ਭਾਜਪਾ ਦੀ ਸਰਬਜੀਤ ਕੌਰ ਬਣੀ ਚੰਡੀਗੜ੍ਹ ਦੀ ਨਵੀਂ ਮੇਅਰ

ਚੰਡੀਗੜ੍ਹ, (ਸਮਾਜ ਵੀਕਲੀ):  ਚੰਡੀਗੜ੍ਹ ਨਗਰ ਨਿਗਮ ’ਤੇ ਇੱਕ ਵਾਰ ਫ਼ਿਰ ਤੋਂ ਭਾਜਪਾ ਦਾ ਕਬਜ਼ਾ ਹੋ ਗਿਆ ਹੈ। ਅੱਜ ਇੱਥੇ ਨਿਗਮ ਹਾਊਸ ਵਿੱਚ ਚੰਡੀਗੜ੍ਹ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦਿਆਂ ਲਈ ਹੋਈਆਂ ਚੋਣਾਂ ਵਿੱਚ ਇਨ੍ਹਾਂ ਤਿੰਨੇ ਅਹੁਦਿਆਂ ’ਤੇ ਭਾਜਪਾ ਦੇ ਉਮੀਦਵਾਰਾਂ ਨੇ ਬਾਜ਼ੀ ਮਾਰ ਲਈ। ਭਾਜਪਾ ਦੀ ਸਰਬਜੀਤ ਕੌਰ ਨੂੰ ਮੇਅਰ ਦੇ ਅਹੁਦੇ ਲਈ ਜੇਤੂ ਕਰਾਰ ਦਿੱਤਾ ਗਿਆ। ਉਨ੍ਹਾਂ ‘ਆਪ’  ਉਮੀਦਵਾਰ ਅੰਜੂ ਕਤਿਆਲ ਨੂੰ ਸਿਰਫ ਇੱਕ ਵੋਟ ਦੇ ਫਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ। ‘ਆਪ’ ਅਤੇ ਭਾਜਪਾ ਦੇ ਇਨ੍ਹਾਂ ਦੋਵੇਂ ਉਮੀਦਵਾਰਾਂ ਨੂੰ ਕੁੱਲ 28 ਵੋਟਾਂ ਵਿੱਚੋਂ 14 – 14 ਵੋਟ ਪਏ ਸਨ, ਲੇਕਿਨ ‘ਆਪ’ ਦਾ ਇੱਕ ਵੋਟ ਰੱਦ ਹੋਣ ਨਾਲ ਭਾਜਪਾ ਦੇ ਉਮੀਦਵਾਰ ਨੂੰ ਜੇਤੂ ਐਲਾਨ ਦਿੱਤਾ ਗਿਆ।

ਆਪਣੀ ਪਾਰਟੀ ਦੀ ਇੱਕ ਵੋਟ ਰੱਦ ਕੀਤੇ ਜਾਣ ਨੂੰ ਲੈ ਕੇ ‘ਆਪ’ ਕੌਂਸਲਰ ਤੱਤੇ ਹੋ ਗਏ ਅਤੇ ਉਨ੍ਹ: ਨੇ ਨਿਗਮ ਹਾਊਸ ਵਿੱਚ ਹੰਗਾਮਾ ਸ਼ੁਰੂ ਕਰ ਦਿੱਤਾ। ਇਹ ਹੰਗਾਮਾ ਲਗਪਗ ਇੱਕ ਘੰਟਾ ਜਾਰੀ ਰਿਹਾ। ਇਸ ਦੌਰਾਨ ‘ਆਪ’ ਦੇ ਲਗਪਗ ਸਾਰੇ ਕੌਂਸਲਰ ਆਪਣੀਆਂ ਸੀਟਾਂ ਛੱਡ ਕੇ ਮੇਅਰ ਦੀ ਕੁਰਸੀ ਦੁਆਲੇ ਆ ਕੇ ਭਾਜਪਾ ਵਿਰੁੱਧ ਨਾਅਰੇਬਾਜ਼ੀ ਕਰਨ ਲੱਗ ਪਏ। ਮੇਅਰ ਦੀ ਚੋਣ ਲਈ ਉੱਥੇ ਹਾਜ਼ਰ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਵਲੋਂ ਕੀਤੀ ਗਈ ਅਪੀਲ ਦਾ ਵੀ ਉਨ੍ਹਾਂ ’ਤੇ ਕੋਈ ਅਸਰ ਨਹੀਂ ਹੋਇਆ ਅਤੇ ਗੱਲ ਨੂੰ ਗੰਭੀਰਤਾ ਨਾਲ ਲੈਂਦਿਆਂ ਨਿਗਮ ਸਕੱਤਰ ਨੇ ਮਾਰਸ਼ਲ ਸੱਦ ਕੇ ਸਥਿਤੀ ਨੂੰ ਕਾਬੂ ਕੀਤਾ। ਬੜੀ ਮੁਸ਼ਕਲ ਨਾਲ ਲਗਪਗ ਇੱਕ ਘੰਟੇ ਤੋਂ ਬਾਅਦ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਪ੍ਰਕਿਰਿਆ ਸ਼ੁਰੂ ਹੋ ਸਕੀ।

‘ਆਪ’ ਕੌਂਸਲਰਾਂ ਦਾ ਦੋਸ਼ ਸੀ ਕਿ ਭਾਜਪਾ ਨੇ ਧੱਕੇ ਨਾਲ ਉਨ੍ਹਾਂ ਦੀ ਇੱਕ ਵੋਟ ਰੱਦ ਕਰਕੇ ਆਪਣੀ ਪਾਰਟੀ ਦਾ ਮੇਅਰ ਬਣਵਾਇਆ ਹੈ, ਜਦੋਂ ਕਿ ਦੋਵੇਂ ਧਿਰਾਂ ਦੇ ਉਮੀਦਵਾਰਾਂ ਨੂੰ ਬਰਾਬਰ ਬਰਾਬਰ ਵੋਟ ਪਏ ਸਨ। ਇਸਤੋਂ ਬਾਅਦ ਸ਼ਹਿਰ ਦੇ ਸੀਨੀਅਰ ਡਿਪਟੀ ਮੇਅਰ ਲਈ ਹੋਈ ਚੋਣ ਵਿੱਚ ਭਾਜਪਾ ਦੇ ਦਲੀਪ ਸ਼ਰਮਾ ਨੇ ‘ਆਪ’ ਉਮੀਦਵਾਰ ਪ੍ਰੇਮ ਲਤਾ ਨੂੰ 2 ਵੋਟਾਂ ਦੇ ਫਰਕ ਨਾਲ ਹਰਾਇਆ। ਦਲੀਪ ਸ਼ਰਮਾ ਨੂੰ 15 ਅਤੇ ਪ੍ਰੇਮ ਲਤਾ ਨੂੰ 13 ਵੋਟ ਮਿਲੇ ਸਨ। ਇਸ ਤੋਂ ਬਾਅਦ ਡਿਪਟੀ ਮੇਅਰ ਦੇ ਅਹੁਦੇ ਲਈ ਭਾਜਪਾ ਦੇ ਅਨੂਪ ਗੁਪਤਾ ਅਤੇ ‘ਆਪ’ ਉਮੀਦਵਾਰ ਰਾਮਚੰਦਰ ਯਾਦਵ ਨੂੰ ਬਰਾਬਰ 14-14 ਵੋਟ ਮਿਲੇ ਸਨ, ਜਿਸ ਤੋਂ ਬਾਅਦ ਟਾਸ ਕਰਕੇ ਕੀਤੇ ਗਏ ਫੈਸਲੇ ਤੋਂ ਬਾਅਦ ਭਾਜਪਾ ਦੇ ਅਨੂਪ ਗੁਪਤਾ ਨੂੰ ਜੇਤੂ ਕਰਾਰ ਦਿੱਤਾ ਗਿਆ।

ਨਗਰ ਨਿਗਮ ਵਿੱਚ ਨਵੇਂ ਚੁਣੇ ਹੋਏ ਕੌਂਸਲਰਾਂ ਦੀ ਕੁਲ ਗਿਣਤੀ 35 ਹੈ, ਲੇਕਿਨ ਕਾਂਗਰਸ ਦੇ 7 ਅਤੇ ਅਕਾਲੀ ਦਲ ਦੇ 1 ਕੌਂਸਲਰ ਨੇ ਮੇਅਰ ਦੀਆਂ ਚੋਣਾਂ ਤੋਂ ਪਾਸ ਹੀ ਵੱਟੀ ਰਖਿਆ ਅਤੇ ਚੋਣਾਂ ਵਿੱਚ ਸ਼ਾਮਲ ਨਹੀਂ ਹੋਏ, ਜਿਸ ਕਾਰਨ ਮੇਅਰ ਦੀ ਚੋਣ ਲਈ 27 ਕੌਂਸਲਰਾਂ ਅਤੇ ਸੰਸਦ ਮੈਂਬਰ ਦੀ ਇੱਕ ਵੋਟ ਸਮੇਤ ਕੁਲ 28 ਜਣਿਆਂ ਨੇ ਵੋਟਾਂ ਪਾਈਆਂ। ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਪ੍ਰਧਾਨ ਪ੍ਰੇਮ ਗਰਗ ਅਤੇ ਸਹਿ ਇੰਚਾਰਜ ਪ੍ਰਦੀਪ ਛਾਬੜਾ ਨੇ ਮੇਅਰ ਚੋਣ ਲਈ ਦਰਸ਼ਕਾਂ ਦੀ ਗੈਲਰੀ ਵਿੱਚ ਐਂਟਰੀ ਪਾਸ ਹੋਣ ਦੇ ਬਾਵਜੂਦ ਦਾਖਲ ਨਾ ਹੋਣ ’ਤੇ ਦਰਸ਼ਕਾਂ ਦੀ ਗੈਲਰੀ ਦੇ ਬਾਹਰ ਧਰਨਾ ਮਾਰਿਆ। ਉਨ੍ਹਾਂ ਦੋਸ਼ ਲਗਾਇਆ ਕਿ ਭਾਜਪਾ ਵਾਲਿਆਂ ਨੂੰ ਬਿਨਾਂ ਪਾਸ ਦਰਸ਼ਕਾਂ ਦੀ ਗੈਲਰੀ ਵਿੱਚ ਦਾਖਲ ਹੋਣ ਦਿੱਤਾ ਜਾ ਰਿਹਾ ਸੀ ਜਦੋਂਕਿ ਉਨ੍ਹਾਂ ਕੋਲ ਐਂਟਰੀ ਪਾਸ ਹੋਣ ਦੇ ਬਾਵਜੂਦ ਅੰਦਰ ਨਹੀਂ ਜਾਣ ਦਿੱਤਾ ਗਿਆ। ਮਗਰੋਂ ਇਨ੍ਹਾਂ ‘ਆਪ’ ਆਗੂਆਂ ਨੂੰ ਦਰਸ਼ਕਾਂ ਦੀ ਗੈਲਰੀ ਵਿੱਚ ਜਾਣ ਦਿੱਤਾ ਗਿਆ।

ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ

ਚੰਡੀਗੜ੍ਹ ਮੇਅਰ ਦੀ ਚੋਣ ਵਿੱਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲਗਾ ਹੈ। ਪਹਿਲੀ ਵਾਲੀ ਨਿਗਮ ਚੋਣਾਂ ਵਿੱਚ ਹਿੱਸਾ ਲੈ ਕੇ ਧਮਾਕੇਦਾਰ ਐਂਟਰੀ ਕਰਕੇ 14 ਸੀਟਾਂ ਦੀ ਜਿੱਤ ਨਾਲ ਨਗਰ ਨਿਗਮ ਵਿੱਚ ਸਭ ਤੋਂ ਵੱਡੀ ਪਾਰਟੀ ਦੇ ਰੂਪ ਵਿੱਚ ਉਭਰੀ ਸੀ। ‘ਆਪ’ ਨੇ ਨਗਰ ਨਿਗਮ ਚੋਣ ਵਿੱਚ ਜਿੰਨੀ ਵੱਡੀ ਜਿੱਤ ਹਾਸਲ ਕੀਤੀ ਸੀ, ਅੱਜ ਮੇਅਰ ਦੀ ਚੋਣ ਵਿੱਚ ਓਨੀ ਹੀ ਭਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਨਗਰ ਨਿਗਮ ਚੋਣ ਵਿੱਚ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰਣ ਦੇ ਬਾਵਜੂਦ ਉਮੀਦ ਅਨੁਸਾਰ ‘ਆਪ’ ਆਪਣਾ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਨਹੀਂ ਬਣਾ ਸਕੀ।

ਕਿਰਨ ਖੇਰ ਦੀ ਵੋਟ ’ਤੇ ਸਵਾਲ ਚੁੱਕੇ

ਚੰਡੀਗੜ੍ਹ ਨਗਰ ਨਿਗਮ ਹਾਊਸ ਵਿੱਚ ਮੇਅਰ ਦੇ ਚੋਣ ਦੇ ਸ਼ੁਰੂ ਹੁੰਦਿਆਂ ਹੀ ‘ਆਪ’ ਕੌਂਸਲਰਾਂ ਨੇ ਆਪਣੇ ਇਤਰਾਜ਼ ਜਤਾਉਣੇ ਸ਼ੁਰੂ ਕਰ ਦਿੱਤੇ ਸਨ। ਚੋਣ ਪ੍ਰਕਿਰਿਆ ਸ਼ੁਰੂ ਹੁੰਦਿਆਂ ਹੀ ‘ਆਪ’ ਕੌਂਸਲਰਾਂ ਨੇ ਸੰਸਦ ਮੈਂਬਰ ਕਿਰਨ ਖੇਰ ਦੇ ਵੋਟ ਪਾਉਣ ਦੇ ਅਧਿਕਾਰ ’ਤੇ ਸਵਾਲ ਚੁੱਕੇ ਅਤੇ ਹੰਗਾਮਾ ਕੀਤਾ। ‘ਆਪ’ ਕੌਂਸਲਰਾਂ ਨੇ ਚੋਣ ਪ੍ਰਕਿਰਿਆ ਸ਼ੁਰੂ ਹੁੰਦੇ ਹੀ ਆਪਣਾ ਇਤਰਾਜ਼ ਦਰਜ ਕਰਵਾਇਆ ਕਿ ਮੇਅਰ ਦੀ ਚੋਣ ਵਿੱਚ ਸੰਸਦ ਮੈਂਬਰ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਹੈ। ‘ਆਪ’ ਕੌਂਸਲਰਾਂ ਨੇ ਇਸ ਬਾਰੇ ਨਿਗਮ ਪ੍ਰਸ਼ਾਸਨ ਤੋਂ ਨੋਟੀਫਿਕੇਸ਼ਨ ਦੀ ਮੰਗ ਕੀਤੀ।

ਕੋਵਿਡ ਤੋਂ ਬਚਾਅ ਨੇਮਾਂ ਦੀ ਉਲੰਘਣਾ 

ਨਗਰ ਨਿਗਮ ਵੱਲੋਂ ਮੇਅਰ ਦੀ ਚੋਣ ਨੂੰ ਲੈਕੇ ਕੋਵਿਡ-19 ਦੇ ਨਿਯਮਾਂ ਬਾਰੇ ਉਥੇ ਆਉਣ ਵਾਲਿਆਂ ਲਈ ਸਖਤ ਪ੍ਰਬੰਧ ਕੀਤੇ ਹੋਏ ਸਨ। ਨਿਗਮ ਭਵਨ ਦੇ ਗੇਟ ਤੋਂ ਹੀ ਪਛਾਣ ਪੱਤਰ ਅਤੇ ਕੋਵਿਡ ਵੈਕਸੀਨੇਸ਼ਨ ਦਾ ਸਾਰਟੀਫੀਕੇਟ ਦਿਖਾ ਕੇ ਅੰਦਰ ਜਾਣ ਦਿੱਤਾ ਜਾ ਰਿਹਾ ਸੀ। ਇੰਨੇ ਸਖਤ ਇੰਤਜ਼ਾਮਾਂ ਦੇ ਬਾਵਜੂਦ ਨਿਗਮ ਭਵਨ ਵਿੱਚ ਕੋਵਿਡ- ਦੇ ਨਿਯਮਾਂ ਦੀਆਂ ਰੱਜ ਕੇ ਧੱਜੀਆਂ ਉਡਾਈਆਂ ਗਿਆ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਵੜਾ ਪੰਜਾਬ ਦੇ ਡੀਜੀਪੀ ਨਿਯੁਕਤ
Next articleਭਾਜਪਾ ਨੇ ਕੀਤੀ ਲੋਕਤੰਤਰ ਦੀ ਹੱਤਿਆ: ਰਾਘਵ ਚੱਢਾ