(ਸਮਾਜ ਵੀਕਲੀ)
“ਬੋਲ ਮਿੱਟੀ ਦਿਆ ਬਾਵਿਆਂ, ਤੇਰੇ ਦੁਖਾਂ ਨੇ ਮਾਰ ਮੁਕਾ ਲਿਆ , ਮੇਰਾ ਸੋਹਣਾ ਮਾਹੀ ਆਜਾ ਹੋ,ਮਿੱਟੀ ਦਾ ਮੈ ਬਾਵਾ ਬਣਾਇਆ, ਉੱਤੇ ਚਾੜ ਦਿੱਤੀ ਆ ਖੇਸੀ, ਵਤਨਾ ਵਾਲੇ ਮਾਣ ਕਰਨ, ਕੀ ਮੈ ਮਾਣ ਕਰਾਂ ਪਰਦੇਸੀ, ਮੇਰਾ ਸੋਹਣਾ ਮਾਹੀ ਆਜਾ ਹੋ…
ਆਲਮ ਲੁਹਾਰ ਦਾ ਗਾਇਆ ਇਹ ਗੀਤ ਬਚਪਨ ਤੋਂ ਸੁਣਦੇ ਆ ਰਹੇ ਹਾਂ ਅਤੇ ਹੁਣ ਵੀ ਇਹ ਅਮਰ ਗੀਤ ਲੋਕਾਂ ਵਲੋਂ ਪਸੰਦ ਕੀਤਾ ਜਾਂਦਾ ਹੈ ਬੇਸ਼ੱਕ ਇਸ ਗੀਤ ਨੂੰ ਬਹੁਤ ਸਾਰੇ ਗਾਇਕਾਂ ਨੇ ਗਾਉਣ ਦੀ ਕੋਸ਼ਿਸ਼ ਕੀਤੀ ਪਰ ਜੋਂ ਮਿੱਟੀ ਦਾ ਬਾਵਾ ਆਲਮ ਲੁਹਾਰ ਗਾ ਗਏ ਇਹੋ ਜਿਹਾ ਕੋਈ ਹੋਰ ਨਹੀਂ ਗਾ ਸਕਿਆ। ਉਚੀ ਅਤੇ ਸੁਰੀਲੀ ਆਵਾਜ਼ ਨਾਲ ਚਿਮਟੇ ਅਤੇ ਅਲਗੋਜ਼ਿਆਂ ਦੀ ਤਾਲ ਨਾਲ ਦਿਲਾਂ ‘ਚ ਆਪਣੀ ਗਾਇਕੀ ਨਾਲ ਜੋਸ਼ ਭਰ ਦੇਣ ਵਾਲੇ ਆਲਮ ਲੁਹਾਰ ਦੀ ਰੀਸ ਅਜੇ ਤੱਕ ਲਹਿੰਦੇ ਅਤੇ ਚੜਦੇ ਪੰਜਾਬ ਦਾ ਕੋਈ ਵੀ ਗਾਇਕ ਨਹੀਂ ਕਰ ਸਕਿਆ। ਉਨ੍ਹਾਂ ਦੇ ਹਰ ਗਾਏ ਗਾਣੇ ਦੇ ਡੂੰਘੇ ਅਰਥ ਹੁੰਦੇ ਸਨ ਅਤੇ ਹਰ ਗਾਣਾ ਬਾਕਮਾਲ ਹੁੰਦਾ ਸੀ। ਆਲਮ ਲੁਹਾਰ ਦਾ ਜਨਮ 1928 ‘ਚ ਬਰਤਾਨਵੀ ਭਾਰਤ ਦੇ ਜ਼ਿਲਾ ਗੁਜਰਾਤ ਦੀ ਤਹਿਸੀਲ ਖਾਰੀਆਂ ਦੇ ਪਿੰਡ ਓਚ ਕੋਚ ‘ਚ ਹੋਇਆ,ਜੋ ਕਿ ਕਸਬਾ ਲਾਲਾ ਮੂਸਾ ਦੇ ਲਾਗੇ ਹੈ। ਉਹ ਸਾਂਝੇ ਪੰਜਾਬ ਦੇ ਵੱਖ-ਵੱਖ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ‘ਚ ਲੱਗਦੇ ਮੇਲਿਆਂ ‘ਚ ਅਖਾੜੇ ਲਾ ਕੇ ਸੈਂਕੜੇ ਪੰਜਾਬੀਆਂ ਨੂੰ ਇਕੱਠਾ ਕਰਕੇ ਸਾਰੀ ਜ਼ਿੰਦਗੀ ਗਾਉਂਦਾ ਰਿਹਾ। ਆਲਮ ਲੁਹਾਰ ਨੇ ਆਪਣੀ ਗਾਇਕੀ ਦਾ ਪਹਿਲਾ ਐਲਬਮ 13 ਸਾਲ ਦੀ ਉਮਰ ‘ਚ ਰਿਕਾਰਡ ਕਰਵਾਇਆ। ਮੀਆਂ ਮੁਹੰਮਦ ਬਖ਼ਸ਼ ਦੀ ਲਿਖੀ ਸੈਫੁਲ ਮਲੂਕ 1948 ‘ਚ ਗਾਈ। ਕਿੱਸਾ ਯੂਸਫ ਜੁਨੇਜਾ 1961 ‘ਚ ਗਾਇਆ। ਉਨ੍ਹਾਂ ਦਾ ਗਾਇਆ ਗੀਤ”ਬੋਲ ਮਿੱਟੀ ਦਿਆ ਬਾਵਿਆ” 1964 ਵਿੱਚ ਬਹੁਤ ਮਕਬੂਲ ਹੋਇਆ ਉਨ੍ਹਾਂ ਨੇ ਕਿੱਸਾ ਦੁੱਲਾ ਭੱਟੀ 1959 ‘ਚ ਗਾਇਆ। ਕਿੱਸਾ ਮਿਰਜ਼ਾ ਜੱਟ 1967 ‘ਚ, ਕਿੱਸਾ ਹੀਰ-ਰਾਂਝਾ 1969 ਤੇ ਕਿੱਸਾ ਸੱਸੀ ਪੁੰਨੂੰ 1972 ‘ਚ ਗਾਇਆ। ਉਹਨੇ ਕਿੱਸਾ ਹਰਨੀ 1963, ਮਿਰਜ਼ੇ ਜੱਟ ਦੀ ਮਾਂ 1968, ਮਾਂ ਦਾ ਪਿਆਰ 1971 ਤੇ ਕਿੱਸਾ ਬਾਰਾਂ ਮਾਂਹ 1974 ‘ਚ ਗਾਇਆ। ਉਹਨੇ 1973 ਵਿਚ ‘ਵਾਜਾਂ ਮਾਰੀਆਂ ਬੁਲਾਇਆ ਕਈ ਵਾਰ ਮੈਂ’ ਪੰਜਾਬੀਆਂ ਸਾਹਮਣੇ ਪੇਸ਼ ਕੀਤਾ। ਆਲਮ ਲੁਹਾਰ ਨੂੰ 1960 ਤੋਂ ਲੈ ਕੇ 1970 ਤੱਕ ਦੱਖਣੀ ‘ਚ ਸਭ ਤੋਂ ਵੱਧ ਸੁਣਿਆ ਜਾਂਦਾ ਸੀ। ਇਸੇ ਹੀ ਸਮੇਂ ਦੌਰਾਨ ਆਲਮ ਲੁਹਾਰ ਕੈਨੇਡਾ, ਇੰਗਲੈਂਡ, ਅਮਰੀਕਾ, ਨਾਰਵੇ ਅਤੇ ਜਰਮਨੀ ਜਾ ਕੇ ਪੰਜਾਬੀਆਂ ਨੂੰ ਆਪਣੀ ਜੋਸ਼ੀਲੀ ਤੇ ਮਸਤ ਕਰ ਦੇਣ ਵਾਲੀ ਗਾਇਕੀ ਨਾਲ ਨਿਹਾਲ ਕਰਦਾ ਰਿਹਾ। ਪੰਜਾਬੀ ਜ਼ੁਬਾਨ ਦੇ ਇਸ ਗਾਇਕ ਨੂੰ ਸੁਣਨ ਦੇ ਸ਼ੌਕੀਨ ਪੰਜਾਬੀ ਸ਼ੇਰ-ਏ-ਪੰਜਾਬੀ ਤੇ ਹੀਰਾ ਦੇ ਨਾਂ ਨਾਲ ਵੀ ਯਾਦ ਕਰਦੇ ਹਨ। ਆਲਮ ਲੁਹਾਰ ਦੇ ਪਿੰਡ ਤੋਂ ਜੋ ਸੜਕ ਜੀ.ਟੀ ਰੋਡ ਨੂੰ ਜਾਂਦੀ ਹੈ, ਉਸ ਦਾ ਨਾਂ ਵੀ ਆਲਮ ਲੁਹਾਰ ਰੋਡ ਰੱਖਿਆ ਗਿਆ । ਆਲਮ ਲੁਹਾਰ ਗਰੀਬ ਲੁਹਾਰ ਪਰਿਵਾਰ ਤੋਂ ਸੀ। ਲੁਹਾਰਾ ਨੂੰ ਮੁਗਲ ਬਰਾਦਰੀ ਵੀ ਕਿਹਾ ਜਾਂਦਾ ਹੈ। ਆਲਮ ਲੁਹਾਰ ਦਾ ਜੱਦੀ ਪੇਸ਼ਾ ਗਾਇਕੀ ਨਹੀਂ ਸੀ। ਆਪਣੇ ਇਕ ਗਾਣੇ ‘ਚ ਵੀ ਆਲਮ ਲੁਹਾਰ ਨੇ ਕਿਹਾ ਹੈ, ਛੱਡ ਲੁਹਾਰਾ ਗਾਉਣ ਦਾ ਖਹਿੜਾ, ਤੇ ਸਨ੍ਹੀ ਹਥੌੜਾ ਵਾਹੀਏ” ਗਾਇਕੀ ਆਲਮ ਲੁਹਾਰ ਦਾ ਭਾਵੇਂ ਜੱਦੀ ਪੇਸ਼ਾ ਨਹੀਂ ਸੀ, ਪਰ ਇਸ ਮਹਾਨ ਹਸਤੀ ਨੂੰ ਨਿੱਕੇ ਹੁੰਦਿਆਂ ਤੋਂ ਹੀ ਗਾਉਣ ਦਾ ਸ਼ੌਕ ਪੈ ਗਿਆ ਸੀ। ਪਹਿਲਾਂ ਤਾਂ ਆਲਮ ਲੁਹਾਰ ਘਰ ‘ਚ ਹੀ ਗੁਣਗੁਣਾਉਂਦਾ ਰਹਿੰਦਾ। ਉਹ ਘਰੇ ਹੀ ਸਾਰਾ ਦਿਨ ਕਦੀ ਗੜਵੀ, ਕਦੀ ਪਰਾਤ ਤੇ ਕਦੀ ਘੜਾ ਵਜਾ ਕੇ ਲੈਅ ਨਾਲ ਗਾਉਂਦਾ। ਉਹਨੂੰ ਖਾਸ ਤਰਜ ਵਾਲੀ ਅਤੇ ਸਾਫ ਸੁਥਰੀ ਗਾਇਕੀ ਨਾਲ ਬਹੁਤ ਮੁਹੱਬਤ ਸੀ। ਛੋਟੇ ਹੁੰਦਿਆਂ ਆਲਮ ਲੁਹਾਰ ਆਪਣੇ ਹੀ ਪਰਿਵਾਰ ਸਾਹਮਣੇ ਗਾ ਕੇ ਹੀ ਆਪਣੀ ਗਾਇਕੀ ਦਾ ਸ਼ੌਕ, ਪੂਰਾ ਕਰ ਲਿਆ ਕਰਦਾ ਸੀ। ਆਲਮ ਲੁਹਾਰ ਦੀ ਅਵਾਜ਼ ‘ਚ ਖਾਸ ਜਾਦੂ ਸੀ। ਉਸ ਨੇ ਗਾਉਣ ਲਈ ਬਿਲਕੁਲ ਵੱਖਰੀ (ਸੁਰ) ਅਪਨਾਈ। ਆਲਮ ਨੇ ਆਪਣੀ ਗਾਇਕੀ ਦੇ ਇਸ ਨਿਵੇਕਲੇ ਅੰਦਾਜ਼ ਨਾਲ ਕੇਵਲ ਪੰਜਾਬ ਹੀ ਨਹੀਂ, ਸਗੋਂ ਪੂਰੀ ਦੁਨੀਆਂ ‘ਚ ਆਪਣੀ ਅਲੱਗ ਪਛਾਣ ਬਣਾਈ।