ਨਰੋਏ ਪੰਜਾਬ ਦੀ ਸਿਰਜਣਾ ਹੀ ਭਾਜਪਾ ਦਾ ਮੁੱਖ ਟੀਚਾ: ਰਾਜਨਾਥ

ਪਟਿਆਲਾ (ਸਮਾਜ ਵੀਕਲੀ):  ਭਾਜਪਾ, ਪੰਜਾਬ ਲੋਕ ਕਾਂਗਰਸ ਅਤੇ ਅਕਾਲੀ ਦਲ (ਸੰਯੁਕਤ) ਦੇ ਸਾਂਝੇ ਉਮੀਦਵਾਰ ਵਜੋਂ ਪਟਿਆਲਾ ਸ਼ਹਿਰੀ ਹਲਕੇ ਤੋਂ ਚੋਣ ਲੜ ਰਹੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਉਚੇਚੇ ਤੌਰ ’ਤੇ ਪਟਿਆਲਾ ਪੁੱਜੇ। ਉਨ੍ਹਾਂ ਇੱਥੇ ਅਮਰਿੰਦਰ ਸਿੰਘ ਦੇ ਹੱਕ ’ਚ ਇਕੱਤਰਤਾ ਨੂੰ ਸੰਬੋਧਨ ਕੀਤਾ ਅਤੇ ਮਗਰੋਂ ਰੋਡ ਸ਼ੋਅ ਦਾ ਹਿੱਸਾ ਵੀ ਬਣੇ।

ਕੈਪਟਨ ਨੂੰ ਦੇਸ਼ ਭਗਤ ਦੱਸਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਅਮਰਿੰਦਰ ਸਿੰਘ ਵਰਗੇ ਸੱਚੇ-ਸੁੱਚੇ ਰਾਜ ਨੇਤਾ ਦਾ ਸਿਆਸਤ ਦਾ ਹਿੱੱਸਾ ਬਣੇ ਰਹਿਣਾ ਬਹੁਤ ਜ਼ਰੂਰੀ ਹੈ ਅਤੇ ਇਸੇ ਕਰਕੇ ਹੀ ਉਹ ਅੱਜ ਆਪਣੇ ਯੂਪੀ ਵਿਚਲੇ ਕੁਝ ਪ੍ਰੋਗਰਾਮ ਛੱਡ ਕੇ ਅਮਰਿੰਦਰ ਸਿੰਘ ਦੇ ਚੋਣ ਜਲਸੇ ਵਿੱਚ ਸ਼ਾਮਲ ਹੋਣ ਲਈ ਉਚੇਚੇ ਤੌਰ ’ਤੇ ਇੱਥੇ ਪਹੁੰਚੇ ਹਨ। ਕੇਂਦਰੀ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ ਸਮੇਤ ਗੱਠਜੋੜ ਦੇ ਸਮੂਹ ਉਮੀਦਵਾਰਾਂ ਨੂੰ ਜਿਤਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਨਵੇਂ ਅਤੇ ਨਰੋਏ ਪੰਜਾਬ ਦੀ ਸਿਰਜਣਾ ਕਰਨਾ ਹੀ ਉਨ੍ਹਾਂ ਦੇ ਗੱਠਜੋੜ ਦਾ ਮੁੱਖ ਟੀਚਾ ਹੈ।

ਇਸ ਮੌਕੇ ਉਨ੍ਹਾਂ ਗੁਰੂ ਨਾਨਕ ਦੇਵ ਅਤੇ ਗੁਰੂ ਗੋਬਿੰਦ ਸਿੰਘ ਸਮੇਤ ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸਿਜਦਾ ਵੀ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੀ ਬਿਹਤਰੀ ਲਈ ਕੇਂਦਰੀ ਹਕੂਮਤ ਦਾ ਸਾਥ ਲਾਜ਼ਮੀ ਹੈ ਜਿਸ ਕਰਕੇ ਹੀ ਉਨ੍ਹਾਂ ਇਹ ਗੱਠਜੋੜ ਕਰਕੇ ਚੋਣ ਮੈਦਾਨ ਵਿੱਚ ਨਿੱਤਰਨ ਦਾ ਫ਼ੈਸਲਾ ਲਿਆ ਹੈ। ਇਸ ਮੌਕੇ ਸੰਸਦ ਮੈਂਬਰ ਪ੍ਰਨੀਤ ਕੌਰ ਸਮੇਤ ਗੁਰਤੇਜ ਢਿੱਲੋਂ, ਮੇਅਰ ਸੰਜੀਵ ਬਿੱੱਟੂ, ਹਰਿੰਦਰ ਕੋਹਲੀ, ਗੁਰਜੀਤ ਕੋਹਲੀ ਤੇ ਕਈ ਹੋਰ ਆਗੂ ਮੌਜੂਦ ਸਨ।

ਕਿਸਾਨਾਂ ਵੱਲੋਂ ਰਾਜਨਾਥ ਖ਼ਿਲਾਫ਼ ਰੋਸ ਪ੍ਰਦਰਸ਼ਨ

ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪਟਿਆਲਾ ਫੇਰੀ ਦੌਰਾਨ ਅੱਜ ਇੱਥੇ ਕਿਸਾਨਾਂ ਨੇ ਰੋਸ ਮਾਰਚ ਕਰਦਿਆਂ ਸੜਕੀ ਆਵਾਜਾਈ ਵੀ ਰੋਕੀ। ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਕਿਸਾਨ ਯੂਨੀਅਨ ੲੇਕਤਾ ਉਗਰਾਹਾਂ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਸਮੇਤ ਹੋਰ ਕਿਸਾਨ ਧਿਰਾਂ ਨਾਲ ਸਬੰਧਤ ਕਿਸਾਨ ਪਹਿਲਾਂ ਇੱਥੇ ਜੇਲ੍ਹ ਰੋਡ ’ਤੇ ਸਥਿਤ ਪੁੱਡਾ ਗਰਾਊਂਡ ਵਿੱਚ ਇਕੱਠੇ ਹੋਏ, ਜਦਕਿ ਕੇਂਦਰੀ ਮੰਤਰੀ ਦੀ ਰੈਲੀ ਇੱਥੋਂ ਕਾਫ਼ੀ ਫਾਸਲੇ ’ਤੇ ਸੀ। ਕਿਸਾਨਾਂ ਦੇ ਕਾਫ਼ਲੇ ਨੇ ਜਿਉਂ ਹੀ ਇੱਥੋਂ ਭਾਜਪਾ ਆਗੂ ਦੀ ਰੈਲੀ ਵੱਲ ਚਾਲੇ ਪਾਏ ਤਾਂ ਪੁਲੀਸ ਨੂੰ ਹੱੱਥਾਂ-ਪੈਰਾਂ ਦੀ ਪੈ ਗਈ। ਕਿਸਾਨ ਨਾਅਰੇਬਾਜ਼ੀ ਕਰਦਿਆਂ ਇੱਥੋਂ ਥਾਪਰ ਯੂਨੀਵਰਸਿਟੀ ਵਾਲੇ ਚੌਕ ਪੁੱਜੇ, ਜਿੱਥੇ ਪੁਲੀਸ ਨੇ ਕਾਫ਼ਲੇ ਨੂੰ ਰੋਕਣਾ ਚਾਹਿਆ ਪਰ ਕਿਸਾਨ ਅੱਗੇ ਵਧਦੇ ਗਏ ਅਤੇ ਲੀਲ੍ਹਾ ਭਵਨ ਚੌਕ ਤੱਕ ਜਾ ਅੱਪੜੇ। ਇਸ ਦੌਰਾਨ ਪੁਲੀਸ ਅਧਿਕਾਰੀਆਂ ਨੇ ਵੀ ਕਿਸਾਨ ਆਗੂਆਂ ਨਾਲ ਗੱਲਬਾਤ ਕੀਤੀ, ਜਿਸ ’ਤੇ ਆਗੂਆਂ ਨੇ ਕਿਹਾ ਕਿ ਉਹ ਸ਼ਾਂਤਮਈ ਰਹਿ ਕੇ ਹੀ ਰੋਸ ਪ੍ਰਦਰਸ਼ਨ ਕਰਨਗੇ। ਲੀਲਾ ਭਵਨ ਚੌਕ ਵਿੱਚ ਲਾਏ ਧਰਨੇ ਨੂੰ ਗੁਰਮੀਤ ਦਿੱਤੂਪੁਰ, ਰਣਜੀਤ ਸਵਾਜਪੁਰ ਅਤੇ ਅਵਤਾਰ ਕੌਰਜੀਵਾਲਾ, ਅਮਰੀਕ ਘੱਗਾ, ਜੰਗ ਸਿੰਘ ਭਟੇੜੀ, ਹਰਮੇਲ ਤੰਗਾ ਅਤੇ ਸੁਰਿੰਦਰ ਕਕਰਾਲਾ ਸਮੇਤ ਹੋਰ ਆਗੂਆਂ ਨੇ ਸੰਬੋਧਨ ਕੀਤਾ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleIndia, UAE sign CEPA to enhance bilateral trade volumes to $100 bn
Next articleRescue Ops: Tata-led Air India to run special flights to Ukraine