ਕਪੂਰਥਲਾ (ਕੌੜਾ)-ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵੱਧ ਤੋਂ ਵੱਧ ਪੁਸਤਕਾਂ ਪ੍ਰਦਰਸ਼ਨੀਆਂ ਲਗਾਈਆਂ ਜਾਣ ਦੀ ਲੜੀ ਵਿੱਚ ਮਿਤੀ 25 ਫਰਵਰੀ ਨੂੰ ਗੁਰੂ ਨਾਨਕ ਜ਼ਿਲ੍ਹਾ ਲਾਇਬ੍ਰੇਰੀ ਨੇੜੇ ਪੁਰਾਣੀ ਕਚਹਿਰੀ ਕਪੂਰਥਲਾ ਵਿਖੇ ਅਤੇ ਮਿਤੀ 28ਫਲਵਰੀ ਨੂੰ ਮੇਨ ਬਸ ਸਟੈਂਡ ਕਪੂਰਥਲਾ ਇਸਲਾਮੀਆਂ ਮਾਡਲ ਸਕੂਲ ਗੇਟ ਦੇ ਸਾਹਮਣੇ ਅਤੇ ਮਿਤੀ 04 ਮਾਰਚ ਨੂੰ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ/ਰਣਧੀਰ ਕਾਲਜ ਕਪੂਰਥਲਾ ਵਿਖੇ ਪੁਸਤਕ ਪ੍ਰਦਰਸ਼ਨੀ ਲਗਾਈ ਜਾ ਰਹੀ ਹੈ।
ਜ਼ਿਲ੍ਹਾ ਭਾਸ਼ਾ ਅਫ਼ਸਰ ਜਸਪ੍ਰੀਤ ਕੌਰ ਨੇ ਦੱਸਿਆ ਕਿ ਇਸ ਪੁਸਤਕ ਪ੍ਰਦਰਸ਼ਨੀ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਪੁਸਤਕਾਂ ਜਿਵੇਂਕਿ ਧਾਰਮਿਕ, ਸਾਹਿਤਕ, ਅਲੋਚਨਾ, ਬਾਲ ਸਾਹਿਤ, ਇਤਿਹਾਸਕ ਕਹਾਣੀਆਂ/ਨਾਵਲ ਆਦਿ ਦੀ ਪ੍ਰਦਰਸ਼ਨੀ ਲਗਾਈ ਜਾਵੇਗੀ।
ਇਨ੍ਹਾਂ ਪੁਸਤਕਾਂ ਦੀ ਖਰੀਦ ਕਰਨ ਤੇ ਗ੍ਰਾਹਕਾਂ ਨੂੰ ਪ੍ਰਿੰਟ ਰੇਟ ਤੇ ਵਿਭਾਗ ਵਲੋਂ ਰੱਖਿਆ ਗਿਆ ਡਿਸਕਾਊਂਟ ਵੀ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਭਾਸ਼ਾ ਵਿਭਾਗ ਇੱਕ ਅਜਿਹਾ ਅਦਾਰਾ ਹੈ ਜੋ ਮਾਤ ਭਾਸ਼ਾ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਨਿਰੰਤਰ ਯਤਨਸ਼ੀਲ ਹੈ ਅਤੇ ਬਹੁਤ ਸਾਰੀਆਂ ਪੁਸਤਕਾਂ ਵਿਭਾਗ ਵਲੋਂ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ਨੂੰ ਪੜ੍ਹ ਕੇ ਵਿਦਿਆਰਥੀ ਆਪਣੇ ਗਿਆਨ ਵਿੱਚ ਵਾਧਾ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਪੁਸਤਕਾਂ ਪੜ੍ਹ ਕੇ ਮਨੁੱਖ ਆਪਣੀ ਗੱਲ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰ ਸਕਦਾ ਹੈ ਅਤੇ ਪੁਸਤਕਾਂ ਪੜ੍ਹ ਕੇ ਜੋ ਅਸੀਂ ਗਿਆਨ ਪ੍ਰਾਪਤ ਕਰਦੇ ਹਾਂ ਉਹ ਅੱਗੇ ਦੂਜਿਆਂ ਵਿੱਚ ਵੰਡ ਵੀ ਸਕਦੇ ਹਾਂ ਅਤੇ ਇਹ ਗਿਆਨ ਸਾਡੇ ਤੋਂ ਕੋਈ ਖੋਹ ਨਹੀਂ ਸਕਦਾ।
ਉਨ੍ਹਾਂ ਕਿਹਾ ਕਿ ਪੁਸਤਕਾਂ ਮਨੁੱਖ ਦੇ ਔਖੇ ਰਾਹਾਂ ਵਿੱਚ ਮਾਰਗ ਦਰਸ਼ਨ ਦਾ ਕੰਮ ਕਰਦੀਆਂ ਹਨ ਅਤੇ ਪੁਸਤਕਾਂ ਦੀ ਮਹੱਤਤਾਂ ਨੂੰ ਮੁੱਖ ਰੱਖਦੇ ਹੋਏ ਸਾਨੂੰ ਘਰ ਵਿੱਚ ਇੱਕ ਛੋਟੀ ਜਿਹੀ ਲਾਇਬ੍ਰੇਰੀ ਜ਼ਰੂਰ ਬਣਾਉਣੀ ਚਾਹੀਦੀ ਹੈ।
ਉਨ੍ਹਾਂ ਦੱਸਿਆ ਕਿ ਭਾਸ਼ਾ ਵਿਭਾਗ ਵਲੋਂ ਚਾਰ ਵਿਭਾਗੀ ਰਸਾਲੇ ਵੀ ਪ੍ਰਕਾਸ਼ਿਤ ਕੀਤੇ ਜਾਂਦੇ ਹਨ ਜਿਸ ਦੀ ਲੜੀ ਵਿੱਚ ਪੰਜਾਬੀ ਦੁਨੀਆ (ਪੰਜਾਬੀ ਵਿੱਚ), ਜਨ ਸਾਹਿਤ (ਪੰਜਾਬੀ ਵਿੱਚ) ਪੰਜਾਬ ਸੌਰਭ (ਹਿੰਦੀ ਵਿੱਚ) ਅਤੇ ਪ੍ਰਵਾਜ਼ ਏ ਅਦਬ(ਉਰਦੂ ਵਿੱਚ) ਪ੍ਰਤੀ ਰਸਾਲੇ ਦੀ ਸਲਾਨਾ ਮੈਂਬਰਸ਼ਿਪ 240 ਰੁਪਏ ਹੈ ਜੋ ਕਿ ਪੁਸਤਕ ਪ੍ਰਦਰਸ਼ਨੀ ਵਿੱਚ ਜਾਂ ਜ਼ਿਲ੍ਹਾ ਭਾਸ਼ਾ ਦਫ਼ਤਰ ਕਪੂਰਥਲਾ ਵਿਖੇ ਆ ਕੇ ਮੈਂਬਰਸ਼ਿਪ ਲਈ ਜਾ ਸਕਦੀ ਹੈ। ਵਧੇਰੇ ਜਾਣਕਾਰੀ ਲਈ ਫੋਨ ਨੰਬਰ 97809-23100 ਤੇ ਸੰਪਰਕ ਕੀਤਾ ਜਾ ਸਕਦਾ ਹੈ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly