(ਸਮਾਜ ਵੀਕਲੀ)
ਸਾਡੇ ਲੋਕਤੰਤਰ ਦੀ ਗੱਡੀ ਦੇ ਪਹੀਏ,
ਖੂਨ ਨਾਲ ਲੱਥਪੱਥ ਹੈ ਤੇਰੀ ਕਹਾਣੀ
ਅੰਨਦਾਤੇ ਦੀ ਮਿੱਟੀ ਵਿੱਚੋਂ ਦੇਖਿਓ
ਹੁਣ ਹਰ ਕਤਰੇ ਦੀ ਉਪਜ ਕਹਾਣੀ
ਓਏ ਮੰਨੂ ਦੀਏ ਸੰਤਾਨੇ,ਆ ਸਾਮ੍ਹਣੇ
ਕਿਉਂ ਝਾਕੇਂ ਹੁਣ ਮਾਂ ਦੀ ਕੱਛ ਥਾਣੀਂ
ਸਮਝਣਾ ਨਾ ਵਿਅਰਥ ਸ਼ਹਾਦਤਾਂ
ਭਰਨਾ ਪੈਣਾ ਮੁੱਲ ਸਣੇ ਵਿਆਜੀਂ
ਭੁਲੇਖਾ ਹੈ ਤਾਂ ਇਤਿਹਾਸ ਪੜ੍ਹ ਲਓ
ਪੜਲੋ ਅਸੈਂਬਲੀ ਵਾਲੀ ਬੰਬ ਕਹਾਣੀ
ਪੜ੍ਹ ਲਿਓ ਸਰਾਭੇ, ਭਗਤ ਸਿੰਘ ਨੂੰ
ਇੰਦਰਾ ਦੀ ਵੀ ਨੀ ਬਹੁਤੀ ਪੁਰਾਣੀ
ਖ਼ਾਕੀ ਨੀਕਰੋ ਧਿਆਨ ਨਾਲ ਸੁਣਿਓ
ਬਸੰਤੀ, ਨੀਲੀਆਂ ਦੀ ਅਜ਼ਬ ਕਹਾਣੀ
ਓਏ ! ਘਟੀਆ ਸਿਆਸਤਦਾਨੋ ਇਹ
ਸ਼ੇਰਾਂ ਦੀ ਕੌਮ ਨਾ ਮੰਗਣ ਦੇਵੇ ਪਾਣੀ
ਵਾਰ ਵਾਰ ਨਾਂ ਵੰਗਾਰਿਓ ਇਹਨਾਂ ਨੂੰ ,
ਇਨ੍ਹਾਂ ਦੇ ਸਿਰਾਂ ਦਾ ਤੂੰ ਮੁੱਲ ਨਾ ਜਾਣੀਂ
ਇਹ ਬੜੀ ਮਹਿੰਗੀ ਮਿਲੀ ਸਰਦਾਰੀ
ਤੇਰੇ ਤੋਂ ਇੱਕ ਝਲਕ ਨੀ ਦੇਖੀ ਜਾਣੀਂ
ਓਏ ਜਲਾਦਾ ਜਿੰਨੇ ਸਿਰ ਤੂੰ ਮੰਗੇਗਾ
ਤੇਰੀ ਕੌਮ ਦੀ ਉਪਜੂ ਉਜਾੜ ਕਹਾਣੀ
ਸਭ ਡਰ ਡਰ ਕੇ ਭੱਜ ਗਏ ਸਨ,ਸੁਣ
ਮੁਗਲ,ਪਠਾਣ ਗੋਰਿਆਂ ਦੀ ਕਹਾਣੀ
ਸਵਾ ਲੱਖ ਨਾਲ ਅਸਲੀ ਇੱਕ ਲੜਾ ਕੇ,
ਪੜ੍ਹਲੋ ਸਾਰਾਗੜ੍ਹੀ ਇਤਿਹਾਸ ਜ਼ੁਬਾਨੀ
ਸਾਡੇ ਲੋਕਤੰਤਰ ਦੀ ਗੱਡੀ ਦੇ ਪਹੀਏ
ਖੂਨ ਨਾਲ ਲੱਥਪੱਥ ਹੈ ਤੇਰੀ ਕਹਾਣੀ।
ਬਰਜਿੰਦਰ ਕੌਰ ਬਿਸਰਾਓ
ਸੰਪਰਕ-9988901324
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly