ਸਿਹਤ ਵਿਭਾਗ ਵੱਲੋਂ ਮਨਾਇਆ ਜਾ ਰਿਹਾ ਹੈ “ਵਿਸ਼ਵ ਗੁਲੋਕੋਮਾ ਹਫ਼ਤਾ”
ਮਾਨਸਾ (ਸਮਾਜ ਵੀਕਲੀ) : ਸਿਵਲ ਸਰਜਨ ਮਾਨਸਾ ਡਾਕਟਰ ਅਸ਼ਵਨੀ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਹਰਦੀਪ ਸ਼ਰਮਾ ਦੀ ਅਗਵਾਈ ਅਧੀਨ “ ਵਿਸ਼ਵ ਗਲੂਕੋਮਾ ਹਫਤਾ” ਮਨਾਇਆ ਜਾ ਰਿਹਾ ਹੈ , ਜਿਸ ਤਹਿਤ ਸਮੂਦਾਇਕ ਸਿਹਤ ਕੇਂਦਰ ਖਿਆਲਾ ਕਲਾਂ ਵਿਖੇ “ਵਿਸ਼ਵ ਗਲੋਕੋਮਾ ਹਫ਼ਤੇ” ਨੂੰ ਸਮਰਪਿਤ ਜਾਗਰੂਕਤਾ ਕੈਂਪ ਲਗਾਇਆ ਗਿਆ।
ਇਸ ਮੌਕੇ ਬਲਾਕ ਐਜੂਕੇਟਰ ਕੇਵਲ ਸਿੰਘ ਨੇ ਦੱਸਿਆ ਕਿ ਮਿਤੀ 12 ਤੋਂ 18 ਮਾਰਚ ਤੱਕ ਆਯੋਜਿਤ ਕੀਤੇ ਜਾਣ ਵਾਲੇ ਇਸ ਵਿਸ਼ੇਸ਼ ਹਫ਼ਤੇ ਦੌਰਾਨ ਲੋਕਾਂ ਨੂੰ ਅੱਖਾਂ ਦੀ ਸਿਹਤ ਸੰਭਾਲ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ । ਭਾਰਤ ਵਿੱਚ ਕਾਲਾ ਮੋਤੀਆ ਸਥਾਈ ਨੇਤਰਹੀਨਤਾ ਦੇ ਮੁੱਖ ਕਾਰਨਾਂ ਵਿੱਚੋਂ ਮੁੱਖ ਕਾਰਨ ਹੈ। ਕਾਲੇ ਮੋਤੀਏ ਦੇ ਲੱਛਣਾਂ ਵਿੱਚ ਅਸਾਧਾਰਨ ਸਿਰ ਦਰਦ ਜਾਂ ਅੱਖਾਂ ਵਿੱਚ ਦਰਦ, ਪੜ੍ਹਨ ਵਾਲੇ ਚਸ਼ਮਿਆਂ ਦਾ ਨੰਬਰ ਵਾਰ-ਵਾਰ ਬਦਲਣਾ, ਰੌਸ਼ਨੀ ਦੇ ਦੁਆਲੇ ਰੰਗਦਾਰ ਚੱਕਰ, ਅੱਖਾਂ ਵਿੱਚ ਦਰਦ ਅਤੇ ਲਾਲੀ ਨਾਲ ਨਜ਼ਰ ਦਾ ਅਚਾਨਕ ਘਟਨਾ, ਨਿਗ੍ਹਾਹ ਦਾ ਸੀਮਿਤ ਹੋਣਾ ਆਦਿ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਇਸਦਾ ਪਤਾ ਚਲ ਜਾਵੇ ਤਾਂ ਕਾਲੇ ਮੋਤੀਏ ਦਾ ਇਲਾਜ਼ ਸੰਭਵ ਹੈ।
ਸਿਹਤ ਕਰਮਚਾਰੀ ਸੁਖਵਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ 40 ਸਾਲ ਤੋਂ ਵੱਧ ਉਮਰ ਦੇ ਹਰ ਵਿਅਕਤੀ ਨੂੰ ਸਾਲ ਵਿੱਚ ਇੱਕ ਵਾਰ ਆਪਣੀਆਂ ਅੱਖਾਂ ਦਾ ਪ੍ਰੈਸ਼ਰ ਚੈੱਕ ਕਰਵਾਉਣਾ ਚਾਹੀਦਾ ਹੈ ਤਾਂ ਕਿ ਸਮੇ ਸਿਰ ਕਾਲੇ ਮੋਤੀਏ ਦੀ ਪਛਾਣ ਕਰਕੇ ਇਸ ਦਾ ਇਲਾਜ਼ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਅਜਿਹੇ ਵਿਅਕਤੀਆਂ ਨੂੰ ਗੁਲੋਕੋਮਾ ਪ੍ਰਤੀ ਵਧੇਰੇ ਸਾਵਧਾਨ ਰਹਿਣਾ ਚਾਹੀਦਾ ਜਿਨ੍ਹਾਂ ਦਾ ਕੋਈ ਪਰਿਵਾਰਕ ਮੈਂਬਰ ਕਾਲੇ ਮੋਤੀਏ ਤੋਂ ਪੀੜਿਤ ਹੋਵੇ ਜਾਂ ਕੋਈ ਵਿਅਕਤੀ ਸ਼ੂਗਰ ਜਾਂ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਹੋਵੇ। ਇਸ ਤੋਂ ਇਲਾਵਾ ਅਲਰਜੀ, ਦਮਾ, ਚਮੜੀ ਰੋਗਾਂ ਆਦਿ ਲਈ ਵਧੇਰੇ ਸਟੀਰਾਇਡ ਦਵਾਈਆਂ ਵਰਤਣ ਵਾਲਿਆਂ ਨੂੰ ਵੀ ਇਸ ਰੋਗ ਤੋਂ ਚੌਕਸ ਰਹਿਣ ਦੀ ਜਰੂਰਤ ਹੁੰਦੀ ਹੈ। ਇਸ ਮੌਕੇ ਵੱਖ ਵੱਖ ਪਿੰਡਾਂ ਵਿੱਚ ਆਸ਼ਾ ਵਰਕਰਾਂ ਵੱਲੋਂ ਘਰਾਂ ਦੇ ਦੌਰਿਆਂ ਦੌਰਾਨ ਲੋਕਾਂ ਨੂੰ ਜਾਗਰੂਕ ਕਰਨ ਲਈ ਸਿਖਿਅਤ ਕੀਤਾ ਗਿਆ।ਇਸ ਮੌਕੇ ਕਮਿਊਨਿਟੀ ਸਿਹਤ ਅਫ਼ਸਰ ਦਿਲਰਾਜ ਕੌਰ ਅਤੇ ਦੁਰਗਾ ਰਾਮ ਹਾਜ਼ਰ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly