ਮਹਿਤਪੁਰ, (ਸਮਾਜ ਵੀਕਲੀ) (ਚੰਦੀ)- ਬੀਕੇਯੂ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਗੋਬਿੰਦਪੁਰ ਕੌਰ ਕਮੇਟੀ ਮੈਂਬਰ ਨਰਿੰਦਰ ਸਿੰਘ ਬਾਜਵਾ, ਸੂਬਾ ਕਮੇਟੀ ਮੈਂਬਰ ਸਤਨਾਮ ਸਿੰਘ ਲੋਹਗੜ੍ਹ, ਜ਼ਿਲ੍ਹਾ ਵਾਈਸ ਪ੍ਰਧਾਨ ਸੋਢੀ ਸਿੰਘ ਬਾਗੀ ਵਾਲ ਦੀ ਅਗਵਾਈ ਹੇਠ ਥਾਣਾ ਮਹਿਤਪੁਰ ਵਿਖੇ ਪੁਲਿਸ ਪ੍ਰਸ਼ਾਸਨ ਨੂੰ ਆਪਣੇ ਕੰਮਾਂ ਪ੍ਰਤੀ ਸੁਚੇਤ ਕਰਨ ਲਈ ਵਿਸ਼ਾਲ ਧਰਨਾ ਲਗਾਇਆ ਗਿਆ। ਭਾਰੀ ਬਾਰਸ਼ ਦੇ ਬਾਵਜੂਦ ਵਰਦੇ ਮੀਂਹ ਵਿਚ ਜਿਥੇ ਭੂਮੀ ਪੁਤਰਾਂ ਵੱਲੋਂ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ ਉਥੇ ਇਲਾਕੇ ਵਿਚ ਦਿਨ ਦਿਹਾੜੇ ਹੋ ਰਹੀਆਂ ਚੋਰੀਆਂ, ਲੁਟਾਂ ਖੋਹਾਂ, ਖ਼ਿਲਾਫ਼ ਰਜ ਕੇ ਭੜਾਸ ਕੱਢੀ ਗਈ। ਇਸ ਮੌਕੇ ਦੇਰ ਸ਼ਾਮ ਤੱਕ ਚਲੇ ਧਰਨੇ ਦੌਰਾਨ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਗੋਬਿੰਦਪੁਰ, ਸਤਨਾਮ ਸਿੰਘ ਲੋਹਗੜ੍ਹ, ਨਰਿੰਦਰ ਸਿੰਘ ਬਾਜਵਾ , ਗੁਰਦੀਪ ਸਿੰਘ ਮੁਨੀਮ, ਕਿਸਾਨ ਆਗੂ ਸਿਮਰਨਜੀਤ ਸਮਰਾ , ਕਾਮਰੇਡ ਚਰਨਜੀਤ ਥੰਮੂਵਾਲ, ਕਾਮਰੇਡ ਸਤਪਾਲ ਸਹੋਤਾ ਆਦਿ ਬੁਲਾਰਿਆਂ ਵੱਲੋਂ ਮਹਿਤਪੁਰ ਇਲਾਕੇ ਵਿਚ ਦਿਨੋ ਦਿਨ ਵਧ ਰਹੀਆਂ ਘਟਨਾਵਾਂ ਤੇ ਚਿੰਤਾ ਜ਼ਾਹਰ ਕਰਦਿਆਂ ਆਖਿਆ ਕਿ ਇਲਾਕੇ ਵਿਚ ਅਮਨ ਕਾਨੂੰਨ ਭੰਗ ਹੋ ਚੁੱਕਾ ਹੈ। ਲੁਟੇਰੇ ਸ਼ਰੇਆਮ ਲੁਟਾਂ ਖੋਹਾਂ ਕਰ ਰਹੇ ਹਨ। ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਬੈਠਾ ਹੈ। ਬੁਲਾਰਿਆਂ ਨੇ ਆਖਿਆ ਕਿ ਬਿਨਾਂ ਨੰਬਰ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਗੋਬਿੰਦਪੁਰ ਦੇ ਸਰਪੰਚ ਨੂੰ ਘੇਰ ਕੇ ਜ਼ਖ਼ਮੀ ਕੀਤਾ ਅਤੇ ਨਗਦੀ ਸਮੇਤ ਮੋਬਾਈਲ ਖੋਹ ਲਿਆ। ਪਿੰਡ ਆਦਰਮਾਨ ਦੀ ਧੀ ਜੋ ਮਹਿਤਪੁਰ ਦੇ ਨਿਜੀ ਹਸਪਤਾਲ ਵਿਚ ਨੋਕਰੀ ਕਰਦੀ ਹੈ ਉਸ ਦੀਆਂ ਬਾਹਾਂ ਮਰੋੜ ਕੇ ਉਸ ਦਾ ਮੋਬਾਈਲ ਖੋਹ ਕੇ ਫ਼ਰਾਰ ਹੋ ਗਏ। ਉਨ੍ਹਾਂ ਕਿਹਾ ਕਿ ਪਬਲਿਕ ਪੁੱਛਣਾ ਚਾਹੁੰਦੀ ਹੈ ਕਿ ਆਖਰ ਪੁਲਿਸ ਦੀ ਕੀ ਮਜ਼ਬੂਰੀ ਹੈ ਜਾਂ ਕਿਸੇ ਦਬਾਅ ਹੇਠ ਇਹ ਇਹ ਸਭ ਪੁਲਿਸ ਦੀ ਨੱਕ ਹੇਠ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਇਨ੍ਹਾਂ ਬੇਵੱਸ ਨਜ਼ਰ ਕਿਓਂ ਆ ਰਿਹਾ ਹੈ? ਉਚ ਅਧਿਕਾਰੀਆਂ ਕੋਲੋਂ ਬੁਲਾਰਿਆਂ ਨੇ ਮਹਿਤਪੁਰ ਨੂੰ ਕੋਈ ਚੰਗਾ ਅਫ਼ਸਰ ਦੇਣ ਦੀ ਵੀ ਮੰਗ ਕੀਤੀ। ਇਸ ਮੌਕੇ ਡੀਐਸਪੀ ਉਂਕਾਰ ਸਿੰਘ ਬਰਾੜ ਉਚੇਚੇ ਤੌਰ ਤੇ ਸ਼ਾਹਕੋਟ ਤੋਂ ਪੁੱਜੇ ਅਤੇ ਉਨ੍ਹਾਂ ਵੱਲੋਂ ਧਰਨਾ ਕਾਰੀਆਂ ਨਾਲ ਵਿਸਥਾਰ ਪੂਰਵਕ ਸਲੀਕੇ ਨਾਲ ਗੱਲਬਾਤ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਪੁਲਿਸ ਆਪਣਾ ਕੰਮ ਤਨਦੇਹੀ ਨਾਲ ਕਰ ਰਹੀ ਹੈ ਪੁਲਿਸ ਪਬਲਿਕ ਦੇ ਹਰ ਸਹਿਯੋਗ ਲਈ ਵਚਨਬੱਧ ਹੈ ਉਨ੍ਹਾਂ ਕਿਹਾ ਧਰਨਾ ਹਰ ਸਮੱਸਿਆ ਦਾ ਹੱਲ ਨਹੀਂ ਹੈ ਮੇਰੇ ਦਫਤਰ ਦੇ ਦਰਵਾਜ਼ੇ ਸਦਾ ਖੁਲੇ ਹਨ , ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਬਹੁਤ ਜਲਦ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਸ਼ਰਾਰਤੀ ਅਨਸਰਾਂ ਅਤੇ ਲੁਟੇਰਿਆਂ ਨੂੰ ਨੱਥ ਪਾਈ ਜਾਵੇਗੀ। ਉਨ੍ਹਾਂ ਕਿਹਾ ਕਿ ਹਰ ਕੀਮਤ ਤੇ ਸ਼ਹਿਰ ਦੀ ਅਮਨ ਸ਼ਾਂਤੀ ਬਹਾਲ ਰੱਖੀ ਜਾਵੇਗੀ। ਡੀ ਐਸ ਪੀ ਓਂਕਾਰ ਸਿੰਘ ਬਰਾੜ ਵੱਲੋਂ ਭਰੋਸਾ ਦਿਵਾਏ ਜਾਣ ਤੇ ਬੀਕੇਯੂ ਪੰਜਾਬ ਵੱਲੋਂ ਧਰਨਾ ਚੁੱਕਿਆ ਗਿਆ। ਇਸ ਮੌਕੇ ਬੀਕੇਯੂ ਪੰਜਾਬ ਦੇ ਬਲਾਕ ਮਹਿਤਪੁਰ ਤੋਂ ਸੈਂਕੜੇ ਵਰਕਰ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj