ਕੀਵ (ਸਮਾਜ ਵੀਕਲੀ): ਕੀਵ ਦੇ ਬਾਹਰਵਾਰ ਬੂਚਾ ਸਣੇ ਕੁਝ ਹੋਰਨਾਂ ਥਾਵਾਂ ’ਤੇ ਹੁਣ ਤੱਕ 720 ਤੋਂ ਵੱਧ ਵਿਅਕਤੀਆਂ ਦੇ ਮਾਰੇ ਜਾਣ ਦੀਆਂ ਰਿਪੋਰਟਾਂ ਹਨ ਜਦੋਂਕਿ 200 ਤੋਂ ਵੱਧ ਅਜੇ ਵੀ ਲਾਪਤਾ ਹਨ। ਮੇਅਰ ਐਨਾਟੋਲੀ ਫੈਡੋਰੁਕ ਨੇ ਕਿਹਾ ਕਿ ਰੂਸੀ ਫੌਜਾਂ ਦੇ ਇਥੋਂ ਹਿਜਰਤ ਕਰਨ ਮਗਰੋਂ ਇਕੱਲੇ ਬੂਚਾ ’ਚੋਂ 403 ਲਾਸ਼ਾਂ ਬਰਾਮਦ ਹੋਈਆਂ ਹਨ ਤੇ ਇਹ ਗਿਣਤੀ ਵਧਣ ਦੇ ਆਸਾਰ ਹਨ। ਰਾਹਤ ਟੀਮਾਂ ਵੱਲੋਂ ਇਲਾਕੇ ਦਾ ਚੱਪਾ-ਚੱਪਾ ਖੰਗਾਲਿਆ ਜਾ ਰਿਹੈ। ਲਾਸ਼ਾਂ ਦੀ ਫੋਰੈਂਸਿਕ ਜਾਂਚ ਦਾ ਅਮਲ ਜਾਰੀ ਹੈ। ਉੱਤਰ-ਪੂਰਬ ਵਿੱਚ ਬ੍ਰੋਵੇਰੀ ਜ਼ਿਲ੍ਹੇ ਦੇ ਪਿੰਡ ਦੀ ਬੇਸਮੈਂਟ ’ਚੋਂ ਛੇ ਆਮ ਨਾਗਰਿਕਾਂ ਦੀਆਂ ਲਾਸ਼ਾਂ ਮਿਲੀਆਂ ਹਨ, ਜਿਨ੍ਹਾਂ ਦੇ ਸਰੀਰ ’ਤੇ ਗੋਲੀਆਂ ਦੇ ਨਿਸ਼ਾਨ ਹਨ। ਇਸ ਦੌਰਾਨ ਚਾਰ ਮੁਲਕਾਂ- ਪੋਲੈਂਡ, ਲਿਥੁਆਨੀਆ, ਲਾਤਵੀਆ ਤੇ ਐਸਟੋਨੀਆ ਦੇ ਰਾਸ਼ਟਰਪਤੀਆਂ ਨੇ ਅੱਜ ਜੰਗ ਦੇ ਝੰਬੇ ਯੂਕਰੇਨ ਦਾ ਦੌਰਾ ਕਰਕੇ ਯੂਕਰੇਨੀ ਸਦਰ ਨਾਲ ਇਕਜੁੱਟਤਾ ਦਾ ਮੁਜ਼ਾਹਰਾ ਕੀਤਾ। ਚਾਰੇ ਆਗੂ ਰੇਲ ਗੱਡੀ ਦਾ ਸਫ਼ਰ ਕਰਕੇ ਕੀਵ ਪੁੱਜੇ। ਇਸ ਦੌਰਾਨ ਰੂਸ ਨੇ ਦਾਅਵਾ ਕੀਤਾ ਹੈ ਿਕ 1000 ਤੋਂ ਵੱਧ ਯੂਕਰੇਨੀ ਫ਼ੌਜੀਆਂ ਨੇ ਮਾਰੀਉਪੋਲ ਵਿੱਚ ਆਤਮਸਮਰਪਣ ਕੀਤਾ ਹੈ।
ਯੂਕਰੇਨੀ ਸਦਰ ਵਲਾਦੀਮੀਰ ਜ਼ੇਲੈਂਸਕੀ ਨੇ ਅਪੀਲ ਕੀਤੀ ਹੈ ਕਿ ਉਹ ਰੂਸ ਵੱਲੋਂ ਮਾਰੀਉਪੋਲ ਵਿੱਚ ਕਥਿਤ ਜ਼ਹਿਰੀਲਾ ਪਦਾਰਥ ਵਰਤਣ ਦਾ ਵਿਰੋਧ ਕਰੇ। ਜ਼ੇਲੈਂਸਕੀ ਨੇ ਕਿਹਾ ਕਿ ਰੂਸੀ ਫੌਜਾਂ ਵੱਲੋਂ ਯੂਕਰੇਨ ਵਿੱਚ ਫਾਸਫੋਰਸ ਮਿਊਨੀਸ਼ਨਜ਼ ਦੀ ਵਰਤੋਂ ਕੀਤੀ ਜਾ ਰਹੀ ਹੈ, ਆਲਮੀ ਆਗੂਆਂ ਨੂੰ ਆਪਣਾ ਵਿਰੋਧ ਦਰਜ ਕਰਵਾਉਣਾ ਚਾਹੀਦਾ ਹੈ। ਦੱਸ ਦੇਈਏ ਕਿ ਫਾਸਫੋਰਸ ਮਿਊਨੀਸ਼ਨਜ਼ ਕਰਕੇ ਬਹੁਤ ਜ਼ਿਆਦਾ ਸਾੜ ਪੈਂਦਾ ਹੈ, ਪਰ ਇਸ ਨੂੰ ਰਸਾਇਣਕ ਹਥਿਆਰਾਂ ਦੇ ਵਰਗ ਵਿੱਚ ਨਹੀਂ ਰੱਖਿਆ ਗਿਆ। ਜ਼ੇਲੈਂਸਕੀ ਨੇ ਕਿਹਾ ਕਿ ਮਾਹਿਰ ਇਹ ਪਤਾ ਲਾਉਣ ਦਾ ਯਤਨ ਕਰ ਰਹੇ ਹਨ ਕਿ ਮਾਰੀਉਪੋਲ ਵਿੱਚ ਕਿਹੜਾ ਪਦਾਰਥ ਵਰਤਿਆ ਗਿਆ ਹੈ। ਉਧਰ ਅਮਰੀਕੀ ਕਾਂਗਰਸ ਦੇ ਮੈਂਬਰਾਂ ਨੇ ਕਿਹਾ ਕਿ ਬਾਇਡਨ ਪ੍ਰਸ਼ਾਸਨ ਤੇ ਉਸ ਦੇ ਭਾਈਵਾਲ ਰੂਸ-ਯੂਕਰੇਨ ਜੰਗ ਵਿੱਚ ਰਸਾਇਣਕ ਹਥਿਆਰਾਂ ਦੀ ਵਰਤੋਂ ਨੂੰ ਬਰਦਾਸ਼ਤ ਨਹੀਂ ਕਰਨਗੇ। ਇਸ ਦੌਰਾਨ ਮਾਰੂ ਰਸਾਇਣਕ ਹਥਿਆਰਾਂ ਬਾਰੇ ਕੌਮਾਂਤਰੀ ਨਿਗਰਾਨ ਨੇ ਕਿਹਾ ਕਿ ਉਹ ਮਾਰੀਉਪੋਲ ਵਿੱਚ ਰਸਾਇਣਕ ਹਥਿਆਰ ਵਰਤੇ ਜਾਣ ਦੀਆਂ ਅਪੁਸ਼ਟ ਰਿਪੋਰਟਾਂ ਤੋਂ ਫਿਕਰਮੰਦ ਹੈ ਤੇ ਯੂਕਰੇਨ ਦੇ ਹਾਲਾਤ ’ਤੇ ਨੇੜਿਓ ਨਜ਼ਰ ਰੱਖੀ ਜਾ ਰਹੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly