ਲਾਹੌਰ ਦੇ ਅਨਾਰਕਲੀ ਬਾਜ਼ਾਰ ਵਿੱਚ ਧਮਾਕਾ; 2 ਹਲਾਕ, 28 ਜ਼ਖ਼ਮੀ

ਲਾਹੌਰ (ਸਮਾਜ ਵੀਕਲੀ):  ਲਾਹੌਰ ਦੇ ਪ੍ਰਸਿੱਧ ਅਨਾਰਕਲੀ ਬਾਜ਼ਾਰ ਦੀ ਪਾਨ ਮੰਡੀ ਵਿੱਚ ਅੱਜ ਹੋਏ ਜ਼ਬਰਦਸਤ ਧਮਾਕੇ ਵਿੱਚ ਦੋ ਜਣਿਆਂ ਦੀ ਮੌਤ ਹੋ ਗਈ, ਜਦੋਂਕਿ 28 ਹੋਰ ਜ਼ਖ਼ਮੀ ਹੋ ਗਏ। ਇਸ ਮੰਡੀ ਵਿੱਚ ਭਾਰਤੀ ਸਾਮਾਨ ਵੇਚਿਆ ਜਾਂਦਾ ਹੈ।

‘ਡਾਅਨ’ ਅਖ਼ਬਾਰ ਦੀ ਖ਼ਬਰ ਮੁਤਾਬਕ, ਲਾਹੌਰ ਪੁਲੀਸ ਦੇ ਬੁਲਾਰੇ ਰਾਣਾ ਆਰਿਫ ਨੇ ਧਮਾਕੇ ਵਿੱਚ ਦੋ ਮੌਤਾਂ ਦੀ ਪੁਸ਼ਟੀ ਕੀਤੀ ਹੈ। ਧਮਾਕਾ ਏਨਾ ਜ਼ਬਰਦਸਤ ਸੀ ਕਿ ਆਲੇ-ਦੁਆਲੇ ਦੀਆਂ ਇਮਾਰਤਾਂ ਅਤੇ ਦੁਕਾਨਾਂ ਦੇ ਸ਼ੀਸ਼ੇ ਟੁੱਟ ਗਏ। ਪੁਲੀਸ ਨੇ ਕਿਹਾ ਕਿ ਧਮਾਕਾ ਪਾਨ ਮੰਡੀ ਦੇ ਨੇੜੇ ਹੋਇਆ, ਜਿੱਥੇ ਭਾਰਤੀ ਸਾਮਾਨ ਵੇਚਿਆ ਜਾਂਦਾ ਹੈ। ਇਸ ਧਮਾਕੇ ਦੀ ਬਲੋਚ ਨੈਸ਼ਨਲਿਸਟ ਆਰਮੀ ਨੇ ਜ਼ਿੰਮੇਵਾਰੀ ਲਈ ਹੈ।

ਲਾਹੌਰ ਦੇ ਡਿਪਟੀ ਕਮਿਸ਼ਨਰ ਉਮਰ ਸ਼ੇਰ ਚੱਠਾ ਨੇ ਕਿਹਾ ਕਿ ਧਮਾਕਾਖੇਜ਼ ਸਮੱਗਰੀ ਬੈਂਕ ਦੇ ਬਾਹਰ ਖੜ੍ਹੇ ਕੀਤੇ ਇੱਕ ਮੋਟਰਸਾਈਕਲ ’ਚ ਫਿੱਟ ਕੀਤੀ ਗਈ ਸੀ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਧਮਾਕੇ ਦੀ ਨਿਖੇਧੀ ਕਰਦਿਆਂ ਅਧਿਕਾਰੀਆਂ ਨੂੰ ਕਿਹਾ ਕਿ ਜ਼ਖ਼ਮੀਆਂ ਨੂੰ ਵਧੀਆ ਮੈਡੀਕਲ ਸਹੂਲਤ ਦਿੱਤੀ ਜਾਵੇ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਧਮਾਕੇ ਸਬੰਧੀ ਰਿਪੋਰਟ ਵੀ ਮੰਗੀ ਹੈ। ਪੰਜਾਬ ਦੇ ਮੁੱਖ ਮੰਤਰੀ ਉਸਮਾਨ ਬੁਜ਼ਦਾਰ ਨੇ ਆਈਜੀ ਪੁਲੀਸ ਨੂੰ ਘਟਨਾ ਦੇ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ, ‘‘ਇਹ ਘਟਨਾ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਵਿਗਾੜਨ ਦੇ ਮਕਸਦ ਨਾਲ ਅੰਜਾਮ ਦਿੱਤੀ ਗਈ ਹੈ ਅਤੇ ਇਸ ਧਮਾਕੇ ਲਈ ਜ਼ਿੰਮੇਵਾਰ ਲੋਕ ਕਾਨੂੰਨ ਦੇ ਹੱਥਾਂ ਤੋਂ ਬਚ ਨਹੀਂ ਸਕਣਗੇ।’’

ਡੀਆਈਜੀ (ਅਪਰੇਸ਼ਨ) ਡਾ. ਮੁਹੰਮਦ ਆਬਿਦ ਨੇ ਘਟਨਾ ਸਥਾਨ ’ਤੇ ਇਕੱਠੇ ਹੋਏ ਪੱਤਰਕਾਰਾਂ ਨੂੰ ਕਿਹਾ, ‘‘ਅਸੀਂ ਪਤਾ ਲਗਾ ਰਹੇ ਹਾਂ ਕਿ ਧਮਾਕਾ ਕਿਸ ਢੰਗ ਨਾਲ ਕੀਤਾ ਗਿਆ ਹੈ। ਧਮਾਕੇ ਵਿੱਚ ਜ਼ਖ਼ਮੀ ਹੋਏ 28 ਤੋਂ ਵੱਧ ਲੋਕਾਂ ਨੂੰ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ।’’ ਪੁਲੀਸ ਨੇ ਘਟਨਾ ਵਾਲੀ ਥਾਂ ਨੂੰ ਸੀਲ ਕਰ ਦਿੱਤਾ ਹੈ। ਧਮਾਕੇ ਮਗਰੋਂ ਪੂਰਾ ਅਨਾਰਕਲੀ ਬਾਜ਼ਾਰ ਬੰਦ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਈਐੱਸ ਦੇ ਅਤਿਵਾਦੀਆਂ ਵੱਲੋਂ ਸੀਰੀਆ ਤੇ ਇਰਾਕ ਵਿੱਚ ਹਮਲੇ; 18 ਮੌਤਾਂ
Next articleTN announces compensation to owners of fishing boats in SL custody