HOME ਪੁਸਤਕ ਮੇਰੀ ਨਜ਼ਰ ਵਿੱਚ – ਪੁਸਤਕ ਪੜਚੋਲ

ਪੁਸਤਕ ਮੇਰੀ ਨਜ਼ਰ ਵਿੱਚ – ਪੁਸਤਕ ਪੜਚੋਲ

4
ਭੂਤਕਾਲ ਤੇ ਵਰਤਮਾਨ ਦੀ ਨਿਸ਼ਾਨਦੇਹੀ ਕਰਦੀ ਪੁਸਤਕ – ਇਸ ਧਰਤੀ ‘ ਤੇ ਰਹਿੰਦਿਆ

ਪੁਸਤਕ ਦਾ ਨਾਂ – ਇਸ ਧਰਤੀ ‘ਤੇ ਰਹਿੰਦਿਆਂ
ਲੇਖਕ  – ਡਾਕਟਰ ਅਮਰਜੀਤ ਕੌਂਕੇ
ਕੁਲ ਪੰਨੇ – 160            ਕੀਮਤ – 300/- ਰੁਪਏ
ਪ੍ਰਕਾਸ਼ਕ – ਪ੍ਰਤੀਕ ਪਬਲੀਕੇਸ਼ਨਜ਼, ਪਟਿਆਲਾ।

ਤੇਜਿੰਦਰ ਚੰਡਿਹੋਕ ਐਮ. ਏ.

ਤੇਜਿੰਦਰ ਚੰਡਿਹੋਕ

 (ਸਮਾਜ ਵੀਕਲੀ)   ਮਨੁੱਖ ਹੀ ਨਹੀਂ ਸਾਰੇ ਜੀਵ ਜੰਤੂ ਇਸ ਧਰਤੀ ਤੇ ਹੀ ਪੈਦਾ ਹੁੰਦੇ ਹਨ ਅਤੇ ਇਸ ਧਰਤੀ ਤੇ ਹੀ ਫਨਾਹ ਹੋ ਜਾਂਦੇ ਹਨ ਭਾਵ ਇਹ ਸਾਰੇ ਜੀਵ ਜੰਤੂ ਅਤੇ ਮਨੁੱਖ ਜਨਮ ਤੋਂ ਮੌਤ ਤਕ ਇਸ ਧਰਤੀ ਉੱਤੇ ਹੀ ਰਹਿੰਦੇ ਹਨ। ਕਵੀ ਅਮਰਜੀਤ ਹੌਂਕੇ ਨੇ ਇਸੇ ਸੰਦਰਭ ਵਿੱਚ ਆਪਣੀ ਹਥਲੀ ਕਾਵਿ ਪੁਸਤਕ ਇਸ ਧਰਤੀ ਤੇ ਰਹਿੰਦਿਆਂ ਦੀ ਸਿਰਜਣਾ ਕੀਤੀ ਹੈ। ਕਿਉੰਕਿ ਇਸ ਧਰਤੀ ਤੇ ਜੋ ਮਨੁੱਖ ਨਾਲ ਪਹਿਲਾਂ ਹੋਇਆ ਅਤੇ ਜੋ ਕੁਝ ਹੁਣ ਵਾਪਰ ਰਿਹਾ ਹੈ,  ਇਸ ਪੁਸਤਕ ਵਿਚ ਦ੍ਰਿਸ਼ਟੀਮਾਨ ਕਰਨ ਦਾ ਯਤਨ ਕੀਤਾ ਹੈ। ਸਾਹਿਤਕ ਖੇਤਰ ਵਿੱਚ ਅਮਰਜੀਤ ਹੌਂਕੇ ਕਿਸੇ ਜਾਣ ਪਹਿਚਾਣ ਤੋਂ ਵਾਂਝਾ ਨਹੀਂ ਹੈ। ਤ੍ਰੈਮਾਸਿਕ ਮੈਗਜ਼ੀਨ ਪ੍ਰਤਿਮਾਨ ਦੀ ਸੰਪਾਦਨਾ ਦੇ ਨਾਲ ਨਾਲ ਉਸ ਨੇ ਸਾਹਿਤਕ ਖੇਤਰ ਵਿੱਚ ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਵਿਚ ਕਵਿਤਾ, ਅਨੁਵਾਦ, ਸੰਪਾਦਨਾ ਅਤੇ ਬਾਲ ਸਾਹਿਤ ਦੀ ਰਚਨਾ ਕੀਤੀ ਹੈ। ਇਸ ਪੁਸਤਕ ਤੋਂ ਪਹਿਲਾਂ ਉਸ ਨੇ ਸਾਂਝੀਆਂ ਕਿਰਤਾਂ ਤੋਂ ਇਲਾਵਾ ਸਤ ਕਾਵਿ ਸੰਗ੍ਰਹਿ, ਪੰਜ ਹਿੰਦੀ ਕਾਵਿ ਸੰਗ੍ਰਹਿ ਪਾਠਕਾਂ ਨੂੰ ਦਿੱਤੇ ਹਨ। ਇਹ ਇਸ ਦਾ ਅੱਠਵਾਂ ਕਾਵਿ ਸੰਗ੍ਰਹਿ ਹਾਲ ਹੀ ਵਿੱਚ ਪਾਠਕਾਂ ਦੀ ਕਚਹਿਰੀ ਪੇਸ਼ ਹੋਇਆ ਹੈ ਜਿਸ ਦਾ ਫੈਸਲਾ ਪਾਠਕਾਂ ਦੇ ਹੱਥ ਹੈ।
ਕਵਿਤਾ ਉਹਨਾਂ ਅਨੁਭਵਾਂ ਦਾ ਪ੍ਰਗਟਾਵਾ ਹੁੰਦਾ ਹੈ ਜਿਹੜੇ ਕੋਮਲ ਭਾਵਾਂ ਵਾਲੇ ਮਨੁੱਖ ਦੇ ਅੰਦਰੋਂ ਉਪਜਦੇ ਹਨ। ਕੋਮਲ ਮਨ ਤੇ ਪਏ ਕਿਸੇ ਵੀ ਗੂੜ੍ਹੇ ਪ੍ਰਭਾਵ ਨੂੰ ਸੰਵੇਦਨਸ਼ੀਲ ਸ਼ਬਦਾਂ ਰਾਹੀਂ ਪੇਸ਼ ਕਰਨਾ ਕਵੀ ਦਾ ਕਾਰਜ ਬਣ ਜਾਂਦਾ ਹੈ। ਕਵੀ ਤੇ ਕਵਿਤਾ ਜਦੋਂ ਇੱਕਮਿਕ ਹੁੰਦੇ ਹਨ ਤਾਂ ਕਵੀ ਦੇ ਅੰਤਰੀਵ ਮਨ ਤੋ ਉਪਜੇ ਸ਼ਬਦ ਕਵਿਤਾ ਦਾ ਰੂਪ ਧਾਰਨ ਕਰ ਲੈਂਦੇ ਹਨ। ਫਿਰ ਕਵੀ ਨੇ ਮਨ ਵਿਚ ਚੇਤ ਅਚੇਤ ਪਏ ਦ੍ਰਿਸ਼ ਕਵਿਤਾ ਦਾ ਰੂਪ ਧਾਰਨ ਕਰ ਲੈਂਦੇ ਹਨ।
ਜਦੋਂ ਅਸੀਂ ਹਥਲੀ ਪੁਸਤਕ ਤੇ ਵਿਚਾਰ ਚਰਚਾ ਕਰੀਏ ਤਾਂ ਇਹ ਕਾਵਿ ਸੰਗ੍ਰਹਿ ਭਾਵੇਂ 160 ਪੰਨਿਆਂ ਤੇ ਫੈਲਿਆ ਹੈ ਪਰ ਇਸ ਵਿਚ 140 ਕਵਿਤਾਵਾਂ ਪੜ੍ਹਨ ਲਈ ਮਿਲਦੀਆਂ ਹਨ। ਲੇਖਕ ਲੰਬੀਆਂ ਕਵਿਤਾਵਾਂ ਸਿਰਜਦਾ ਹੈ ਅਤੇ ਪੁਸਤਕ ਦੀ ਸਿਰਲੇਖ ਵਾਲੀ ਕਵਿਤਾ ਨੂੰ ਨੌਵੇਂ ਸਥਾਨ ਤੇ ਰੱਖਿਆ ਗਿਆ ਹੈ।  ਵਿਚ ਗੁਆ ਰਹੇ ਸ਼ਬਦ, ਧੁਨੀਆਂ, ਸਵੱਛਤਾ, ਚਿੜੀਆਂ, ਮੁਹੱਬਤ, ਭਾਈਚਾਰਾ ਨੂੰ ਬਚਾ ਲੈਣ ਲਈ ਯਤਨਸ਼ੀਲ ਕਵੀ ਆਪਣੀ ਸ਼ਾਇਰੀ ਰਾਹੀਂ ਕੁਝ ਸ਼ਬਦ ਆਪਣੀ ਕਵਿਤਾ ਵਿਚ ਬਚਾ ਸਕਿਆ ਹੈ। ਕਵੀ ਜਿਨ੍ਹਾਂ ਵੀ ਕਰ ਸਕਿਆ ਉਸ ਬਾਰੇ ਲਿਖਿਆ ਹੈ ਕਿ –
” ਕਵੀ ਹਾਂ  ਮੈ
ਮੇਰੇ ਤੇ ਵੀ ਹੈ ਕੁਦਰਤ ਦਾ ਕਰਜ਼
ਬਚਾ ਲੈਣਾ ਚਾਹੁੰਦਾ ਹਾਂ
ਉਹ ਸਾਰਾ ਕੁਝ
ਜੋ ਗੁਆਚਦਾ ਜਾ ਰਿਹਾ
ਪਲ ਪਲ
ਛਿਣ ਛਿਣ …..
ਬੱਸ ਏਨਾ ਕੁ ਕੀਤਾ ਮੈਂ
ਕਿ ਬਚਾ ਲਏ
ਕੁਝ ਕੂ ਸ਼ਬਦ
ਆਪਣੀਆ ਕਵਿਤਾਵਾਂ ਦੇ ਵਿੱਚ।”    (ਪੰਨਾ 42)
ਪੁਸਤਕ ਵਿਚ ਜਿੱਥੇ ਵੱਖ – ਵੱਖ ਵਿਸ਼ਿਆਂ ਨੂੰ ਛੋਹਿਆ ਗਿਆ ਹੈ ਉੱਥੇ ਪੁਰਾਣੇ ਅਤੇ ਨਵੇਂ ਸਮੇਂ ਦੀ ਤੁਲਨਾ ਵੀ ਕੀਤੀ ਗਈ ਹੈ। ਕਵਿਤਾਵਾਂ ਵਿਚ ਰਿਸ਼ਤੇ, ਭਾਸ਼ਾ, ਪਰਵਾਸ ਅਤੇ ਦੁੱਖਾਂ ਸੁੱਖਾ ਦੇ ਪਹਿਲੂਆਂ ਨੂੰ ਬਾਖੂਬੀ ਚਿਤਰਿਆ ਹੈ। ਉਸ ਨੇ ਆਪਣੀ ਕਲਪਨਾ, ਬੇਗਾਨੇ ਸ਼ਹਿਰ, ਆਖਰੀ ਪੀੜ੍ਹੀ ਦੇ ਲੋਕਾਂ ਦੀ ਗੱਲ ਵੀ ਕੀਤੀ ਹੈ। ਉਸ ਦੀ ਕਵਿਤਾ ਵਿਚ ਵਿੱਚ ਇਕ ਵਿਛੜੇ ਦੋਸਤ ਨਾਲ ਮਿਲਣ ਦੀ ਕਲਪਨਾ ਦੀ ਵਾਰਤਾਲਾਪ ਵੇਟਰ ਨਾਲ ਕੀਤੀ ਵੀ ਦਰਜ ਹੈ ਕਿ –
” ਮੈ ਵੇਟਰ ਤੋਂ
ਦੋ ਗਲਾਸ ਮੰਗਵਾਉਂਦਾ ਹਾਂ
ਵੇਟਰ ਅਜੀਬ ਨਿਗਾਹਾਂ ਨਾਲ
ਮੇਰੇ ਵੱਲ ਦੇਖਦਾ ਪੁੱਛਦਾ ਹੈ
ਦੋ ਸਾਬ ….।”              (ਪੰਨਾ 54)
ਕਵਿਤਾ ਆਖਰੀ ਪੀੜ੍ਹੀ ਦੇ ਲੋਕ ਵਿਚ ਬਚਪਨ ਦੌਰਾਨ  ਮਿਲੇ ਮਾਂ ਪਿਓ ਦੇ ਪਿਆਰ, ਸਾਈਕਲਾਂ ਦੇ ਡੰਡਿਆਂ ਤੇ ਬੈਠਣ ਦੀ ਯਾਦ, ਸਲੇਟਾਂ, ਫੱਟੀਆਂ, ਕਲਮਾਂ, ਖੇਡਾਂ ਵਿਚ ਲੁਕਣ ਮੀਟੀ, ਗੁੱਲੀ ਡੰਡਾ, ਬੰਟੇ, ਗੁਆਂਢੀਆਂ ਦੇ ਘਰ ਜਾ ਕੇ ਚਿਤਰਹਾਰ ਦੇਖਣ, ਡਾਕਖਾਨਿਆ ਰਾਹੀਂ ਭੇਜੇ ਜਾਂਦੇ ਪ੍ਰੇਮ ਪੱਤਰ ਅਤੇ ਸੰਦੇਸ਼ਾਂ, ਨਾਨਕੇ ਦਾਦਕੇ ਪਰਿਵਾਰ ਅਤੇ ਐਨਟੀਨੇ ਠੀਕ ਕਰਨ ਦੀ ਯਾਦ ਨਾਲ ਰਿਸ਼ਤਿਆਂ ਦੀ ਕਰਨ ਵਾਲੇ ਸਾਂ ਪਰ ਹੁਣ ਸੋਸ਼ਲ ਮੀਡੀਆ ਨੇ ਸਾਰਾ ਕੁਝ ਬਦਲ ਕੇ ਰੱਖ ਦਿੱਤਾ ਹੈ। ਕਵਿਤਾ ਗੁਆਚੇ ਲੈਟਰਬਕਸ ਵੀ ਇਸੇ ਤਰ੍ਹਾਂ ਦੀ ਗੱਲ ਕਰਦੀ ਹੈ। ਇੱਕ ਬਲਦੀ ਦੁਪਹਿਰ ਰਾਹੀਂ ਅੱਜ ਦੇ ਆਧੁਨਿਕ ਸਮੇਂ ਦੀ ਦਾਸਤਾਂ ਬਿਆਨ ਕਰਦੀ ਹੈ ਜਿਸ ਵਿੱਚ ਉਕਤ ਦੀ ਤਰ੍ਹਾਂ ਸੋਸ਼ਲ ਮੀਡੀਆ ਦੇ ਸੰਦਰਭ ਵਿੱਚ ਇਨਸਾਨੀਅਤ ਤੋ ਦੂਰੀ, ਬਣਾਈ ਹੈ।
ਸਦੀਆਂ ਤੋਂ ਔਰਤ ਤੇ ਲਾਈ ਪਾਬੰਦੀ ਹਟਾਉਣ ਅਤੇ ਆਜ਼ਾਦ ਕਰਨ ਦੀ ਹਾਮੀ ਭਰਦੀ ਕਵਿਤਾ ਹੈ ਬੋਲਣ ਦਿਓ ਉਸ ਨੂੰ। ਕਵਿਤਾ ਖ਼ਤਰਨਾਕ ਬਿੰਬ ਉਹਨਾਂ ਕਾਰਪੋਰੇਟ ਘਰਾਣਿਆਂ ਦੀ ਗੱਲ ਕਰਦੀ ਹੈ ਜਿਹੜੇ ਅਜੇ ਵੀ ਗਰੀਬ ਨੂੰ ਦਬਾਈ ਜਾ ਰਹੇ ਨੇ। ਕਵਿਤਾ ਕਹਿੰਦੀ ਹੈ –
” ਇਸ ਦੁਨੀਆ ਵਿੱਚ
ਅਨਗਿਣਤ ਲੋਕ ਨੇ
ਜਿਨ੍ਹਾਂ ਦੀ ਗਰਦਨ ਤੇ
ਅਜੇ ਵੀ ਅਰਬਾਂ ਪੂੰਜੀਪਤੀਆਂ  ਦੇ
ਗੋਡੇ ਟਿਕੇ ਨੇ
ਉਹ ਤੜਫ਼ ਰਹੇ ਨੇ
ਚੀਕ ਰਹੇ ਨੇ …..।”           (ਪੰਨਾ 37)
ਪੁਸਤਕ ਵਿਚ ਕਵਿਤਾ ਲੇਖਣ ਦੀ ਗੱਲ, ਗੁਆਚੀਆਂ ਕਵਿਤਾਵਾਂ, ਰਿਸ਼ਤਿਆਂ ਦੇ ਸੁਪਨੇ, ਸਾਵਣ ਮਹੀਨੇ ਵਿੱਚ ਖੀਰ ਪੁੜੇ ਖਾਣ ਦੀ ਗੱਲ ਗਰੀਬ ਤੇ ਅਮੀਰ ਲੋਕਾਂ ਦੇ ਫਰਕ ਦਰਸਾਉਂਦੀ ਹੈ। ਪੁਸਤਕ ਵਿਚਲੀ ਕਵਿਤਾ ਸਟੇਟਸ ਦਾ ਰਿਸ਼ਤਾ ਵਿੱਚ ਵੀ ਕਿਸੇ ਅਣਜਾਣ ਨਾਲ ਸਿਰਫ ਸੋਸ਼ਲ ਮੀਡੀਆ ਤੇ ਪਾਏ ਜਾਂਦੇ ਸਟੇਟਸਾਂ ਦੇ ਚਲਨ ਦਾ ਜਿਕਰ ਕਰਦੀ ਹੈ –
” ਬਸ ਏਨੇ ਨਾਲ ਹੀ
ਜੁੜੇ ਹੋਏ ਹਾਂ
ਦੋਵੇਂ ਸੱਤ ਸਮੁੰਦਰੋਂ ਪਾਰ
ਇਸ ਤੋਂ ਬਿਨਾਂ
ਹੋਰ ਕੋਈ ਰਿਸ਼ਤਾ
ਨਾ ਮੁਹੱਬਤ
ਨਾ ਤਕਰਾਰ
ਸਾਡੇ ਦੋਹਾਂ ਦੇ ਵਿਚਕਾਰ
ਬੱਸ ਇੱਕ ਸਟੇਟਸ
ਦਾ ਹੀ ਰਿਸ਼ਤਾ ਹੈ।”             (ਪੰਨਾ 85-86)
ਕਵਿਤਾ ਨਹੀਂ ਰਿਹਾ ਵਿਚ ਅੱਜ ਦੇ ਯੁੱਗ ਵਿੱਚ ਆਦਮੀ ਆਪਣੇ ਘਰ, ਮੁੱਹਲੇ, ਸ਼ਹਿਰ ਵਿਚ ਅਣਚਾਹਿਆ ਹੀ ਰਹਿੰਦਾ ਹੈ। ਸਭ ਨੂੰ ਆਪੋ ਆਪਣੀ ਪਈ ਹੈ। ਆਦਮੀ ਦੀ ਤਾ ਜਿਵੇਂ ਕਦਰ ਹੀ ਖਤਮ ਹੋ ਗਈ ਹੈ। ਸਮਾਜ ਵਿਚ ਵਧ ਰਹੇ ਕੁੱਤਾ ਸੱਭਿਆਚਾਰ ਦੀ ਗੱਲ ਵੀ ਕਰਦੀ ਹੈ ਕਵਿਤਾ ਕੁੱਤਾ ਮਿਲਣੀ। ਦੋਸਤ ਨੂੰ ਮਿਲਣ ਗਏ ਨੂੰ ਜਦੋਂ ਕੁੱਤਾ ਸਵਾਗਤ ਕਰਦਾ ਹੈ ਅਤੇ ਆਏ ਮਹਿਮਾਨਾਂ ਦੀ ਥਾਂ ਕੁੱਤੇ ਨੂੰ ਤਰਜੀਹ ਦਿੱਤੀ ਜਾਂਦੀ ਹੈ ਤਾਂ ਕਵੀ ਸੋਚਦਾ ਹੈ –
” ਮੈ ਡੋਰ ਬੈੱਲ ਵਜਾਈ
ਤਾਂ ਅੰਦਰੋਂ ਕਿਸੇ ਦੇ
ਬੋਲਣ ਤੋ ਪਹਿਲਾਂ
ਕੁੱਤੇ ਦੇ ਭੌਂਕਣ ਦੀ ਆਵਾਜ਼ ਆਈ।
——–
ਮੁੜਦੇ ਸਮੇਂ ਮੈਂ ਸੋਚ ਰਿਹਾ ਸਾਂ
ਕਿ ਮੈਂ ਆਪਣੇ ਦੋਸਤ ਨੂੰ
ਮਿਲ ਕੇ ਆਇਆ ਸਾਂ
ਜਾਂ ਕੁੱਤੇ ਨੂੰ ????”।           (ਪੰਨਾ 106-107)
ਕਿਸੇ ਵੀ ਵਿਅਕਤੀ ਦਾ ਲੰਬੀ ਸੇਵਾ ਨਿਭਾਉਣ ਤੋਂ ਬਾਅਦ ਰਿਟਾਇਰਮੈਂਟ ਇਕ ਅਹਿਮ ਪਲ ਹੁੰਦਾ ਹੈ ਜਦੋਂ ਮਨੁੱਖ ਸਾਰੇ ਰੁਝੇਵਿਆਂ ਤੋਂ ਵਿਹਲਾ ਹੋ ਕੇ ਆਰਾਮ ਕਰਨ ਅਤੇ ਆਜ਼ਾਦ ਰਹਿਣ ਬਾਰੇ ਸੋਚਦਾ ਹੈ। ਪਰ ਸਾਡੇ ਘਰਾਂ ਵਿੱਚ ਮੈਂਬਰ ਰਿਟਾਇਰ ਹੋਏ ਵਿਅਕਤੀ ਤੋਂ ਘਰੇਲੂ ਕੰਮਾਂ ਦਾ ਲਾਹਾ ਲੈਣ ਲਈ  ਤਤਪਰ ਰਹਿੰਦੇ ਹਨ। ਉੰਝ ਵੀ ਰਿਟਾਇਰ ਹੋਇਆ ਕਰਮਚਾਰੀ ਟਿਕ ਕੇ ਨਹੀਂ ਬੈਠ ਸਕਦਾ, ਉਸ ਨੂੰ ਟਾਈਮ ਪਾਸ ਕਰਨ ਲਈ ਕਿਸੇ ਨਾ ਕਿਸੇ ਰੁਝੇਵੇਂ ਵਿਚ ਰਹਿਣਾ ਪੈਂਦਾ ਹੈ। ਇਸੇ ਸੰਦਰਭ ਵਿੱਚ ਕਵਿਤਾ ਪਾਰਕ ਵਿੱਚ ਰਿਟਾਇਰਡ ਬੁੱਢੇ ਕੁਝ ਆਖਦੀ ਹੈ।
” ਸਵੇਰ ਤੋਂ ਲੈ ਕੇ ਸ਼ਾਮ ਤੱਕ
ਘਰ ਦੇ ਜਰੂਰੀ ਅਤੇ ਬੇਲੋੜੇ ਕੰਮ ਕਰਦੇ
ਬੱਚਿਆਂ ਨੂੰ ਸਕੂਲ ਛੱਡਣ ਤੋਂ ਲੈ ਕੇ
ਬੱਚਿਆਂ ਨੂੰ ਸਕੂਲੋਂ ਲੈ ਕੇ ਆਉਣ ਤੱਕ
ਸਬਜ਼ੀ ਖਰੀਦਣ
ਬਿੱਲ ਭਰਨ
ਵੇਲੇ ਕੁਵੇਲੇ ਬਜ਼ਾਰ ਵਿੱਚੋਂ
ਕੋਈ ਵਸਤ ਲਿਆਉਂਦੇ
ਫਿਰ ਵੀ ਵਿਹਲੇ ਅਖਵਾਉਂਦੇ।”         (ਪੰਨਾ 112)
ਇਸੇ ਤਰ੍ਹਾਂ ਪੁਸਤਕ ਦੀਆਂ ਹੋਰ ਕਵਿਤਾਵਾਂ ਬਿਸਾਤ, ਵੰਡ, ਵੇਂਟੀਲੇਟਰ ਤੇ ਲੱਗੇ ਰਿਸ਼ਤੇ, ਡਰ, ਗੁਨਾਹਾਂ ਦੇ ਨਿਸ਼ਾਨ, ਪੁਰਾਣੇ ਸ਼ਹਿਰ ਚੋਂ ਲੰਘਦਿਆਂ, ਖਿਝਿਆ ਹੋਇਆ ਆਦਮੀ, ਅੱਜ ਕੱਲ੍ਹ, ਮੁਹੱਬਤ ਇੱਕ ਪਿੰਜਰਾ, ਮਹਿਕ ਵਿਹੂਣੇ ਫੁੱਲ, ਜਿਉਤੀ ਆਦਿ ਵੀ ਪੜ੍ਹਨ ਯੋਗ ਹਨ। ਕਵੀ ਅਮਰਜੀਤ ਕੌਂਕੇ ਦੀਆਂ ਇਹਨਾਂ ਕਵਿਤਾਵਾਂ ਦੇ ਬਹੁਤ ਡੂੰਘੇ ਅਰਥ ਹਨ ਅਤੇ ਅਮਰਜੀਤ ਇਸ ਪੁਸਤਕ ਲਈ ਵਧਾਈ ਦਾ ਪਾਤਰ ਹੈ। ਇਸ ਪੁਸਤਕ ਨੂੰ ਜੀ ਆਇਆਂ ਆਖਦਿਆਂ ਸਵਾਗਤ ਕਰਨਾ ਬਣਦਾ ਹੈ।

ਸਾਬਕਾ ਏ ਐਸ ਪੀ (ਰਾਸ਼ਟਰਪਤੀ ਅਵਾਰਡੀ)
ਅਤੇ ਪ੍ਰਧਾਨ, ਲੇਖਕ ਪਾਠਕ ਸਾਹਿਤ ਸਭਾ ਰਜਿ ਬਰਨਾਲਾ।
ਸੰਪਰਕ : 095010-00224

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਇਸ ਅਦਾਕਾਰ ਲਈ ਵਧੀਆਂ ਮੁਸ਼ਕਲਾਂ, ਹਰਿਆਣਾ ਦੇ ਕਲਾਕਾਰ ਨੇ ਉਸ ‘ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ; ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ
Next articleभारत में यूरोपीय ढंग के राष्ट्रवाद की विकास यात्रा