ਆਲਮ ਲੁਹਾਰ ਦੇ ਅੰਦਾਜ-ਏ-ਗਾਇਕੀ ਦੀ ਨਕਲ ਬਹੁਤ ਸਾਰੇ ਪੰਜਾਬੀ ਗਾਇਕਾਂ ਨੇ ਕਰਨ ਦੀ ਕੋਸ਼ਿਸ਼ ਕੀਤੀ। ਦਰਜਨਾਂ ਪੰਜਾਬੀ ਗਾਇਕਾਂ ਨੇ ਆਲਮ ਲੁਹਾਰ ਦੇ ਲਹਿਜ਼ੇ ਤੇ ਉਚੀ ਸੁਰ ‘ਚ ਗਾਉਣ ਦਾ ਢੰਗ ਅਪਨਾਇਆ, ਪਰ ਕੁਦਰਤ ਜਿਸ ਬੰਦੇ ਨੂੰ ਜੋ ਵੀ ਸਰੀਰਕ ਸਿਫਤ ਭੇਟ ਕਰਦੀ ਹੈ, ਕੋਈ ਹੋਰ ਬੰਦਾ ਉਸ ਸਿਫਤ ਨੂੰ ਖੋਹਣਾ ਵੀ ਚਾਹੇ ਤਾਂ ਨਹੀਂ ਖੋਹ ਸਕਦਾ। ਅਸਲ ‘ਚ ਉਸ ਦੀ ਨਕਲ ਕਰਨ ਵਾਲਿਆਂ ‘ਚ ਫਰਕ ਸੋਨੇ ਤੇ ਪਿੱਤਲ ਵਰਗਾ ਹੀ ਹੁੰਦਾ ਹੈ ਸੋ, ਆਲਮ ਲੁਹਾਰ ਦੀ ਗਾਇਕੀ ਦੀ ਨਕਲ ਕਰਨ ਵਾਲਿਆਂ ਨੂੰ ਸਫਲਤਾ ਨਾ ਮਿਲ ਸਕੀ। ਅਜਿਹੇ ਗਾਇਕ ਆਲਮ ਲੁਹਾਰ ਦਾ ਬਦਲ ਨਾ ਬਣ ਸਕੇ ਤੇ ਨਾ ਹੀ ਪੰਜਾਬੀ ਸਰੋਤਿਆਂ ਨੇ ਆਲਮ ਲੁਹਾਰ ਦੀ ਗੱਦੀ ‘ਤੇ ਬੈਠਣ ਤੇ ਨਕਲ ਕਰਨ ਵਾਲੇ ਗਾਇਕਾਂ ਨੂੰ ਕਬੂਲ ਕੀਤਾ। ਆਲਮ ਲੁਹਾਰ ਜਦ ਮਿਰਜ਼ਾ-ਸਾਹਿਬਾਂ ਆਪਣੀ ਤਿੱਖੀ, ਉਚੀ ਤੇ ਸੁਰੀਲੀ ਅਵਾਜ਼ ‘ਚ ਗਾਉਂਦਾ ਸੀ ਤਾਂ ਪੰਜਾਬੀਆਂ ਦੇ ਮੁਖੜੇ ਲਾਲੋ-ਲਾਲ ਹੋ ਜਾਂਦੇ ਸਨ। ਉਹਨੂੰ ਸਭ ਤੋਂ ਵੱਧ ਸ਼ੋਹਰਤ ਮਿਰਜ਼ਾ ਸਾਹਿਬਾਂ ਗਾਉਣ ‘ਤੇ ਹੀ ਮਿਲੀ, ਇਹ ਉਸ ਦੀ ਪਛਾਣ ਬਣ ਗਏ। ਜਦ ਆਲਮ ਲੁਹਾਰ ਮਿਰਜ਼ਾ-ਸਾਹਿਬਾਂ ਗਾਉਂਦਾ ਤਾਂ ਇੰਜ ਲਗਦਾ ਜਿਵੇਂ ਹਵਾਵਾਂ ਫਿਜ਼ਾਵਾਂ‘ਚ ਦਲੇਰੀ ਤੇ ਆਸ਼ਕੀ ਦਾ ਤੂਫਾਨ ਮਚ ਗਿਆ ਹੋਵੇ। ਇਨਸਾਨੀ ਫਿਤਰਤ, ਮਕਰ-ਫਰੇਬ ਤੇ ਚਤੁਰਾਈ ਨੂੰ ਜਿਵੇਂ ਆਲਮ ਲੁਹਾਰ ਨੇ ਖੂਬਸੂਰਤੀ ਤੇ ਸੋਚਾਂ ਦੀ ਡੂੰਘਾਈ ਨਾਲ ਗਾਇਆ ਹੈ, ਉਹ ਹਰ ਪੰਜਾਬੀ ਲਈ ਹੈਰਾਨਕੁਨ ਤੇ ਰਿਸ਼ਤਿਆਂ ਦੇ ਰੰਗ ਦੇਖਣ ਤੇ ਮਹਿਸੂਸ ਕਰਨ ਦਾ ਸਭ ਤੋਂ ਕਮਾਲ ਦਾ ਅਨੋਖਾ ਅੰਦਾਜ਼ ਹੈ। ਉਨ੍ਹਾਂ ਨੇ ਸਦਾ ਪੰਜਾਬੀ ਸੱਭਿਆਚਾਰ ਨੂੰ ਹੀ ਆਪਣੀ ਪਛਾਣ ਬਣਾਇਆ। ਗਲ ਕੱਢਿਆ ਹੋਇਆ ਰੰਗ-ਰੰਗੀਲਾ ਕੁੜਤਾ, ਲੱਕ ਸੋਹਣੇ ਤੇ ਗੂੜ੍ਹੇ ਰੰਗ ਵਾਲਾ ਲਾਚਾ (ਧੋਤੀ), ਪੈਰੀਂ ਚਮਕੀਲੇ ਤਿੱਲੇ ਨਾਲ ਕੱਢਿਆ ਹੋਇਆ ਖੁੱਸਾ; ਲੰਮੀਆਂ ਜ਼ੁਲਫ਼ਾਂ, ਭਰਿਆ-ਭਰਿਆ ਸਰੀਰ, ਕੱਦ ਦਰਮਿਆਨਾ ਤੇ ਹੱਥ ਵਿਚ ਚਿਮਟਾ; ਗਾਉਂਦਿਆਂ ਜਦ ਇਕ ਖਾਸ ਅੰਦਾਜ਼ ਨਾਲ ਸਿਰ ਨੂੰ ਝਟਕਾ ਦਿੰਦਾ ਤਾਂ ਕੇਸ ਖਾਸ ਅੰਦਾਜ਼ ਨਾਲ ਹਵਾ ‘ਚ ਲਹਿਰਾ ਜਾਂਦੇ, ਜਿਵੇਂ ਕਬੂਤਰ ਦੇ ਪਰ ਫਿਜ਼ਾ ‘ਚ ਦਿਲ ਮੋਹ ਲੈਣ ਵਾਲੇ ਢੰਗ ਨਾਲ ਫੜਫੜਾਉਂਦੇ ਹਨ। ਸੱਚ ਮੁੱਚ ਮਹਾਨ ਗਾਇਕ ਸੀ, ਆਲਮ ਲੁਹਾਰ। ਗਾਇਕੀ ‘ਚ ਉਸ ਦਾ ਸਾਥ ਫ਼ਜ਼ਲ ਕਰੀਮ ਕਿਸਾਈ ਅਲਗੋਜ਼ਿਆਂ ਵਾਲਾ ਦਿੰਦਾ ਸੀ। ਫ਼ਜ਼ਲ ਕਰੀਮ ਕਿਸਾਈ ਦੋ ਅਲਗੋਜ਼ੇ ਇਕੱਠੇ ਮੂੰਹ ‘ਚ ਲੈ ਕੇ ਵਜਾਉਂਦਾ ਸੀ। ਆਲਮ ਲੁਹਾਰ ਦੀ ਬੜ੍ਹਕਾਂ ਮਾਰਦੀ ਤੇ ਲਹਿਰਾਉਂਦੀ ਅਵਾਜ਼ ਅਤੇ ਫ਼ਜ਼ਲ ਕਰੀਮ ਕਿਸਾਈ ਦੇ ਅਲਗੋਜ਼ਿਆਂ ਦੀਆਂ ਮਦ ਭਰੀਆਂ ਕੂਕਾਂ ਮਾਰਦੀਆਂ ਅਵਾਜ਼ਾਂ, ਦਿਲ ‘ਚ ਇਸ਼ਕਿਆ ਜੋਸ਼ ਨੂੰ ਉਬਾਲੇ ਚਾੜ੍ਹ ਦਿੰਦੀਆਂ ਸਨ। ਇੱਕ ਵਾਰ ਜਦੋਂ ਆਲਮ ਲੁਹਾਰ ਮਸ਼ਹੂਰ ਸੂਫੀ ਬਜੁਰਗ ਲਾਲ ਸ਼ਾਹਬਾਜ਼ ਕਲੰਦਰ ਦੇ ਮਜ਼ਾਰ‘ਤੇ ਸਲਾਮ ਕਰਨ ਰੇਲ ਗੱਡੀ ਰਾਹੀਂ ਸੂਬਾ ਸਿੰਧ ਦੇ ਸ਼ਹਿਰ ਹੈਦਰਾਬਾਦ ਜਾ ਰਿਹਾ ਸੀ ਅਤੇ ਹੈਦਰਾਬਾਦ ਦੇ ਸਟੇਸ਼ਨ‘ਤੇ ਉਤਰ ਕੇ ਜਿਵੇਂ ਹੀ ਆਲਮ ਲੁਹਾਰ ਤੇ ਉਸ ਦੇ ਚਾਰ ਸਾਥੀ ਕਾਰ ‘ਚ ਸਵਾਰ ਹੋ ਕੇ, ਲਾਲ ਸ਼ਾਹਬਾਜ਼ ਕਲੰਦਰ ਦੇ ਮਜ਼ਾਰ ਵੱਲ ਜਾ ਰਹੇ ਸਨ ਤਾਂ ਉਨ੍ਹਾਂ ਦੀ ਤੇਜ਼ ਰਫਤਾਰ ਦੌੜਦੀ ਕਾਰ ਬੱਸ ਨਾਲ ਟਕਰਾ ਗਈ। ਇਸ ਸੜਕ ਹਾਦਸੇ ਕਾਰਨ ਆਲਮ ਲੁਹਾਰ ਦੀ ਲੱਤ ਟੁੱਟ ਗਈ। ਹਸਪਤਾਲ ‘ਚ ਕਈ ਦਿਨ ਇਲਾਜ ਚਲਦਾ ਰਿਹਾ। ਇਲਾਜ ਪਿਛੋਂ ਪੰਜਾਬ ਪਰਤ ਕੇ ਉਨ੍ਹਾਂ ਨੇ ਹਸਪਤਾਲ ਦੇ ਕਰਮਚਾਰੀਆਂ ਦੀ ਮਾੜੀ ਕਾਰਗੁਜ਼ਾਰੀ ਤੇ ਗੀਤ ਲਿਖਿਆ ਤੇ ਆਪ ਹੀ ਗਾਇਆ। ਇਹ ਗੀਤ ਪੰਜਾਬੀਆਂ ਦੇ ਬਹੁਤ ਦਿਲ ਲੱਗਾ ਸੀ। ਗੀਤ ਦੇ ਬੋਲ ਸਨ:
ਅਵਾਜ਼ਾਂ ਮਾਰੀਆਂ ਬੁਲਾਇਆ ਕਈ ਵਾਰ ਮੈਂ
ਕਿਸੇ ਨੇ ਮੇਰੀ ਗੱਲ ਨਾ ਸੁਣੀ,
ਮੈਨੂੰ ਵੇਂਹਦਿਆਂ ਨੇ ਮੱਥੇ ਤਿਊੜੀ ਪਾਕੇ
ਕੋਲ ਵੇਖਿਆ ਨਾ ਮੇਰੇ ਕਿਸੇ ਆਕੇ
ਟੁੱਟੀ ਲੱਤ ਨੂੰ ਦਿਖਾਇਆ ਕਈ ਵਾਰ ਮੈਂ
ਕਿਸੇ ਨੇ ਮੇਰੀ ਗੱਲ ਨਾ ਸੁਣੀ।
ਆਲਮ ਲੁਹਾਰ ਦੇ 8 ਪੁੱਤਰ ਹਨ। ਇਨ੍ਹਾਂ ਵਿਚੋਂ ਸਭ ਤੋਂ ਛੋਟਾ ਪੁੱਤਰ ਆਰਫ਼ ਲੁਹਾਰ ਪੰਜਾਬੀ ਗਾਇਕੀ ਦੇ ਮੈਦਾਨ ‘ਚ ਨਿੱਤਰ ਕੇ ਪੰਜਾਬੀਆਂ ਦੇ ਦਿਲਾਂ ‘ਚ ਵਸਦਾ ਹੈ। ਆਲਮ ਲੁਹਾਰ ਦੇ ਸੱਤ ਪੁੱਤਰ ਇੰਗਲੈਂਡ ਦੇ ਵਸਨੀਕ ਬਣ ਗਏ ਹਨ। ਕੇਵਲ ਆਰਿਫ ਲੁਹਾਰ ਹੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਵਿਰਸੇ ਦੀਆਂ ਕਹਾਣੀਆਂ ਗੀਤਾਂ ਦੇ ਰੂਪ ਵਿਚ ਗਾ ਕੇ ਪੰਜਾਬੀਆਂ ਨੂੰ ਪੰਜਾਬੀ ਵਿਰਸੇ ਤੇ ਸਭਿਆਚਾਰ ਨਾਲ ਜੋੜਨ ਦੇ ਭਰਪੂਰ ਯਤਨ ਕਰ ਰਿਹਾ ਹੈ। ਜੁਗਨੀ ਆਲਮ ਲੁਹਾਰ ਦੀ ਖਾਸ ਪਛਾਣ ਬਣ ਗਈ ਸੀ। ਉਹਨੇ ਅਜਿਹੀ ਜੁਗਨੀ ਗਾਈ ਕਿ ਉਹ ਪੂਰੀ ਦੁਨੀਆਂ ‘ਚ ਪ੍ਰਸਿਧੀ ਦੇ ਅੱਧ-ਅਸਮਾਨ ਤੱਕ ਪਹੁੰਚ ਗਿਆ। ਜੁਗਨੀ ਤਾਂ ਕਈ ਗਾਇਕਾਂ ਨੇ ਗਾਈ, ਪਰ ਆਲਮ ਲੁਹਾਰ ਵਰਗੀ ਗੱਲ ਨਾ ਬਣੀ। ਆਲਮ ਲੁਹਾਰ ਤੇ ਜੁਗਨੀ ਦੋ ਹੋ ਕੇ ਵੀ ਇਕ ਹਨ। ਇਹ ਪਛਾਣ ਪੰਜਾਬੀਆਂ ਦੇ ਦਿਲਾਂ ਵਿਚੋਂ ਕਦੀ ਨਹੀਂ ਨਿਕਲੇਗੀ। 3 ਜੁਲਾਈ 1984 ਨੂੰ ਹੋਇਆ ਖਤਰਨਾਕ ਕਾਰ ਹਾਦਸਾ ਆਲਮ ਲੁਹਾਰ ਦੀ ਮੌਤ ਦਾ ਸਬਬ ਬਣ ਗਿਆ। ਉਸ ਨੇ ਆਪਣੇ ਪੁੱਤਰ ਆਰਿਫ ਲੁਹਾਰ ਨੂੰ ਫੋਨ ਕੀਤਾ, ਪੁੱਤਰ ਮੈਂ 12 ਵਜੇ ਦੁਪਹਿਰ ਤੱਕ ਘਰ ਪਹੁੰਚ ਜਾਵਾਂਗਾ। ਉਸ ਸਮੇਂ ਤੱਕ ਤੂੰ ਮੇਰੇ ਲਈ ਖਾਣਾ ਤਿਆਰ ਕਰਵਾ ਛੱਡੀ। ਆਪਾਂ ਰਲ-ਮਿਲ ਬਹਿ ਕੇ ਖਾਣਾ ਖਾਵਾਂਗੇ। ਉਨ੍ਹਾਂ ਦਿਨਾਂ ‘ਚ ਆਲਮ ਲੁਹਾਰ ਸਮਨਾਬਾਦ (ਲਾਹੌਰ) ਰਹਿੰਦਾ ਸੀ। ਘਰ ਵਾਲਿਆਂ ਖਾਣਾ ਤਿਆਰ ਕਰਕੇ ਰੱਖ ਲਿਆ, ਪਰ ਆਲਮ ਲੁਹਾਰ ਨਾ ਆਇਆ। ਉਸ ਦੀ ਫੁੱਲਾਂ ਨਾਲ ਲੱਦੀ ਲਾਸ਼ ਘਰ ਪਹੁੰਚੀ ਗਈ ਸੀ। ਇਤਫ਼ਾਕ ਸੀ ਕਿ ਮੌਤ ਤੋਂ ਕੁਝ ਸਮਾਂ ਪਹਿਲਾਂ ਕੁਦਰਤ ਨੇ ਆਲਮ ਲੁਹਾਰ ਦੇ ਮੂੰਹੋ ਇਹ ਗੀਤ ਗਵਾ ਕੇ ਉਸ ਨੂੰ ਸਦਾ ਲਈ ਦੁਨੀਆਂ ਤੋਂ ਅਲਵਿਦਾ ਕਰ ਦਿੱਤਾ।
ਦਿਲ ਵਾਲਾ ਦੁਖੜਾ ਨਈਂ ,ਕਿਸੇ ਨੂੰ ਸੁਣਾਈਦਾ
ਆਪਣੀਆਂ ਸੋਚਾਂ ਵਿਚ, ਆਪੇ ਡੁੱਬ ਜਾਈਦਾ,
ਆਪ ਵੀ ਨਾ ਆਇਓਂ ,ਸਾਨੂੰ ਖਤ ਵੀ ਨਾ ਘੱਲਿਆ
ਜ਼ਿੰਦਗੀ ਦਾ ਦੀਵਾ ਮੇਰਾ, ਇਵੇਂ ਬੁਝ ਚੱਲਿਆ,
ਹੋਰ ਕੀ ਮੈਂ ਆਖਾਂ ਤੈਨੂੰ, ਇੰਜ ਨਈਂ ਸੀ ਚਾਹੀਦਾ
ਛੱਡ ਯਾਰ ਆਲਮਾ, ਤੇਰਾ ਦੁਨੀਆਂ ਤੇ ਕੰਮ ਕੀ
ਉਹ ਵੀ ਨਹੀਂ ਰਹਿਆ, ਜਿਦੇ ਦਮ ਵਿੱਚ ਦਮ ਸੀ,
ਹਰ ਇੱਕ ਨੂੰ ਐਵੇਂ, ਸੱਜਣ ਬਣਾਈਦਾ ,
ਦਿਲ ਵਾਲਾ ਦੁੱਖੜਾ ਨਹੀਂ , ਕਿਸੇ ਨੂੰ ਸੁਣਾਈਦਾ।
ਹਰ ਸਾਲ 3 ਜੁਲਾਈ ਨੂੰ ਉਨ੍ਹਾਂ ਦੀ ਬਰਸੀ ਮੌਕੇ ਸਰੋਤਿਆਂ ਵੱਲੋਂ ਉਨ੍ਹਾਂ ਨੂੰ ਯਾਦ ਕੀਤਾ ਜਾਂਦਾ ਹੈ। ਸਾਂਝੇ ਪੰਜਾਬ ਦਾ ਇਹ ਮਹਾਨ ਗਾਇਕ ਅਤੇ ਉਨ੍ਹਾਂ ਦੇ ਗਾਏ ਗੀਤ ਹਮੇਸ਼ਾਂ ਅਮਰ ਰਹਿਣਗੇ।
ਕੁਲਦੀਪ ਸਿੰਘ ਸਾਹਿਲ
9417990040
ਸਿਰਨਾਵਾਂ:- # 16, ਏ ਫੋਕਲ ਪੁਆਇੰਟ ਰਾਜਪੁਰਾ
ਮੋਬਾਈਲ:- 94179-90040
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly