(ਸਮਾਜ ਵੀਕਲੀ)
ਕਾਲੇ ਕਲਗੇ ਵਾਲਾ ਕਾਲਾ ਮੁਰਗਾ,
ਜਾਨੂੰਨੀ ਕਲਗੇ ਦੇ ਮਹਾਂ-ਹੰਕਾਰ ਵਿਚ,
ਬਕੜ ਬਕੜਤਾ ਵਿੱਚ,
ਜਿਦੀਆ ਬਣ ਬੈਠਦੈ,
ਉਸ ਦੇ ਡਰਾ ਕੇ ਪਾਲੇ
ਉਸ ਵਰਗੀ ਨਸਲ ਦੇ,
ਪਾਲਤੂ ਭਗਵੇਂ ਫਿਰਕੂ ਚੂਜੇ,
ਉਸ ਲਈ ਵਰਦਾਨ ਬਣਕੇ,
ਉਸ ਦੀ ਪੁਸ਼ਤਪਨਾਹੀ ਕਰਦੇ,
ਅਣਕਿਆਸੀਆਂ ਬੋਲੀਆਂ ਵਿਚ,
ਨੇਮਧਾਰੀ ਰਹਿ ਕੇ,
ਆਪਣੀਆਂ ਅਸਲੀ ਜਾਮੀਰਾਂ ਗੁਆ ਚੁੱਕੇ,
ਨਕਾਬੀ ਚੁੰਜਾਂ ਵਿੱਚ ਛੜੱਪੇ ਮਾਰ ਰਹੇ ਨੇ,
ਕਲਗੇ ਵਾਲਾ ਨਿਰੰਕੁਸ਼ ਹੋਣਾ ਦਿਖਾਲਦੈ,
ਮਾਨਵਤਾ ਖਿਲਾਫ਼,
ਹਰ ਪਰਸਥਿਤੀਆਂ ਬਦਲਵੇਂ,
ਵੱਖ ਵੱਖ ਲਿਬਾਸ,ਐਨਕਾਂ, ਜੁੱਤੇ ਪਹਿਨਦੈ,
ਇਹ ਕਿਸੇ ਖੁੱਡੇ ਵਿੱਚ ਨਹੀਂ,
ਬਹੁਤੇ ਕਰੋੜੀ ਮਹਿੰਗੇ ਜਹਾਜ ਵਿੱਚ ,
ਮਸਤੀਆਂ ਮਾਰਦੈ ਰਹਿੰਦੈ,
ਆਪਣੇ ਖੰਭਾਂ ਨੂੰ
ਹਰ ਰੋਜ ਨਵੀਂ ਰੰਗਤ ਦਿੰਦੈ,
ਇਹ ਦਾਣਾ ਪੱਠਾ / ਖੁਰਾਕ ਨਹੀਂ,
ਬਿਨ ਕਲਗੀਆਂ ਵਾਲਿਆਂ,
ਇਮਾਨਦਾਰਾਂ ਦੀਆਂ ਹੱਡੀਆਂ,
ਪੀਸ ਪੀਸ ਖਾਂਦੈ ਤੇ ,
ਰੱਤ ਪੀਂਦੈ !
ਬਿਨਾਂ ਪਛਾਣ ਵਾਲੇ,
ਨਾਗਰਿਕਤਾ ਦੀ ਪਛਾਣ ਤੋਂ ਵੱਖਰੇ,
ਘੱਟ ਗਿਣਤੀਆਂ ਵਾਲੇ,
ਜਾਤਾਂ ਪਾਤਾਂ ਵਿੱਚ ਧਕੇਲੇ ਗਏ ,
ਦਹਿਸ਼ਤਗਰਦੀ ਦੇ ਸਾਏ ਵਿੱਚ ਨਪੀੜੇ ਗਏ ,
ਬੋਲੀਆਂ ਕੌਮਾਂ ਦੀ ਸਿਆਸਤ ਵਿੱਚ ਮਰੋੜੇ ਗਏ ,
ਪੜ੍ਹੇ ਲਿਖੇ ਬੁੱਧੀਜੀਵੀ, ਕਲਾਕਾਰ,
ਤੰਗ ਖੁੱਡਿਆਂ ਵਿੱਚ,
ਬੰਨ੍ਹ ਕੇ ਤੁੰਨੇ ਹੋਏ,
ਉਸ ਕਲਗੇ ਵਾਲੇ ਤੋਂ,
ਰਤਾ ਭਰ ਵੀ,
ਕਿਸੇ ਅਸਰ ਵੀ,
ਮਹਿਫੂਜ਼ ਨਹੀਂ!
ਏਕਤਾ ਵਿੱਚ ਬਲ ਹੈ !
ਕਲਗੇ ਵਾਲਾ ਨਿਰੰਕੁਸ਼ਤੀਆ,
ਇਹ ਧਾਰਨਾ ਤੋੜਨੀ ਚਾਹੁੰਦੈ!
ਨਿੱਕੀਆਂ ਨਿੱਕੀਆਂ ਚੁੰਜਾਂ ਵਾਲਿਆਂ ਦੇ ,
ਖਾਣ ਪੀਣ,
ਜੀਉਦੇ ਰਹਿਣ ਦੇ,
ਵਾਤਾਵਰਨ ਸਾਜਗੀ ਮੌਕੇ ,
ਭਿਆਨਕ ਲੁਟੇਰਿਆਂ ਦੇ ਹਵਾਲੇ ਕਰ ਕੇ,
ਚ਼ਗਲ਼ਾਂ ਕਾਰਪੋਰੇਟੀ ,
ਮਹਾਂ- ਸਰਮਾਏਦਾਰੀ ਹਨੇਰ ਵਿੱਚ ਸ਼ਾਮਲ ਹੋ ਗਿਐ,
ਬਿਨਾਂ ਕਲਗੀਆਂ ਵਾਲੇ ,
ਮਿਹਨਤਕਸ਼, ਕਲਮਾਂ ਵਾਲੇ,
ਅੱਖਰਾਂ ਸ਼ਬਦਾਂ ਨੂੰ ਬਿਖੇਰਨ ਵਾਲੇ,
ਰਿਜਕ ਖੋਹ ਖੋਹ ਘਰਾਂ ਦੇ ਦਰਵਾਜ਼ਿਆਂ ਮੁਹਰੇ,
ਵੈਣ ਲੈ ਕੇ,
ਮੂਧੇ ਮੂੰਹ ਡਿੱਗਣ ਵਾਲੇ,
ਲੁੱਟੇ ਪੁੱਟੇ,
ਅਣਸਰਦੇ ਦਿੱਲੀ ਵੱਲ ਤੁਰ ਜਾਂਦੇ,
ਤਾਂ ਫਿਰ ਹੋਰ ਕੀ ਕਰਦੇ !…
..
ਪਰ ਪੱਥਰਾਂ ਉੱਗਦੀ,
ਭਰੀ ਦਿੱਲੀ ਤਾਂ ,
ਕਲਗੇ ਵਾਲੇ ਦੇ ਪੌੜਾਂ ਅਧੀਨ ਹੈ,
ਦਿੱਲੀ ਦੀ ਹਿੱਕ,
ਇਸਦੀ ਰੌਚਕ ਦਾਸੀ ਹੈ,
ਦਿੱਲੀ ਦਾ ਹਰ ਦਿਨ,
ਜਾਲਮੀ ਕਲਗੇ ਦੇ ਨਾਲ ਰਹਿੰਦੈ,
ਦਿੱਲੀ ਵਿੱਚੋਂ,
ਹਵਾਈ ਪਟੜੀ ਕਿਰਨ ਬੇਦੀ ਕਹਿੰਦੀ,”ਸੂਰਜ ਓਮ ਬੋਲਦੈ,”
ਤੜੀਪਾਰ ਡਿਗਰੀ ਵਾਲਾ ਆਮਿਤ ਸ਼ਾਹ,
ਬੌਣੂੰ ਰੱਖਿਆ ਮੰਤਰੀ ਰਾਜਨਾਥ ਨਾਲ ਮਿਲਕੇ,
ਖੇਤਾਂ ਨੂੰ,
ਦੁੱਗਣਾ ਰੋਅਬਦਾਰ ਬਣਾਉਣ ਦੇ ,
ਮਾਲਵੇ ਵਿੱਚ ਉੱਗਦੇ ਬੀਟਨ ਕਪਾਹ ਦੇ ਝੰਬੇ,
ਖੇਤਾਂ ਨੂੰ ਪੁਚਕਾਰ ਕੇ ,
ਨਕਲੀ ਦਾਅ ਦੱਸਦੇ,
ਧੁਨੱਸ਼ੀ ਚੇਹਰਾ ਦਰਸ਼ਨੀ ਭਲਵਾਨ ਕਾਕਾ ਰਾਮ ਦੇਵ,
ਯੋਗਾ ਦੀਆਂ ਰਗਾਂ ਵਿੱਚ,
ਨਕਲੀ ਦਵਾਈਆਂ ਦੀਆਂ,
ਕਲੋਨ ਗੋਲੀਆਂ ਮਿਲਾ ਗਿਆ,
ਤੋਮਰ ਜੰਗਲੀ ਸੂਰਾਂ ਨੂੰ ,
ਫਸਲ ਸਮੇਤ ਸਿਆੜ ਚਰਾ ਰਿਹੈ,
ਇੱਕ ਵਿਗੜਿਆ ਹੋਇਐ,
ਅਸ਼ਲੀਲਤਾ ਦਾ
ਖਾਨਦਾਨੀ ਪਿੱਤਲ ਰੰਗਾ ,
ਫਿਰਕੂ ਤੇ ਆਪੰਗ ਗੰਡੀਹਰਾ,
ਗੋਹਾ ਤੇ ਮੂਤਰ,
ਸੋਨੇ ਨਾਲੋਂ ਵੱਧ ਕੀਮਤੀ,
ਇੱਕ ਜੰਗਲੀ ਜਾਨੌਰ ਅਪਰਾਧੀ ਸਾਧ,
ਨਾਰੀਅਲ ਤੇ ਨਿੰਬੂ ਦੇ ਹਵਨ ਅਰਾਧਦਿਆਂ,
ਚੀਨ ਤੇ ਪਾਕਿਸਤਾਨ
ਥਰ ਥਰ ਕੰਬਦੇ ਨੇ !
ਇਹ ਤਾਂ ਅੰਧਕਾਰ ਵੱਲ ਧੱਕਣ ਲਈ ਚੱਪੂ ਨੇ !….
ਪਰ ਬੜੀ ਦੁਹਾਈ ,
ਹਾਰ ਪਾਹਰਿਆ,……
ਮਿਹਨਤ ਕਰਕੇ ਚੁਗਣ ਥਾਵਾਂ ਬਣਾਉਣ ਲਈ ,
ਸਾਡੇ ਪੁਰਖਿਆਂ ਨੇ ਬੜੀ ਮੁਸ਼ੱਕਤ ਕੀਤੀ ,
!ਹੁਣ ਵਾਹਕ ਚੁਜੇ,
ਸਿਆੜਾਂ ਨੂੰ ,
ਹੱਥੋਂ ਖੁੱਸਦੇ ਦੇਖ ,
ਦਿੱਲੀ ਦੇ ਪਾਲੇ ਹੋਏ ਕਾਲੇ ਕਲਗੇ ਵੱਲ,
ਲੱਖਾਂ ਦੀ ਗਿਣਤੀ ਵਿੱਚ ,
ਉਸਦੀ ਗਰਦਨ ਵੱਲ ਵਧੇ,
ਖੱਡਾਂ ਟੱਪਣੀਆਂ,
ਨੌਕੀਲੇ ਭਾਰੇ ਕਿੱਲਾਂ ਉੱਪਰੋਂ ਲੰਘਣਾ,
ਖਾਕੀ ਚੂਚਿਆਂ ਵੱਲੋਂ ਵਾਟਰ ਕੈਨਿਨਾਂ,
ਦਹਿਸ਼ਤਗਰਦੀ ਦੇ ਭਗਵੇਂ ਸੋਟੇ ਡੰਡੇ ਵਰਾਉਣੇ ,
ਸਹਿਜਤਾ ਸੁਹਿਰਦਤਾ, ਸਿਦਕਦਿਲੀ ਵਿੱਚੋਂ
ਜੇਤੂ ਹੋ ਨਿਕਲੀ,ਆਵਾਜ਼ ਆ ਰਹੀ ਹੈ ,
ਹੈਂਕੜ ਕਾਲਾ ਕਲਗੇ ਪਾਸੋਂ ਧਰਤੀ ਬਚਾਈ ਹੈ,
ਹੁਣ ਵਿਸ਼ਵ ਗੁਰੂ ਸ਼ਿਕਾਰੀ ਦਾ ,
ਜਾਲ਼ ਚੁੱਕ ਕੇ,
ਦੌੜਨਾ, ਉੱਡਣਾ ਸਿੱਖ ਲਿਐ !
ਪਰ ਅਜੇ ਵੀ,
ਇਸ ਛਲੇਡੇ ਦਾ,
ਇਸ ਗਿਰਗਿਟੇ ਦਾ,
ਵਿਸਾਹ ਨਹੀਂ ਖਾਣਾ !
ਸਿੰਘੂ ਬਾਰਡਰ,… ਟਿੱਕਰੀ ਬਾਰਡਰਾਂ.. ਤੋਂ ਗਹਿਗੱਚ ਮੋਰਚਿਆਂ ਪ੍ਰਤੀ,
ਨਵਚੇਤਨਤਾ ਭਰ,
ਸੂਰਬੀਰ ਲੜਾਕੇ ਲੈਸ ਹੋ ਕੇ,
ਖੇਤ ਆਪਣੀ ਰੌਂਅ ਵਿੱਚ,
ਹੋਂਦ ਵਿੱਚ,
ਸਿਦਕ ਵਿੱਚ,
ਹੱਕੀ ਹਕੀਕਤ ਵਿੱਚ ,
ਜਾਗ ਪਏ ਨੇ,
ਤਜੁਰਬੇਕਾਰੀ ਹੌਂਸਲੇ ਵਧੇ ਹਨ,
ਨੌਜਵਾਨੀ ਨੂੰ,
ਨਵੀਂਆਂ ਨਕੋਰ ਕਿਰਨਾਂ ਦੇ ਸਾਖਸ਼ਾਤ,
ਸਿੱਖ ਇਤਿਹਾਸਕ ਗਾਥਾ ਦੇ,
ਦਰਸ਼ਨ ਸ਼ੁਸ਼ੋਭਤ ਹੋਏ ਨੇ !
ਗਦਰੀ ਬਾਬਿਆਂ ਤੇ ਭਗਤ ਸਰਾਭਿਆਂ ਨੂੰ ਵੀ,
ਮੋਤ ਨਾਲ,
ਕੁਰਬਾਨੀਆਂ ਕਰਦੇ ਅੱਖੀਂ ਦੇਖ ਲਿਆ,
ਲਾਲ ਸੂਹਾ ਹੌਂਸਲੇ ਭਰਕੇ,
ਮਾਸੂਮ ਬਚਪਨਾਂ ਨੇ,
ਇੱਕ ਨਵਾਂ ਮੌਲਿਕ,
ਦਗ ਦਗ ਬਲਦੀਆਂ,
ਮਿਸ਼ਾਲਾਂ ਦਾ,
ਅਜੀਬ ਮੇਲਾ ਦੇਖਿਆਂ ਹੈ !
ਮਾਵਾਂ ਦੇ ਗਰਭੀ ਦਰਦੀਲੇ ਲੇਬਰ ਰੂਮ,
ਤੌਖਲਿਆਂ ‘ਚ ਨਹੀਂ,
ਮਾਨਵੀ ਉਤਸ਼ਾਹ / ਉਮੰਗਾਂ ਨੂੰ ,
ਜਨਮ ਦਿਆ ਕਰਨਗੇ !
ਸੂਰਜ ਨੇ ਵੀ ਇਨਕਲਾਬੀ,
ਆਸਥਾ ਫੜ ਲਈ ਹੈ,
ਹੁਣ ਰੁੱਤਾਂ ਜਕੜੇ ਹੱਥਾਂ ਵਿੱਚ ਨਹੀਂ,
ਆਜਾਦ ਫਿਜ਼ਾ ਨੂੰ
ਮੁਖਾਤਿਬ ਹੋਣਗੀਆਂ !
ਵੱਡਾ ਦਹਿਸ਼ਤੀ ਕਲਗਾ,
ਸੁੰਗੜ ਰਿਹੈ,
ਵੱਡੇ ਦਹਿਸ਼ਤੀ ਕਲਗੇ ਦੀ ਧੌਣ ਨੂੰ,
ਲੋਕ- ਸ਼ੰਘਰਸ਼ ਨੇ ਲਮਕਾ ਦਿੱਤਾ ਹੈ ,
ਲਗਦੈ ,
ਇਸ ਕਲਗੇ ਦੀ,
ਕੌਕਸੀ ਰੋਗ ਨਾਲ ਲਪੋਟ ਪੈ ਰਹੀ ਹੈ !
ਨਵੀਂ ਸਵੇਰ,
ਨਵਾਂ ਬਹੁਮੁੱਲਾ ਭਵਿੱਖ ,
ਖਲਕਤ ਲਈ,
ਜਰੂਰੀ ਹੋ ਗਿਆ ਕਿ,
ਨਵੇਂ ਆਗਾਜ਼ ਨੂੰ ਹੀ ਨਵਾਂ ਭਵਿੱਖ ਕਿਹਾ ਜਾਏਗਾ!
ਤਾਨਾਸ਼ਾਹੀ ਹਕੂਮਤ ਦੀ ਕਾਲੀ ਸਵੇਰ, ਕਾਲੀ ਰਾਤ,
ਸਪੁਰਦੇ- ਖਾਕ ਕਰਨ ਦੀ ,
ਅੰਤਿਮ ਰਸਮ ਹੋਣ ਜਾ ਰਹੀ ਹੈ !
ਇਹ ਆਵਾਜ਼ ਫਿਜ਼ਾ ਵਿੱਚ,
ਰੁਮਕਣ ਲੱਗੀ ਹੈ !
ਨੱਚਣ ਲੱਗੀ ਹੈ !
ਹਰ ਨਵੀਂ ਆਸ ਉੱਗਣ ਲੱਗੀ ਹੈ !
ਹਰ ਕਿਰਤੀ ਅੱਖ ਫ਼ਰਕਣ ਲੱਗੀ ਹੈ!
ਸੁਖਦੇਵ ਸਿੱਧੂ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly