ ਹੈ। ਜਦੋਂ ਕਿਸੇ ਨੂੂੰ ਗ਼ੈਰ ਭਾਸ਼ਾ ਵਾਲੇ ਰਾਜ ਜਾਂ ਦੇਸ਼ ਵਿੱਚ ਕੋਈ ਆਪਣੀ ਭਾਸ਼ਾ ਵਾਲਾ ਮਿਲਦਾ ਹੈ ਤਾਂ ਕਿੰਨਾ ਵਧੀਆ ਲਗਦਾ ਹੈ। ਕਹਾਣੀ ਦੀ ਨਾਇਕਾ ਵਿੱਚ ਕਿੰਨੀ ਸਹਿਜਤਾ ਵਿਖਾਈ ਗਈ ਹੈ। ਉਹ ਕਿਸੇ ਪੰਜਾਬੀ ਨੂੰ ਵੇਖ ਕੇ ਜਿੱਥੇ ਖੁਸ਼ ਹੁੰਦੀ ਹੈ ਉੱਥੇ ਆਪਣੀ ਵਿਥਿਆ ਵੀ ਸੁਣਾਉਂਦੀ ਹੈ ਪਰ ਸਮਾਜ ਵਿੱਚ ਇੰਝ ਕਿਸੇ ਔਰਤ ਵਲੋਂ ਕਿਸੇ ਅਣਜਾਣ ਮਰਦ ਨੂੰ ਅੰਦਰ ਬੁਲਾਉਣਾ ਹੈਰਾਨਕੁੰਨ ਜਾਪਦਾ ਹੈ। ਭਾਵੇਂ ਉਹ ਵੀਰ ਜੀ ਕਹਿ ਕੇ ਬੁਲਾਉਂਦੀ ਹੈ ਪਰ ਇਹ ਵਾਰਤਾਲਾਪ ਕਿਸੇ ਦੀ ਮੌਜੂਦਗੀ ਵਿੱਚ ਜਾਂ ਘਰ ਤੋਂ ਬਾਹਰ ਵੀ ਕੀਤੀ ਜਾ ਸਕਦੀ ਹੈ।
ਕਹਾਣੀ ‘ਪੈੜ ਆਲਾ ਰੱਸਾ’ ਮਿਹਨਤ ਕਰਨ ਅਤੇ ਲੋਕਾਂ ਦੀਆਂ ਗੱਲਾਂ ਵਿੱਚ ਨਾ ਆਉਣ ਦੀ ਸਿਆਣਪ ਦਰਸਾਉਂਦੀ ਹੈ। ਪਾਤਰ ਮਿੰਦਰ ਦੇ ਪਿਓ ਦੀ ਮੌਤ ਤੋਂ ਬਾਅਦ ਸਾਰੀ ਜਿੰਮੇਵਾਰੀ ਉਸ ਉਪਰ ਪੈਣ ਕਰਕੇ ਉਸ ਦੇ ਵਿਆਹ ਵਿੱਚ ਅੜਿਚਣ ਪੈਦਾ ਕਰਦੀ ਹੈ। ਮਿੰਦਰ ਦੇ ਭਰਾ ਗਿੰਦਰ ਨੂੰ ਡਾਕਟਰੀ ਦੀ ਸਰਕਾਰੀ ਨੌਕਰੀ ਮਿਲਣ ਤੇ ਪਿੰਡ ਵਾਲੇ ਵੀ ਖੁਸ਼ੀ ਮਹਿਸੂਸ ਕਰਦੇ ਹਨ ਕਿ ਹੁਣ ਉਹਨਾਂ ਨੂੰ ਦਵਾਈ ਲੈਣ ਸ਼ਹਿਰ ਨਹੀਂ ਜਾਣਾ ਪਵੇਗਾ ਉੱਥੇ ਗਿੰਦਰ ਆਪਣੇ ਪਿਓ ਦਾ ਸੁਪਨਾ ਵੀ ਪੂਰਾ ਕਰਦਾ ਹੈ। ‘ਖੂੰਡਾ’ ਕਹਾਣੀ ਬਾਲ ਮਨ ਦੀ ਅਵਸਥਾ ਅਤੇ ਕਾਰੋਬਾਰੀ ਕੰਮ ਕਰਨ ਵਾਲਿਆਂ ਦੀ ਦਸ਼ਾ ਦਾ ਬਖਾਨ ਕਰਦੀ ਹੈ। ਠੇਕੇਦਾਰ ਦਾ ਮੁੰਡਾ ‘ਰੋਬੀ’ ਲਕੜਾਂ ਵਿੱਚੋਂ ਇੱਕ ਖੂੰਟੀ ਵਰਗੀ ਲਕੜ ਨੂੰ ਆਪਣੇ ਕੋਲ ਰੱਖਣਾ ਚਾਹੁੰਦਾ ਹੈ ਪਰ ਠੇਕੇਦਾਰ ਨੂੰ ਤਾਂ ਸਾਰੀਆਂ ਲਕੜਾਂ ਵੇਚ ਕੇ ਕਮਾਈ ਕਰਨ ਦੀ ਰਹਿੰਦੀ ਹੈ ਕਿਉਂ ਜੋ ਠੇਕੇਦਾਰ ਵਪਾਰੀ ਕਿਸਮ ਦਾ ਪਾਤਰ ਹੈ। ਕਹਾਣੀ ‘ਅੰਤ ਦਾ ਅੰਤ’ ਆਸਾਮ ਵਿੱਚ ਵੀ ਦਹਿਸ਼ਤ ਦਾ ਮਾਹੌਲ ਚਿਤਰਦੀ ਹੈ। ਸਰਕਾਰਾਂ ਅਤੇ ਵਿਰੋਧੀ ਗਤੀਵਿਧੀਆਂ ਵਾਲੇ ਸੰਗਠਨਾਂ ਦੀਆਂ ਤਲਖੀਆਂ ਨਾਗਰਿਕਾਂ ਦੇ ਸੁੱਖ-ਚੈਨ ਨੂੰ ਤਹਿਸ਼-ਨਹਿਸ਼ ਕਰਦੀਆਂ ਹਨ।
ਪੁਸਤਕ ਵਿੱਚਲੀ ਕਹਾਣੀ ‘ਭੁੱਬ’ ਵੀ ਪਲੇਠੀ ਕਹਾਣੀ ‘ਨਿਆਈਂ ਵਾਲਾ ਟੱਕ’ ਵਾਂਗ ਜ਼ਮੀਨ ਨਾਲ ਸਬੰਧ ਰੱਖਦੀ ਹੈ। ਗਿਆਨ ਸਿੰਘ ਦੇ ਪਿਓ ਮੱਘਰ ਸਿੰਘ ਨੇ ਆਪਣੀ ਸਾਰੀ ਜ਼ਮੀਨ ਸ਼ਰਾਬ ਦੇ ਨਸ਼ੇ ਖਾਤਰ ਮੁਕਾ ਦਿੱਤੀ ਹੈ। ਕਹਾਣੀ ਜ਼ਿੰਦਗੀ ਵਿੱਚ ਆਉਂਦੇ ਉਤਰਾਅ-ਚੜਾਅ ਦੀ ਪੇਸ਼ਕਾਰੀ ਕਰਦੀ ਹੈ। ਅਮਰੀਕਾ ਵਿੱਚ ਪੱਕਾ ਹੋਣ ਲਈ ਉਈਂ-ਮੁੱਚੀ ਦਾ ਵਿਆਹ ਕਰਨਾ ਤੇ ਫਿਰ ਕੰਮ ਹੋ ਜਾਣ ਤੇ ਪੈਂਤੀ ਲੱਖ ਦੀ ਮੰਗ ਕਰਨੀ ਅੱਜ ਦਾ ਦਿ੍ਰਸ਼ਟਾਂਤ ਪੈਦਾ ਕਰਦੀ ਹੈ। ਰਿਸ਼ਤਿਆਂ ਦਾ ਤਾਰ-ਤਾਰ ਹੋਣਾ ਇੱਕ ਘਟਨਾ ਨੂੰ ਪੇਸ਼ ਕਰਦਾ ਹੈ ਜਿਸ ਵਿੱਚ ਇਸ ਨੂੰ ਪਾਤਰ ਮਾਮਾ ਅੰਜਾਮ ਦਿੰਦਾ ਦਿਖਾਇਆ ਗਿਆ ਹੈ। ਇੰਡੀਆ ਵਿੱਚ ਕੀਤੀ ਜਾਂਦੀ ਮੇਹਨਤ ਨੂੰ ਨਕਾਰਦਾ ਹੈ ਪਾਤਰ ਗਿਆਨ ਸਿੰਘ। ਉਸਦਾ ਮੱਤ ਹੈ ਕਿ ਔਲਾਦ ਪਿੱਛੇ ਪਤਾ ਨਹੀਂ ਬੰਦੇ ਨੂੰ ਕੀ ਕੁਝ ਕਰਨਾ ਪੈਂਦਾ ਹੈ ਜਦੋ ਆਖਦਾ ਹੈ ‘‘ਔਲਾਦ ਖਾਤਰ ਪਤਾ ਨਹੀਂ ਕੀਹਦੇ-ਕੀਹਦੇ ਮੂਹਰੇ ਹੱਥ ਅੱਡਣੇ ਪੈਂਦੇ ਨੇ ਸਾਲੀ ਸਰਦਾਰੀ ਵੀ ਰੁਲ ਜਾਂਦੀ ਐ ਚੰਗੇ ਭਲੇ ਬੰਦੇ ਦੀ।’’
‘ਹਲਦੀ ਵਾਲਾ ਦੁੱਧ’ ਇਸ ਕਹਾਣੀ ਵਿੱਚ ਸਿਰਫ ਹਲਦੀ ਵਾਲੇ ਦੁੱਧ ਦੀ ਗੱਲ ਨਹੀਂ ਹੁੰਦੀ ਸਗੋਂ ਜੀਵਨ ਦਾ ਮਹੱਤਵ ਵੀ ਪੇਸ਼ ਕਰਦੀ ਹੈ। ਪਾਤਰ ਜੀਵਨ ਨੂੰ ਚਾਚੇ ਗੱਜਣ ਵੱਲੋਂ ਦਿੱਤੀ ਹਲਾਸ਼ੇਰੀ ਸਹਿਯੋਗ ਅਤੇ ਸੁਧਾਰ ਉਸ ਲਈ ਵੱਡਾ ਮਹੱਤਵ ਰੱਖਦਾ ਹੈ। ਭਾਵੇਂ ਪਹਿਲਾਂ ਜੀਵਨ ਅਤੇ ਗੱਜਣ ਦੇ ਆਪਸੀ ਰਿਸ਼ਤੇ ਵਿੱਚ ਕਾਫੀ ਫਿਕ ਦਿਖਾਈ ਦਿੰਦੀ ਹੈ ਪਰ ਗੱਜਣ ਨਾਲ ਸਨੇਹ ਹੋਣ ਕਰਕੇ ਹੀ ਉਸਨੂੰ ਪਾਰਟੀ ਵਿੱਚ ਬੁਲਾਇਆ ਜਾਂਦਾ ਹੈ। ਗੱਜਣ ਸਿੰਘ ਅਸੂਲਾਂ ਵਾਲਾ ਬੰਦਾ ਹੋਣ ਕਰਕੇ ਪਿੰਡ ਦੇ ਸਾਰੇ ਲੋਕ ਉਸ ਨੂੰ ਮਾੜਾ ਸਮਝਦੇ ਹਨ ਅਤੇ ਅੱਜ ਪਿੰਡ ਦੇ ਲੋਕ ਤਮਾਸ਼ਾ ਦੇਖਣ ਲਈ ਜੀਵਨ ਦੀ ਰਿਟਾਇਰਮੈਂਟ ਪਾਰਟੀ ’ਤੇ ਇੱਕਠੇ ਹੁੰਦੇ ਹਨ ਪਰ ਕਹਾਣੀ ਹੋਰ ਪਾਸੇ ਮੌੜ ਲੈ ਜਾਂਦੀ ਹੈ ਜਦੋਂ ਜੀਵਨ ਸਿੰਘ ਸਟੇਜ ਤੇ ਚੜ੍ਹਦਿਆਂ ਹੀ ਆਖਦਾ ਹੈ ਕਿ ਅੱਜ ਮੈਂ ਜੋ ਕੁਝ ਵੀ ਹਾਂ ਸਭ ਏਸ ਗੱਜਣ ਚਾਚੇ ਦੀ ਬਦੌਲਤ ਹਾਂ। ਤਮਾਸ਼ਬੀਨ ਲੋਕਾਂ ਦੀਆਂ ਮਨ ਚਿਤਵੀਆਂ ਗੱਲਾਂ ਮਨ ਵਿੱਚ ਹੀ ਰਹਿ ਜਾਂਦੀਆਂ ਹਨ। ਕਹਾਣੀ ‘ਤੂੰ ਹਾਰ ਜਾ ਬਸ’ ਪਰਿਵਾਰਕ ਸਾਂਝ ਨੂੰ ਬਣਾਈ ਰੱਖਣ ਲਈ ਯਤਨਸ਼ੀਲ ਹੈ। ਨੂੰਹਾਂ ਅਤੇ ਸੱਸ ਦੀ ਆਪਣੀ ਖਹਿ ਬਾਜੀ ਪਰਿਵਾਰ ਵਿੱਚ ਜਿੱਥੇ ਅਸ਼ਾਂਤੀ ਪੈਦਾ ਕਰਦੀ ਹੈ ਉੱਥੇ ਹਊਮੇ ਨੂੰ ਜਨਮ ਵੀ ਦਿੰਦੀ ਹੈ। ਛੋਟੇ ਭਰਾ ਦੀ ਸਿਆਣਪ ਵੱਡੀ ਭੈਣ ਦੇ ਘਰ ਵਿਚਲੇ ਕਲੇਸ਼ ਨੂੰ ਮਿਟਾਉਣ ਵਿੱਚ ਸਹਾਈ ਹੁੰਦੀ ਹੈ। ਸੱਸ ਦੀ ਹੈਂਕੜ ਨੂੰਹਾਂ ਨੂੰ ਆਪਣੇ ਅਨੁਸਾਰ ਚਲਾਉਣਾ ਘਰ ਦੀ ਸ਼ਾਂਤੀ ਨੂੰ ਭੰਗ ਕਰਦਾ ਹੈ। ਇਹ ਅੱਜ ਦੇ ਦੌਰ ਵਿੱਚ ਸਮੇਂ ਦਾ ਚਲਨ ਵੀ ਹੈ ਕਿਉਂ ਕਿ ਸਮਾਂ ਬਦਲ ਗਿਆ ਹੈ। ਪਹਿਲਾਂ ਦੀ ਤਰ੍ਹਾਂ ਅੱਜ ਦੀ ਪਨੀਰੀ ਬਜ਼ੁਰਗਾਂ ਦੀ ਦਖਲ ਅੰਦਾਜ਼ੀ ਪਸੰਦ ਨਹੀਂ ਕਰਦੀ। ਆਪਣੇ ਘਰ ਦੇ ਕਲੇਸ਼ ਤੋਂ ਤੰਗ ਵੱਡੀ ਭੈਣ ਆਪਣੇ ਛੋਟੇ ਭਰਾ ਨੂੰ ਆਪਣਾ ਦੁੱਖ ਦੱਸ ਕੇ ਹੱਲ ਕਰਨਾ ਚਾਹੁੰਦੀ ਹੈ ਪਰ ਆਪਣੀ ਹਉਮੈਂ ਨੂੰ ਬਰਕਰਾਰ ਰੱਖਣਾ ਚਾਹੁੰਦੀ ਹੈ। ਛੋਟੇ ਭਰਾ ਵੱਲੋਂ ਦਿੱਤੀ ਸਲਾਹ ਦਾ ਗੁੱਸਾ ਮੰਨ ਕੇ ਉਹ ਉਸ ਨਾਲ ਨਰਾਜ਼ ਹੋ ਕੇ ਚਲੀ ਜਾਂਦੀ ਹੈ ਅਤੇ ਕਰੀਬ ਡੇਢ ਪੌਣੇ ਦੋ ਸਾਲ ਉਸ ਨਾਲ ਨਰਾਜ਼ ਰਹਿੰਦੀ ਹੈ ਪਰ ਜਦੋਂ ਉਸਨੂੰ ਉਹੀ ਸਲਾਹ ਵਰਤਣ ਤੇ ਸੁੱਖ ਮਿਲਦਾ ਹੈ ਤਾਂ ਉਹ ਆਪਣੇ ਛੋਟੇ ਭਰਾ ਨੂੰ ਖੁਸ਼ੀ-ਖੁਸ਼ੀ ਮਿਲਣ ਵੀ ਆਉਂਦੀ ਹੈ ਅਤੇ ਮੂੰਹ ਮਿੱਠਾ ਵੀ ਕਰਵਾਉਂਦੀ ਹੈ।
