ਭਾਜਪਾ ’ਤੇ ਲੋਕਾਂ ਨੂੰ ਧਾਰਮਿਕ ਲੀਹਾਂ ’ਤੇ ਵੰਡਣ ਦਾ ਦੋਸ਼ ਲਾਇਆ
ਜੰਮੂ (ਸਮਾਜ ਵੀਕਲੀ) : ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਦੀ ਮੁਖੀ ਤੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਕਥਿਤ ਵੇਚਣ ਲਾ ਛੱਡਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਵੱਲੋਂ ਜੰਮੂ ਤੇ ਕਸ਼ਮੀਰ ਨੂੰ ਧਾਰਮਿਕ ਲੀਹਾਂ ’ਤੇ ‘ਵੰਡਿਆ’ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਲਈ ‘ਸਰਦਾਰ ਖਾਲਿਸਤਾਨੀ ਤੇ ਅਸੀਂ ਪਾਕਿਸਤਾਨੀ ਹਾਂ… ਜਦੋਂਕਿ ਉਹ ਖ਼ੁਦ ਨੂੰ ਹਿੰਦੁਸਤਾਨੀ ਅਖਵਾਉਂਦੇ ਹਨ।’ ਮੁਫ਼ਤੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਕੇਂਦਰ ਸਰਕਾਰ ਨੇ ਜੰਮੂ ਤੇ ਕਸ਼ਮੀਰ ਨੂੰ ਬਾਹਰੋਂ ਲਾਏ ਲੋਕਾਂ ਲਈ ਵੇਚਣ ਲਾ ਛੱਡਿਆ ਹੈ। ਉਹ ਸਾਨੂੰ ਦੀਵਾਲੀਆ ਕਰਨਾ ਚਾਹੁੰਦੇ ਹਨ ਤਾਂ ਕਿ ਸਾਨੂੰ ਹੋਰਨਾਂ ਰਾਜਾਂ ਦੇ ਮੁਥਾਜ ਬਣਾ ਸਕਣ।’’
ਪੀਡੀਪੀ ਮੁਖੀ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਵਜੋਂ ਉਨ੍ਹਾਂ ਦੇ ਕਾਰਜਕਾਲ ਦੌਰਾਨ ਸ਼ੁਰੂ ਹੋਏ ਸਾਰੇ ਪ੍ਰਾਜੈਕਟਾਂ ਨੂੰ ਭਾਜਪਾ ਦੀ ਅਗਵਾਈ ਵਾਲੀ ਕੇੇਂਦਰ ਸਰਕਾਰ ਨੇ ਰੋਕ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਜੰਮੂ ਤੇ ਕਸ਼ਮੀਰ ਦੇ ਲੋਕਾਂ ਵਿੱਚ ਧਰਮ ਦੇ ਨਾਂ ’ਤੇ ਵੰਡੀਆਂ ਪਾ ਰਹੀ ਹੈ। ਉਨ੍ਹਾਂ ਕਿਹਾ, ‘‘ਜੰਮੂ ਕਸ਼ਮੀਰ ਇਕ ਲੈਬਾਰਟਰੀ ਹੈ, ਜਿੱਥੇ ਉਹ ‘ਵੰਡੋ ਤੇ ਰਾਜ ਕਰੋ’ ਦੇ ਤਜਰਬੇ ਕਰ ਰਹੇ ਹਨ। ਇਸੇ ਪਾਲਿਸੀ ਨੂੰ ਮਗਰੋਂ ਹੋਰਨਾਂ ਰਾਜਾਂ ਵਿੱਚ ਅਮਲ ’ਚ ਲਿਆਂਦਾ ਜਾਵੇਗਾ।’’ ਮੁਫ਼ਤੀ ਨੇ ਕਿਹਾ, ‘‘ਜੇ ਕਿਤੇ ਕਿਸੇ ਨੇ ਕੋਈ ਮਸਲਾ ਚੁੱਕਿਆ ਤਾਂ ਉਸ ਨੂੰ ਭਾਜਪਾ ਦੇਸ਼ ਵਿਰੋਧੀ ਆਖਣ ਲੱਗਦੀ ਹੈ। ਸਰਦਾਰ ਜੀ ਖਾਲਿਸਤਾਨੀ ਬਣ ਜਾਂਦੇ ਹਨ, ਸਾਨੂੰ ਪਾਕਿਸਤਾਨੀ ਆਖਿਆ ਜਾਂਦਾ ਹੈ…ਭਾਜਪਾ ਦੇ ਲੋਕ ਖੁ਼ਦ ਨੂੰ ਹਿੰਦੁਸਤਾਨੀ ਅਖਵਾਉਂਦੇ ਹਨ।’’
ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਬੈਠੇ ਮੌਜੂਦਾ ਹਾਕਮਾਂ ਕੋਲ ਜੰਮੂ ਤੇ ਕਸ਼ਮੀਰ ਬਾਰੇ ਕੋਈ ਸਪਸ਼ਟ ਵਿਉਂਤਬੰਦੀ ਨਹੀਂ ਹੈ। ਉਨ੍ਹਾਂ ਕਿਹਾ, ‘‘ਨਹਿਰੂ ਜੀ ਤੇ ਵਾਜਪਾਈ ਜੀ ਕੋਲ ਕਸ਼ਮੀਰ ਬਾਰੇ ਇਕ ਦ੍ਰਿਸ਼ਟੀਕੋਣ ਸੀ। ਉਨ੍ਹਾਂ ਨੂੰ ਪਤਾ ਸੀ ਕਿ ਆਰਥਿਕ, ਸਿਆਸੀ ਤੇ ਭਾਵਨਾਤਮਕ ਫਰੰਟਾਂ ’ਤੇ ਉਨ੍ਹਾਂ ਕੀ ਕਰਨਾ ਹੈ….ਇਸ (ਮੋਦੀ) ਸਰਕਾਰ ਦਾ ਕੋਈ ਦ੍ਰਿਸ਼ਟੀਕੋਣ ਨਹੀਂ ਹੈ।’’ ਮੁਫ਼ਤੀ ਨੇ ਕਿਹਾ ਕਿ ਪੱਥਰਬਾਜ਼ੀ ਕੋਈ ਰੋਗ ਨਹੀਂ ਬਲਕਿ ਸੰਕੇਤ ਹੈ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ‘ਰੋਗ ਵਧ ਰਿਹਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly