(ਸਮਾਜ ਵੀਕਲੀ)
ਭੌਤਿਕਵਾਦੀ ਯੁੱਗ ਅੰਦਰ ਮੁਹੱਬਤ ਵਰਗਾ ਪਾਕ-ਪਵਿੱਤਰ ਜਜ਼ਬਾ ਵੀ ਤਿਜ਼ਾਰਤੀ ਵਸਤੂ ਬਣਦਾ ਜਾ ਰਿਹਾ ਹੈ। ਆਪਸੀ ਪ੍ਰੇਮ-ਭਾਵ ਗਰਜ਼ ਦੀਆਂ ਬੁਨਿਆਦਾਂ ਤੇ ਅਧਾਰਿਤ ਹੋ ਰਿਹਾ ਹੈ। ਇਹੀ ਕਾਰਨ ਹੈ ਕਿ ਅਜਿਹੀ ਸਾਂਝ ਤੋੜ ਸਿਰੇ ਨਿਭਣ ਦੀ ਥਾਂ ਥੋੜਚਿਰੀ ਹੀ ਰਹਿ ਪਾਉਂਦੀ ਹੈ।ਪ੍ਰੰਤੂ ਫਿਰ ਵੀ ਮੁਹੱਬਤ ਦੇ ਜਜ਼ਬੇ ਨਾਲ ਲਬਰੇਜ਼ ਕਵੀ ‘ਕਰਨਦੀਪ ਸੋਨੀ’ ਨੇ ਆਪਣੇ ਕਾਵਿ-ਸੰਗ੍ਰਹਿ ‘ਮਾਹੀ ਵੇ ਮੁਹੱਬਤਾਂ ਸੱਚੀਆਂ ਨੇ’ ਦੇ ਜ਼ਰੀਏ ਪਾਠਕਾਂ ਨੂੰ ਸੱਚੀ ਮੁਹੱਬਤ ਤੇ ਉੱਚੀ ਸੁੱਚੀ ਸਾਂਝ ਦੇ ਰੂਬਰੂ ਲਿਆ ਖੜਾ ਕਰਨ ਦਾ ਸਫ਼ਲ ਯਤਨ ਕੀਤਾ ਹੈ। ਕਾਵਿ ਸੰਗ੍ਰਹਿ ਅੰਦਰ ਕੁੱਲ 80 ਕਵਿਤਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ। ਕਵੀ ਮਨ ਵਸਲ ਅਤੇ ਵਿਛੋੜੇ ਦੇ ਪਾਰ ਮੁਹੱਬਤ ਦੀ ਪੂਰਨਤਾ ਨੂੰ ਨਿਹਾਰਦਾ ਹੈ। ਉਸ ਲਈ ਮੁਹੱਬਤ ਦਾ ਸਿਰੇ ਨਾ ਚੜਨਾ ਵੀ ਇਸ਼ਕੇ ਦੀ ਪੂਰਨਤਾ ਹੈ।ਕਵੀ ਲਈ ਮਹਿਬੂਬ ਦੇ ਵਿਛੜਨ ਨਾਲ ਪਿਆਰ ਨਹੀਂ ਮੁੱਕਦਾ ਉਸ ਲਈ ਇਸ਼ਕ ਦੇ ਵਸੀਹ ਅਰਥ ਹਨ।
ਇਸ ਸਬੰਧੀ ਪ੍ਰਗਟਾਵਾ ਕਵਿਤਾ ‘ਰਿਸ਼ਤਾ ਮਜਬੂਤ ਰੱਖ ਲਵੀਂ’ ਵਿੱਚੋਂ ਸਪਸ਼ਟ ਝਲਕਦਾ ਹੈ ਕਿ:
ਤੂੰ ਵੀ ਰਿਸ਼ਤਾ ਮਜ਼ਬੂਤ ਰੱਖ ਲਵੀਂ
ਮੈਂ ਵੀ ਤੋੜ ਨਿਭਾਵਾਂਗਾ
ਮੈਂ ਆਵਾਂ ਚਾਹੇ ਨਾ ਆਵਾਂ
ਸ਼ਹਿਰ ਤੇਰੇ ਦੇ ਰਾਹਾਂ ਉੱਤੇ।
ਕਵੀ ਕਰਨਦੀਪ ਸੋਨੀ ਦੀ ਲੇਖਣੀ ਦੀ ਇਹ ਸਿਫ਼ਤ ਹੈ ਕਿ ਉਸ ਨੇ ਆਪਣੀਆਂ ਅਨੇਕਾਂ ਕਵਿਤਾਵਾਂ ਅੰਦਰ ਜੋ ਕਾਵਿ-ਪਾਤਰ ਉਲੀਕੇ ਹਨ ਉਹ ਸਭ ਭਾਵਨਾਵਾਂ ਦੀ ਆਵਾਜ਼ ਬਣ ਕੇ ਪੇਸ਼ ਹੋਏ ਹਨ। ਕਾਵਿ-ਸੰਗ੍ਰਹਿ ਅੰਦਰ ਲੋਕ-ਰੰਗ ਵੀ ਦੇਖਣ ਨੂੰ ਮਿਲਦਾ ਹੈ, ਉਦਾਹਰਨ ਲਈ ਟੱਪਿਆਂ ਦੀ ਵੰਨਗੀ ਦੇਖੋ:
ਅੱਗ ਇਸ਼ਕੇ ਦੀ ਸੇਕਣ ਲੱਗੀ
ਵੇ ਵੀਣੀ ਵਿਚ ਵੰਗ ਚੁਭ ਗਈ
ਸੀ ਭੰਨ ਪਿਆਰ ਤੇਰਾ ਦੇਖਣ ਲੱਗੀ
ਕਵੀ ਨੇ ਜਿੱਥੇ ਇਸ਼ਕ ਮੁਹੱਬਤ ਦੀ ਬਾਤ ਪਾਈ ਹੈ ਨਾਲ ਨਾਲ ਹੋਰ ਅਨੇਕਾਂ ਸੰਵੇਦਨਸ਼ੀਲ ਵਿਸ਼ਿਆਂ ਉੱਤੇ ਵੀ ਆਪਣੀ ਕਲਮ ਅਜ਼ਮਾਈ ਕੀਤੀ ਹੈ। 47 ਦੇ ਅਣਕਿਆਸੇ ਕਹਿਰ ਦਾ ਰੂਪ ਬਿਆਨਦਿਆਂ ਉਦਾਸ ਕਵੀ ਮਨ ਲਿਖਦਾ ਹੈ:
ਚਾਰੇ ਪਾਸੇ ਦੇਖੋ ਚੀਖ ਚਿਹਾੜਾ ਸੀ
47 ਦਾ ਦਿਨ ਉਹ ਕਿੰਨਾ ਮਾੜਾ ਸੀ
ਬੱਚੇ ਬੱਚੇ ਦੀ ਜਦ ਅੱਖ ਭਰ ਆਈ ਸੀ
ਉਹ ਕਾਹਦੀ ਆਜ਼ਾਦੀ ਆਈ ਸੀ
ਇਸੇ ਤਰ੍ਹਾਂ ਦੋਵਾਂ ਪੰਜਾਬਾਂ ਦੇ ਮੇਲ ਲਈ ਕਵੀ ਦਾ ਕੋਮਲ ਹਿਰਦਾ ਤੜਪਦਾ ਹੈ। ਰਿਸ਼ਤਿਆਂ ਦੀ ਸਾਂਝ, ਭਾਸ਼ਾਵਾਂ ਲਿਪੀਆਂ ਦੇ ਭੇਦਾਂ ਤੋਂ ਉੱਪਰ ਉੱਠ ਕੇ ਪਿਆਰਾਂ ਦੇ ਵੱਲ ਕਦਮ ਵਧਾਉਣ ਲਈ ‘ਦੋਨੋਂ ਹੀ ਪੰਜਾਬ’ ਕਵਿਤਾ ਕਾਬਿਲ-ਏ-ਗੋਰ ਹੈ।
ਕਾਵਿ-ਸੰਗ੍ਰਹਿ ਅੰਦਰ ਕਿਤੇ ਕਿਰਤੀ ਕਾਮਿਆਂ ਦਾ ਦੁੱਖ, ਕਿਤੇ ਭਰੂਣ ਹੱਤਿਆ ਨੂੰ ਫਿਟਕਾਰ, ਕਿਤੇ ਔਰਤ ਦੀ ਤਰਾਸਦੀ ਨੂੰ ਬਿਆਨਿਆ ਗੱਲ ਕੀ ਸਮਾਜ ਦਾ ਸੱਚਾ ਤੇ ਯਥਾਰਥੀ ਚਿਤਰ ਉਲੀਕਿਆ ਹੈ:
ਸ਼ਾਮ ਢਲੀ ਤੇ ਜਦ ਵੀ ਆਪਣੇ ਘਰ ਜਾਨਾਂ
ਆਪਣੇ ਘਰ ਦੀਆਂ ਕੰਧਾਂ ਕੋਲੋਂ ਡਰ ਜਾਨਾਂ
ਲਲਚਾਈਆਂ ਅੱਖਾਂ, ਪੇਟ ਤੋਂ ਭੁੱਖੇ ਬੱਚਿਆਂ ਨੂੰ, ਦੇਖਕੇ ਨਿੱਤ ਹੀ ਵਿੱਚੋ ਵਿੱਚੀਂ ਮਰ ਜਾਨਾਂ
ਸੋ ਕਾਵਿ-ਸੰਗ੍ਰਹਿ ‘ਮਾਹੀ ਵੇ ਮੁਹੱਬਤਾਂ ਸੱਚੀਆਂ’
ਜਿੱਥੇ ਪਾਠਕਾਂ ਨੂੰ ਸੁਹਜ ਸੁਆਦ ਦੀ ਮਹਿਸੂਸੀਅਤ ਕਰਵਾਉਂਦਾ ਹੈ ਉੱਥੇ ਹੀ ਮੁਹੱਬਤ ਪ੍ਰਤੀ ਇੱਕ ਨਵਾਂ ਨਜ਼ਰੀਆ ਵੀ ਦਿੰਦਾ ਹੈ।
ਪੁਸਤਕ: ਮਾਹੀ ਵੇ ਮੁਹੱਬਤਾਂ ਸੱਚੀਆਂ ਨੇ
ਕਵੀ: ਕਰਨਦੀਪ ਸੋਨੀ
ਪੰਨੇ: 80
ਕੀਮਤ: 249/-
ਪ੍ਰਕਾਸ਼ਨ: ਆਨਲਾਈਨ ਕਿਤਾਬ ਘਰ
-ਸੌਰਵ ਦਾਦਰੀ
84277-31983