ਇਸ ਤਰ੍ਹਾਂ ਕਹਾਣੀਕਾਰ ਰਵਿੰਦਰ ਰੁਪਾਲ ਕੌਲਗੜ੍ਹ ਆਪਣੇ ਆਲੇ ਦੁਆਲੇ ਵਾਪਰ ਰਹੀਆਂ ਸਮਾਜਿਕ ਆਰਥਿਕ ਰਾਜਨੀਤਕ ਅਤੇ ਧਾਰਮਿਕ ਘਟਨਾਵਾਂ ਨੂੰ ਆਪਣੀ ਕਲਮ ਰਾਹੀਂ ਆਪਣੇ ਪਾਠਕਾਂ ਦੇ ਸਨਮੁੱਖ ਲਿਆ ਰੱਖਦਾ ਹੈ। ਭਾਵੇਂ ਕਹਾਣੀਆਂ ਦੀ ਲੰਬਾਈ ਜਿਆਦਾ ਹੈ ਪਰ ਕਹਾਣੀਆਂ ਦਾ ਪਾਠ ਕਰਦਿਆਂ ਰੌਚਕਤਾ ਬਣੀ ਰਹਿੰਦੀ ਹੈ। ਕਹਾਣੀਆਂ ਦੀ ਬੋਲੀ ਸਰਲ ਤਾਂ ਹੈ ਪਰ ਕਈ ਥਾਂਈਂ ਪਰੂਫ ਰੀਡਿੰਗ ਦੀ ਘਾਟ ਰੜਕਦੀ ਹੈ ਅਤੇ ਕਿਤੇ ਕਿਤੇ ਪ੍ਰਕਾਸ਼ਕ ਵੱਲੋਂ ਸਸ਼ਦ ਜੋੜਾਂ ਵਿੱਚ ਫਰਕ ਵੀ ਨਜ਼ਰ ਆਉਂਦਾ ਹੈ। ਕਹਾਣੀਆਂ ਦੀ ਸ਼ੈਲੀ ਅਤੇ ਵਿਸ਼ੇ ਪੱਖੋਂ ਆਮ ਪਾਠਕਾਂ ਨੂੰ ਵੀ ਆਪਣੇ ਨਾਲ ਲੈ ਤੁਰਦੀ ਹੈ। ਇਹ ਕਹਾਣੀ ਸੰਗ੍ਰਹਿ ਉਸ ਦਾ ਪਲੇਠਾ ਜਾਪਦਾ ਹੈ। ਇਸ ਲਈ ਭਵਿੱਖ ਵਿੱਚ ਹੋਰ ਕਹਾਣੀਆਂ ਦੇਣ ਦੀ ਆਸ ਕੀਤੀ ਜਾਂਦੀ ਹੈ।
ਤੇਜਿੰਦਰ ਚੰਡਿਹੋਕ ਬਰਨਾਲਾ
ਰਿਟਾ. ਏ.ਐਸ.ਪੀ (ਰਾਸ਼ਟਰੀ ਐਵਾਰਡ ਜੇਤੂ)
ਪ੍ਰਧਾਨ ਲੇਖਕ ਪਾਠਕ ਸਾਹਿਤ ਸਭਾ
ਬਰਨਾਲਾ।
ਮੋਬ: 95010-00224
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly