(ਸਮਾਜ ਵੀਕਲੀ)-ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਘਲੂਘਾਰਾ ਦਾ ਮਤਲਬ ਹੈ ਤਬਾਹੀ,ਗ਼ਾਰਤੀ, ਸਰਵਨਾਸ਼ । ਉਨ੍ਹਾਂ ਅਨੁਸਾਰ 2 ਜੇਠ ਸੰਮਤ 1803 ਵਿਚ ਦੀਵਾਨ ਲਖਪਤ ਰਾਇ ਨਾਲ ਜੋ ਖਾਲਸੇ ਦੀ ਲੜਾਈ ਕਾਨੂੰਵਾਣ ਦੇ ਛੰਭ ਪਾਸ ਹੋਈ ਉਹ ਛੋਟਾ ਘਲੂਘਾਰਾ ਅਤੇ 28 ਮਾਘ ਸੰਮਤ1818 ( 5 ਫਰਵਰੀ 1762) ਨੂੰ ਅਹਿਮਦ ਸ਼ਾਹ ਦੁਰਾਨੀ ਨਾਲ ਰਾਇਪੁਰ ਗੁਜਰਵਾਲ ਪਾਸ ਕੁੱਪਰਹੀਕੇ ਦੇ ਮਕਾਮ ਹੋਈ ਉਹ ਵੱਡਾ ਘੱਲੂਘਾਰਾ ਸਿੱਖ ਇਤਿਹਾਸ ਵਿਚ ਪ੍ਰਸਿੱਧ ਹੈ ।
ਜਿੱਥੋਂ ਤੀਕ ਛੋਟੇ ਘੱਲੂਘਾਰੇ ਦਾ ਸਬੰਧ ਹੈ ,ਇਸ ਦੇ ਇਤਿਹਾਸਿਕ ਪਿਛੋਕੜ ‘ਤੇ ਜਦ ਅਸੀਂ ਝਾਤ ਪਾਉਂਦੇ ਹਾਂ ਤਾਂ ਪਤਾ ਲਗਦਾ ਹੈ ਕਿ 1 ਜੁਲਾਈ 1745 ਨੂੰ ਜ਼ਕਰੀਆ ਖ਼ਾਨ ਦੀ ਮੌਤ ਹੋ ਗਈ। ਉਸ ਦੇ ਤਿੰਨ ਪੁੱਤਰ ਸਨ ਤੇ ਤਿੰਨੋਂ ਹੀ ਆਪਣੇ ਆਪ ਨੂੰ ਯੋਗ ਵਾਰਸ ਸਮਝਦੇ ਸਨ। ਸਭ ਤੋਂ ਵੱਡੇ ਦਾ ਨਾਂ ਯਾਹੀਆ ਖ਼ਾਨ ਸੀ, ਦੂਜੇ ਦਾ ਹਿਯਾਤ ਉੱਲਾ ਖ਼ਾਨ (ਉਸ ਨੂੰ ਸ਼ਾਹਨਵਾਜ ਵੀ ਕਹਿੰਦੇ ਸਨ) ਤੇ ਤੀਸਰੇ ਦਾ ਨਾਮ ਮੀਰ ਬੱਕੀਯ ਸੀ।
ਯਹੀਆ ਖ਼ਾਨ ਨੇ ਤਾਕਤ ਹੱਥ ਵਿੱਚ ਲੈਂਦੇ ਸਾਰ ਹੀ ਦੀਵਾਨ ਲਖਪਤ ਰਾਇ ਨੂੰ ਦੀਵਾਨ ਥਾਪਿਆ ਜੋ ਕਿ ਜਸਪਤ ਰਾਇ ਦਾ ਵੱਡਾ ਭਰਾ ਸੀ। ਜਦ ਲਖਪਤ ਰਾਇ ਨੇ ਸਿੱਖਾਂ ਦਾ ਰੋੜੀ ਸਾਹਿਬ ਜੁੜਨਾ ਸੁਣਿਆ ਤਾਂ ਉਸ ਖ਼ਾਸ ਹਦਾਇਤਾਂ ਜਸਪਤ ਰਾਇ ਵੱਲ ਭੇਜੀਆਂ। ਜਸਪਤ ਰਾਇ ਨੇ ਇਕੱਠੇ ਸਿੱਖਾਂ ਉੱਤੇ ਹੱਲਾ ਕਰ ਦਿੱਤਾ। ਸਿੱਖ ਵੀ ਟਾਕਰੇ ‘ਤੇ ਡਟ ਗਏ। ਜਸਪਤ ਰਾਇ ਹਾਥੀ ਉੱਤੇ ਚੜ੍ਹਿਆ, ਫੌਜਾਂ ਨੂੰ ਹਮਲਾ ਕਰਨ ਦੇ ਹੁਕਮ ਦੇ ਰਿਹਾ ਸੀ ਕਿ ਭਾਈ ਨਿਬਾਹੂ ਸਿੰਘ ਨੇ ਅੱਗੇ ਵੱਧ ਕੇ ਜਸਪਤ ਰਾਇ ਉੱਤੇ ਹਮਲਾ ਕਰ ਦਿੱਤਾ। ਹਾਥੀ ਦੀ ਪੂਛ ਪਕੜ ਕੇ ਹੁੱਦੇ ਵਿੱਚ ਉਹ ਜਾ ਵੜਿਆ ਅਤੇ ਜਸਪਤ ਰਾਇ ਦਾ ਸਿਰ ਵੱਢ ਆਂਦਾ।ਸਿੰਘਾਂ ਸ਼ਹਿਰ ਵਿੱਚੋਂ ਰਸਦ ਪਾਣੀ ਲਿਆ ਲੰਗਰ ਚਲਾਏ ਅਤੇ ਅੱਗੇ ਚਲੇ ਗਏ। ਜਸਪਤ ਰਾਇ ਦਾ ਸਿਰ ਗੁਸਾਈਂ ਕਿਰਪਾ ਰਾਮ ਬਦੋਂਕੀ ਨੂੰ 500 ਰੁਪਏ ਲੈ ਕੇ ਵਾਪਸ ਕੀਤਾ।
ਲਖਪਤ ਰਾਇ ਨੇ ਜਦ ਜਸਪਤ ਰਾਇ ਦੀ ਮੌਤ ਦੀ ਖ਼ਬਰ ਸੁਣੀ ਤਾਂ ਲੋਹਾ ਲਾਖਾ ਹੋ ਗਿਆ। ਭਰੇ ਦਰਬਾਰ ਵਿੱਚ ਲਖਪਤ ਰਾਇ ਨੇ ਪੱਗੜੀ ਉਤਾਰੀ ਤੇ ਪਾਨ ਦਾ ਬੀੜਾ ਚੁੱਕ ਕੇ ਕਸਮ ਉਠਾਈ ਕਿ ਉਸ ਦਿਨ ਤੱਕ ਪੱਗੜੀ ਸਿਰ ਉੱਤੇ ਨਹੀਂ ਰੱਖਾਂਗਾ ਜਦ ਤੱਕ ਸਿੱਖਾਂ ਨੂੰ ਨਹੀਂ ਮੁਕਾ ਲੈਂਦਾ।ਨਵਾਬ ਯਾਹੀਆ ਖ਼ਾਨ ਨੇ ‘ਯਿਹ ਅੱਛੀ ਕਾਰ’ ਕਹਿ ਹੱਲਾ ਸ਼ੇਰੀ ਦਿੱਤੀ। ਆਪਣੇ ਕੰਮ ਦਾ ਅਰੰਭ ਕਰਨ ਲਈ ਲਾਹੌਰ ਸ਼ਹਿਰ ਦੇ ਸਾਰੇ ਵਸਨੀਕ ਸਿੱਖ ਪਕੜ ਮੰਗਾਏ ਤੇ 10 ਮਾਰਚ 1746 ਦੀ ਤਰੀਕ ਨਿਯਤ ਕੀਤੀ ਗਈ ਕਿ ਉਨ੍ਹਾਂ ਸਭਨਾਂ ਦੇ ਖੋਪਰ ਉਤਾਰ ਸ਼ਹੀਦ ਕਰ ਦਿੱਤਾ ਜਾਏ। ਐਸੀ ਭਿਆਨਕ ਖ਼ਬਰ ਸੁਣ ਕੇ ਸ਼ਹਿਰੀ ਪਤਵੰਤੇ ਹਿੰਦੂ, ਗੁਸਾਈਂ ਜਗਤ ਭਗਤ ਦੀਵਾਨ ਕੌੜਾ ਮਲ, ਦੀਵਾਨ ਲਛੀ ਰਾਮ, ਸੂਰਤ ਸਿੰਘ, ਦੀਵਾਨ ਦੇਸ ਰਾਜ, ਚੌਧਰੀ ਜਵਾਹਰ ਮੱਲ ਦੀ ਅਗਵਾਈ ਹੇਠਾਂ ਲਖਪਤ ਰਾਇ ਨੂੰ ਬੇਦੋਸਿਆਂ ਦੇ ਖ਼ੂਨ ਕਰਨ ਤੋਂ ਰੋਕਣ ਆਏ ਅਤੇ ਇੱਥੋਂ ਤੱਕ ਕਿਹਾ ਕਿ ਸਾਡੀ ਖ਼ਾਤਰ ਛੱਡ ਦਿਓ। ਉਨ੍ਹਾਂ ਇਹ ਵੀ ਕਿਹਾ ਕਿ 10 ਮਾਰਚ ਨੂੰ ਸੋਮਾਵਤੀ ਅਮਾਵਸ ਹੈ ਉਸ ਦਿਨ ਮਾਰਨਾ ਵੀ ਠੀਕ ਨਹੀਂ, ਪਰ ਉਸ ਆਖਿਆ ਕਿ ਜੇ ਰੱਬ ਵੀ ਕਹੇ ਤਾਂ ਵੀ ਨਹੀਂ ਛੱਡਾਂਗਾ।
ਜ਼ਕਰੀਆ ਖਾਂ ਨੇ ਡੱਲੇਵਾਲ ਦਾ ਕਿਲ੍ਹਾ ਢਾਹ ਦਿੱਤਾ ਸਿੱਖਾਂ ਨੂੰ ਚੁਣ ਚੁਣ ਕੇ ਮਾਰਿਆ ਗਿਆ।ਉਨ੍ਹਾਂ ਦੇ ਸਿਰਾਂ ਦੇ ਇਨਾਮ ਰਖੇ ਗਏ ।ਸੈਂਕੜੇ ਹੀ ਸਿੱਖ ਹੱਥਕੜੀਆਂ ਲਾ ਕੇ ਲਿਆਂਦੇ ਗਏ ਜਿੱਥੇ ੳਨ੍ਹਾਂ ਨੂੰ ਸ਼ਰੇਆਮ ਨਖਾਸ (ਘੋੜਾ ਮੰਡੀ) ਵਿੱਚ ਸਿਰ ਵੱਢ ਕੇ ਮਾਰ ਦਿੱਤਾ ਗਿਆ। ਇਸ ਥਾਂ ਦਾ ਨਾਂ ਮਗਰੋਂ ਸ਼ਹੀਦ ਗੰਜ਼ ਪੈ ਗਿਆ।
ਲਖਪਤ ਰਾਇ ਲਾਹੌਰ ਦੇ ਵਸਨੀਕਾਂ ਨੂੰ ਸ਼ਹੀਦ ਕਰਨ ਉਪਰੰਤ ਅੰਮ੍ਰਿਤਸਰ ਵੱਲ ਵਧਿਆ। ਅੰਮ੍ਰਿਤਸਰ ਵੀ ਇੱਕ ਦਮ ਫੌਜਾਂ ਦਾ ਹੱਲਾ ਹੋ ਜਾਣ ਕਾਰਨ ਸਿੱਖ ਟਿਕਾਣਿਆਂ ਵੱਲ ਨਾ ਜਾ ਸਕੇ।ਸਿੱਖਾਂ ਦੀ ਸੋਚ ਬਣੀ ਕਿ ਕਾਹਨੂੰਵਾਨ ਦੇ ਛੰਭਾਂ ਵੱਲ ਚਲਿਆ ਜਾਏ।ਕਾਹਨੂੰਵਾਨ ਦੇ ਛੰਭਾਂ ਵੱਲ ਜਾਂਦੇ ਹੀ ਰਸਤੇ ਵਿੱਚ ਫੌਜਾਂ ਨੇ ਰੋਕ ਪਾ ਕੇ ਸਿੱਖਾਂ ਦੀ ਵਹੀਰ ਦਾ ਮੂੰਹ ਰਾਵੀ ਵੱਲ ਕਰ ਦਿੱਤਾ। ਲਖਪਤ ਰਾਇ ਨੇ ਜੰਗਲ ਕਟਵਾਣੇ ਅਰੰਭ ਕਰ ਦਿੱਤੇ ਤੇ ਝਲ ਸਾੜ ਕੇ ਤੋਪਾਂ ਸੇਧ ਕੇ ਸਿੰਘਾਂ ‘ਤੇ ਚਲਾਈਆਂ।
ਸਿੰਘਾਂ ਫੈਸਲਾ ਕਰ ਲਿਆ ਕਿ ਝੱਲਾਂ ਵਿੱਚ ਲੁਕਿਆਂ ਸ਼ਹੀਦੀਆਂ ਲੈਣੀਆਂ ਠੀਕ ਨਹੀਂ। ਇਸ ਲਈ ਸੂਰਮੇ ਝੱਲਾਂ ਤੋਂ ਬਾਹਰ ਆ ਗਏ। ਪਰ ਕੁਝ ਵੱਡਿਆਂ ਨੇ ਸਲਾਹ ਦਿੱਤੀ ਕਿ ਤੁਹਾਡੀ ਕੁਰਬਾਨੀ ਅਥਾਹ ਹੈ ਪਰ ਸਿਆਣਪ ਇਸ ਵਿੱਚ ਹੈ ਕਿ ਦਾਅ ਨਾਲ ਲੜਿਆ ਜਾਏ।ਵਿਚਾਰ ਇਹ ਬਣੀ ਕਿ ਬਸੌਲੀ ਦੀਆਂ ਪਹਾੜੀਆਂ ਵਿੱਚ ਪਨਾਹ ਲਈ ਜਾਏ। ‘ਬਸੌਲੀ’ ਵਿੱਚ ਸਿੱਖਾਂ ਦਾ ਸਵਾਗਤ ਗੋਲੀਆਂ ਅਤੇ ਪੱਥਰਾਂ ਨਾਲ ਹੋਇਆ। ਸਿੱਖਾਂ ਨੇ ਆਪਣੇ ਆਪ ਨੂੰ ਚਾਰੇ ਪਾਸਿਓਂ ਘਿਰੇ ਹੋਏ ਪਾਇਆ ।ਇਹ ਵਿਚਾਰ ਬਣੀ ਕਿ ਇੱਕ ਜਥਾ ਪਹਾੜੀ ਚੜ੍ਹੇ, ਦੂਜਾ ਰਾਵੀ ਪਾਰ ਕਰੇ, ਭਾਈ ਸੁੱਖਾ ਸਿੰਘ ਮਾੜੀ ਕੰਬੋ ਦੀ ਅਗਵਾਈ ਹੇਠਾਂ ਲਖਪਤ ਰਾਇ ਦਾ ਟਾਕਰਾ ਕਰੇ।
ਕਈ ਪਹਾੜੀ ਚੜ੍ਹ ਗਏ ।ਦੂਜੇ ਪਾਸੇ ਰਾਵੀ ਲੰਘਣੀ ਇੱਕ ਔਖੀ ਗੱਲ ਹੋ ਗਈ। ਇਹ ਹੀ ਵਿਚਾਰ ਬਣੀ ਕਿ ਪੈਦਲ ਜਥੇ ਪਹਾੜੀਆਂ ਟੱਪ ਕੇ ਕੁਲੂ ਤੇ ਮੰਡੀ ਵੱਲ ਨਿਕਲ ਜਾਣ ਅਤੇ ਜੋ ਘੋੜਿਆਂ ਉੱਤੇ ਹਨ ਉਹ ਪਿੱਛੇ ਮੁੜ ਕੇ ਟਾਕਰਾ ਕਰਨ। ਇਸੇ ਤਰ੍ਹਾਂ ਕੁਝ ਤਾਂ ਪਹਾੜੀਆਂ ਉੱਤੇ ਚੜ੍ਹ ਗਏ ਤੇ ਮੁਸੀਬਤਾਂ ਝਾਗ ਕੇ ਤਕਰੀਬਨ ਛੇ ਮਹੀਨਿਆਂ ਉਪਰੰਤ ਕੀਰਤਪੁਰ ਆ ਸਿੱਖਾਂ ਨੂੰ ਮਿਲੇ। ਬਾਕੀ ਸਿੰਘ ਰਹਿ ਗਏ ਉਨ੍ਹਾਂ ਨਿਰਣਾ ਕੀਤਾ ਕਿ ਗੋਲਕਾਰ ਕਿਲ੍ਹੇ ਦੀ ਸ਼ਕਲ ਬਣਾ ਕੇ ਲਖਪਤ ਰਾਇ ਦੀਆਂ ਫੌਜਾਂ ‘ਤੇ ਹੱਲਾ ਬੋਲ ਦਿੱਤਾ ਜਾਏ। ਇੰਝ ਹੀ ਕੀਤਾ ਗਿਆ। ਨਵਾਬ ਕਪੂਰ ਸਿੰਘ ਜੀ ਅਗਵਾਈ ਕਰ ਰਹੇ ਸਨ, ਸਰਦਾਰ ਜੱਸਾ ਸਿੰਘ ਇੱਕ ਸਿਰੇ ਨੂੰ ਸਾਂਭ ਰਹੇ ਸਨ ਤੇ ਸਰਦਾਰ ਸੁੱਖਾ ਸਿੰਘ ਜੀ ਅੱਗੇ ਵੱਧ ਕੇ ਮੋਹਰਲਾ ਪੱਖ ਤੋੜ ਰਹੇ ਸਨ। ਨੇੜੇ ਹੀ ਸੀ ਕਿ ਸੁਰਦਾਰ ਸੁੱਖਾ ਸਿੰਘ ਲਖਪਤ ਰਾਇ ਨੂੰ ਮਾਰ ਮੁਕਾਉਂਦੇ ਕਿ ਉਨ੍ਹਾਂ ਦੇ ਘੋੜੇ ਨੂੰ ਤੋਪ ਦਾ ਇੱਕ ਐਸਾ ਗੋਲਾ ਲੱਗਾ ਕਿ ਉਹਨਾਂ ਦੀ ਲੱਤ ਸਖ਼ਤ ਜ਼ਖ਼ਮੀ ਹੋ ਗਈ ਤੇ ਉਹ ਪਿੱਛੇ ਹਟ ਗਏ। ਪਿੱਛੋਂ ਲੱਤ ਵੱਢ ਕੇ ਲੱਕੜ ਦੀ ਲਗਾਈ ਗਈ।
ਸਰਦਾਰ ਜੱਸਾ ਸਿੰਘ ਜੀ ਦੇ ਪੱਟ ਵਿੱਚ ਵੀ ਗੋਲੀ ਲੱਗੀ ਪਰ ਆਪ ਜੀ ਨੇ ਪੱਟ ਨੂੰ ਹੰਨੇ ਨਾਲ ਬੰਨ੍ਹ ਲਿਆ ਤੇ ਉਸੇ ਤਰ੍ਹਾਂ ਲੜਦੇ ਰਹੇ, ਜਿਵੇਂ ਸੱਟ ਲੱਗੀ ਹੀ ਨਹੀਂ ਹੁੰਦੀ। ਨਵਾਬ ਕਪੂਰ ਸਿੰਘ ਜੀ ਤੇ ਸਿੱਧਾ ਵਾਰ ਹੋਇਆ ਪਰ ਗੁਰੂ ਕ੍ਰਿਪਾ ਨਾਲ ਉਹ ਬਚ ਗਏ। ਇਹ ਮਨਸੂਬਾ ਬਣਾਇਆ ਕਿ ਹੁਣ ਤਾਂ ਖਿੰਡ ਪੁੰਡ ਜਾਓ ਤੇ ਫਿਰ ਇਕੱਠੇ ਹੋ ਕੇ ਮਾਝੇ ਮੁੜ ਸ਼ੋਰ ਮਚਾਵੋ । ਇਹ ਘਟਨਾ ਪਹਿਲੀ ਜੂਨ 1746 ਨੂੰ ਹੋਈ। ਬਾਕੀ ਸਿੱਖ ਜੋ ਦੋ ਹਜ਼ਾਰ ਦੇ ਕਰੀਬ ਸਨ, ਪੂਰਬੀ ਕਿਨਾਰੇ ਤੋਂ ਰਾਵੀ ਪਾਰ ਕਰਕੇ ਰੇਤਲੇ ਮੈਦਾਨ ਵਿੱਚ ਨਿਕਲ ਗਏ। ਪਹਿਲੀ ਜੂਨ 1746ਨੂੰ ਛੋਟੇ ਘੱਲੂਘਾਰੇ ਦਾ ਅਰੰਭ ਸੀ ਤੇ ਦੁੱਖ ਭੁੱਖ ਦੀਆਂ ਮਾਰਾਂ ਸ਼ੁਰੂ ਹੋਈਆਂ ਸਨ। ਰੇਤਲੇ ਮੈਦਾਨਾਂ ਨੂੰ ਜੇਠ ਹਾੜ ਦੀਆਂ ਧੁੱਪਾਂ ਵਿੱਚ ਪਾਰ ਕਰਕੇ ਬਿਆਸ ਤੱਕ ਪੁੱਜਣਾ ਇੱਕ ਹੋਰ ਔਖੀ ਘਾਟੀ ਸੀ।
ਸਿੱਖਾਂ ਪਗੜੀਆਂ ਉਤਾਰ ਕੇ ਪੈਰਾਂ ਵਿੱਚ ਬੰਨ੍ਹੀਆਂ ਤੇ ਧੁੱਪਾਂ ਤਨ ਬਦਨ ਤੇ ਸਹਾਰਦੇ ਤੁਰੀ ਗਏ। ਸ੍ਰੀ ਹਰਿਗੋਬਿੰਦਪੁਰ ਦੇ ਲਾਗੇ ਤੋਂ ਬਿਆਸ ਪਾਰ ਕਰ ਗਏ। ਕਈ ਦਿਨਾਂ ਦੇ ਭੁੱਖੇ ਹੋਣ ਕਾਰਨ ਆਪਣੀਆਂ ਢਾਲਾਂ ਨੂੰ ਤਵੇ ਬਣਾ ਕੇ ਰੋਟੀਆਂ ਪਕਾਉਣ ਲੱਗੇ। ਅੱਗ ਦੀ ਥਾਂ ਤਪਦੀ ਰੇਤ ਵਿੱਚ ਢਾਲਾਂ ਗਰਮ ਕਰਨ ਲਈ ਰੱਖੀਆਂ ਤਾਂ ਕਿ ਢਾਲਾਂ ਉੱਤੇ ਰੋਟੀ ਪਕਾਈ ਜਾ ਸਕੇ। ਅਜੇ ਰੋਟੀਆਂ ਪਕਾਉਣ ਹੀ ਲੱਗੇ ਸਨ ਕਿ ਪਠਾਣਾਂ ਦੇ ਇੱਕ ਦਸਤੇ ਨੇ ਹਮਲਾ ਕਰ ਦਿੱਤਾ। ਉਹ ਪਠਾਣਾਂ ਨਾਲ ਸਿੱਝ ਸਕਦੇ ਸਨ ਪਰ ਉਨ੍ਹਾਂ ਨੂੰ ਇਹ ਖ਼ਬਰ ਵੀ ਪੁੱਜ ਚੁੱਕੀ ਸੀ ਕਿ ਲਖਪਤ ਰਾਇ ਫੌਜਾਂ ਨਾਲ ਪਿੱਛੇ ਆ ਰਿਹਾ ਹੈ। ਸਿੱਖ ਸਤਲੁਜ ਪਾਰ ਕਰਨ ਲਈ ਅਲੀਵਾਲ ਵੱਲ ਭੱਜ ਉਠੇ। ਸਤਲੁਜ ਪਾਰ ਕਰਕੇ ਮਾਲਵਾ ਦੀ ਧਰਤੀ ਜਾ ਪੁੱਜੇ। ਮਾਲਵੇ ਦੇ ਸਿੰਘਾਂ ਚੰਗੀ ਦੇਖਭਾਲ ਕੀਤੀ ਅਤੇ ਜਥਿਆਂ ਨੂੰ ਵੰਡ ਕੇ ਸੇਵਾ ਕੀਤੀ। ਜੈਤੋ-ਸਰਦਾਰ ਸੁੱਖਾ ਸਿੰਘ, ਕੋਟਕਪੂਰਾ-ਸਰਦਾਰ ਜੱਸਾ ਸਿੰਘ, ਵਿੰਝੂ ਕੇ-ਸਰਦਾਰ ਤਰਲੋਕ ਸਿੰਘ ਧਿੰਘ,ਦਯਾਲਪੁਰੇ-ਭਾਈ ਹਰੀ ਸਿੰਘ ਭੰਗੀ,ਬਠਿੰਡੇ-ਨਕਈ ਸਰਦਾਰ. ਦਮਦਮੇ ਸਾਹਿਬ-ਬਾਬਾ ਦੀਪ ਸਿੰਘ, ਨਵਾਬ ਕਪੂਰ ਸਿੰਘ-ਬਰਨਾਲੇ ਅਤੇ ਸਰਦਾਰ ਚੜ੍ਹਤ ਸਿੰਘ ਪੱਕੇ-ਪਥਰਾਲੇ।
ਇਸ ਤਰ੍ਹਾਂ ਖਿੰਡ ਕੇ ਕੁਝ ਦਿਨ ਕੱਟੇ। ਲਖਪਤ ਰਾਇ ਵੀ ਵਾਪਸ ਮੁੜ ਗਿਆ ਸੀ ਕਿਉਂਜੋ ਉਹ ਖਿਆਲ ਕਰਦਾ ਸੀ ਕਿ ਸਿੱਖਾਂ ਦੀ ਕਮਰ ਤੋੜ ਦਿੱਤੀ ਗਈ ਹੈ। ਨਾਲੇ ਲਾਹੌਰ ਦੇ ਹਾਲਾਤ ਮੁੜਨ ਦੀ ਪ੍ਰੇਰਨਾ ਕਰ ਰਹੇ ਸਨ। ਇਸ ਘੱਲੂ-ਘਾਰੇ ਵਿੱਚ 10,000 ਦੇ ਕਰੀਬ ਸਿੱਖਾਂ ਦਾ ਜਾਨੀ ਨੁਕਸਾਨ ਹੋਇਆ ਅਤੇ ਇਹ ਘੁੱਲੂਘਾਰਾ 30 ਜੂਨ ਤੱਕ ਹੁੰਦਾ ਰਿਹਾ। ਇਸ ਲੜਾਈ ਵਿੱਚ ਬਹੁਤ ਭਾਰੀ ਨੁਕਸਾਨ ਹੋਣ ਕਰਕੇ ਸਿੱਖ ਇਸ ਨੂੰ ਛੋਟਾ ਘੱਲੂਘਾਰਾ ਕਹਿੰਦੇ ਹਨ।ਕਈ ਸਿੱਖਾਂ ਦੇ ਸਿਰਾਂ ਦੇ ਗੱਡੇ ਭਰ ਕੇ ਲਖਪਤ ਰਾਇ ਲਾਹੌਰ ਲੈ ਗਿਆ। ਉੱਥੇ ਹੀ ਸਿਰਾਂ ਦਾ ਮੀਨਾਰ ਉਸਾਰਿਆ। ਕਈ ਸੌ ਜਿਊਂਦੇ ਵੀ ਪਕੜ ਕੇ ਲੈ ਗਿਆ ਅਤੇ ਉਹਨਾਂ ਨੂੰ ਘੋੜਿਆਂ ਦੀ ਮਾਰਕੀਟ (ਨਖਾਸ) ਦੇ ਲਾਗੇ ਸ਼ਹੀਦ ਕੀਤਾ, ਜਿਥੇ ਅੱਜ ਕੱਲ੍ਹ ਸ਼ਹੀਦ ਗੰਜ ਹੈ। ਇਸ ਘਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿਚ ਇਸ ਸਥਾਨ ‘ਤੇ ਗੁਰਦੁਆਰਾ ਬਣਾਇਆ ਗਿਆ ਹੈ।
ਇਸ ਪਹਿਲੇ ਘਲੂਘਾਰੇ ਦੌਰਾਨ ਉਜਾੜੇ ਗਏ 44 ਪਿੰਡਾਂ ਦੀ ਸੂਚੀ ਸਵਰਨ ਸਿੰਘ ਨੇ ਆਪਣੀ ਪੁਸਤਕ, ਪਹਿਲਾ ਘੱਲੂਘਾਰਾ( ਲੱਖੂ ਭੱਸੂ ਦੇ ਹੰਕਾਰ ਤੇ ਜ਼ਿੱਦ ਦਾ ਸਿੱਟਾ ), ਪ੍ਰਕਾਸ਼ਿਤ ਸਿੰਘ ਬ੍ਰਦਰਜ਼, ਅੰਮ੍ਰਿਤਸਰ ਵਿਚ ਦਿੱਤੀ ਹੈ।
ਹਵਾਲਾ ਪੁਸਤਕਾਂ :1 ਸਤਿਬੀਰ ਸਿੰਘ, ਪਿੰ੍ਰਸੀਪਲ, ਸਾਡਾ ਇਤਿਹਾਸ(ਭਾਗ ਦੂਜਾ), ਨਿਊ ਬੁੱਕ ਕੰਪਨੀ, ਮਾਈ ਹੀਰਾਂ ਗੇਟ, ਜਲੰਧਰ,2010.
2.ਖੁਸ਼ਵੰਤ ਸਿੰਘ,(ਅਨੁਵਾਦਕ ਡਾ. ਗੁਰਚਰਨ ਸਿੰਘ ਔਲਖ). ਸਿੱਖ ਇਤਿਹਾਸ ਭਾਗ ਪਹਿਲਾ(1469-1839), ਲਾਹੌਰ ਬੁੱਕ ਸ਼ਾਪ,ਲੁਧਿਆਣਾ,2013.
3 ਨਾਭਾ,ਭਾਈ ਕਾਨ੍ਹ ਸਿੰਘ, ਗੁਰੁਸ਼ਬਦ ਰਤਾਨਕਰ ਮਹਾਨ ਕੋਸ਼ , ਭਾਸ਼ਾ ਵਿਭਾਗ, ਪੰਜਾਬ,1990.
ਡਾ.ਚਰਨਜੀਤ ਸਿੰਘ ਗੁਮਟਾਲਾ, 91 9417533060 ,
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly