(ਸਮਾਜ ਵੀਕਲੀ)
ਸਾਲ ਪਚੰਤਰ ਬੀਤ ਗਏ
ਕਰਦੇ ਰਾਜ ਰਹੇ ਸੀ ਪੈਸੇ
ਗੱਡੀ ਤਾਂ ਹੂਟਰ ਵਾਲ਼ੀ ਨੇ
ਲੋਕ ਡਰਾਏ ਬੜੇ ਸੀ ਕੈਸੇ
ਬੰਨ ਸਬਰ ਦਾ ਟੁੱਟ ਗਿਆ
ਕੱਢਤਾ ਧੌਣ ਵਿੱਚੋਂ ਸੀ ਕੀਲਾ
ਜੱਗ ਜਾਣ ਗਿਆ ਸਾਰਾ
ਸਾਡਾ ਲਹੂ ਨੀ ਹੋਇਆ ਨੀਲਾ
ਸਭ ਚਿੱਟੇ ਨੀਲੇ ਤਾਂ ਉੱਡਾ ਤੇ
ਰੰਗ ਫਿੱਕਿਆਂ ਦੇ ਵਾਂਗਰ
ਗਿਰੀਆਂ ਆਮ ਚੁਗ਼ ਲ਼ੈ ਗਏ
ਰਹਿਗੇ ਖਾਸ ਛਾਣਦੇ ਠਾਂਗਰ
ਕੋਈ ਲੋਕਾਂ ਦੇ ਹੜ੍ਹ ਮੂਹਰੇ
ਚਲਦਾ ਨਹੀਂ ਕੋਈ ਵਸੀਲਾ
ਜੱਗ ਜਾਣ ਗਿਆ ਸਾਰਾ
ਸਾਡਾ ਲਹੂ ਨੀ ਹੋਇਆ ਨੀਲਾ
ਜਿਹੜੇ ਕੁੱਟਦੇ ਸੀ ਲੋਕਾਂ ਨੂੰ
ਅੱਜ ਲੋਕਾਂ ਮਾਂਜ ਕੇ ਧਰਤੇ
ਓ ਅੰਦਰੋਂ ਸਭ ਇੱਕ ਸੀ ਜੋ
ਅੱਜ ਵਾਂਗ ਖੱਖੜੀਆਂ ਕਰਤੇ
ਕਦੇ ਜਦੋਂ ਠੰਢੀਆਂ ਛਾਵਾਂ ਸੀ
ਅੱਜ ਸੁੱਕ ਕੇ ਹੋ ਗਏ ਤੀਲਾ
ਜੱਗ ਜਾਣ ਗਿਆ ਸਾਰਾ
ਸਾਡਾ ਲਹੂ ਨੀ ਹੋਇਆ ਨੀਲਾ
ਜੋ ਖਾਸ ਧਨਾਢ ਕਹਾਉਂਦੇ ਸੀ
ਉਹ ਅੱਜ ਝੱਗ ਦੇ ਵਾਂਗੂ ਬਹਿਗੇ
ਜਿਹੜੇ ਆਮ ਜਿਹੇ ਬੰਦੇ ਸੀ
ਆਪਣੀ ਗੱਲ ਲੋਕਾਂ ਚ ਕਹਿਗੇ
ਰਹਿ ਗਿਆ ਗੀਤ ਬਣਾਉਂਦਾ ਤੂੰ
‘ਜੀਤ’ ਸਿਆਂ ਕਰਲੈ ਤੂੰ ਕੋਈ ਹੀਲਾ
ਜੱਗ ਜਾਣ ਗਿਆ ਸਾਰਾ
ਸਾਡਾ ਲਹੂ ਨੀ ਹੋਇਆ ਨੀਲਾ
ਸਰਬਜੀਤ ਸਿੰਘ ਨਮੋਲ਼ ਪਿੰਡ ਨਮੋਲ਼ ਜ਼ਿਲ੍ਹਾ ਸੰਗਰੂਰ
9877358044
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly